ਯੂਕ੍ਰੇਨ ਅਤੇ ਰੂਸ ਵਿਚਕਾਰ ਜਾਰੀ ਜੰਗ ਨੇ ਸਿਰਫ਼ ਖੇਤਰੀ ਸੀਮਾਵਾਂ ਨੂੰ ਹੀ ਨਹੀਂ ਹਿਲਾਇਆ, ਸਗੋਂ ਦਰਜਨਾਂ ਭਾਰਤੀ ਪਰਿਵਾਰਾਂ ਦੀਆਂ ਜ਼ਿੰਦਗੀਆਂ ਵੀ ਉਜਾੜ ਦਿੱਤੀਆਂ ਹਨ। ਪਿਛਲੇ 15 ਮਹੀਨਿਆਂ ਤੋਂ ਕਈ ਭਾਰਤੀ ਨੌਜਵਾਨ, ਜਿਨ੍ਹਾਂ ਨੂੰ ਏਜੰਟਾਂ ਨੇ ਵਿਦੇਸ਼ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਰੂਸੀ ਸੈਨਾ ਵਿੱਚ ਭਰਤੀ ਕਰਵਾਇਆ, ਲਾਪਤਾ ਹਨ। ਇਨ੍ਹਾਂ ਪਰਿਵਾਰਾਂ ਨੇ ਆਪਣੇ ਜੀਆਂ ਦੀ ਭਾਲ ਵਿੱਚ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਜਗਦੀਪ ਕੁਮਾਰ, ਜਿਸ ਦਾ ਛੋਟਾ ਭਰਾ ਮਨਦੀਪ ਕੁਮਾਰ ਮਾਰਚ 2024 ਤੋਂ ਲਾਪਤਾ ਹੈ, ਨੇ ਦੱਸਿਆ ਕਿ ਉਹ ਸਿਰਫ਼ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਭਰਾ ਜਿਉਂਦਾ ਹੈ ਜਾਂ ਨਹੀਂ। ਪਰਿਵਾਰਾਂ ਦਾ ਦੋਸ਼ ਹੈ ਕਿ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਯੂਰਪ ਵਿੱਚ ਚੰਗੀ ਨੌਕਰੀ ਦਾ ਲਾਲਚ ਦੇ ਕੇ ਰੂਸ-ਯੂਕ੍ਰੇਨ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ। ਕਈ ਪਰਿਵਾਰ ਰੂਸ ਵੀ ਗਏ, ਪਰ ਭਾਰਤੀ ਸਫ਼ਾਰਤਖਾਨੇ ਸਮੇਤ ਕਿਤੋਂ ਵੀ ਸਹਾਇਤਾ ਨਹੀਂ ਮਿਲੀ।
ਜਗਦੀਪ ਨੇ ਦੱਸਿਆ ਕਿ ਉਸ ਨੂੰ ਏਜੰਟਾਂ ਵੱਲੋਂ ਧਮਕੀਆਂ ਵਾਲੇ ਵੀਡੀਓ ਮਿਲੇ ਹਨ, ਜਿਨ੍ਹਾਂ ਵਿੱਚ ਉਸ ਦੇ ਭਰਾ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਮਾਂ ਨੇ ਕਿਹਾ, ‘ਹਰ ਦਿਨ ਮੌਤ ਦੀ ਸਜ਼ਾ ਵਾਂਗ ਲੱਗਦਾ ਹੈ।’
ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਲਾਪਤਾ ਵਿਅਕਤੀਆਂ ਬਾਰੇ ਜਾਣਕਾਰੀ ਅਤੇ ਸਹਾਇਤਾ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਹ ਹਰ ਮਹੀਨੇ ਦੋ ਵਾਰ ਪ੍ਰਦਰਸ਼ਨ ਕਰਨਗੇ। ਪਰਿਵਾਰਾਂ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਦਸਤਖਤ ਵਾਲੇ ਪੱਤਰ ਨਾਲ ਰੂਸ ਵਿੱਚ ਭਾਰਤੀ ਸਫ਼ਾਰਤਖਾਨੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਸਾਧਾਰਨ ਜਿਹੇ ਪਰਿਵਾਰਾਂ ਤੋਂ ਆਉਣ ਵਾਲੇ ਘੱਟੋ-ਘੱਟ 50 ਭਾਰਤੀਆਂ ਨੇ ਚੰਗੀ ਨੌਕਰੀ ਦੀ ਉਮੀਦ ਵਿੱਚ ਏਜੰਟਾਂ ਨੂੰ ਵੱਡੀ ਰਕਮ ਅਦਾ ਕੀਤੀ ਸੀ।
ਏਜੰਟਾਂ ਨੇ ਰੂਸੀ ਫ਼ੌਜ ਵਿੱਚ ਸਹਾਇਕ ਦੀ ਨੌਕਰੀ ਦਾ ਵਾਅਦਾ ਕਰਕੇ ਇਨ੍ਹਾਂ ਲੋਕਾਂ ਤੋਂ ਕਰੀਬ ਤਿੰਨ ਲੱਖ ਰੁਪਏ ਵਸੂਲੇ ਸਨ।
ਰੂਸ ਜਾਣ ਵਾਲੇ ਇਨ੍ਹਾਂ ਸਾਰੇ ਭਾਰਤੀ ਨੌਜਵਾਨਾਂ ਦੀ ਉਮਰ 22 ਸਾਲ ਤੋਂ 31 ਸਾਲ ਦੇ ਵਿੱਚ ਹੈ।
