ਵੈਨੇਜ਼ੁਏਲਾ ’ਚ ਅਮਰੀਕੀ ਹਮਲਾ ਇਹ ਦਰਸਾਉਂਦਾ ਹੈ ਕਿ ਅਸੀਂ ਮਹਾਸ਼ਕਤੀਆਂ ਦੀ ਖ਼ੂਨੀ ਮੁਕਾਬਲੇਬਾਜ਼ੀ ਅਤੇ ਉਨ੍ਹਾਂ ਦੇ ਮਨਮਰਜ਼ੀ ਦੇ ਦਖ਼ਲਾਂ ਦੇ ਯੁੱਗ ਵਿੱਚ ਵਿਚਰ ਰਹੇ ਹਾਂ। ਅਜਿਹੇ ਦੌਰ ਵਿੱਚ, ਜਿੱਥੇ ਕੌਮਾਂਤਰੀ ਕਾਨੂੰਨਾਂ ਅਤੇ ਜੰਗਲ ਦੇ ਕਾਨੂੰਨਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ ਹੈ। ਵੈਨੇਜ਼ੁਏਲਾ ਵਿੱਚ ਤਖ਼ਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੇਖੀ ਮਾਰਦੇ ਹੋਏ ਕਿਹਾ, ‘‘ਜੇ ਸਾਨੂੰ ਇਸ ਨੂੰ ਫਿਰ ਤੋਂ ਕਰਨਾ ਪਵੇਗਾ ਤਾਂ ਅਸੀਂ ਫਿਰ ਤੋਂ ਅਜਿਹਾ ਕਰ ਸਕਦੇ ਹਾਂ ਅਤੇ ਕੋਈ ਸਾਨੂੰ ਰੋਕ ਨਹੀਂ ਸਕਦਾ।’’ ਯਾਨੀ ਜਿਸ ਦੀ ਲਾਠੀ ਉਸ ਦੀ ਮੱਝ।
ਟਰੰਪ ਦਾ ਇਹ ਬਸਤੀਵਾਦੀ ਦਾਅਵਾ ਕਿ ‘ਅਸੀਂ ਵੈਨੇਜ਼ੁਏਲਾ ਨੂੰ ਚਲਾਵਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਇਸ ਨੂੰ ਠੀਕ ਤਰੀਕੇ ਨਾਲ ਚਲਾਇਆ ਜਾਵੇ।’’ ਇਹ ਸਪਸ਼ਟ ਸੰਕੇਤ ਹੈ ਕਿ ਤਾਕਤਵਰ ਹੀ ਕਮਜ਼ੋਰ ’ਤੇ ਰਾਜ ਕਰਨਗੇ। ਟਰੰਪ ਵੱਲੋਂ ਵੈਨੇਜ਼ੁਏਲਾ ਵਿੱਚ ਨਾਜਾਇਜ਼ ਤਰੀਕੇ ਨਾਲ ਸੱਤਾ ਪਰਿਵਰਤਨ ਕਰ ਕੇ ਉੱਥੋਂ ਦੇ ਖਣਿਜਾਂ ਨੂੰ ਅਮਰੀਕੀ ਕੰਪਨੀਆਂ ਦੀ ਅਜ਼ਾਰੇਦਾਰੀ ਵਿੱਚ ਲਿਆਉਣ ਦਾ ਖੁੱਲ੍ਹਮ-ਖੁੱਲ੍ਹਾ ਐਲਾਨ ਕਰਨ ਨੇ ਸਿੱਧ ਕਰ ਦਿੱਤਾ ਹੈ ਕਿ ਕੌਮਾਂਤਰੀ ਕਾਨੂੰਨਾਂ ਦੇ ਜੋ ਬਚੇ-ਖੁਚੇ ਬੰਧਨ ਸਨ, ਉਹ ਵੀ ਨੇਸਤੋਨਾਬੂਦ ਹੁੰਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਰੂਸ ਨੇ ਆਪਣੇ ਮੁਕਾਬਲੇ ਕਮਜ਼ੋਰ ਗੁਆਂਢੀ ਯੂਕ੍ਰੇਨ ’ਤੇ ਹਮਲਾ ਕਰ ਕੇ ਉਸ ’ਤੇ ਵਿਸ਼ੇਸ਼ ਅਧਿਕਾਰਾਂ ਦਾ ਦਾਅਵਾ ਕੀਤਾ ਸੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੁਤਾਬਕ ਵੱਡੀਆਂ ਤਾਕਤਾਂ ਨੂੰ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਯੂਕ੍ਰੇਨ ਦੀ ਸੱਚੀ ਪ੍ਰਭੂਸੱਤਾ ਉਦੋਂ ਹੀ ਸੰਭਵ ਹੈ ਜਦ ਉਹ ਰੂਸ ਪ੍ਰਤੀ ਦੋਸਤਾਨਾ ਰੁਖ਼ ਰੱਖੇ ਅਤੇ ਉਸ ਦੀ ਹਾਂ ਵਿੱਚ ਹਾਂ ਮਿਲਾਏ। ਇਨ੍ਹਾਂ ਦੇ ਉਲਟ ਚੀਨ ਨੇ ਹਾਲੇ ਤੱਕ ਤਾਇਵਾਨ ’ਤੇ ਵੱਡੇ ਪੈਮਾਨੇ ’ਤੇ ਹਮਲਾ ਕਰਨ ਜਾਂ ਭਾਰਤ, ਵੀਅਤਨਾਮ, ਫਿਲਪੀਨ ਜਾਂ ਜਾਪਾਨ ’ਤੇ ਸਿੱਧੇ ਹਮਲੇ ਦਾ ਯਤਨ ਨਹੀਂ ਕੀਤਾ ਹੈ ਪਰ ਕਮਜ਼ੋਰ ਗੁਆਂਢੀਆਂ ਪ੍ਰਤੀ ਉਸ ਦਾ ਵੀ ਬਸਤੀਵਾਦੀ ਅਤੇ ਦਬੰਗ ਰਵੱਈਆ ਹੈ ਜੋ ਦਿਨ-ਬ-ਦਿਨ ਹੋਰ ਵਿਗੜਦਾ ਜਾ ਰਿਹਾ ਹੈ।
ਜਦ ਵੀ ਤਾਕਤਵਰ ਦੇਸ਼ ਹਮਲਾਵਰ ਅਤੇ ਲੁਟੇਰੇ ਤੇਵਰਾਂ ’ਤੇ ਉਤਰ ਆਉਣ ਤਾਂ ਵੱਡੀ ਮੱਛੀ ਦਾ ਛੋਟੀ ਮੱਛੀ ਨੂੰ ਨਿਗਲਣਾ ਆਮ ਵਰਤਾਰਾ ਲੱਗਣ ਲੱਗਦਾ ਹੈ। ਆਲਮੀ ਸਿਆਸਤ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਧਾਂਤਾਂ ਅਤੇ ਮਾਪਦੰਡਾਂ ਦੇ ਆਧਾਰ ’ਤੇ ਸੰਚਾਲਿਤ ਹੁੰਦੀ ਹੈ ਪਰ ਹਾਲੀਆ ਮਿਸਾਲਾਂ ਕੁਝ ਹੋਰ ਹੀ ਇਸ਼ਾਰਾ ਕਰਦੀਆਂ ਹਨ। ਵੈਨੇਜ਼ੁਏਲਾ ਵਿੱਚ ਅਮਰੀਕੀ ਹਮਲੇ ਤੋਂ ਬਾਅਦ ਤਾਇਵਾਨ ਨੂੰ ਲੈ ਕੇ ਸਮੇਂ-ਸਮੇਂ ’ਤੇ ਹਮਲਾਵਰ ਰੁਖ਼ ਦਿਖਾਉਣ ਵਾਲੇ ਚੀਨ ’ਤੇ ਵੀ ਕੌਮਾਂਤਰੀ ਕਾਨੂੰਨ ਵਾਲੇ ਤਰਕ ਬੇਮਾਅਨੇ ਹੋ ਜਾਂਦੇ ਹਨ।
