ਪਾਵਨ ਸਰੂਪ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ ਸੁਖਬੀਰ ਬਾਦਲ : ਸਿੱਖ ਜਥੇਬੰਦੀਆਂ

In ਮੁੱਖ ਖ਼ਬਰਾਂ
January 20, 2026

ਅੰਮ੍ਰਿਤਸਰ/ਏ.ਟੀ.ਨਿਊਜ਼: 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਸਤਿਕਾਰ ਕਮੇਟੀ ਦੇ ਸੁਖਜੀਤ ਸਿੰਘ ਖੋਸਾ ਨੇ ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ’ਤੇ ਇਸ ਸੰਵੇਦਨਸ਼ੀਲ ਮਸਲੇ ਨੂੰ ਰਾਜਸੀ ਰੰਗਤ ਦੇਣ ਅਤੇ ਸੱਚਾਈ ਨੂੰ ਦਬਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਸਬੰਧੀ ਪਿਛਲੇ ਪੰਜ ਸਾਲਾਂ ਦੇ ਸੰਘਰਸ਼ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਜਦੋਂ ਜਾਂਚ ਤੇਜ਼ ਕੀਤੀ ਤਾਂ ਬੰਗੇ ਨੇੜਿਓਂ ਇੱਕ ਸਥਾਨ ਤੋਂ 169 ਪਾਵਨ ਸਰੂਪ ਮਿਲੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਪਾਵਨ ਸਰੂਪ ਉੱਥੇ ਕਿਸ ਦੇ ਕਹਿਣ ’ਤੇ ਭੇਜੇ ਗਏ ਅਤੇ ਰਿਕਾਰਡ ਵਿੱਚ ਦਰਜ ਕਿਉਂ ਨਹੀਂ ਕੀਤੇ ਗਏ? ਭਾਈ ਸੁਖਜੀਤ ਸਿੰਘ ਖੋਸਾ ਨੇ ਦਾਅਵਾ ਕੀਤਾ ਕਿ ਜਿਸ ਸਥਾਨ ਨੂੰ ਗੁਰਦੁਆਰਾ ਸਾਹਿਬ ਦੱਸ ਕੇ ਰਾਜਨੀਤੀ ਕੀਤੀ ਜਾ ਰਹੀ ਹੈ, ਉੱਥੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ। ਭਾਈ ਵਡਾਲਾ ਨੇ ਦੋਸ਼ ਲਾਇਆ ਕਿ ਜਦੋਂ ‘ਸਿਟ’ ਜਾਂਚ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਅਤੇ ਹੋਰ ਲੀਡਰ ਕਥਿਤ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਅਤੇ ਸੁਖਬੀਰ ਬਾਦਲ ਸਿਰਫ਼ ਆਪਣੇ ਅਫ਼ਸਰਾਂ ਤੇ ਲੀਡਰਾਂ ਨੂੰ ਬਚਾਉਣ ਲਈ ਇਸ ਮਸਲੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਹਨ।
ਸਿੱਖ ਜਥੇਬੰਦੀਆਂ ਨੇ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਜਥੇਦਾਰ ਤੁਰੰਤ ਨਿਰਪੱਖ ਪੜਤਾਲੀਆ ਕਮੇਟੀ ਬਣਾਉਣ, ਜੋ ਉਸ ਸਥਾਨ ਦੀ ਮਰਿਆਦਾ ਦੀ ਜਾਂਚ ਕਰੇ; ਪੰਜਾਬ ਸਰਕਾਰ ਸਰਬ-ਪਾਰਟੀ ਮੀਟਿੰਗ ਸੱਦੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਪਾਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਅਤੇ ਕਿਹੜੀ ਮੁਲਜ਼ਮਾਂ ਦੇ ਨਾਲ।

Loading