ਰਜਨੀ ਭੰਗਾਨੀਆ
ਪੰਜਾਬੀ ਸਿਨੇਮਾ, ਪੰਜਾਬੀ ਸੱਭਿਆਚਾਰ ਤੇ ਇੱਥੋਂ ਦੇ ਜਨਜੀਵਨ ਦੀ ਝਲਕ ਦਿਖਾਉਂਦਾ ਹੈ। ਇਸ ਰਾਹੀਂ ਸਾਡੇ ਹਰ ਪਹਿਲੂ ਨੂੰ ਦਰਸਾਇਆ ਜਾ ਰਿਹਾ ਹੈ। ਪੰਜਾਬੀ ਸਿਨੇਮਾ ਦਾ ਪਹਿਲਾ ਦੌਰ ਕਾਲੀਆਂ-ਚਿੱਟੀਆਂ ਫਿਲਮਾਂ ਦਾ ਰਿਹਾ, ਜਿਸ ਸਮੇਂ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਫਿਲਮਾਂ ਸਿਰਜੀਆਂ ਗਈਆਂ ਜੋ ਦਰਸ਼ਕਾਂ ਦੇ ਚੇਤਿਆਂ ਵਿੱਚ ਅੱਜ ਵੀ ਵਸੀਆਂ ਹੋਈਆਂ ਹਨ। ਨਵੇਂ ਦੌਰ ਦੇ ਪੰਜਾਬੀ ਸਿਨੇਮਾ ਨੇ ਆਪਣਾ ਘੇਰਾ ਵਿਸ਼ਾਲ ਕਰ ਲਿਆ ਹੈ। ਇਹ ਉਹੀ ਦੌਰ ਹੈ ਜਿਸ ਵਿੱਚ ਸਾਨੂੰ ਸਿਨੇਮਾ ਵਿੱਚ ਜਾਨ ਪਾਉਣ ਵਾਲੇ ਕਿਰਦਾਰ ਮਿਲੇ। ਇਹ ਉਹ ਅਦਾਕਾਰ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਮਿੱਟੀ ਦੇ ਸਿਤਾਰੇ ਕਹਿ ਸਕਦੇ ਹਾਂ। ਇਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਮਜ਼ਬੂਤ ਥੰਮ੍ਹ ਦਿੱਤੇ। ਇਨ੍ਹਾਂ ਦੀ ਬਦੌਲਤ ਇਹ ਮਾੜੇ ਸਮੇਂ ਵਿੱਚ ਵੀ ਡਾਵਾਂਡੋਲ ਨਹੀਂ ਹੋਇਆ।
ਪੌਲੀਵੁੱਡ ਸਿਰਫ਼ ਸਿਨੇਮਾ ਨਹੀਂ, ਸਗੋਂ ਸਾਡੀ ਮਿੱਟੀ ਦੀ ਮਹਿਕ, ਸਾਡੀ ਬੋਲੀ ਦੀ ਮਿਠਾਸ ਤੇ ਸਾਡੀ ਸੱਭਿਆਚਾਰਕ ਰੂਹ ਦਾ ਦਰਪਣ ਹੈ। ਇਸ ਨੂੰ ਅੱਜ ਜੋ ਪਛਾਣ ਮਿਲੀ ਹੈ, ਉਹ ਬਿਨਾਂ ਉਨ੍ਹਾਂ ਮਹਾਨ ਅਦਾਕਾਰਾਂ ਦੇ ਸੰਭਵ ਨਹੀਂ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸ ਨੂੰ ਸਮਰਪਿਤ ਕਰਕੇ ਪੰਜਾਬੀ ਸਿਨੇਮਾ ਵਿੱਚ ਜਾਨ ਪਾਈ। ਉਨ੍ਹਾਂ ਮਾਣਮੱਤੇ ਅਦਾਕਾਰਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਅਤੇ ਨਵੀਂ ਪਛਾਣ ਦਿੱਤੀ। ਪੰਜਾਬ ਦੇ ਨਾਮ ਨੂੰ ਦੁਨੀਆ ਵਿੱਚ ਰੌਸ਼ਨ ਕੀਤਾ।
