* ਇਸ ਵਾਰ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਪਾਰਟੀ ਦੀਆਂ ਹੀ ਤਿੰਨ ਕਾਨਫਰੰਸਾਂ ਲੱਗੀਆਂ ਸਨ ਤੇ ਤਿੰਨਾਂ ’ਚ ਭਾਰੀ ਇਕੱੱਠ ਰਿਹਾ। ਪੰਡਾਲ ’ਚ ਲੋਕਾਂ ਲਈ ਕੁਰਸੀਆਂ ਤੇ ਸਟੇਜ ਉਪਰ ਆਗੂਆਂ ਲਈ ਸੋਫਿਆਂ ਦਾ ਪ੍ਰਬੰਧ ਕੀਤਾ ਗਿਆ ਸੀ।
* ਸਜਾਵਟ ਪੱਖੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਮੋਹਰੀ ਸੀ। ਨੀਲੇ, ਪੀਲੇ ਤੇ ਸਫੈਦ ਰੰਗ ਦੇ ਕੱਪੜਿਆਂ ਨਾਲ ਸ਼ਿੰਗਾਰੀ ਹੋਈ। ਸਿੱਧਾ ਪ੍ਰਸਾਰਣ ਹੋ ਰਿਹਾ ਸੀ।
* ਸੁਖਬੀਰ ਬਾਦਲ ਨੇ ਮੁਕਤਸਰ ਦੇ ਸੰਸਦ ਮੈਂਬਰ ਭਾਈ ਸ਼ਮਿੰਦਰ ਸਿੰਘ, ਜੋ ਬੰਬ ਧਮਾਕੇ ’ਚ ਮਾਰੇ ਗਏ ਸਨ, ਨੂੰ ਵੀ ਸਟੇਜ ਤੋਂ ਯਾਦ ਕੀਤਾ। ਭਾਈ ਸ਼ਮਿੰਦਰ ਸਿੰਘ ਦੇ ਭਰਾ ਭਾਈ ਹਰਨਿਪਾਲ ਸਿੰਘ ਕੁੱਕੂ ਹੁਣ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
* ਸੁਖਬੀਰ ਸਿੰਘ ਬਾਦਲ, ਭਾਈ ਅੰਮ੍ਰਿਤਪਾਲ ਸਿੰਘ ਟੀਮ ਦੀ ਪਾਰਟੀ ਨੂੰ ਵਾਰ-ਵਾਰ ਦੁਕਾਨ ਕਹਿ ਕੇ ਸੰਬੋਧਨ ਕਰਦੇ ਰਹੇ।
* ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਦੀ ਕਾਨਫਰੰਸ ਦੀ ਸਟੇਜ ਦੀ ਮੁੱਖ ਫਲੈਕਸ ੳੱੁਪਰ ਭਾਈ ਅੰਮ੍ਰਿਤਪਾਲ ਸਿੰਘ, ਦੀਪ ਸਿੱਧੂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਸਵੰਤ ਸਿੰਘ ਖਾਲੜਾ ਤੇ ਭਾਈ ਅਮਰੀਕ ਸਿੰਘ ਦੀਆਂ ਤਸਵੀਰਾਂ ਸਨ।
ਸੁਖਬੀਰ ਬਾਦਲ ਆਮ ਵਰਕਰ ਵਾਂਗ ਭੁੰਜੇ ਬੈਠੇ
ਸੁਖਬੀਰ ਸਿੰਘ ਬਾਦਲ ਕਾਨਫਰੰਸ ’ਚ ਆ ਕੇ ਮੰਚ ’ਤੇ ਬੈਠਣ ਦੀ ਥਾਂ ਸਟੇਜ ਦੇ ਸਾਹਮਣੇ ਬਣੀ ‘ਡੀ’ ਵਿੱਚ ਲੋਕਾਂ ਨਾਲ ਆ ਬੈਠੇ ਤਾਂ ਮੰਚ ’ਤੇ ਬੈਠੇ ਆਗੂਆਂ ਤੇ ਪੰਡਾਲ ’ਚ ਬੈਠੇ ਲੋਕ ਹੈਰਾਨ ਹੋ ਗਏ। ਡਾ. ਦਲਜੀਤ ਸਿੰਘ ਚੀਮਾ ਹੋਰਾਂ ਨੇ ਉਨ੍ਹਾਂ ਮੰਚ ’ਤੇ ਆ ਕੇ ਬੈਠਣ ਲਈ ਕਈ ਵਾਰ ਬੇਨਤੀ ਕੀਤੀ ਤਾਂ ਨਾਂਹ-ਨਾਂਹ ਕਰਦਿਆਂ ਅਖੀਰ ਸੁਖਬੀਰ ਬਾਦਲ ਮੰਚ ’ਤੇ ਜਾ ਕੇ ਬੈਠ ਗਏ। ਮੰਚ ’ਤੇ ਬੈਠਣ ਤੋਂ ਬਾਅਦ ਹਰ ਆਉਣ ਵਾਲਾ ਆਗੂ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਹੀ ‘ਗੋਡੀਂ ਹੱਥ’ ਲਾਉਂਦਾ ਸੀ ਜਦਕਿ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੂੰਦੜ ਬੈਠੇ ਸਨ। ਕਾਨਫਰੰਸ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਤਾਂ ਉਸ ਤੋਂ ਬਾਅਦ ਹੀ ਪੰਡਾਲ ਹਿੱਲ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੋਲਣਾ ਸੀ। ਸ੍ਰੀ ਭੂੰਦੜ ਨੇ ਰਸਮੀ ਤੌਰ ’ਤੇ ਕਾਰਜਕਾਰੀ ਪ੍ਰਧਾਨ ਵਜੋਂ ਸੰਬੋਧਨ ਤਾਂ ਕੀਤਾ ਪਰ ਉਸ ਦਾ ਕੋਈ ਅਸਰ ਸਰੋਤਿਆਂ ਉੱਪਰ ਵਿਖਾਈ ਨਹੀਂ ਦਿੱਤਾ।
![]()
