ਦੋਹਾਂ ਪੰਜਾਬਾਂ ਦੀ ਲੋਕ ਗਾਇਕੀ ਦਾ ਧਰੂ ਤਾਰਾ : ਆਲਮ ਲੁਹਾਰ

ਡਾ. ਰਣਜੀਤ ਸਿੰਘ

ਯਮਲਾ ਜੱਟ ਅਤੇ ਆਲਮ ਲੁਹਾਰ ਪੰਜਾਬੀ ਲੋਕ ਗਾਇਕੀ ਦੇ ਦੋ ਅਜਿਹੇ ਫ਼ਨਕਾਰ ਸਨ ਜਿਨ੍ਹਾਂ ਦੀ ਸੁਰੀਲੀ ਆਵਾਜ਼ ਨੇ ਦੇਸ਼ ਦੀ ਵੰਡ ਉਪਰੰਤ ਰਾਵੀ ਦੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਨੂੰ ਕੀਲੀ ਰੱਖਿਆ। ਜੇਕਰ ਲਹਿੰਦੇ ਪੰਜਾਬ ਦੇ ਲੋਕ ਯਮਲੇ ਦੀ ਗਾਇਕੀ ਦੇ ਆਸ਼ਕ ਬਣੇ ਰਹੇ ਤਾਂ ਚੜ੍ਹਦੇ ਪੰਜਾਬ ਦੇ ਪਿੰਡਾਂ ਵਿੱਚ ਵੀ ਆਲਮ ਦੇ ਗੀਤਾਂ ਨੂੰ ਰੱਜਵਾਂ ਪਿਆਰ ਮਿਲਿਆ। ਇਨ੍ਹਾਂ ਦੋਵਾਂ ਫ਼ਨਕਾਰਾਂ ਨੂੰ ਤੂੰਬੀ ਅਤੇ ਚਿਮਟੇ ਦੇ ਸਹਾਰੇ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਨੂੰ ਆਪਣੇ ਗੀਤਾਂ ਦੇ ਮਾਧਿਅਮ ਰਾਂਹੀ ਸਰਹੱਦਾਂ ਤੋਂ ਪਾਰ ਵਿਦੇਸ਼ਾਂ ਤੱਕ ਪੁੱਜਦਾ ਕਰਨ ਦਾ ਮਾਣ ਹਾਸਲ ਹੈ। ਜੇਕਰ ਇਕ ਤਾਰੇ ਨੂੰ ਜਗਤ ਪ੍ਰਸਿੱਧ ਕਰਨ ਦਾ ਸਿਹਰਾ ਯਮਲੇ ਜੱਟ ਦੇ ਸਿਰ ਬੱਝਦਾ ਹੈ ਉਹ ਚਿਮਟਾ ਜੋ ਗਲੀਆਂ ਵਿਚ ਖ਼ੈਰ ਮੰਗਣ ਵਾਲੇ ਵਜਾਉਾਂਦੇਸਨ, ਆਲਮ ਦੇ ਹੱਥਾਂ ਦੀ ਛੋਹ ਨਾਲ ਲੋਕ ਸਾਜ਼ ਬਣ ਗਿਆ।
ਅੱਜ ਗੱਲ ਆਲਮ ਲੁਹਾਰ ਦੀ ਕਰਾਂਗੇ। ਭਰਿਆ ਭਰਿਆ ਸਰੀਰ, ਕੱਦ ਦਰਮਿਆਨਾ, ਗਲ ਕੱਢਿਆ ਹੋਇਆ ਰੰਗੀਲਾ ਕੁੜਤਾ, ਗੂੜ੍ਹੇ ਰੰਗ ਦਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਰਿਵਾਇਤੀ ਖੁੱਸਾ, ਲੰਮੀਆਂ ਜ਼ੁਲਫ਼ਾਂ ਤੇ ਹੱਥ ਵਿਚ ਚਿਮਟਾ ਫ਼ੜਕੇ ਜਦ ਉਹ ਢੋਲਕ ਦੀ ਥਾਪ ਤੇ ਮੰਚ ’ਤੇ ਝੂਮਦਾ ਹੋਇਆ ਗੇੜਾ ਦਿੰਦਾ ਤਾਂ ਪੂਰੇ ਪੰਡਾਲ ਵਿੱਚ ਚੁੱਪ ਪਸਰ ਜਾਂਦੀ ਸੀ। ਆਲਮ ਦੀ ਗਾਈ ਜੁਗਨੀ ਨੂੰ ਕੌਣ ਭੁੱਲ ਸਕਦਾ ਹੈ। ਨੱਕੋ-ਨੱਕ ਭਰੇ ਪੰਡਾਲ ਵਿੱਚ ਲੋਕ ਜੁਗਨੀ ਨੂੰ ਸਾਹ ਸੂਤ ਕੇ ਸੁਣਦੇ। ਸੱਤ ਭੈਣਾਂ ਦੇ ਇਕਲੌਤੇ ਵੀਰ ਆਲਮ ਨੇ ਛੋਟੀ ਉਮਰ ਵਿੱਚ ਹੀ ਸੁਲਤਾਨ ਬਾਹੂ ਦੇ ਕਲਾਮ, ਬੁੱਲੇ ਸ਼ਾਹ ਦੇ ਕਲਾਮ, ਬਾਬਾ ਫ਼ਰੀਦ ਦੀ ਬਾਣੀ, ਮੁਹੰਮਦ ਬਖ਼ਸ਼ ਦੇ ਦੋਹਿੜੇ, ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁੰਨੂ, ਯੂਸਫ਼ ਜ਼ੁਲੈਖਾਂ, ਮਿਰਜ਼ਾ ਸਾਹਿਬਾਂ, ਦੁੱਲਾ ਭੱਟੀ ਦੇ ਕਿਸੇ ਯਾਦ ਕਰ ਲਏ ਸਨ ਤੇ ਇਨ੍ਹਾਂ ਨੂੰ ਸਾਰੀ-ਸਾਰੀ ਰਾਤ ਪਿੰਡਾਂ ਦੀਆਂ ਮਹਿਫ਼ਲਾਂ, ਮੇਲਿਆਂ ਤੇ ਗਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਲੋਕ ਸਾਹਮਣੇ ਬੈਠੇ ਸੁਣਦੇ ਨਾ ਅੱਕਦੇ। ਲੋਕ ਵੀ ਇਸ ਦੀ ਗਾਇਕੀ ਨੂੰ ਸੁਣਨ ਲਈ ਦੂਰੋਂ ਦੂਰੋਂ ਵਹੀਰਾਂ ਘੱਤ ਕੇ ਆਉਂਦੇ। ਲਹਿੰਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਆਛ/ਆਸ਼ਕੋਸ਼ ਨੇੜੇ ਕਸਬਾ ਲਾਲਾਮੂਸਾ ਜ਼ਿਲ੍ਹਾ ਗੁਜਰਾਤ ਵਿਚ ਮੁਸਲਮਾਨ ਲੁਹਾਰਾਂ ਦੇ ਘਰ 22 ਅਗਸਤ, 1928 (ਕੁਝ ਵਿਦਵਾਨਾਂ ਅਨੁਸਾਰ 1 ਮਾਰਚ, 1928) ਨੂੰ ਪਿਤਾ ਜੁੰਮਾਂ ਖ਼ਾਂ ਦੇ ਘਰ ਆਲਮ ਦਾ ਜਨਮ ਹੋਇਆ। ਪੂਰਾ ਨਾਮ ਮੁਹੰਮਦ ਆਲਮ ਸੀ। ਸੁਰੀਲੀ ਗਾਇਕਾ ਰੇਸ਼ਮਾ ਵਾਂਗ ਆਲਮ ਨੇ ਵੀ ਸੰਗੀਤ ਦੀ ਕੋਈ ਰਸਮੀ ਤਾਲੀਮ ਪ੍ਰਾਪਤ ਨਾ ਕੀਤੀ। ਪਿਤਾ ਜੁੰਮਾਂ ਖ਼ਾਂ ਜੱਦੀ ਪੁਸ਼ਤੀ ਰੰਬੇ ਦਾਤਰੀਆਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਲਾਲਾਮੂਸਾ ਵਿਖੇ ਇਨ੍ਹਾਂ ਦੀ ਹੁੱਕਿਆਂ ਦੀ ਦੁਕਾਨ ਵੀ ਸੀ ਜਿਥੇ ਆਲਮ ਵੀ ਹੱਥ ਵਟਾਉਂਦਾ। ਮਾਮੇ ਮੁਹੰਮਦ ਦੀਨ ਨੇ ਉਸ ਨੂੰ ਉਂਗਲ ਫ਼ੜ ਕੇ ਸੰਗੀਤ ਰੂਪੀ ਸਮੁੰਦਰ ਵੱਲ ਤੋਰ ਦਿੱਤਾ। ਉਨ੍ਹਾਂ ਦਿਨ੍ਹਾਂ ਵਿੱਚ ਗ੍ਰਾਮੋਫ਼ੋਨ ਦੇ ਤਵਿਆਂ ਰਾਹੀਂ ਨਵਾਬ ਘੁਮਾਰ ਦੀ ਗਾਇਕੀ ਲੋਕਾਂ ਦੇ ਸਿਰ ਚੜ੍ਹ ਬੋਲਦੀ ਸੀ। ਆਲਮ ਲੁਹਾਰ ਨੇ ਵੀ ਇਸ ਦਾ ਪ੍ਰਭਾਵ ਕਬੂਲਿਆ। ਇਸੇ ਲਈ ਹੀ ਆਲਮ ਦੀ ਅਰੰਭਿਕ ਗਾਇਕੀ ਨਵਾਬ ਘੁਮਾਰ ਦੀ ਗਾਇਕੀ ਨਾਲ ਮੇਲ ਖਾਂਦੀ ਸੀ। ਆਲਮ ਨੇ ਪਹਿਲੀ ਵਾਰ ਸੱਤ-ਅੱਠ ਸਾਲ ਦੀ ਉਮਰ ਵਿਚ ਆਪਣੇ ਅਤੇ ਨਜ਼ਦੀਕੀ ਪਿੰਡ ਚੱਕ ਦੀ ਲੋਕ ਸੱਥ ਵਿੱਚ ਗਾਇਆ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਫ਼ਿਰ ਪਿੱਛਾ ਮੁੜ ਨਾ ਵੇਖਿਆ।
ਉਨ੍ਹਾਂ ਦਿਨ੍ਹਾਂ ਵਿੱਚ ਲਾਹੌਰ ਦੀ ਮੇਵਾ ਮੰਡੀ ਵਿੱਚ ਗਾਇਕ ਫ਼ਨਕਾਰਾਂ ਦਾ ਮੇਲਾ ਲਗਦਾ ਹੁੰਦਾ ਸੀ ਜਿਥੇ ਆਲਮ ਨੂੰ ਬੁਲਾਇਆ ਗਿਆ। 13 ਕੁ ਸਾਲ ਦੀ ਛੋਟੀ ਉਮਰ ਵਿੱਚ ਹੀ ਉਸ ਨੇ ਆਪਣੇ ਫ਼ਨ ਦਾ ਐਸਾ ਮੁਜ਼ਾਹਰਾ ਕੀਤਾ ਕਿ ਉਥੇ ਮੌਜੂਦ ਵੱਡੇ-ਵੱਡੇ ਕਲਾਕਾਰ ਅਤੇ ਲੋਕ ਹੈਰਾਨ ਰਹਿ ਗਏ। ਇਥੇ ਹੀ ਮੌਜੂਦ ਰਿਕਾਰਡਿੰਗ ਕੰਪਨੀ ਦੇ ਇੱਕ ਕਰਮਚਾਰੀ ਜਾਨਕੀ ਦਾਸ ਨੇ ਆਲਮ ਨੂੰ ਤਵਾ ਰਿਕਾਰਡ ਕਰਨ ਦੀ ਪੇਸ਼ਕਸ਼ ਕੀਤੀ ਤੇ ਉਸ ਦੀ ਪਹਿਲੀ ਰਿਕਾਰਡਿੰਗ ਤਸਵੀਰ-ਏ-ਯੂਸਫ਼ (ਟਾਈਟਲ: ਜੈਨਬ ਦੀ ਫ਼ਰਿਆਦ) ਵਜੋਂ ਹੋਈ।
ਆਲਮ ਅਨੁਸਾਰ ਥੀਏਟਰ ਅਤੇ ਲੋਕਾਂ ਨੇ ਹੀ ਉਸ ਨੂੰ ਗਾਇਕ ਬਣਾਇਆ। ਥੀਏਟਰ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੋਂ ਹੀ ਉਹ ਗਾਇਕੀ ਦੇ ਗੁਰ ਸਿੱਖਦਾ ਗਿਆ। 35 ਕੁ ਸਾਲ ਤੱਕ ਉਹ ਥੀਏਟਰ ਦੇ ਮਾਧਿਅਮ ਰਾਹੀਂ ਹੀ ਮੰਚ ਉਤੇ ਗਾਉਂਦਾ ਰਿਹਾ। ਜਦ ਉਹ ਲੋਕ ਪ੍ਰਸਿੱਧੀ ਹਾਸਿਲ ਕਰ ਗਿਆ ਤਾਂ ਉਸ ਨੇ ਆਪਣੇ ਨਾਂਅ ’ਤੇ ਥੀਏਟਰ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲਾਹੌਰ ਰੇਡੀਓ ਨੇ ਆਲਮ ਦੀ ਅਵਾਜ਼ ਨੂੰ ਆਮ ਲੋਕਾਈ ਤੱਕ ਪੁੱਜਦਾ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਉਸ ਦੇ ਗਾਏ ਹੋਏ ਗੀਤ/ਲੋਕ ਗੀਤ/ਕਿੱਸੇ ਅੱਜ ਵੀ ਰੇਡੀਓ ਪਾਕਿਸਤਾਨ ਦੀ ਲਾਇਬਰੇਰੀ ਦਾ ਸ਼ਿੰਗਾਰ ਹਨ। 1960-70 ਦੇ ਦਹਾਕਿਆਂ ਵਿੱਚ ਤਾਂ ਆਲਮ ਦੀ ਗਾਇਕੀ ਸਭ ਹੱਦਾਂ ਸਰਹੱਦਾਂ ਪਾਰ ਕਰਕੇ ਲੋਕ ਮਨਾਂ ਵਿੱਚ ਜਾ ਵਸੀ।
ਆਲਮ ਲੁਹਾਰ ਦੀ ਬਹੁਤ ਸਾਰੀ ਗਾਇਕੀ ਤਵਿਆਂ ਦੇ ਰੂਪ ਵਿੱਚ ਮਿਲਦੀ ਹੈ। ਚਿਮਟਾ, ਅਲਗੋਜ਼ਿਆਂ ਅਤੇ ਢੋਲਕ ਦੀ ਥਾਪ ਨਾਲ ਗਾਈਆਂ ਇਨ੍ਹਾਂ ਰਚਨਾਵਾਂ ਦੀ ਰਿਕਾਰਡਿੰਗ ਸੁਣਨ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਆਲਮ ਲੁਹਾਰ ਦੀ ਏਕਲ ਅਵਾਜ਼ ਹੀ ਹੈ। ਉਸ ਦਾ ਕੋਈ ਪਾਛੂ (ਸਹਾਇਕ ਕਲਾਕਾਰ) ਨਹੀ ਹੈ। ਆਲਮ ਲੁਹਾਰ ਨੇ ਸੈਫ਼-ਉਲ-ਮਲੂਕ (1948), ਕਿੱਸਾ ਦੁੱਲਾ ਭੱਟੀ (1959), ਕਿੱਸਾ ਯੂਸਫ਼ ਜ਼ੁਲੈਖ਼ਾਂ (1961), ਕਿੱਸਾ ਹਿਰਨੀ (1963), ਗੀਤ ਬੋਲ ਮਿੱਟੀ ਦਿਆ ਬਾਵਿਆ (1964), ਜੁਗਨੀ (1965), ਕਿੱਸਾ ਮਿਰਜ਼ਾ ਸਾਹਿਬਾਂ (1967), ਮਿਰਜ਼ੇ ਦੀ ਮਾਂ (1968), ਹੀਰ (1969), ਮਾਂ ਦਾ ਪਿਆਰ (1971), ਕਿੱਸਾ ਸੱਸੀ ਪੁਨੂੰ (1972), ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ (1973), ਕਿਸਾ ਬਾਰਹ ਮਾਹ (1974), ਦਿਲ ਵਾਲਾ ਦੁੱਖੜਾ (1975) ਆਦਿ ਹਿੱਟ ਕਿੱਸੇ/ਗੀਤਾਂ ਦੇ ਰਿਕਾਰਡ ਦਰਸ਼ਕਾਂ ਦੀ ਝੋਲੀ ਪਾਏ। ਵਾਰਿਸ਼ ਸ਼ਾਹ ਦੀ ਹੀਰ ਨੂੰ 36 ਤਰਜ਼ਾਂ ਵਿੱਚ ਗਾਉਣ ਦਾ ਸਿਹਰਾ ਵੀ ਉਸ ਦੇ ਸਿਰ ਬੱਝਦਾ ਹੈ। ਉਹ ਗੁਰਬਾਣੀ ਗਾਉਣਾ ਨਾ ਭੁੱਲਿਆ। ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ, ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ, ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ਆਦਿ ਸ਼ਬਦਾਂ ਨੂੰ ਵੀ ਉਸ ਆਪਣੀ ਸੁਰੀਲੀ ਅਵਾਜ਼ ਵਿੱਚ ਗਾਇਆ।
ਆਲਮ ਲੁਹਾਰ ਦੇ ਗਾਏ ਹੋਏ ਕਈ ਗੀਤ ਅੱਜ ਅੱਧੀ ਸਦੀ ਬੀਤ ਜਾਣ ਬਾਅਦ ਵੀ ਭਾਰਤ-ਪਾਕਿਸਤਾਨ ਦੇ ਰੇਡੀਓ/ਟੀ.ਵੀ. ਤੇ ਆਮ ਹੀ ਪ੍ਰਸਾਰਿਤ ਹੁੰਦੇ ਰਹਿੰਦੇ ਹਨ ਜਿਵੇਂ ‘ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਬੋਲ ਮਿੱਟੀ ਦਿਆ ਬਾਵਿਆ, ਜੁਗਨੀ, ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਮਾਹੀਆ, ਟੱਪੇ, ਹੀਰ, ਮੈਂ ਗੱਭਰੂ ਜੱਟ ਪੰਜਾਬ ਦਾ, ਧਰਤੀ ਪੰਜ ਦਰਿਆਵਾਂ ਦੀ, ਸੁੱਤੀ ਰਹਿ ਗਈ ਵੇ ਮੈਂ ਪੱਟ ਦੇ ਭੁਲੇਖੇ, ਮਿਰਜ਼ਾ, ਛੇੜ ਨਾ ਗੱਲਾਂ ਡੋਲ ਨ ਹੰਝੂ ਕੀ-ਕੀ ਦੁੱਖੜੇ ਝੱਲੇ, ਐਬਾਂ ਵਾਲਿਆਂ ਦਾ ਰੱਬਾ ਐਬ ਕੱਜੀਂ, ਲੱਗੀ ਵਾਲ਼ਿਆਂ ਨੂੰ ਨੀਦ ਨਹੀ ਪੈਂਦੀ, ਸਾਰੀ ਸਾਰੀ ਰਾਤ, ਯੂਸਫ਼ ਪੁੱਛੇ ਦੱਸ ਜ਼ੁਲੈਖਾਂ, ਬਾਗ ਬਹਾਰਾਂ ਤੇ ਗੁਲਜ਼ਾਰਾਂ, ਹੱਸ ਕੇ ਨਜ਼ਾਰਾ ਦੇਣਾ, ਇਸ਼ਕ ਅਵੱਲੜੀ ਪੀੜ, ਦੱਬਕੇ ਜ਼ਮੀਨਾਂ ਵਾਹ ਲੁੱਟ ਲੈ ਮੌਜਾਂ ਰੱਜ ਕੇ ਖਾਹ ਕਿਸਾਨਾ ਦੇਸ਼ ਦਿਆ’ ਆਦਿ।
ਦੋਗਾਣਿਆਂ ਵਿੱਚ ਬਾਲੀ ਜੱਟੀ, ਨਜ਼ੀਰ ਬੇਗਮ, ਕੇ.ਬੀਬਾ, ਸੁਰਿੰਦਰ ਕੋਚਰ, ਸਮਰ ਇਕਬਾਲ, ਚਰਨਜੀਤ ਭੰਵਰਾ ਨੇ ਉਸ ਦਾ ਸਾਥ ਨਿਭਾਇਆ। ਦੋਗਾਣਿਆਂ ਵਿਚੋਂ ਕੁਝ ਦਾ ਵੇਰਵਾ ਇਸ ਤਰ੍ਹਾਂ ਹੈ: ਬਾਗ ਲਾਵਾਂ ਬਗੀਚਾ ਲਾਵਾਂ, ਮੇਰੀ ਗੱਲ ਸੁਣ ਜਾ ਮੁਟਿਆਰੇ, ਗੱਲ ਮੇਰੀ ਸੁਣ ਬੱਲੀਏ, ਜੇ ਕਰਨਾ ਏ ਪਿਆਰ, ਮੇਲਾ ਦੋ ਦਿਨ ਦਾ, ਖੂਹੇ ਤੋਂ ਪਾਣੀ ਭਰੇਂਦੀਏ ਮੁਟਿਆਰੇ ਨੀ, ਜਦ ਪਿਆਰ ਦਾ ਪੇਚਾ, ਬੱਲੇ-ਬੱਲੇ ਤੋਰ ਪੰਜਾਬਣ ਦੀ, ਮੈਂ ਹਾਂ ਹੀਰ ਸਿਆਲਾਂ ਦੀ, ਬਾਗੇ ਵਿਚ ਸੀ ਮੋਇਆ ਨੀਂ, ਸਾਡਾ ਇਸ਼ਕ ਅਜੀਬ ਹੋਵੇ, ਬੂਹੇ ਬੰਦ ਨੇ ਦਲੀਲਾਂ ਦੇ (ਟੱਪੇ) ਆਦਿ। ਮਨਜ਼ੂਰ ਝੱਲਾ ਪਾਕਿਸਤਾਨ ਦਾ ਐਸਾ ਸ਼ਾਇਰ ਸੀ ਜਿਸ ਦੇ ਗੀਤ/ਸ਼ੇਅਰ ਗਾ ਕੇ ਬਹੁਤ ਸਾਰੇ ਗਾਇਕ ਹਿੱਟ ਹੋਏ। ਆਲਮ ਦੇ ਚਾਰ ਗੀਤਾਂ ‘ਚੁੱਕ ਸੋਹਣਿਆਂ ਪਰਦਾ ਮੁੱਖੜੇ ਤੋਂ ਲੁਕ ਲੁਕ ਕੇ ਗੁਜ਼ਾਰਾ ਨਹੀਂ ਹੋਣਾ’, ‘ਇਥੇ ਬੈਠ ਕਿਸੇ ਨਹੀਂ ਰਹਿਣਾ’, ‘ਲਾਈ ਬੇਕਦਰਾਂ ਨਾਲ ਯਾਰੀ’, ‘ਅੱਜ ਘਰ ਸੱਜਣਾਂ ਦੇ ਜਾਣਾ’ ਵਿੱਚ ਮਨਜ਼ੂਰ ਝੱਲਾ ਨੇ ਵੀ ਆਵਾਜ਼ ਦਿੱਤੀ।