ਉਨ੍ਹਾਂ ਦਾ ਮਾਂ-ਪਿਓ ਜਾਂ ਭਰਾ-ਭੈਣ ਕੋਈ ਛੋਟਾ-ਮੋਟਾ ਕੰਮ ਕਰਦੇ ਸਨ, ਕੁਝ ਰਿਕਸ਼ਾ ਚਲਾਉਂਦੇ ਸਨ ਜਾਂ ਫ਼ਿਰ ਠੇਲੇ ’ਤੇ ਚਾਹ ਵੇਚਦੇ ਸਨ।
ਪੀੜਤਾਂ ਅਤੇ ਉਨ੍ਹਾਂ ਨੇ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਲੋਕ ਰੂਸ ਪਹੁੰਚੇ ਤਾਂ ਉਨ੍ਹਾਂ ਨੇ ਘੱਰ ਭੇਜੇ ਗਏ ਆਪਣੇ ਵੀਡੀਓ ਸੰਦੇਸ਼ ਵਿੱਚ ਇਹ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਿਖਲਾਈ ਦੇ ਨਾਮ ’ਤੇ ਜੰਗ ਵਿੱਚ ਭੇਜ ਦਿੱਤਾ ਗਿਆ ਹੈ।
ਕਿੰਨੇ ਭਾਰਤੀ ਲਾਪਤਾ ਹਨ?
ਸਰਕਾਰੀ ਅੰਕੜਿਆਂ ਅਨੁਸਾਰ, ਰੂਸ-ਯੂਕ੍ਰੇਨ ਜੰਗ ਵਿੱਚ 16 ਭਾਰਤੀ ਨੌਜਵਾਨ ਲਾਪਤਾ ਹਨ। ਇਹ ਨੌਜਵਾਨ ਮੁੱਖ ਤੌਰ ’ਤੇ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਏਜੰਟਾਂ ਦੁਆਰਾ ਧੋਖੇ ਨਾਲ ਰੂਸੀ ਸੈਨਾ ਵਿੱਚ ਭਰਤੀ ਕੀਤੇ ਗਏ ਸਨ।
ਕਿੰਨੇ ਭਾਰਤੀ ਮਾਰੇ ਗਏ?
ਕੇਂਦਰ ਸਰਕਾਰ ਨੇ ਸੰਸਦ ਵਿੱਚ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕ੍ਰੇਨ ਜੰਗ ਵਿੱਚ ਹੁਣ ਤੱਕ 12 ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਵਿਅਕਤੀ ਰੂਸੀ ਸੈਨਾ ਵਿੱਚ ਸਹਾਇਕ ਜਾਂ ਲੜਾਕੂ ਵਜੋਂ ਕੰਮ ਕਰ ਰਹੇ ਸਨ।
ਭਾਰਤ ਸਰਕਾਰ ਨੇ ਕੀ ਯਤਨ ਕੀਤੇ?
ਭਾਰਤ ਸਰਕਾਰ ਨੇ ਰੂਸ ਨਾਲ ਗੱਲਬਾਤ ਕਰਕੇ ਲਾਪਤਾ ਨੌਜਵਾਨਾਂ ਦੀ ਭਾਲ ਅਤੇ ਬਾਕੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਰੂਸੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ। ਪੰਜਾਬ ਵਿੱਚ ਏਜੰਟਾਂ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ, ਪਰ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਫ਼ੀ ਹਨ।
ਕੀ ਰੂਸ ਨੇ ਭਾਰਤ ਦੀ ਬੇਨਤੀ ਵੱਲ ਧਿਆਨ ਦਿੱਤਾ?
ਰੂਸ ਨੇ ਭਾਰਤ ਦੀਆਂ ਅਪੀਲਾਂ ਦਾ ਸਕਾਰਾਤਮਕ ਜਵਾਬ ਨਹੀਂ ਦਿੱਤਾ। ਭਾਰਤੀ ਸਫ਼ਾਰਤਖਾਨੇ ਨੂੰ ਮਾਸਕੋ ਵਿੱਚ ਸਹਿਯੋਗ ਨਹੀਂ ਮਿਲਿਆ ਅਤੇ ਪਰਿਵਾਰਾਂ ਦਾ ਦੋਸ਼ ਹੈ ਕਿ ਰੂਸੀ ਅਧਿਕਾਰੀ ਲਾਪਤਾ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੇ। ਜੁਲਾਈ 2024 ਵਿੱਚ ਰੂਸ ਨੇ ਭਾਰਤੀਆਂ ਨੂੰ ਸੈਨਾ ਵਿੱਚੋਂ ਮੁਕਤ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਇਸ ਦੀ ਪ੍ਰਗਤੀ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ।
![]()
