ਪਤਝੜ ਦੇ ਫੁੱਲ (ਕਹਾਣੀ)

ਆਪਣੀ ਬੇਕਾਰੀ ਦੀ ਗਰਦਿਸ਼ ਵਿਚੋਂ ਲੰਘ ਰਿਹਾ ਸਾਂ ਤੇ ਭੁੱਖ ਨੂੰ ਮਾਰਨ ਲਈ ਇੱਕ ਘਟੀਆ ਹੋਟਲ ਵਿੱਚ ਚਾਹ ਪੀਣ ਬੈਠਦਾ ਸਾਂ। ਤਦ ਉਸ ਹੋਟਲ ਵਿੱਚ ਆਪਣੀਆਂ ਉਂਘਲਾਈਆਂ ਹੋਈਆਂ ਅੱਖਾਂ ’ਚੋਂ ਝਾਕਦਾ ਇਹ ਮੇਰੇ ਕੋਲ ਆਉਂਦਾ ਸੀ ਤੇ ਚਾਹ ਦਾ ਆਰਡਰ ਲੈ ਕੇ ਆਪਣੇ ਮੈਲੇ ਹੱਥਾਂ ਵਿੱਚ ਚਾਹ ਦਾ ਕੱਪ ਚੁੱਕੀ ਮੇਜ਼ ’ਤੇ ਰੱਖ ਜਾਂਦਾ ਸੀ। ਉਦੋਂ ਵੀ ਇਹੋ ਕਮੀਜ਼ ਤੇ ਨਿੱਕਰ ਇਸ ਦਾ ਲਿਬਾਸ ਹੁੰਦਾ ਸੀ। ਤੇ ਮੋਢੇ ਉਤੇ ਇੱਕ ਮੈਲਾ ਕੱਪੜਾ ਹੁੰਦਾ ਸੀ, ਜਿਸ ਨਾਲ ਇਹ ਮੇਜ਼ ਸਾਫ ਕਰਿਆ ਕਰਦਾ ਸੀ। ਮੈਂ ਚਾਹ ਦੇ ਘੁੱਟ ਭਰਦਾ ਹੋਇਆ ਸੋਚਦਾ ਸਾਂ ਕਿ ਕੀ ਇਹ ਇਸੇ ਤਰ੍ਹਾਂ ਮੋਢੇ ’ਤੇ ਮੈਲਾ ਕੱਪੜਾ ਰਖੀ ਜ਼ਿੰਦਗੀ ਦੇ ਦਿਨ ਕੱਟਦਾ ਰਹੇਗਾ? ਆਪਣੀਆਂ ਉਂਘਲਾਂਦੀਆਂ, ਗਵਾਚੀਆਂ ਅੱਖਾਂ ਵਿਚੋਂ ਝਾਕਦਾ ਰਹੇਗਾ? ਤੇ ਇਸ ਹੋਟਲ ਵਿੱਚ ਸੋਲਾਂ-ਸੋਲਾਂ ਘੰਟੇ ਕੰਮ ਕਰਦਿਆਂ ਆਪਣੀ ਸਾਰੀ ਉਮਰ ਬਿਤਾ ਦਏਗਾ? ਅਖੀਰ, ਮੈਂ ਚਾਹ ਪੀ ਕੇ ਮੁੜ ਨੌਕਰੀ ਦੀ ਭਾਲ ਵਿੱਚ ਸੜਕਾਂ ਨਾਪਣ ਲੱਗਦਾ ਸਾਂ।
ਸ਼ਾਇਦ ਉਨ੍ਹੀਂ ਦਿਨੀਂ ਵੀ ਮੈਂ ਇਸ ਨੂੰ ਵੇਖਿਆ ਸੀ, ਜਦ ਸਾਡੀ ਇਸ ‘ਚਾਲ’ ਦੇ ਸਾਹਮਣੇ ਇਕ ਸੱਤ-ਮੰਜ਼ਲੀ ਇਮਾਰਤ ਬਣ ਰਹੀ ਸੀ, ਤੇ ਇਥੇ ਕੰਮ ਕਰਨ ਵਾਲਿਆਂ ਦਾ ਰੌਲਾ ਪਿਆ ਰਹਿੰਦਾ ਸੀ। ਸਵੇਰੇ ਤੋਂ ਤ੍ਰਿਕਾਲਾਂ ਤੀਕ ਰਾਜ ਤੇ ਮਜ਼ਦੂਰ ਇਮਾਰਤ ਨੂੰ ਉਸਾਰਨ ਵਿੱਚ ਰੁਝੇ ਰਹਿੰਦੇ ਸਨ। ਮੈਂ ਆਪਣੀ ਵਿਹਲ ਦੀਆਂ ਘੜੀਆਂ ਵਿੱਚ ਕਦੇ ਕਮਰੇ ਵਿੱਚ ਬੈਠਾ ਇਮਾਰਤ ਵੱਲ ਵੇਖਣ ਲਗਦਾ ਸਾਂ- ਖਾਸਕਰ ਉਨ੍ਹਾਂ ਮਜ਼ਦੂਰਾਂ ਨੂੰ, ਜੋ ਸਿਰਾਂ ’ਤੇ ਕੜਾਹੀਆਂ ਚੁੱਕੀ ਇੱਟਾਂ, ਪੱਥਰ, ਰੇਤ ਆਦਿ ਢੋਅ ਰਹੇ ਹੁੰਦੇ। ਉਨ੍ਹਾਂ ਮਜ਼ਦੂਰਾਂ ਵਿਚ ਮਰਦਾਂ ਦੇ ਰੇਟ ਨਾਲੋਂ ਅੱਧਾ ਸੀ, ਤੇ ਮੁੰਡਿਆਂ ਦਾ ਤੀਵੀਆਂ ਦੇ ਰੇਟ ਨਾਲੋਂ ਅੱਧਾ। ਪਰ ਇਹ ਤੀਵੀਆਂ ਤੇ ਮੁੰਡੇ ਕੰਮ ਲਗਪਗ ਮਰਦਾਂ ਜਿੰਨਾ ਹੀ ਕਰਦੇ ਸਨ। ਸਿਰਫ ਕੁਝ ਇਕ ਹੀ ਮਜ਼ਦੂਰ ਮਰਦ ਸਨ, ਜੋ ਖਾਸ-ਖਾਸ ਕੰਮਾਂ ’ਤੇ ਲੱਗੇ ਹੋਏ ਸਨ। ਉਥੇ ਹੀ ਮੈਂ ਇਸ ਨੂੰ ਵੇਖਦਾ ਸਾਂ। ਇਹੋ ਕਮੀਜ਼ ਤੇ ਇਹੋ ਨਿੱਕਰ। ਤੇ ਸਿਰੋਂ-ਪੈਰੋਂ ਨੰਗਾ। ਇਹ ਸਵੇਰ ਤੋਂ ਤ੍ਰਿਕਾਲਾਂ ਤੀਕ ਸਿਰ ’ਤੇ ਕੜਾਹੀ ਚੁੱਕੀ ਇੱਟਾਂ ਢੋਂਦਾ ਰਹਿੰਦਾ। ਤਦ ਇਸ ਦਾ ਪਿਓ ਵੀ ਇਥੇ ਕੰਮ ਕਰਦਾ ਸੀ, ਇਸ ਦੀ ਮਾਂ ਵੀ ਏਥੇ ਕੰਮ ਕਰਦੀ ਸੀ। ਦੁਪਹਿਰ ਵੇਲੇ ਜਦ ਅੱਧੇ ਘੰਟੇ ਦੀ ਛੁੱਟੀ ਹੁੰਦੀ, ਤਾਂ ਇਹ ਦੂਜੇ ਮਜ਼ਦੂਰਾਂ ਵਿਚ ਆਪਣੇ ਮਾਂ-ਪਿਓ ਨਾਲ ਬੈਠਾ ਰੋਟੀ ਖਾ ਰਿਹਾ ਹੁੰਦਾ। ਤਦ ਮੈਨੂੰ ਆਪਣਾ ਬਚਪਨ ਯਾਦ ਆਉਂਦਾ, ਜਦ ਮੈਂ ਸਕੂਲ ਵਿੱਚ ਪੜਿ੍ਹਆ ਕਰਦਾ ਸਾਂ ਤੇ ਦੁਪਹਿਰ ਦੀ ਛੁੱਟੀ ਵੇਲੇ ਦੋਸਤਾਂ ਨਾਲ ਖੱਟੀਆਂ-ਮਿੱਠੀਆਂ ਚਾਟਾਂ ਖਾਂਦਾ ਸਾਂ, ਤੇ ਪੇਪਰਾਮਿੰਟਾਂ ਜਾਂ ਟਾਫੀਆਂ ਚੂਸਦਾ ਹੋਇਆ ਮੁੰਡਿਆਂ ਨਾਲ ਖੇਡਿਆ ਕਰਦਾ ਸਾਂ। ਪਰ ਹੁਣ ਉਹ ਬਚਪਨ ਨਹੀਂ ਸੀ ਰਿਹਾ। ਹੁਣ ਮੈਨੂੰ ਆਪਣਾ ਤੇ ਆਪਣੇ ਬੁੱਢੇ ਮਾਂ-ਪਿਓ ਦਾ ਢਿੱਡ ਭਰਨ ਲਈ ਰੁਜ਼ਗਾਰ ਦੀਆਂ ਕੁੜਿੱਤਣਾਂ ਚਖਣੀਆਂ ਪੈ ਰਹੀਆਂ ਸਨ। …ਤੇ ਆਪਣੇ ਮਾਂ-ਪਿਓ ਦੇ ਨਾਲ ਬੈਠਾ ਇਹ ਵੀ ਰੋਟੀ ਦੀਆਂ ਗ੍ਰਾਹੀਆਂ ਚੱਬਦਾ ਆਪਣੀ ਬਚਪਨ ਦੀ ਉਮਰੇ ਰੁਜ਼ਗਾਰ ਦੀਆਂ ਕੁੜਿੱਤਣਾਂ ਚਖ ਰਿਹਾ ਸੀ। ਪਰ ਪੱਥਰ ਜਾਂ ਇੱਟਾਂ ਢੋਣ ਦਾ ਅਜਿਹਾ ਕੰਮ ਰੋਜ਼-ਰੋਜ਼ ਤਾਂ ਮਿਲਦਾ ਨਹੀਂ। ਇਹ ਤਾਂ ਇਸ ਵਾਰ ਉਨ੍ਹਾਂ ਦਾ ਸੁਭਾਗ ਸੀ ਕਿ ਪਿਓ ਦੇ ਨਾਲ ਪੁੱਤਰ ਨੂੰ ਵੀ ਕੰਮ ਮਿਲ ਗਿਆ ਸੀ, ਤੇ ਪਤਨੀ ਨੂੰ ਵੀ, ਤੇ ਤਿੰਨੋਂ ਇਕੋ ਥਾਂ ਕੰਮ ’ਤੇ ਲੱਗੇ ਹੋਏ ਸਨ।
ਪਰ ਇਸ ਤੋਂ ਪਹਿਲਾਂ ਮੈਂ ਇਸ ਨੂੰ ਤਦ ਵੇਖਿਆ ਸੀ, ਜਦ ਇਹ ਸਾਡੀ ਇਸ ‘ਚਾਲ’ ਵਿੱਚ ਦੁੱਧ ਦੇਣ ਆਇਆ ਕਰਦਾ ਸੀ। ਉਹਨੀਂ ਦਿਨੀਂ ਇਸ ਦੇ ਤੇੜ ਨਿੱਕਰ ਦੀ ਥਾਂ ਗੋਡਿਆਂ ਤੋਂ ਉਚੀ ਮਾਰਕੀਨ ਦੀ ਮੈਲੀ ਧੋਤੀ ਹੁੰਦੀ ਸੀ, ਜੋ ਕਈਆਂ ਥਾਵਾਂ ਤੋਂ ਮੋਟੇ-ਮੋਟੇ ਤੋਪਿਆਂ ਨਾਲ ਸੀਤੀ ਹੁੰਦੀ। ਇਸ ਦੇ ਕੱਪੜਿਆਂ ’ਚੋਂ, ਜਾਂ ਸੱਚ ਪੁੱਛੋ ਤਾਂ ਇਸ ਦੇ ਸਰੀਰ ’ਚੋਂ ਗੋਹੇ ਦੀ ਨਿੰਮ੍ਹੀ-ਨਿੰਮ੍ਹੀ ਬੋਅ ਆਉਂਦੀ ਰਹਿੰਦੀ। ਇਸ ਦੇ ਨਹੁੰਆਂ ਵਿੱਚ ਗੋਹਾ ਫਸਿਆ ਹੁੰਦਾ। ਤੇ ਇਸ ਦੀਆਂ ਅੱਡੀਆਂ ਦੀਆਂ ਬਿਆਈਆਂ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਤਾਂ ਸਦਾ ਗੋਹਾ ਫਸਿਆ ਹੁੰਦਾ। ਇਹ ਕਿਸੇ ਦੁੱਧ ਵਾਲੇ ਭਈਏ ਦੇ ਤਬੇਲੇ ਵਿੱਚ ਕੰਮ ਕਰਦਾ ਸੀ। ਉਥੇ ਇਹ ਮੱਝਾਂ ਨੂੰ ਨ੍ਹਲਾਉਂਦਾ,ਉਨ੍ਹਾਂ ਦਾ ਗੋਹਾ ਸਾਫ ਕਰਦਾ, ਬਾਹਰ ਚਰਾਉਣ ਲੈ ਜਾਂਦਾ, ਤੇ ਪੱਠਾ-ਦੱਥਾ ਕਰਦਾ। ਸਵੇਰੇ ਮੂੰਹ ਹਨੇਰੇ ਅਤੇ ਸ਼ਾਮ ਤੋਂ ਪਹਿਲਾਂ ਦਿਨ ਵਿੱਚ ਦੋ ਵਾਰ ਦੁੱਧ ਦੇ ਛੋਟੇ-ਵੱਡੇ ਦੋ-ਦੋ, ਤਿੰਨ-ਤਿੰਨ ਡੱਬੇ ਦੋਹਾਂ ਹੱਥਾਂ ਵਿੱਚ ਲਟਕਾਈ ਘਰ-ਘਰ ਦੁੱਧ ਦੇਣ ਜਾਂਦਾ। ਸਵੇਰੇ ਇਹ ਏਨਾ ਸਵੇਰੇ ਆਉਂਦਾ ਕਿ ਕਈ ਵਾਰ ਮੇਰਾ ਆਪਣੀ ਉਸ ‘ਗੁਲਾਬੀ ਨੀਂਦ’ ਵਿਚੋਂ ਉੱਠਣ ’ਤੇ ਜੀਅ ਨਾ ਕਰਦਾ। ਪਰ ਇਸ ਦੇ ਵਾਰ-ਵਾਰ ਬੁਲਾਉਣ ’ਤੇ ਮੈਨੂੰ ਉਠਣਾ ਪੈਂਦਾ। ਤੇ ਜਦ ਮੈਂ ਦੁੱਧ ਲੈ ਰਿਹਾ ਹੁੰਦਾ, ਤਾਂ ਕਈ ਵਾਰ ਲਗਦਾ, ਜਿਵੇਂ ਇਸ ਦੀਆਂ ਉਂਘਲਾਉਂਦੀਆਂ ਹੋਈਆਂ ਅੱਖਾਂ ਮੇਰੀਆਂ ਆਪਣੀਆਂ ਅੱਖਾਂ ਹਨ। ਮੈਂ ਬੱਤੀ ਬੁਝਾ ਕੇ ਬਿਸਤਰੇ ’ਤੇ ਪੈ ਜਾਂਦਾ ਤੇ ਆਪਣੀ ‘ਗੁਲਾਬੀ ਨੀਂਦ’ ਵਿੱਚ ਗਵਾਚ ਜਾਂਦਾ।
ਫੇਰ, ਜਦ ਮੈਂ ਮਿਊਂਸਪੈਲਿਟੀ ਦੇ ਇੱਕ ਨਿੱਕੇ ਜਿਹੇ ਸਕੂਲ ਵਿੱਚ ਪੜ੍ਹਾਉਣ ਲੱਗਾ, ਤਾਂ ਵੇਖਿਆ ਕਿ ਇਹ ਉਥੇ ਲੱਗਾ ਹੋਇਆ ਸੀ। ਬੜੀ ਆਰਾਮ ਦੀ ਨੌਕਰੀ ਸੀ ਉਹ। ਸਵੇਰੇ ਦਸ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੀਕ ਇਸ ਨੂੰ ਕੰਮ ਕਰਨਾ ਪੈਂਦਾ ਸੀ, ਤੇ ਉਹ ਵੀ ਕਿਸੇ-ਕਿਸੇ ਵੇਲੇ। ਉਹ ਕੰਮ ਕੀ ਸੀ? ਸਕੂਲ ਦੇ ਕੰਪਾਊਂਡ ਵਿੱਚ ਦੋ ਵਾਰ ਝਾੜੂ ਲਾਉਣਾ, ਛੁੱਟੀ ਹੋਣ ਪਿੱਛੋਂ ਸਕੂਲ ਦੇ ਕਮਰਿਆਂ ਨੂੰ ਸਾਫ ਕਰਨਾ, ਦਿਨ ਵੇਲੇ ਵਿਦਿਆਰਥੀਆਂ ਦੇ ਪੀਣ ਲਈ ਪਾਣੀ ਦੇ ਡਰੱਮ ਭਰਨੇ, ਤੇ ਅਜਿਹੇ ਹੋਰ ਛੋਟੇ-ਮੋਟੇ ਕੰਮ। ਸਕੂਲ ਦੇ ਪਿਛਵਾੜੇ ਹੀ ਇਹ ਆਪਣੀ ਮਾਂ ਨਾਲ ਟੀਨ ਦੀ ਬਣੀ ਛੋਟੀ ਜਿਹੀ ਕੋਠੜੀ ਵਿੱਚ ਰਹਿੰਦਾ ਸੀ, ਜੋ ਸਕੂਲ ਵੱਲੋਂ ਇਨ੍ਹਾਂ ਨੂੰ ਦਿੱਤੀ ਗਈ ਸੀ। ਕਦੇ ਕੋਈ ਕੰਮ ਨਾ ਹੁੰਦਾ, ਤਾਂ ਇਹ ਬੈਠਾ-ਬੈਠਾ ਅੱਕ ਜਾਂਦਾ। ਤਦ ਕਦੇ ਇਸ ਦੀ ਛੋਟੀ ਭੈਣ ਉਥੇ ਆ ਜਾਂਦੀ ਤੇ ਇਹ ਉਸ ਨਾਲ ਖੇਡਣ ਲਗਦਾ। ਜਾਂ ਕਦੇ ਇਹ ਆਪਣਾ ਖਜ਼ਾਨਾ ਖੋਲ੍ਹ ਬਹਿੰਦਾ- ਰੰਗ-ਬਿਰੰਗੇ ਕਾਗਜ਼ਾਂ ਦੇ ਟੁਕੜੇ, ਟੁੱਟੀਆਂ ਹੋਈਆਂ ਨਿੱਬਾਂ, ਗੋਲੀਆਂ, ਪੱਥਰ ਤੇ ਹੋਰ ਅਜਿਹੀਆਂ ਚੀਜ਼ਾਂ।
ਪਰ ਜਦ ਦੁਪਹਿਰ ਦੀ ਛੁੱਟੀ ਹੁੰਦੀ, ਤੇ ਮੁੰਡੇ-ਕੁੜੀਆਂ ਰੌਲਾ ਪਾਉਂਦੇ ਹੋਏ ਜਮਾਤਾਂ ’ਚੋਂ ਨਿਕਲਦੇ ਤੇ ਖੇਡਣ ਵਿੱਚ ਰੁਝ ਜਾਂਦੇ, ਤਾਂ ਇਹ ਇਕ ਪਾਸੇ ਨਿੱਕੇ ਜਿਹੇ ਸਟੂਲ ’ਤੇ ਬੈਠਾ ਉਨ੍ਹਾਂ ਨੂੰ ਵੇਖਦਾ ਰਹਿੰਦਾ। ਇਸ ਤੋਂ ਪਹਿਲਾਂ ਉਸ ਸਕੂਲ ਵਿਚ ਇਕ ਹੋਰ ਨੌਕਰ ਸੀ, ਜੋ ਸੁਣਿਆਂ ਸੀ ਕਿ ਉਥੇ ਚਾਲੀ ਵਰ੍ਹੇ ਨੌਕਰੀ ’ਤੇ ਰਿਹਾ ਸੀ, ਤੇ ਜੇ ਇਕ ਦੁਰਘਟਨਾ ਵਿੱਚ ਮਾਰਿਆ ਨਾ ਜਾਂਦਾ, ਤਾਂ ਉਸ ਨੇ ਅਜੇ ਹੋਰ ਪੰਜ-ਛੇ ਵਰ੍ਹੇ ਨੌਕਰੀ ਕਰਕੇ ਰਿਟਾਇਰ ਹੋਣਾ ਸੀ। ਉਸ ਦੇ ਮਰਨ ਪਿੱਛੋਂ ਉਸ ਦੀ ਥਾਂ ਇਹ ਆਇਆ ਸੀ ਤੇ ਮੈਂ ਸੋਚਦਾ ਸਾਂ ਕਿ ਹੁਣ ਇਹ ਵੀ ਓਸੇ ਵਾਂਗ ਸਕੂਲ ਵਿੱਚ ਝਾੜੂ ਦਿੰਦਾ, ਪਾਣੀ ਭਰਦਾ ਤੇ ਮਾਸਟਰਾਂ ਲਈ ਬਜ਼ਾਰ ਤੋਂ ਪਾਨ ਤੇ ਸਿਗਰਟਾਂ ਲਿਆਉਂਦਾ ਇਥੇ ਚਾਲੀ ਵਰ੍ਹੇ ਕੱਟ ਦਏਗਾ। ਪਰ ਨਹੀਂ, ਇਹ ਉਥੇ ਵਧੇਰੇ ਚਿਰ ਨਹੀਂ ਸੀ ਰਿਹਾ। ਇਸ ਨੂੰ ਕੱਢ ਦਿੱਤਾ ਗਿਆ ਸੀ, ਕਿਉਂਕਿ ਹੈਡਮਾਸਟਰ ਕੋਲ ਇਸ ਦੀਆਂ ਕਈ ਵਾਰ ਸ਼ਿਕਾਇਤਾਂ ਪੁੱਜ ਚੁੱਕੀਆਂ ਹਨ ਕਿ ਇਹ ਕੰਮ ਕਰਨ ਦੀ ਥਾਂ ਸਕੂਲ ਦੇ ਵਿਦਿਆਰਥੀਆਂ ਨਾਲ ਖੇਡਦਾ ਰਹਿੰਦਾ ਹੈ।
ਤੇ ਫੇਰ, ਮੈਂ ਇਸ ਨੂੰ ਤਦ ਵੇਖਿਆ, ਜਦ ਇਹ ਸਟੇਸ਼ਨਾਂ ਦੇ ਪਲੇਟਫਾਰਮਾਂ ’ਤੇ ਹੱਥ ਵਿੱਚ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਫੜੀ ਬੂਟ-ਪਾਲਿਸ਼ ਕਰਿਆ ਕਰਦਾ ਸੀ। ਤੇ ਫੇਰ, ਮੈਂ ਇਸ ਨੂੰ ਤਦ ਵੇਖਿਆ, ਜਦ ਇਹ ਲੋਕਲ ਗੱਡੀਆਂ ਵਿੱਚ ਪੇਪਰਮਿੰਟਾਂ ਤੇ ਟਾਫੀਆਂ ਵੇਚਿਆ ਕਰਦਾ ਸੀ। ਜਾਂ ਫੇਰ, ਮੈਂ ਇਸ ਨੂੰ ਤਦ ਵੇਖਿਆ ਸੀ;
ਬਚਪਨ ਦੇ ਇਹ ਕਿੰਨੇ ਵੱਖ-ਵੱਖ ਰੂਪ ਸਨ !