ਲੈਟਿਨ ਭਾਸ਼ਾ ਵਿੱਚ ‘ਟੂ ਕੁਆਕਵੇ’ ਵਰਗੀ ਇੱਕ ਧਾਰਨਾ ਹੈ ਜਿਸ ਮੁਤਾਬਕ ਵਿਰੋਧੀ ਦੇ ਨਿੱਜੀ ਵਿਵਹਾਰ ਅਤੇ ਕਾਰਜਾਂ ਨੂੰ ਉਨ੍ਹਾਂ ਦੇ ਤਰਕ ਦੇ ਨਾਲ ਤਰਕ ਤੋਂ ਰਹਿਤ ਦੱਸ ਕੇ ਉਨ੍ਹਾਂ ਦੇ ਤਰਕ ਨੂੰ ਖ਼ਾਰਜ ਕਰ ਦਿੱਤਾ ਜਾਂਦਾ ਹੈ। ਵੈਨੇਜ਼ੁਏਲਾ ਵਿੱਚ ਹਥਿਆਰਬੰਦ ਹਮਲਾ ਕਰ ਕੇ ਅਤੇ ਉਸ ਦੀ ਅੰਦਰੂਨੀ ਰਾਜਨੀਤੀ ਨੂੰ ਜ਼ਬਰਦਸਤੀ ਬਦਲ ਕੇ ਟਰੰਪ ਨੇ ਹਰ ਸੰਭਾਵੀ ਧਾੜਵੀ ਨੂੰ ਸੁਵਿਧਾਜਨਕ ਬਹਾਨਾ ਦੇ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਦੀ ਤਾਜ਼ਾਤਰੀਨ ਕੌਮੀ ਸੁਰੱਖਿਆ ਰਣਨੀਤੀ ਵਿੱਚ ਸਪਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਅਮਰੀਕਾ ਲੈਟਿਨ ਅਮਰੀਕਾ ’ਤੇ ਅਜ਼ਾਰੇਦਾਰੀ ਸਥਾਪਤ ਕਰਨ ਅਤੇ ਇੱਕ ਅਜਿਹੇ ਪੱਛਮੀ ਗੋਲਾਰਧ ਦਾ ਨਿਰਮਾਣ ਕਰਨ ਲਈ ਉੱਨੀਵੀਂ ਸਦੀ ਦੇ ‘ਮੋਨਰੋ ਸਿਧਾਂਤ’ ਨੂੰ ਸਮਕਾਲੀ ਸੰਦਰਭ ਵਿੱਚ ਲਾਗੂ ਕਰੇਗਾ ਜਿਸ ਨਾਲ ਪੂਰੇ ਖੇਤਰ ਦੀਆਂ ਸਰਕਾਰਾਂ ਨੂੰ ਅਮਰੀਕਾ ਦੇ ਆਰਥਿਕ ਅਤੇ ਰੱਖਿਆ ਹਿੱਤਾਂ ਅਨੁਸਾਰ ਚੱਲਣਾ ਹੋਵੇਗਾ। ਜੇ ਲਤੀਨੀ ਅਮਰੀਕਾ ਵਿੱਚ ਅਮਰੀਕਾ ਦਾ ਧੌਂਸ ਜਾਇਜ਼ ਹੈ ਤਾਂ ਏਸ਼ੀਆ ਵਿੱਚ ਚੀਨ ਆਪਣੇ-ਆਪ ਨੂੰ ਬੇਤਾਜ ਬਾਦਸ਼ਾਹ ਕਿਉਂ ਨਾ ਮੰਨ ਲਵੇ?
