ਆਰਥਿਕ ਸੁਧਾਰਾਂ ਦੇ ਮੋਢੀ ਭਾਰਤ ਦੀ ਆਰਥਿਕ ਸਥਿਤੀ ਨੂੰ ਵਿਸ਼ਵ ਪੱਧਰ ਵਿੱਚ ਬਦਲਣ ਵਾਲੇ ਪਹਿਲੇ ਸਿੱਖ
ਪ੍ਰਧਾਨ ਮੰਤਰੀ ਅਤੇ ਸਮੁੱਚੇ ਭਾਰਤ ਦਾ ਵਿਕਾਸ ਕਰਵਾਉਣ ਵਾਲੇ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਿੰਡ ਗਾਹ ( ਪਾਕਿਸਤਾਨ) ਵਿਖੇ ਹੋਇਆ। 1947 ਦੀ ਵੰਡ ਦੌਰਾਨ ਇਹ ਪਰਿਵਾਰ ਭਾਰਤ ਆ ਗਿਆ। ਉਸ ਟਾਇਮ ਇਹਨਾਂ ਦੀ ਉੱਮਰ 15 ਕੁ ਸਾਲ ਦੀ ਸੀ।
ਇਨ੍ਹਾਂ ਨੇ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ। ਫਿਰ ਵਿੱਦਿਅਕ ਭਵਿੱਖ ਇਹਨਾਂ ਨੂੰ ਪੰਜਾਬ ਤੋਂ ਇੰਗਲੈਂਡ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ। ਇੱਥੇ ਇਹਨਾਂ 1957 ਵਿੱਚ ਅਰਥ ਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। 1958 ਵਿੱਚ ਇਨ੍ਹਾਂ ਦੀ ਸ਼ਾਦੀ ਬੀਬੀ ਗੁਰਸ਼ਰਨ ਕੌਰ ਨਾਲ ਹੋਈ ਜਿਸ ਦੀ ਕੁਖੋਂ ਤਿੰਨ ਧੀਆਂ ਨੇ ਜਨਮ ਲਿਆ।
ਇੰਨ੍ਹਾਂ ਨੇ ਅਰਥ ਸ਼ਸਤਰ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਮਾਸਟਰਜ਼ ਦੀ ਡਿਗਰੀ ਪਾਸ ਕੀਤੀ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟਰ ਆਫ਼ ਫਿਲਾਸਵੀ ਦੀ ਉਪਾਧੀ ਪੀ ਐਚ ਡੀ ਹਾਸਲ ਕੀਤੀ। 1957 ਤੋਂ 1965 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਧਿਆਪਕ ਰਹੇ। 1969 ਤੋਂ 1971 ਤੱਕ ਦਿੱਲੀ ਸਕੂਲ ਆਫ਼ ਇਕੋਨਾਮਿਕਸ ਵਿੱਚ ਅੰਤਰ ਰਾਸ਼ਟਰੀ ਵਿਉਪਾਰ ਦੇ ਪ੍ਰੋਫ਼ੈਸਰ ਰਹੇ। 1976 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫ਼ੈਸਰ ਰਹੇ। 1982 ਤੋਂ 1985 ਤੱਕ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ। 1985-87 ਤੱਕ ਯੋਜਨਾਂ ਕਮਿਸ਼ਨ ਦੇ ਉਪ ਪ੍ਰਧਾਨ ਰਹੇ ਅਤੇ 1990-91 ਤੱਕ ਇੱਕ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਰਹੇ।
ਡਾਕਟਰ ਮਨਮੋਹਨ ਸਿੰਘ ਦੀ ਸਿਆਸਤ ਵਿੱਚ ਸ਼ਮੂਲੀਅਤ 1991 ਵਿੱਚ ਕੇਂਦਰੀ ਵਿੱਤ ਮੰਤਰੀ ਬਣਨ ਨਾਲ ਹੋਈ ਜਦੋਂ ਦੇਸ਼ ਮੰਦਹਾਲੀ ਦੀ ਆਰਥਿਕ ਕਗਾਰ ਉੱਤੇ ਖੜ੍ਹਾ ਸੀ। ਜੂਨ 1991 ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਉਸੇ ਸਾਲ ਅਕਤੂਬਰ ਵਿੱਚ ਰਾਜ ਸਭਾ ਦੇ ਮੈਂਬਰ ਵੀ ਬਣੇ।
1991 ਤੋਂ 2019 ਤੱਕ ਅਸਾਮ ਰਾਜ ਦੀ ਅਤੇ 2019 ਤੋਂ 2024 ਤੱਕ ਰਾਜਸਥਾਨ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਜ ਸਭਾ ਮੈਂਬਰ ਵਜੋਂ ਸੇਵਾ ਕੀਤੀ।
ਉਹਨਾਂ ਨੂੰ ਪਹਿਲਾਂ ਵਿਤ ਮੰਤਰੀ ਵਜੋਂ ਅਤੇ ਫਿਰ 2004 ਤੋਂ 2014 ਤੱਕ 10 ਸਾਲ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਆਰਥਿਕਤਾਂ ਤੇ ਉਦਾਰੀਕਰਨ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ।
ਡਾਕਟਰ ਮਨਮੋਹਨ ਸਿੰਘ ਪਹਿਰਾਵੇ ਵਿੱਚ ਚਿੱਟੀ ਪੈਂਟ ਮਿੱਟੀ ਰੰਗੀ ਕਮੀਜ਼ ਅਤੇ ਅਸਮਾਨੀ ਪੱਗ ਬੰਨਣ ਦੇ ਸ਼ੋਕੀਨ ਸਨ ਆਮ ਤੌਰ ਤੇ ਇਹ ਹੀ ਰੰਗ ਦੇ ਕੱਪੜੇ ਪਹਿਨਕੇ ਰੱਖਦੇ ਸਨ। 27 ਦਸੰਬਰ 2024 ਨੂੰ ਮਨਮੋਹਨ ਸਿੰਘ 92 ਸਾਲ ਦੀ ਆਯੂ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਅਜਿਹੇ ਸ਼ਾਂਤ ਸੁਭਾਹ ਦੇ, ਡਿਗਰੀਆਂ ਨਾਲ ਭਰਭੂਰ, ਔਖੇ ਵੇਲਿਆਂ ਚੋਂ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਵਾਲੇ ਨੇਤਾ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। 28 ਦਸੰਬਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਨਿਗਮਬੋਧ ਘਾਟ ਵਿੱਖੇ ਸਰਕਾਰੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇਕੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਵਲੋਂ ਦਿੱਤੀ ਗਈ।
ਸੁਖਵਿੰਦਰ ਸਿੰਘ ਮੁੱਲਾਂਪੁਰ
![]()