ਪਰ ਇਸ ਚੌਕ ਵਿੱਚ ਖਲੋ ਕੇ ਇਸ ਨੂੰ ਕੰਘੀਆਂ ਵੇਚਦਿਆਂ ਮੈਂ ਕਾਫੀ ਚਿਰ ਤੋਂ ਵੇਖ ਰਿਹਾ ਸਾਂ, ਤੇ ਸੋਚਦਾ ਸਾਂ ਕਿ ਬਚਪਨ, ਜੋ ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰੱਖ ਰਿਹਾ ਸੀ, ਅੱਜ ਕਿਨ੍ਹਾਂ ਰਾਹਾਂ ਤੋਂ ਲੰਘ ਰਿਹਾ ਹੈ! ਬਚਪਨ ਦਾ ਇਹ ਫੁੱਲ ਅੱਜ ਕਿਸ ਵਾਯੂ-ਮੰਡਲ ਵਿਚ ਖਿੜਿਆ ਹੈ? ਪਰ ਇਹ ਫੁੱਲ ਵਧੇਰੇ ਚਿਰ ਖਿੜਿਆ ਨਾ ਰਹਿ ਸਕਿਆ। ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰੱਖਦਿਆਂ ਹੀ ਇਹ ਇਕ ਅੰਨ੍ਹੀ ਗੋਲੀ ਦਾ ਨਿਸ਼ਾਨਾ ਬਣ ਕੇ ਮੌਤ ਦੀ ਹਨੇਰੀ ਖੱਡ ਵਿੱਚ ਢਹਿ ਪਿਆ। ਤੇ ਮੇਰੇ ਬੁੱਲ੍ਹਾਂ ’ਤੇ ਮੁੜ-ਮੁੜ ਕੇ ਸਪੈਂਡਰ ਦੀ ਕਵਿਤਾ ਆਉਂਦੀ ਹੈ ਕਿ ਬਹਾਰ ਦੀ ਇਕ ਰੁੱਤੇ, ਬੰਦੂਕਾਂ ਗੋਲੀਆਂ ਦੀ ਜ਼ਬਾਨ ਨਾਲ ਗੱਲਾਂ ਕਰ ਰਹੀਆਂ ਸਨ। ਪਰ ਉਹ ਮੁੰਡਾ, ਜੋ ਅੰਜੀਰ ਦੇ ਬਿਰਛ ਥੱਲੇ ਮੋਇਆ ਪਿਆ ਹੈ, ਅਜੇ ਏਨਾ ਛੋਟਾ ਤੇ ਏਨਾ ਅਨਜਾਣ ਸੀ ਕਿ ਬੰਦੂਕ ਦੀਆਂ ਅੱਖਾਂ ਵਿੱਚ ਰੜਕ ਤਕ ਨਹੀਂ ਸੀ ਸਕਦਾ। ਉਹ ਤਾਂ ਸਿਰਫ ਚੁੰਮਣ ਦੇ ਯੋਗ ਬੱਚਾ ਸੀ। ਜਦ ਉਹ ਜਿਊਂਦਾ ਸੀ, ਤਾਂ ਫੈਕਟਰੀਆਂ ਦੇ ਘੁੱਗੂਆਂ ਨੇ ਉਸ ਨੂੰ ਕਦੇ ਨਹੀਂ ਬੁਲਾਇਆ, ਨਾ ਹੀ ਹੋਟਲਾਂ ਦੇ ਬੂਹੇ ਉਸ ਲਈ ਖੁੱਲ੍ਹੇ। ਉਸ ਦਾ ਨਾਂ ਕਦੇ ਅਖਬਾਰਾਂ ਵਿੱਚ ਨਹੀਂ ਛਪਿਆ। ਦੁਨੀਆਂ ਦੀ ਕੰਧ ਓਸੇ ਤਰ੍ਹਾਂ ਖਲੋਤੀ ਰਹੀ, ਜਦ ਕਿ ਉਸ ਦੀ ਜ਼ਿੰਦਗੀ ਸੱਟਾ ਬਜ਼ਾਰ ਦੀ ਕਿਸੇ ਅਫਵਾਹ ਵਾਂਗ ਭਟਕਦੀ ਰਹੀ। ਤੇ ਵੇਖੋ, ਉਸ ਮੁੰਡੇ ਦੀ ਬੇਮੁੱਲੀ ਜ਼ਿੰਦਗੀ ਨੂੰ ਵੇਖੋ-ਹੋਟਲਾਂ ਦੇ ਹਿਸਾਬ ਤੇ ਫਾਈਲਾਂ ਦੇ ਨੁਕਤੇ ਤੋਂ ਬੇਮੁੱਲੀ ਜ਼ਿੰਦਗੀ। ਦਸ ਹਜ਼ਾਰ ਗੋਲੀਆਂ ’ਚੋਂ ਇਕ ਗੋਲੀ ਆਦਮੀ ਨੂੰ ਮਾਰਦੀ ਹੈ, ਪਰ ਮੈਂ ਪੁੱਛਦਾ ਹਾਂ ਕਿ ਅੰਜੀਰ ਦੇ ਬਿਰਛ ਥੱਲੇ ਮੋਏ ਪਏ ਇਕ ਏਨੇ ਛੋਟੇ ਤੇ ਇੰਨੇ ਅਨਜਾਣ ਬੱਚੇ ਦੀ ਮੌਤ ਲਈ ਕੀ ਏਨਾ ਸਾਰਾ ਖਰਚ ਜਾਇਜ਼ ਸੀ?

Loading