ਦੇਖਿਆ ਜਾਵੇ ਤਾਂ ਤਾਇਵਾਨ ਦਾ ਮਾਮਲਾ ਵੈਨੇਜ਼ੁਏਲਾ ਤੋਂ ਅਲੱਗ ਹੈ ਪਰ ਜਦ ਪ੍ਰਭੂਸੱਤਾ ਅਤੇ ਸ਼ਾਂਤੀਪੂਰਨ ਵਰਤਾਅ ਦੇ ਸਿਧਾਂਤ ਹੀ ਲੁਪਤ ਹੋ ਰਹੇ ਹੋਣ ਤਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਵਰਗੇ ਹਮਲਾਵਰ ਨੇਤਾ ਅਰਾਜਕਤਾ ਦਾ ਫ਼ਾਇਦਾ ਕਿਉਂ ਨਹੀਂ ਚੁੱਕਣਗੇ? ਚੀਨ ਯਕੀਨੀ ਤੌਰ ’ਤੇ ਇਰਾਕ, ਅਫ਼ਗਾਨਿਸਤਾਨ, ਲੀਬੀਆ ਅਤੇ ਹੁਣ ਵੈਨੇਜ਼ੁਏਲਾ ਵਿੱਚ ਪੱਛਮੀ ਦਖ਼ਲਅੰਦਾਜ਼ੀ ਦਾ ਹਵਾਲਾ ਦੇ ਕੇ ਤਾਇਵਾਨ ਅਤੇ ਹੋਰ ਏਸ਼ਿਆਈ ਗੁਆਂਢੀ ਮੁਲਕਾਂ ’ਤੇ ਦਬਾਅ ਪਾਉਣ ਅਤੇ ਹੋਰ ਹਮਲਿਆਂ ਦੀਆਂ ਯੋਜਨਾਵਾਂ ਨੂੰ ਤੇਜ਼ ਕਰੇਗਾ। ਰੂਸ ਦੀ ਤਰ੍ਹਾਂ ਚੀਨ ਵੀ ਕਹਿੰਦਾ ਆ ਰਿਹਾ ਹੈ ਕਿ ਪੱਛਮੀ ਤਾਕਤਾਂ ਦੇ ਪਾਖੰਡ ਅਤੇ ਦੋਹਰੇ ਰਵੱਈਏ ਕਾਰਨ ਹੀ ਕੌਮਾਂਤਰੀ ਕਾਨੂੰਨਾਂ ਦੇ ਚੀਥੜੇ ਉੱਡ ਗਏ ਹਨ ਅਤੇ ਉਹ ਦੋਵੇਂ ਆਪਣੀ ‘ਆਤਮ-ਰੱਖਿਆ’ ਦੇ ਨਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਖ਼ੁਦ ਨੂੰ ਮਜਬੂਰ ਦੱਸਦੇ ਹਨ।
ਤਾਇਵਾਨ ਨੂੰ ਧਮਕਾਉਣ ਲਈ ਚੀਨ ਦੁਆਰਾ ਕੀਤੀ ਜਾ ਰਹੀ ਹਰੇਕ ਜੰਗੀ ਮਸ਼ਕ ਵਿੱਚ ਅਨਿਸ਼ਚਿਤਤਾ ਮੌਜੂਦ ਹੈ ਅਤੇ ਇਨ੍ਹਾਂ ’ਚੋਂ ਕੋਈ ਵੀ ਹਕੀਕੀ ਜੰਗ ਵਿੱਚ ਤਬਦੀਲ ਹੋ ਸਕਦੀ ਹੈ। ਹੁਣ ਤੱਕ ਜੇ ਤਾਇਵਾਨ ’ਤੇ ਚੀਨ ਨੇ ਧਾਵਾ ਨਹੀਂ ਬੋਲਿਆ ਹੈ ਤਾਂ ਇਹ ਕੌਮਾਂਤਰੀ ਨਿਯਮਾਂ ਜਾਂ ਕਾਨੂੰਨ ਪ੍ਰਤੀ ਸ਼ੀ ਜਿਨਪਿੰਗ ਦੀ ਸ਼ਰਧਾ ਕਾਰਨ ਨਹੀਂ ਹੈ ਬਲਕਿ ਉਸ ਢੁੱਕਵੇਂ ਸਮੇਂ ਦੀ ਉਡੀਕ ਕਾਰਨ ਹੈ ਜਦ ਹਿੰਦ-ਪ੍ਰਸ਼ਾਂਤ ਵਿੱਚ ਸ਼ਕਤੀ ਸੰਤੁਲਨ ਅਤੇ ਭੂ-ਰਾਜਨੀਤਕ ਹਾਲਾਤ ਚੀਨ ਦੇ ਪੱਖ ਵਿੱਚ ਕਿਤੇ ਜ਼ਿਆਦਾ ਝੁਕ ਜਾਣ। ਚੀਨ ਭਲੀਭਾਂਤ ਜਾਣਦਾ ਹੈ ਕਿ ਅਮਰੀਕਾ ਹੁਣ ਵੀ ‘ਖੁੱਲ੍ਹੇ ਅਤੇ ਸੁਤੰਤਰ’ ਹਿੰਦ-ਪ੍ਰਸ਼ਾਂਤ ਨੂੰ ਆਪਣਾ ਮੂਲ ਰਾਸ਼ਟਰੀ ਹਿੱਤ ਮੰਨਦਾ ਹੈ ਅਤੇ ਅਮਰੀਕੀ ਫ਼ੌਜੀ ਸਮੱਗਰੀ ਲਗਾਤਾਰ ਤਾਇਵਾਨ ਅਤੇ ਹੋਰ ਏਸ਼ਿਆਈ ਮਿੱਤਰ ਦੇਸ਼ਾਂ ਨੂੰ ਵੇਚੀ ਵੀ ਜਾ ਰਹੀ ਹੈ।
ਜਿਨਪਿੰਗ ਇਹ ਚਾਹੁਣਗੇ ਕਿ ਵੈਨੇਜ਼ੁਏਲਾ ਵਿਚ ਦਖ਼ਲਅੰਦਾਜ਼ੀ ਤੋਂ ਬਾਅਦ ਜੇਕਰ ਅਮਰੀਕਾ ਉਸੇ ਗੁਆਂਢੀ ਖੇਤਰ ਵਿੱਚ ਬਸਤੀਵਾਦੀ ਮਨਸ਼ਾ ਨਾਲ ਜ਼ਿਆਦਾ ਉਲਝ ਜਾਵੇ ਅਤੇ ਚੀਨ ਨਾਲ ਵਪਾਰ ਸਮਝੌਤੇ ਕਾਰਨ ਏਸ਼ੀਆ ਦੀ ਤਕਦੀਰ ਚੀਨ ਦੇ ਹੱਥਾਂ ਵਿੱਚ ਛੱਡ ਦੇਵੇ ਤਾਂ ਤਾਇਵਾਨ ’ਤੇ ਕਬਜ਼ਾ ਕਰਨ ਦਾ ਉਸ ਕੋਲ ਸੁਨਹਿਰਾ ਮੌਕਾ ਹੋਵੇਗਾ। ਹਮਲਾਵਰ ਮਹਾਸ਼ਕਤੀਆਂ ਦੁਆਰਾ ਕੌਮਾਂਤਰੀ ਕਾਨੂੰਨਾਂ ’ਤੇ ਕੀਤੇ ਜਾ ਰਹੇ ਵਿਆਪਕ ਆਘਾਤਾਂ ਦੇ ਮੱਦੇਨਜ਼ਰ ਛੋਟੇ ਮੁਲਕਾਂ ਲਈ ਆਪਣੀ ਹੋਂਦ ਬਚਾਈ ਰੱਖਣ ਦੀ ਕੀ ਰਣਨੀਤੀ ਹੋ ਸਕਦੀ ਹੈ?
ਮੌਲਿਕ ਪੱਧਰ ’ਤੇ ਉਨ੍ਹਾਂ ਨੂੰ ਸਮੁੱਚੇ ‘ਆਲਮੀ ਦੱਖਣ’ ਵਿੱਚ ਇਕਜੁੱਟ ਹੋ ਕੇ ਦਖ਼ਲਅੰਦਾਜ਼ੀ ਦੀ ਵਿਆਪਕ ਅਪ੍ਰਵਾਨਗੀ ਦੇ ਸਿਧਾਂਤ ’ਤੇ ਜ਼ੋਰ ਦੇਣਾ ਹੋਵੇਗਾ ਤਾਂ ਕਿ ਮਹਾਸ਼ਕਤੀਆਂ ਦਾ ਜੰਗਲ-ਰਾਜ ਇੱਕ ਆਮ ਦਸਤੂਰ ਨਾ ਬਣ ਜਾਵੇ। ਵਿਵਹਾਰਕ ਪੱਧਰ ’ਤੇ ਉਨ੍ਹਾਂ ਨੂੰ ਖੇਤਰੀ ਏਕੀਕਰਨ ਅਤੇ ਏਕਤਾ ਨੂੰ ਤਰਜੀਹ ਦੇਣੀ ਹੋਵੇਗੀ ਤਾਂ ਜੋ ਕੋਈ ਵੀ ਮਹਾਸ਼ਕਤੀ ਆਸਾਨੀ ਨਾਲ ਉਨ੍ਹਾਂ ਵਿਚ ਮਤਭੇਦ ਪੈਦਾ ਕਰ ਕੇ ਉਨ੍ਹਾਂ ਨੂੰ ਪਾਟੋਧਾੜ ਨਾ ਕਰ ਸਕੇ।
