ਭਾਰਤ- ਅਮਰੀਕਾ ਵਪਾਰਕ ਸਮਝੌਤੇ ਦੇ ਪੈਣਗੇ ਦੂਰਗਾਮੀ ਪ੍ਰਭਾਵ

In ਮੁੱਖ ਖ਼ਬਰਾਂ
February 04, 2026

ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਭਾਰਤ ਅਤੇ ਅਮਰੀਕਾ ਵਿਚਾਲੇ ਨਵੇਂ ਵਪਾਰ ਸਮਝੌਤੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਹ ਸਮਝੌਤਾ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਪੱਧਰ ’ਤੇ ਭਰੋਸੇਯੋਗ ਵਪਾਰਕ ਭਾਈਵਾਲਾਂ ਦੀ ਜ਼ਰੂਰਤ ਤੇਜ਼ੀ ਨਾਲ ਵਧ ਰਹੀ ਹੈ। ਮਾਹਿਰਾਂ ਦੇ ਅਨੁਸਾਰ, ਇਹ ਸਮਝੌਤਾ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਸਮਝੌਤਾ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਵਧਾਏਗਾ ਅਤੇ ਦੇਸ਼ ਵਿੱਚ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇਗਾ। ਸਟਾਰਟਅੱਪਸ ਅਤੇ ਨਿਰਮਾਣ ਖੇਤਰ ਨੂੰ ਖਾਸ ਤੌਰ ’ਤੇ ਸਿੱਧੇ ਤੌਰ ’ਤੇ ਲਾਭ ਹੋਣ ਦੀ ਉਮੀਦ ਹੈ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਹ ਸਮਝੌਤਾ ਕਈ ਮੁੱਖ ਖੇਤਰਾਂ ਜਿਵੇਂ ਕਿ ਇਲੈਕਟ੍ਰਾਨਿਕਸ, ਰੱਖਿਆ ਉਤਪਾਦਨ, ਫ਼ਾਰਮਾਸਿਊਟੀਕਲ, ਟੈਕਸਟਾਈਲ, ਰਤਨ ਅਤੇ ਗਹਿਣੇ, ਖੇਤੀਬਾੜੀ ਉਤਪਾਦ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਸੇਵਾਵਾਂ ਵਿੱਚ ਕਾਰਜਾਂ ਦੀ ਸਹੂਲਤ ਦੇਵੇਗਾ। ਵਪਾਰਕ ਰੁਕਾਵਟਾਂ ਨੂੰ ਘਟਾਉਣ ਅਤੇ ਬਿਹਤਰ ਬਾਜ਼ਾਰ ਪਹੁੰਚ ਪ੍ਰਦਾਨ ਕਰਨ ਨਾਲ ਭਾਰਤੀ ਨਿਰਯਾਤਕਾਂ ਅਤੇ ਕਾਰੋਬਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਟਰੰਪ ਅਨੁਸਾਰ ਇਸ ਸਮਝੌਤੇ ਨਾਲ ਭਾਰਤ ਵੱਲੋਂ ਅਮਰੀਕੀ ਊਰਜਾ, ਕੋਲਾ, ਤਕਨਾਲੋਜੀ ਅਤੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਵਧੇਗੀ, ਜੋ ਕਿ ਇੱਕ ਵਿਆਪਕ ਸਮਝੌਤੇ ਦਾ ਪਹਿਲਾ ਪੜਾਅ ਹੈ। ਇਸ ਡੀਲ ਤਹਿਤ ਭਾਰਤ ਪੈਟਰੋਲੀਅਮ, ਰੱਖਿਆ ਉਪਕਰਣ, ਇਲੈਕਟ੍ਰੋਨਿਕਸ ਅਤੇ ਫ਼ਾਰਮਾਸਿਊਟੀਕਲ ਦੀ ਖਰੀਦ ਵਧਾਏਗਾ, ਜਿਸ ਨਾਲ ਭਾਰਤੀ ਨਿਰਯਾਤਕਾਂ, ਖਾਸ ਕਰਕੇ ਟੈਕਸਟਾਈਲ, ਗਹਿਣੇ ਅਤੇ ਕੈਮੀਕਲ ਖੇਤਰ ਨੂੰ ਵੱਡਾ ਲਾਭ ਮਿਲੇਗਾ ਅਤੇ ਉਹ ਵੀਅਤਨਾਮ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦਾ ਮੁਕਾਬਲਾ ਕਰ ਸਕਣਗੇ।
ਭਾਰਤ ਅਤੇ ਅਮਰੀਕਾ ਵਿਚਕਾਰ ਹੋਇਆ ਤਾਜ਼ਾ ਵਪਾਰਕ ਸਮਝੌਤਾ ਭਾਰਤੀ ਆਰਥਿਕਤਾ, ਖਾਸ ਕਰਕੇ ਲੇਬਰ-ਇੰਟੈਂਸਿਵ (ਵੱਧ ਮਜ਼ਦੂਰੀ ਵਾਲੇ) ਅਤੇ ਐੱਮ ਐੱਸ ਐੱਮ ਈ ਖੇਤਰਾਂ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਮਝੌਤੇ ਤਹਿਤ ਵਾਸ਼ਿੰਗਟਨ ਭਾਰਤੀ ਘਰੇਲੂ ਵਸਤੂਆਂ ’ਤੇ ਟੈਰਿਫ਼ (ਟੈਕਸ) ਘਟਾ ਕੇ 18 ਫ਼ੀਸਦੀ ਕਰਨ ਲਈ ਸਹਿਮਤ ਹੋ ਗਿਆ ਹੈ, ਜੋ ਕਿ ਪਹਿਲਾਂ ਕਾਫ਼ੀ ਜ਼ਿਆਦਾ ਸਨ।
ਮਾਹਿਰਾਂ ਅਨੁਸਾਰ, ਇਸ ਫ਼ੈਸਲੇ ਨਾਲ ਭਾਰਤੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਸੁਧਾਰ ਹੋਵੇਗਾ ਅਤੇ ਅਮਰੀਕੀ ਖਰੀਦਦਾਰਾਂ ਦਾ ਭਾਰਤੀ ਸਪਲਾਇਰਾਂ ’ਤੇ ਭਰੋਸਾ ਵਧੇਗਾ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਨਿਰਯਾਤ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ। ਇਹ ਵਿਕਾਸ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਆਪਣੀ ਸਪਲਾਈ ਚੇਨ ਨੂੰ ਚੀਨ ਤੋਂ ਹਟਾ ਕੇ ਦੂਜੇ ਦੇਸ਼ਾਂ ਵੱਲ ਮੋੜਨ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਇਸ ਸਮਝੌਤੇ ਨਾਲ ਭਾਰਤ ਦੀ ਨਿਰਯਾਤ ਪ੍ਰਤੀਯੋਗਤਾ ਵਧੇਗੀ ਅਤੇ ਭਾਰਤ ਇੱਕ ਭਰੋਸੇਯੋਗ ਗਲੋਬਲ ਸੋਰਸਿੰਗ ਹੱਬ ਵਜੋਂ ਆਪਣੀ ਸਥਿਤੀ ਮਜ਼ਬੂਤ ਕਰੇਗਾ।

Loading