ਦੁਬਈ/ਏ.ਟੀ.ਨਿਊਜ਼: ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕੈਰੀਅਰ ਦੇ ਅਖ਼ੀਰ ਤੱਕ 1000 ਗੋਲ ਕਰਨ ਦਾ ਟੀਚਾ ਮਿਥਿਆ ਹੈ। ਪੁਰਤਗਾਲ ਦੇ ਇਸ 40 ਸਾਲ ਦੇ ਮਹਾਨ ਖਿਡਾਰੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਟੀਚੇ ਨੂੰ ਹਾਸਲ ਕਰ ਲਵੇਗਾ। ਪੇਸ਼ੇਵਰ ਫੁੱਟਬਾਲ ਵਿੱਚ ਉਸ ਦੇ ਨਾਮ 956 ਗੋਲ ਹਨ। ਰੋਨਾਲਡੋ ਪਿਛਲੇ ਦਿਨੀਂ ਦੁਬਈ ਵਿੱਚ ਕਰਵਾਏ ‘ਗਲੋਬ ਸੌਕਰ ਐਵਾਰਡਜ਼’ ਸਮਾਰੋਹ ਵਿੱਚ ਮੱਧ ਪੂਰਬ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਕਿਹਾ, ‘‘ਜੇ ਸੱਟ ਨਾ ਲੱਗੀ ਤਾਂ ਮੈਂ ਇਹ ਅੰਕੜਾ ਜ਼ਰੂਰ ਹਾਸਲ ਕਰ ਲਵਾਂਗਾ।’’ ਰੋਨਾਲਡੋ ਪਿਛਲੇ ਦਿਨੀਂ ਸਾਊਦੀ ਪ੍ਰੋ ਲੀਗ ਵਿੱਚ ਅਲ-ਨਸਰ ਲਈ ਦੋ ਗੋਲ ਕਰ ਕੇ ਆਪਣੇ ਕੈਰੀਅਰ ਦੇ ਕੁੱਲ ਗੋਲਾਂ ਦੀ ਗਿਣਤੀ 956 ਤੱਕ ਪਹੁੰਚਾ ਦਿੱਤੀ। ਉਸ ਦੇ ਗੋਲਾਂ ਦੀ ਗਿਣਤੀ ਵਿੱਚ ਪੁਰਤਗਾਲ ਲਈ ਪੁਰਸ਼ਾਂ ਦੇ ਕੌਮਾਂਤਰੀ ਰਿਕਾਰਡ 143 ਗੋਲ ਵੀ ਸ਼ਾਮਲ ਹਨ। ਰੋਨਾਲਡੋ ਅਗਲੇ ਸਾਲ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਪੁਰਤਗਾਲ ਦੀ ਕਪਤਾਨੀ ਕਰੇਗਾ।
![]()
