ਕੀਵ/ਏ.ਟੀ.ਨਿਊਜ਼ :
ਯੂਕਰੇਨ ਜੰਗ ਦੇ ਤਿੰਨ ਵਰ੍ਹੇ ਪੂਰੇ ਹੋਣ ਮੌਕੇ ਯੂਰਪ ਅਤੇ ਕੈਨੇਡਾ ਦੇ ਇੱਕ ਦਰਜਨ ਆਗੂਆਂ ਨੇ ਰਾਜਧਾਨੀ ਕੀਵ ਦਾ ਦੌਰਾ ਕਰਕੇ ਮੁਲਕ ਨੂੰ ਆਪਣੀ ਹਮਾਇਤ ਦਿੱਤੀ। ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸਲਾ ਵੋਨ ਡੇਰ ਲੇਯੇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਹੋਰ ਆਗੂਆਂ ਦਾ ਟਰੇਨ ਸਟੇਸ਼ਨ ’ਤੇ ਯੂਕਰੇਨੀ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਅਤੇ ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ ਆਂਦਰੀ ਯੇਰਮਾਕ ਨੇ ਸਵਾਗਤ ਕੀਤਾ। ਲੇਯੇਨ ਨੇ ‘ਐਕਸ’ ’ਤੇ ਲਿਖਿਆ, ‘‘ਯੂਕ੍ਰੇਨ ਯੂਰਪ ’ਚ ਪੈਂਦਾ ਹੈ। ਹੋਂਦ ਬਚਾਉਣ ਦੀ ਇਸ ਜੰਗ ’ਚ ਨਾ ਸਿਰਫ਼ ਯੂਕ੍ਰੇਨ ਸਗੋਂ ਯੂਰਪ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ।’’ ਕੀਵ ਪੁੱਜੇ ਹੋਰ ਵਿਦੇਸ਼ੀ ਆਗੂਆਂ ’ਚ ਯੂਰਪੀ ਕੌਂਸਲ ਦੇ ਪ੍ਰਧਾਨ ਅੰਟੋਨੀਓ ਕੋਸਟਾ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ। ਉਨ੍ਹਾਂ ਜੰਗ ਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ’ਚ ਵੀ ਹਾਜ਼ਰੀ ਭਰੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕੀ ਨੀਤੀ ’ਚ ਬਦਲਾਅ ਦਰਮਿਆਨ ਆਗੂਆਂ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਯੂਕ੍ਰੇਨ ਨੂੰ ਹਮਾਇਤ ਦੇਣ ਬਾਰੇ ਚਰਚਾ ਕੀਤੀ। ਯੂਰਪੀ ਯੂਨੀਅਨ ਦੇ ਸੀਨੀਅਰ ਡਿਪਲੋਮੈਟ ਕਾਜਾ ਕੈਲਸ ਨੇ ਕਿਹਾ ਕਿ ਅਮਰੀਕਾ ਜੰਗ ਖ਼ਤਮ ਕਰਨ ਲਈ ਯੂਕ੍ਰੇਨ ਜਾਂ ਯੂਰਪ ਤੋਂ ਬਿਨਾਂ ਕਿਸੇ ਸ਼ਾਂਤੀ ਸਮਝੌਤੇ ’ਤੇ ਨਹੀਂ ਪਹੁੰਚ ਸਕਦਾ ਹੈ।
![]()
