ਬਿੰਦਰ ਸਿੰਘ ਖੁੱਡੀ ਕਲਾਂ :
ਛੋਟੇ ਹੁੰਦਿਆਂ ਅੱਡੀਆਂ ਚੁੱਕ ਚੁੱਕ ਕੇ ਗੁਆਂਢੀਆਂ ਦੀ ਡੋਰ ਬੈੱਲ ਵਜਾ ਕੇ ਭੱਜ ਜਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਕੌਣ ਆਇਆ ਹੋਵੇਗਾ ਵੇਖਣ ਲਈ ਆਂਟੀ ਨੇ ਭੱਜ ਕੇ ਬਾਹਰ ਨਿਕਲਣਾ। ਮੈਂ ਕਈ ਵਾਰ ਤਾਂ ਭੱਜ ਕੇ ਆਪਣੇ ਘਰ ਵੜ ਜਾਣਾ ਤੇ ਕਈ ਵਾਰ ਫੜਿਆ ਵੀ ਜਾਣਾ। ਆਂਟੀ ਨੇ ਘੂਰਨਾ ਹੁਣ ਵਜਾਈਂ ਬੈੱਲ ਲਾਊਂ ਤੇਰੇ ਕੰਨਾਂ ’ਤੇ।
ਆਂਟੀ ਦੀ ਝਿੜਕ ਤੋਂ ਪੂਰੀ ਤਰ੍ਹਾਂ ਬੇਫ਼ਿਕਰੀ ਦੇ ਆਲਮ ’ਚ ਮੈਨੂੰ ਡੋਰ ਬੈੱਲ ’ਤੇ ਹੱਥ ਨਾ ਜਾਣ ਦਾ ਅਫ਼ਸੋਸ ਬਣਿਆ ਰਹਿੰਦਾ। ਮਨ ਹੀ ਮਨ ਸੋਚਣਾ ਕਿ ਜਦੋਂ ਡੋਰ ਬੈੱਲ ’ਤੇ ਹੱਥ ਜਾਣ ਲੱਗ ਗਿਆ ਫੇਰ ਇਸ ਨੂੰ ਚੰਗੀ ਤਰ੍ਹਾਂ ਵਜਾਇਆ ਕਰਾਂਗਾ।
ਹੁਣ ਮੇਰਾ ਹੱਥ ਆਂਟੀ ਹੋਰਾਂ ਦੇ ਘਰ ਦੀ ਡੋਰ ਬੈੱਲ ’ਤੇ ਪੂਰੀ ਤਰ੍ਹਾਂ ਜਾਣ ਲੱਗਿਆ ਸੀ। ਮੈਂ ਬਿਨਾਂ ਅੱਡੀਆਂ ਚੁੱਕੇ ਡੋਰ ਬੈੱਲ ਵਜਾ ਸਕਦਾ ਸੀ। ਪਰ ਵਜਾਉਂਦਾ ਨਹੀਂ,ਕਿਉਂਕਿ ਹੁਣ ਮੈਨੂੰ ਸਮਝ ਲੱਗ ਗਈ ਸੀ ਕਿ ਆਂਟੀ ਹੋਰੀਂ ਸਾਡੇ ਗੁਆਂਢੀ ਹਨ ਅਤੇ ਗੁਆਂਢੀਆਂ ਦੀ ਡੋਰ ਬੈੱਲ ਵਜਾ ਕੇ ਭੱਜਣਾ ਚੰਗੀ ਆਦਤ ਨਹੀਂ। ਮੇਰੇ ਵੱਲੋਂ ਡੋਰ ਬੈੱਲ ਵਜਾਉਣ ਦੀ ਉਡੀਕ ਕਰਦੀ ਆਂਟੀ ਵੀ ਕਦੇ ਕਦੇ ਲਾਡ ਨਾਲ ਗੱਲ੍ਹ ’ਤੇ ਮਾਰ ਕੇ ਕਹਿੰਦੀ ਹੈ, ‘‘ਹੁਣ ਤੂੰ ਸਾਡੀ ਡੋਰ ਬੈੱਲ ਵਜਾਉਂਦਾ ਈ ਨੀ? ਹੁਣ ਤਾਂ ਤੇਰਾ ਹੱਥ ਵੀ ਜਾਣ ਲੱਗ ਗਿਆ ਹੈ ਡੋਰ ਬੈੱਲ ’ਤੇ।’’
![]()