ਗੁਰਦਾਸ ਮਾਨ ਪੰਜਾਬ ਦਾ ਉਹ ਸਿਤਾਰਾ ਹੈ ਜਿਸ ਨੇ ਸੰਗੀਤ ਤੇ ਸਿਨੇਮਾ ਨੂੰ ਨਵੀਂ ਰੂਹ ਦਿੱਤੀ। ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪੰਜਾਬੀ ਸਿਨੇਮਾ ਵਿੱਚ ਅਹਿਮ ਜਗ੍ਹਾ ਬਣਾਈ। ਉਸ ਨੇ ਆਪਣੇ ਸੱਭਿਆਚਾਰ ਨੂੰ ਆਪਣੇ ਗੀਤਾਂ ਵਿੱਚ ਜਿਉਂਦਾ ਰੱਖਿਆ ਹੈ ਤੇ ਸਾਫ਼ ਸੁਥਰੀ ਗਾਇਕੀ ਨੂੰ ਤਵੱਜੋਂ ਦਿੱਤੀ। ਗੁਰਦਾਸ ਮਾਨ ਸਿਰਫ਼ ਗਾਇਕ ਹੀ ਨਹੀਂ, ਸਗੋਂ ਉਹ ਪੰਜਾਬ ਦੀ ਰੂਹ ਹੈ। ਫਿਲਮ ‘ਮਾਮਲਾ ਗੜਬੜ ਹੈ’ ਨਾਲ ਸਿਨੇਮਾ ’ਚ ਸ਼ੁਰੂਆਤ ਕਰਨ ਵਾਲੇ ਗੁਰਦਾਸ ਮਾਨ ਨੇ ‘ਲੌਂਗ ਦਾ ਲਿਸ਼ਕਾਰਾ’ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ‘ਵਾਰਿਸ ਸ਼ਾਹ’, ‘ਕਚਹਿਰੀ’ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਆਦਿ ਵਰਗੀਆਂ ਫਿਲਮਾਂ ਰਾਹੀਂ ਪੰਜਾਬੀ ਸਿਨੇਮਾ ਨੂੰ ਨਵੀਂ ਸੋਚ ਬਖ਼ਸ਼ੀ ਅਤੇ ਪੰਜਾਬੀ ਗਾਇਕੀ ਵਿੱਚ ਵੱਡਾ ਨਾਮ ਹੋਣ ਦੇ ਬਾਵਜੂਦ ਕਦੇ ਘਮੰਡ ਨਹੀਂ ਰੱਖਿਆ। ਉਸ ਨੂੰ ਅਸੀਂ ਸਦਾਬਹਾਰ ਪੰਜਾਬੀ ਗਾਇਕੀ ਦਾ ਮਾਲਕ ਕਹਿ ਸਕਦੇ ਹਾਂ।
ਯੋਗਰਾਜ ਸਿੰਘ ਪੰਜਾਬੀ ਐਕਸ਼ਨ ਦਾ ਉਹ ਚਿਹਰਾ ਹੈ ਜਿਸ ਨੇ ਹਿੰਮਤ, ਜੋਸ਼, ਗੁੱਸੇ ਅਤੇ ਇੱਕ ਪੰਜਾਬੀ ਮਰਦ ਦੀ ਸ਼ਖ਼ਸੀਅਤ ਨੂੰ ਪਰਦੇ ’ਤੇ ਸਜਾਇਆ ਹੈ। ‘ਜੱਟ ਪੰਜਾਬ ਦਾ’, ‘ਯਾਰ ਮਾਰ’, ‘ਪੁੱਤ ਜੱਟਾਂ ਦੇ’, ‘ਇਨਸਾਫ ਪੰਜਾਬ ਦਾ’, ‘ਬਦਲਾ’ ਜਿਹੀਆਂ ਫਿਲਮਾਂ ਨੇ ਉਸ ਨੂੰ ਲੱਖਾਂ ਦਿਲਾਂ ਦਾ ਸਿਤਾਰਾ ਬਣਾ ਦਿੱਤਾ। ਉਹਦੀ ਆਵਾਜ਼, ਸੰਵਾਦ ਬੋਲਣ ਦਾ ਲਹਿਜਾ ਤੇ ਹਾਵ-ਭਾਵ ਅੱਜ ਵੀ ਨੌਜਵਾਨਾਂ ਲਈ ਪ੍ਰੇਰਣਾ ਹਨ। ਪੰਜਾਬੀ ਸਿਨੇਮਾ ’ਚ ਹੁਣ ਤੱਕ ਉਸ ਵਰਗਾ ਅਦਾਕਾਰ ਦੇਖਣ ਨੂੰ ਨਹੀਂ ਮਿਲਿਆ।