ਮਹਾਸ਼ਕਤੀਆਂ ਦੀ ਧੱਕੇਸ਼ਾਹੀ ਤੋਂ ਬਚਣ ਲਈ ਇਕਜੁੱਟਤਾ ਤੇ ਭਾਈਚਾਰਕ ਸਾਂਝ ਹੀ ਸਭ ਤੋਂ ਅਸਰਦਾਰ ਹਥਿਆਰ ਹਨ। ਸਾਰੇ ਸਾਮਰਾਜਵਾਦੀ ਮੁਲਕ ਹਰ ਹਰਬਾ ਵਰਤ ਕੇ ਚੰਮ ਦੀਆਂ ਚਲਾਉਣ ਲਈ ਉਤਾਵਲੇ ਰਹਿੰਦੇ ਹਨ। ਜੇ ਹੋਰ ਮੁਲਕ ਮਹਾਸ਼ਕਤੀਆਂ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਵਿੱਚ ਸਮਰੱਥ ਸਾਬਿਤ ਨਾ ਹੋਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਨਮਰਜ਼ੀਆਂ ਦਾ ਸਾਹਮਣਾ ਕਰਦੇ ਰਹਿਣਾ ਹੀ ਪਵੇਗਾ।
ਵੈਨੇਜ਼ੁਏਲਾ ਵਿੱਚ ਮਾਦੁਰੋ ਨੇ ਸਭ ਤੋਂ ਵੱਡੀ ਭੁੱਲ ਇਹ ਕੀਤੀ ਕਿ ਗੁਆਂਢੀ ਲੈਟਿਨ ਅਮਰੀਕੀ ਦੇਸ਼ਾਂ ਨਾਲ ਉਨ੍ਹਾਂ ਨੇ ਸਾਲਾਂ ਤੋਂ ਦੁਸ਼ਮਣੀਆਂ ਮੁੱਲ ਲਈਆਂ ਹੋਈਆਂ ਸਨ ਅਤੇ ਅੰਤ ਵਿੱਚ ਅਮਰੀਕੀ ਹਮਲੇ ਨੂੰ ਟਾਲਣ ਲਈ ਕੋਈ ਖੇਤਰੀ ਗੱਠਜੋੜ ਜਾਂ ਸੰਸਥਾ ਬਾਕੀ ਨਹੀਂ ਰਹੀ। ਚੇਤੇ ਰਹੇ ਕਿ ਇੱਕ ਸੱਭਿਅਕ ਵਿਸ਼ਵ ਵਿਵਸਥਾ ਦਾ ਨਿਰਮਾਣ ਉਦੋਂ ਹੀ ਸੰਭਵ ਹੈ ਜਦ ਕਮਜ਼ੋਰ ਦੇਸ਼ ਇਕਜੁੱਟ ਹੋ ਕੇ ਮਹਾਸ਼ਕਤੀਆਂ ਦੀ ਅਜ਼ਾਰੇਦਾਰੀ ਦਾ ਵਿਰੋਧ ਕਰਨ। ਇਤਿਹਾਸ ਤੋਂ ਅਸੀਂ ਥੋੜ੍ਹਾ-ਬਹੁਤ ਸਬਕ-ਸਮਝ ਵੀ ਲੈ ਸਕਦੇ ਹਾਂ ਕਿ ਜੇ ਸਾਮਰਾਜਵਾਦ ਸਦੀਆਂ ਪੁਰਾਣਾ ਹੈ ਤਾਂ ਸਮਾਨਤਾ ਅਤੇ ਮਰਿਆਦਾ ਦੀ ਚਾਹਤ ਵੀ ਓਨੀ ਹੀ ਪੁਰਾਣੀ ਹੈ।
-ਸ੍ਰੀਰਾਮ ਚੌਲੀਆ
-(ਲੇਖਕ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਵਿੱਚ ਪ੍ਰੋਫੈਸਰ ਤੇ ਡੀਨ ਹੈ)।
![]()