ਤਾਰ ਸਪਤਕ ਦੇ ਸੁਰਾਂ ਵਿੱਚ ਗਾਉਣ ਵਾਲੇ ਆਲਮ ਦੀ ਆਵਾਜ਼ ਨੂੰ ਫ਼ਿਲਮਾਂ ਵਿੱਚ ਵੀ ਜਗ੍ਹਾ ਮਿਲੀ। ਪੰਜਾਬੀ ਫ਼ਿਲਮਾਂ ‘ਬਾਈਕਾਟ’, ‘ਅਜ਼ਾਦੀ ਜਾਂ ਮੌਤ’, ‘ਹਥਿਆਰ’, ‘ਖਾਨਾਜੰਗੀ’, ‘ਖ਼ਾਨ-ਏ-ਆਜ਼ਮ’ ਵਿੱਚ ਵੀ ਉਨ੍ਹਾਂ ਦੇ ਗੀਤ ਰਿਕਾਰਡ ਹੋਏ। ਸੰਨ 1964 ਵਿੱਚ ਬਣੀ ਫ਼ਿਲਮ ‘ਲਾਈਲੱਗ’ ਵਿੱਚ ਰਿਕਾਰਡ ਹੋਏ ਗੀਤ ‘ਐ ਧਰਤੀ ਪੰਜ ਦਰਿਆਵਾਂ ਦੀ’ ਅਤੇ 1966 ਵਿੱਚ ਬਣੀ ਫ਼ਿਲਮ ‘ਅਜ਼ਾਦੀ ਔਰ ਮੌਤ’ ਦੇ ਗੀਤ ‘ਦੁਨੀਆਂ ਜਾਣੇ ਮੇਰੇ ਵਤਨ ਕੀ ਸ਼ਾਨ’ ਅਤੇ ‘ਹਥਿਆਰ’ ਫ਼ਿਲਮ ਦੇ ਗੀਤ ‘ਗੱਭਰੂ ਜੱਟ ਪੰਜਾਬ ਦਾ’ ਨੇ ਉਸ ਸਮੇਂ ਬਹੁਤ ਮਕਬੂਲੀਅਤ ਹਾਸਿਲ ਕੀਤੀ ਸੀ। ਉਸ ਦੀ ਫ਼ਿਲਮ ‘ਮਿੱਟੀ ਦਾ ਬਾਵਾ’ ਰਿਲੀਜ਼ ਨਾ ਹੋ ਸਕੀ।
ਚਿਮਟੇ ਨੂੰ ਲੋਕ ਸਾਜ਼ ਵਜੋਂ ਮਾਨਤਾ ਦਿਵਾਉਣ ਵਿੱਚ ਆਲਮ ਦਾ ਨਾਮ ਫ਼ਖਰ ਨਾਲ ਲਿਆ ਜਾ ਸਕਦਾ ਹੈ। ਆਲਮ ਲੁਹਾਰ ਆਪਣੀ ਗਾਇਕੀ ਦੇ ਸ਼ੁਰੂਆਤ ਵਿੱਚ ਪ੍ਰਸੰਗ ਬੋਲਦਿਆਂ ‘ਮਸਕੀਨ ਲੁਹਾਰ ਆਛਗੋਛੀ ਆਂਹਦੈ ਜੀ’ ਬੋਲਣਾ ਨਾ ਭੁੱਲਦਾ। ਲੁਹਾਰ ਬੋਲਣਾ/ਅਖਵਾਉਣਾ ਉਸ ਨੂੰ ਚੰਗਾ ਲਗਦਾ। ਜੁਗਨੀ ਗਾਉਂਦਿਆਂ ਇੱਕ ਬੰਦ ਵਿੱਚ ਉਹ ਆਖਦਾ ਹੈ: ਓ ਛੱਡ ਲੁਹਾਰਾ ਗਾਉਣ ਦਾ ਖਹਿੜਾ ਤੇ ਸੰਨੀ ਥੋੜ੍ਹਾ ਵਾਹੀਏਓ ਸਾਈਂ ਮੇਰਿਆ ਵੇ ਜੁਗਨੀ।
ਆਲਮ 3 ਜੁਲਾਈ, 1979 ਨੂੰ ਉਹ ਇੱਕ ਦੁਰਘਟਨਾ ਕਾਰਨ ਸਦਾ ਲਈ ਅੱਖਾਂ ਤੋਂ ਓਹਲੇ ਹੋ ਗਿਆ।

Loading