ਨਿਰਮਲ ਰਿਸ਼ੀ ਵੈਸੇ ਤਾਂ ਹਰ ਕਿਰਦਾਰ ਰਾਹੀਂ ਪਰਦੇ ’ਤੇ ਆਪਣੀ ਅਮਿਟ ਛਾਪ ਛੱਡਦੀ ਹੈ, ਪਰ ਕਿਸੇ ਖ਼ਾਸ ਕਿਰਦਾਰ ’ਚ ਰਹਿਣਾ ਤੇ ਉਸ ਨੂੰ ਹੀ ਸਮਰਪਿਤ ਹੋਣਾ, ਇਹ ਉਸ ਦੀ ਖਾਸੀਅਤ ਹੈ। ਪੰਜਾਬੀ ਸਿਨੇਮਾ ਨੂੰ ਉਸ ਨੇ ਮਾਂ ਤੇ ਹੋਰ ਯਾਦਗਾਰੀ ਕਿਰਦਾਰ ਦਿੱਤੇ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਉਸ ਨੇ ਮਾਂ ਦਾ ਕਿਰਦਾਰ ਪਰਦੇ ’ਤੇ ਅਸਲ ਰੂਪ ’ਚ ਜੀਆ ਹੈ। ‘ਲੌਂਗ ਦਾ ਲਿਸ਼ਕਾਰਾ’ ਦੀ ਗੁਲਾਬੋ ਮਾਸੀ ਪ੍ਰਸਿੱਧ ਹੋਈ ਤੇ ‘ਉੱਚਾ ਦਰ ਬਾਬੇ ਨਾਨਕ ਦਾ’, ‘ਕੁਰਬਾਨੀ ਜੱਟ ਦੀ’, ‘ਜਿਗਰਾ ਜੱਟ ਦਾ’, ‘ਅੱਖੀਆਂ ਉਡੀਕਦੀਆਂ’, ‘ਅੰਗਰੇਜ’, ‘ਦਾਰਾ’, ‘ਨਿੱਕਾ ਜ਼ੈਲਦਾਰ’, ‘ਰੱਬ ਦਾ ਰੇਡੀਓ’ ਵਰਗੀਆਂ ਅਣਗਿਣਤ ਫਿਲਮਾਂ ਵਿੱਚ ਮਾਂ, ਤਾਈ, ਭੂਆ, ਚਾਚੀ ਆਦਿ ਦੇ ਕਿਰਦਾਰਾਂ ਵਿੱਚ ਜਾਨ ਪਾ ਦਿੱਤੀ। ਉਹ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਵੱਧ ਮਾਂ ਦੇ ਕਿਰਦਾਰ ਵਿੱਚ ਦੇਖੀ ਜਾਣ ਵਾਲੀ ਅਦਾਕਾਰ ਹੈ। ਉਸ ਨੂੰ 2024 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਗੁੱਗੂ ਗਿੱਲ (ਕੁਲਵਿੰਦਰ ਸਿੰਘ ਗਿੱਲ) ਪੰਜਾਬੀ ਸਿਨੇਮਾ ਦਾ ਸ਼ੇਰ ਹੈ ਜਿਸ ਨੇ 1990 ਦੇ ਦਹਾਕੇ ਤੋਂ ਅਦਾਕਾਰ ਯੋਗਰਾਜ ਸਿੰਘ ਨਾਲ ਹੀ ਪੰਜਾਬੀ ਸਿਨੇਮਾ ਵਿੱਚ ਸ਼ੁਰੂਆਤ ਕੀਤੀ। ‘ਪੁੱਤ ਜੱਟਾਂ ਦੇ’, ‘ਅਣਖੀ ਜੱਟ’, ‘ਜੱਟ ਜਿਉਣਾ ਮੌੜ’, ‘ਦਿਲ ਦਾ ਮਾਮਲਾ’, ‘ਮਿਰਜ਼ਾ ਜੱਟ’, ‘ਲਲਕਾਰਾ ਜੱਟ ਦਾ’, ‘ਬਾਗੀ ਸੂਰਮਾ’, ‘ਵੈਰੀ’, ‘ਜ਼ੈਲਦਾਰ’ ਅਤੇ ‘ਪੁਰਜਾ ਪੁਰਜਾ ਕਟ ਮਰੇ’ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਕਿਰਦਾਰ ਨਿਭਾਏ ਤੇ ਦਰਸ਼ਕਾਂ ਦੇ ਦਿਲਾਂ ’ਚ ਮਜ਼ਬੂਤ ਸਾਖ ਬਣਾਈ। ਅੱਜ ਵੀ ਪੰਜਾਬੀ ਸਿਨੇਮਾ ’ਚ ਉਸ ਦੀ ਤੋਰ ਤੇ ਵੱਖਰੀ ਦਿੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਗੁੱਗੂ ਗਿੱਲ ਉਹ ਅਦਾਕਾਰ ਹੈ ਜਿਸ ਨੇ ਪੰਜਾਬੀ ਫਿਲਮਾਂ ਦੇ ਇੱਕ ਪੂਰੇ ਯੁੱਗ ਨੂੰ ਆਪਣੇ ਨਾਮ ਕੀਤਾ। ‘ਜੱਟ ਐਂਡ ਜੂਲੀਅਟ’ ਫਿਲਮ ਤੋਂ ਪਹਿਲਾਂ ਪੰਜਾਬੀ ਸਿਨੇਮਾ ਵਿੱਚ ਜੱਟ ਦੀ ਸ਼ਖ਼ਸੀਅਤ ਗੁੱਸੇ ਅਤੇ ਅਕੜ ਵਾਲੀ ਸੀ, ਜਿਸ ਨੂੰ ਗੁੱਗੂ ਗਿੱਲ ਨੇ ਪਰਿਭਾਸ਼ਿਤ ਕੀਤਾ। ‘ਜੱਗਾ ਡਾਕੂ’, ‘ਬਦਲਾ ਜੱਟ ਦਾ’, ‘ਤੇਰੀ ਮੇਰੀ ਇੱਕ ਜਿੰਦੜੀ’ ਵਰਗੀਆਂ ਫਿਲਮਾਂ ਉਸ ਦੀ ਬੇਮਿਸਾਲ ਵਿਰਾਸਤ ਹਨ।
ਹਰਭਜਨ ਮਾਨ ਨੇ ਪੰਜਾਬੀ ਸਿਨੇਮਾ ਵਿੱਚ ਉਹ ਰੁਮਾਨੀਅਤ ਪੈਦਾ ਕੀਤੀ ਜੋ ਪਹਿਲਾਂ ਕਾਫ਼ੀ ਘੱਟ ਸੀ। ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਵਜੋਂ ਹਰਭਜਨ ਮਾਨ ਨੇ ਅਮਿਟ ਛਾਪ ਛੱਡੀ ਹੈ। ਉਹ ਜਦੋਂ ਸਿਨੇਮਾ ਵਿੱਚ ਆਇਆ ਤਾਂ ਉਸ ਨੇ ਇਸ ਵਿੱਚ ਨਵੀਂ ਜਾਨ ਫੂਕ ਦਿੱਤੀ। ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਦਾ ਸਿਹਰਾ ਉਸ ਦੇ ਸਿਰ ਜਾਂਦਾ ਹੈ। ਉਹ ਪਰਿਵਾਰ ਤੇ ਮਿੱਟੀ ਨਾਲ ਜੋੜਨ ਵਾਲੀਆਂ ਫਿਲਮਾਂ ਲੈ ਕੇ ਆਇਆ ਜਿਨ੍ਹਾਂ ਵਿੱਚ ‘ਜੀ ਆਇਆ ਨੂੰ’, ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ’ਵਾਜ਼ਾਂ ਮਾਰਦੀ’, ‘ਜੱਗ ਜਿਉਦਿਆਂ ਦੇ ਮੇਲੇ’, ‘ਮੇਰਾ ਪਿੰਡ’, ‘ਯਾਰਾ ਓ ਦਿਲਦਾਰਾ’, ‘ਹੀਰ ਰਾਂਝਾ’, ‘ਹਾਣੀ’ ਆਦਿ ਵਰਗੀਆਂ ਪਰਿਵਾਰਕ ਤੇ ਸੱਭਿਆਚਾਰ ਫਿਲਮਾਂ ਨੇ ਲੋਕਾਂ ਦੇ ਦਿਲਾਂ ਵਿੱਚ ਮਿੱਠੜੇ ਅਹਿਸਾਸ ਪੈਦਾ ਕੀਤੇ। ਪੰਜਾਬੀ ਸਿਨੇਮਾ ਦੀ ਆਧੁਨਿਕ ਦਿੱਖ ਅਤੇ ਉੱਚੇ ਤਕਨੀਕੀ ਮਿਆਰ ਦੀ ਸ਼ੁਰੂਆਤ ਵਿੱਚ ਹਰਭਜਨ ਮਾਨ ਦਾ ਵੱਡਾ ਹਿੱਸਾ ਹੈ।
ਜਸਵਿੰਦਰ ਭੱਲਾ ਨੂੰ ਹਾਸੇ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਪੰਜਾਬੀ ਕਾਮੇਡੀ ਦੀ ਦੁਨੀਆ ਜੇਕਰ ਇੱਕ ਨਾਮ ਨੂੰ ਸਲਾਮ ਕਰਦੀ ਹੈ ਤਾਂ ਉਹ ਜਸਵਿੰਦਰ ਭੱਲਾ ਹੈ। ਉਸ ਬਗੈਰ ਕੋਈ ਵੀ ਕਾਮੇਡੀ ਫਿਲਮ ਪੂਰੀ ਨਹੀਂ ਹੁੰਦੀ ਸੀ। ਉਸ ਨੇ ਹਾਸਾ ਸੀਰੀਜ਼ ‘ਛਣਕਾਟਾ’ ਤੋਂ ਦਰਸ਼ਕਾਂ ਦੇ ਦਿਲ ਵਿੱਚ ਵੱਖਰੀ ਥਾਂ ਬਣਾਈ ਤੇ ਫਿਲਮ ‘ਦੁੱਲਾ ਭੱਟੀ’ ਤੋਂ ਪੰਜਾਬੀ ਸਿਨੇਮਾ ਵਿੱਚ ਸ਼ੁਰੂਆਤ ਕੀਤੀ। ਉਸ ਦੇ ਅਦਾਕਾਰੀ ਦੇ ਕੀਮਤੀ ਖ਼ਜ਼ਾਨੇ ’ਚੋਂ ਕੁਝ ਫਿਲਮਾਂ ਦੇ ਨਾਮ ਹਨ; ‘ਮਾਹੌਲ ਠੀਕ ਹੈ’, ‘ਕੈਰੀ ਆਨ ਜੱਟਾ’, ‘ਚੱਕ ਦੇ ਫੱਟੇ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾਂ 2’, ‘ਰੌਲਾ ਪੈ ਗਿਆ’, ‘ਵੇਖ ਬਰਾਤਾਂ ਚੱਲੀਆਂ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਵਧਾਈਆਂ ਜੀ ਵਧਾਈਆਂ’, ‘ਨੌਕਰ ਵਹੁਟੀ ਦਾ’, ‘ਕੈਰੀ ਆਨ ਜੱਟਾ 3’, ‘ਯਾਰਾਂ ਦੀਆਂ ਪੋ ਬਾਰਾਂ’, ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਆਦਿ ਫਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਹਰ ਫਿਲਮ ਵਿੱਚ ਉਸ ਦਾ ਕਿਰਦਾਰ ਘਰ ਘਰ ਵਿੱਚ ਮਸ਼ਹੂਰ ਹੋਇਆ। ਉਸ ਦੀ ਟਾਈਮਿੰਗ, ਪੰਚ ਲਾਈਨ ਅਤੇ ਵਿਅੰਗ ਨੇ ਪੰਜਾਬੀ ਸਿਨੇਮਾ ਨੂੰ ਵੱਖਰਾ ਹੀ ਰੰਗ ਦਿੱਤਾ।
ਨਵੇਂ ਦੌਰ ਵਿੱਚ ਕਈ ਸ਼ਾਨਦਾਰ ਸ਼ਖ਼ਸੀਅਤਾਂ ਪੰਜਾਬੀ ਸਿਨੇਮਾ ਦੀ ਜਾਨ ਹਨ, ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਕਰਮਜੀਤ ਅਨਮੋਲ, ਬੀਨੂੰ ਢਿੱਲੋਂ, ਅਮਰਿੰਦਰ ਗਿੱਲ, ਦਲਜੀਤ ਦੁਸਾਂਝ, ਐਮੀ ਵਿਰਕ ਅਤੇ ਗੁਰਪ੍ਰੀਤ ਘੁੱਗੀ ਵੱਡਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੇ ਇਲਾਵਾ ਪੰਜਾਬੀ ਸਿਨੇਮਾ ਵਿੱਚ ਅਣਗਿਣਤ ਅਭਿਨੇਤਰੀਆਂ ਹਨ, ਜਿਵੇਂ ਸੋਨਮ ਬਾਜਵਾ, ਸਰਗੁਣ ਮਹਿਤਾ, ਨੀਰੂ ਬਾਜਵਾ ਆਦਿ ਵਰਗੀਆਂ ਨਵੀਂ ਪੀੜ੍ਹੀ ਦੀਆਂ ਅਭਿਨੇਤਰੀਆਂ ਦੀ ਵਜ੍ਹਾ ਨਾਲ ਪੰਜਾਬੀ ਸਿਨੇਮਾ ਵਿਸ਼ਵ ਪੱਧਰ ’ਤੇ ਚਮਕ ਰਿਹਾ ਹੈ।
![]()
