ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਨ ਮਮਦਾਨੀ ਨੇ ਅਹੁਦਾ ਸੰਭਾਲਣ ਉਪਰੰਤ ਪਹਿਲੇ ਦਿਨ ਉਨ੍ਹਾਂ ਸਾਰੇ ਆਦੇਸ਼ਾਂ ੳੁੱਪਰ ਲਕੀਰ ਫ਼ੇਰ ਦਿੱਤੀ ਜੋ ਸਾਬਕਾ ਮੇਅਰ ਏਰਿਕ ਐਡਮਜ ਨੇ 26 ਸਤੰਬਰ 2024 ਵਿੱਚ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜਾਰੀ ਕੀਤੇ ਸਨ। ਇਨ੍ਹਾਂ ਵਿੱਚ ਦੋ ਆਦੇਸ਼ ਇਜ਼ਰਾਇਲ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਮਮਦਾਨੀ ਨੇ ਰੱਦ ਕਰ ਦਿੱਤਾ। ਮਮਦਾਨੀ ਨੇ ਸਾਬਕਾ ਮੇਅਰ ਐਡਮਜ ਵੱਲੋਂ ਜਾਰੀ ਉਹ ਆਦੇਸ਼ ਰੱਦ ਕਰ ਦਿੱਤਾ, ਜਿਸ ਤਹਿਤ ਸ਼ਹਿਰ ਦੀਆਂ ਏਜੰਸੀਆਂ ੳੁੱਪਰ ਇਜ਼ਰਾਇਲ ਦਾ ਬਾਈਕਾਟ ਕਰਨ ੳੁੱਪਰ ਰੋਕ ਲਾਈ ਗਈ ਸੀ। ਮਮਦਾਨੀ ਨੇ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਅਲਾਇੰਸ ਦੀ ਯਹੂਦੀਆਂ ਵਿਰੋਧੀ ਪ੍ਰੀਭਾਸ਼ਾ ਅਪਣਾਉਣ ਬਾਰੇ ਜਾਰੀ ਆਦੇਸ਼ ਵੀ ਰੱਦ ਕਰ ਦਿੱਤਾ। ਹਾਲਾਂ ਕਿ ਮਮਦਾਨੀ ਨੇ ਐਡਮਜ ਵੱਲੋਂ ਯਹੂਦੀ ਵਿਰੋਧੀਆਂ ਨਾਲ ਮੁਕਾਬਲੇ ਲਈ ਮਈ ਵਿੱਚ ਸ਼ੁਰੂ ਕੀਤੇ ਨਵੇਂ ਦਫ਼ਤਰ ਨੂੰ ਕਾਇਮ ਰੱਖਿਆ ਹੈ। ਡੈਮੋਕਰੈਟਿਕ ਸੋਸਲਿਸਟ ਆਗੂ ਮਮਦਾਨੀ ਜੋ ਮੇਅਰ ਦੀ ਚੋਣ ਜਿੱਤ ਕੇ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਮੇਅਰ ਬਣੇ ਹਨ, ਫ਼ਲਸਤੀਨੀ ਹੱਕਾਂ ਦੇ ਅਲੰਬਰਦਾਰ ਹਨ। ਮਮਦਾਨੀ ਪਹਿਲਾਂ ਹੀ ਬਾਈਕਾਟ, ਡਿਵੈਸਟਮੈਂਟ, ਸੈਂਕਸ਼ਨਜ ( ਬੀ ਡੀ ਐਸ) ਮੂਵਮੈਂਟ ਦਾ ਸਮਰਥਨ ਕਰ ਚੁੱਕੇ ਹਨ ਜਿਸ ਦਾ ਮਕਸਦ ਫ਼ਲਸਤੀਨੀਆਂ ਦੇ ਮੁੱਦੇ ’ਤੇ ਇਜ਼ਰਾਇਲ ਨੂੰ ਮਿਲਦੇ ਕੌਮਾਂਤਰੀ ਸਰਮਥਨ ਨੂੰ ਰੋਕਣਾ ਹੈ। ਮੂਵਮੈਂਟ ਵੱਲੋਂ ਇਜ਼ਰਾਇਲ ਉੱਪਰ ਕੌਮਾਂਤਰੀ ਆਰਥਿਕ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮਮਦਾਨੀ ਨੇ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਏਰਿਕ ਐਡਮਜ ਵੱਲੋਂ ਜਾਰੀ ਸਾਰੇ ਆਦੇਸ਼ਾਂ ੳੁੱਪਰ ਪੁਨਰ ਵਿਚਾਰ ਕਰਨਗੇ।
![]()
