ਵੈਸਟ ਮਿਡਲੈਂਡਜ਼ ਦੇ ਨਸਲੀ ਹਮਲਿਆਂ ਨੇ ਸਿੱਖ ਬੀਬੀਆਂ ਦੀ ਅਜ਼ਾਦੀ ਖੋਹੀ

In ਮੁੱਖ ਖ਼ਬਰਾਂ
November 18, 2025

ਯੂ.ਕੇ. ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਹੋ ਰਹੇ ਨਸਲਵਾਦੀ ਅਤੇ ਧਾਰਮਿਕ ਭਾਵਨਾਵਾਂ ਨਾਲ ਪ੍ਰੇਰਿਤ ਹਮਲਿਆਂ ਨੇ ਸਿੱਖ ਭਾਈਚਾਰੇ, ਖਾਸ ਕਰਕੇ ਸਿੱਖ ਔਰਤਾਂ ਵਿੱਚ ਡੂੰਘੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਵਾਲਸਾਲ, ਓਲਡਬਰੀ ਅਤੇ ਵੌਲਵਰਹੈਂਪਟਨ ਵਰਗੀਆਂ ਥਾਂਵਾਂ ’ਤੇ ਹੋਏ ਜਿਨਸੀ ਹਮਲਿਆਂ, ਹਿੰਸਕ ਹਮਲਿਆਂ ਅਤੇ ਨਫ਼ਰਤ ਅਪਰਾਧਾਂ ਕਾਰਨ ਸਿੱਖ ਔਰਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਬਦਲਣੀ ਪੈ ਰਹੀ ਹੈ। ਇੱਕੋ ਜਿਹੀ ਉਮਰ ਦੀਆਂ ਦੋ ਸਿੱਖ ਔਰਤਾਂ ਉਪਰ ਵੱਖ- ਵੱਖ ਥਾਂਵਾਂ ਉੱਪਰ ਹੋਏ ਜਿਨਸੀ ਹਮਲੇ, ਨੇ ਪੂਰੇ ਸਿੱਖ ਭਾਈਚਾਰੇ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਨਾਲ ਹੀ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ’ਤੇ ਹਮਲੇ ਅਤੇ ਇੱਕ ਔਰਤ ’ਤੇ ਇਲੈਕਟ੍ਰਿਕ ਸਟਨ ਡਿਵਾਈਸ ਨਾਲ ਹਮਲਾ ਵੀ ਜੁੜਿਆ ਹੈ। ਔਰਤਾਂ ਹੁਣ ਇਕੱਲੀਆਂ ਬਾਹਰ ਨਿਕਲਣ ਤੋਂ ਪਾਸਾ ਵਟ ਰਹੀਆਂ ਹਨ, ਉਹਨਾਂ ਜਿੰਮ ਜਾਣਾ ਛੱਡ ਦਿੱਤਾ ਹੈ ਅਤੇ ਗਰੁੱਪਾਂ ਵਿੱਚ ਘੁੰਮਦੀਆਂ ਹਨ। ਇਹ ਨਸਲਵਾਦੀ ਦਹਿਸ਼ਤ ਸਿੱਖ ਔਰਤਾਂ ਦੀ ਆਜ਼ਾਦੀ ਨੂੰ ਖਤਮ ਕਰ ਰਹੀ ਹੈ।
ਸੁਖਵਿੰਦਰ ਕੌਰ, ਜੋ ਸਿੱਖ ਵੁਮੈਨਜ਼ ਏਡ ਦੀ ਆਗੂ ਹੈ ਅਤੇ ਵੈਸਟ ਮਿਡਲੈਂਡਜ਼ ਵਿੱਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਮਦਦ ਕਰਦੀ ਹੈ, ਨੇ ਕਿਹਾ ਕਿ “ਮੈਂ ਪਹਿਲਾਂ ਅਜਿਹਾ ਕਦੇ ਨਹੀਂ ਵੇਖਿਆ। ਔਰਤਾਂ ਹੁਣ ਜਿੰਮ ਜਾਣ ਲਈ ਸਹਿਜ ਨਹੀਂ ਮਹਿਸੂਸ ਕਰ ਰਹੀਆਂ, ਇਕੱਲੀਆਂ ਤੁਰਨ ਜਾਂ ਦੌੜਨ ਤੋਂ ਬਚ ਰਹੀਆਂ ਹਨ। ਉਹ ਗਰੁੱਪਾਂ ਵਿੱਚ ਰਹਿੰਦੀਆਂ ਹਨ।” ਵਾਲਸਾਲ ਵਿੱਚ ਹੋਏ ਇੱਕ ਹਮਲੇ ਨੇ ਕੋਵੈਂਟਰੀ ਤੱਕ ਪੰਜਾਬੀ ਔਰਤਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਨਾਨਕਸਰ ਗੁਰਦੁਆਰਾ ਵਿੱਚ ਸੇਵਾ ਕਰਨ ਵਾਲੀ ਕਮ ਕੌਰ ਨੇ ਦੱਸਿਆ ਕਿ ਇਹਨਾਂ ਘਟਨਾਵਾਂ ਨੇ ਖੇਤਰ ਵਿੱਚ ਰਹਿਣ ਵਾਲੇ ਸਿੱਖਾਂ ਲਈ ‘ਹਰ ਚੀਜ਼ ਬਦਲ ਦਿੱਤੀ ਹੈ’। ਸਿੱਖ ਬੀਬੀਆਂ ਗੁਰਦੁਆਰਾ ਇਕੱਲੀਆਂ ਜਾਣ ਤੋਂ ਡਰਦੀਆਂ ਹਨ ਅਤੇ ਆਪਣੀ ਬਜ਼ੁਰਗ ਮਾਂ ਨੂੰ ਮੁੱਖ ਦਰਵਾਜ਼ਾ ਖੋਲ੍ਹਣ ਵੇਲੇ ਸਾਵਧਾਨ ਰਹਿਣ ਲਈ ਕਹਿੰਦੀਆਂ ਹਨ। ਬੀਬੀ ਇੰਦਰਜੀਤ ਕੌਰ, 32 ਸਾਲਾਂ ਦੀ, ਕਹਿੰਦੀ ਹੈ ਕਿ ਉਹ ਕੰਮ ਜਾਂਦੇ ਸਮੇਂ ਵਾਧੂ ਸਾਵਧਾਨੀਆਂ ਅਪਣਾਉਂਦੀ ਹੈ – ਸਟੇਸ਼ਨ ਨੇੜੇ ਪਾਰਕਿੰਗ ਲੱਭਦੀ ਹੈ ਅਤੇ ਹੈੱਡਫੋਨਾਂ ਵਿੱਚ ਪਾਠ ਸੁਣਦੀ ਹੈ ਤਾਂ ਜੋ ਪਛਾਣ ਨਾ ਹੋਵੇ। ਸੁਰਿੰਦਰ ਕੌਰ, 57 ਸਾਲਾਂ ਦੀ, ਜਿਸ ਦੀਆਂ ਤਿੰਨ ਧੀਆਂ ਹਨ, ਨੇ ਕਿਹਾ: “ਅਸੀਂ ਧੀਆਂ ਨਾਲ ਤੁਰਦੇ ਹਾਂ ਪਰ ਅਪਰਾਧਾਂ ਕਾਰਨ ਦਹਿਸ਼ਤ ਵਿੱਚ ਹਾਂ।” ਸੁਰਿੰਦਰ ਬਾਜਵਾ, 55 ਸਾਲਾਂ ਦੀ, ਜੋ ਵਾਲਸਾਲ ਵਿੱਚ ਵੱਡੀ ਹੋਈ, ਕਹਿੰਦੀ ਹੈ ਕਿ ਇਹ 1970-80 ਦੇ ਨਸਲਵਾਦ ਨਾਲ ਇਹ ਵਰਤਾਰਾ ਮਿਲਦਾ ਜੁਲਦਾ ਹੈ, ਜਦੋਂ ਨਸਲਵਾਦੀ ਪੰਜਾਬੀਆਂ ਪਿਛੇ ਕੁੱਤੇ ਛੱਡਦੇ ਸਨ। ਉਹ ਸਮਾਂ ਹੁਣ ਵਾਪਸ ਆ ਗਿਆ ਜਾਪਦਾ ਹੈ।”
ਇਥੇ ਜ਼ਿਕਰਯੋਗ ਹੈ ਕਿ ਅਕਤੂਬਰ ਅੰਤ ਵਿੱਚ ਵੌਲਵਰਹੈਂਪਟਨ ਵਿੱਚ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ’ਤੇ ਹਿੰਸਕ ਹਮਲੇ ਹੋਏ ਸਨ। ਇਸ ਹਫ਼ਤੇ ਸ਼ੁਰੂ ਵਿੱਚ ਇੱਕ 50 ਸਾਲਾਂ ਦੀ ਔਰਤ ਉਪਰ ਨਸਲੀ ਹਮਲਾ ਹੋਇਆ ਸੀ, ਜਿੱਥੇ ਬਿਜਲੀ ਵਾਲਾ ਝਟਕਾ ਦੇਣ ਵਾਲਾ ਹਥਿਆਰ ਇਲੈਕਟ੍ਰਿਕ ਸਟਨ ਵਰਤੀ ਗਈ। ਲੇਬਰ ਐੱਮਪੀ ਪ੍ਰੀਤ ਕੌਰ ਗਿੱਲ ਨੇ ਐਕਸ ’ਤੇ ਲਿਖਿਆ ਕਿ ਪੀੜਤਾ ਸਿੱਖ ਸੀ, ਪਰ ਪੁਲਿਸ ਨੇ ਪਛਾਣ ਦੀ ਪੁਸ਼ਟੀ ਨਾ ਕੀਤੀ। ਵਾਲਸਾਲ ਵਿੱਚ ਗੋਰੇ ਨਸਲਵਾਦੀ ਜੌਨ ਐਸ਼ਬੀ (32) ਨੂੰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਓਲਡਬਰੀ ਵਿੱਚ ਵੀ ਇਹੋ ਜਿਹਾ ਕੇਸ ਸੀ। ਇਹ ਹਮਲੇ ਨਾ ਸਿਰਫ਼ ਜਿਨਸੀ ਹਿੰਸਾ ਨਾਲ ਸਬੰਧਿਤ ਹਨ, ਸਗੋਂ ਨਸਲਵਾਦ ਨਾਲ ਜੁੜੇ ਹਨ – ਹਮਲਾਵਰਾਂ ਨੇ ‘ਆਪਣੇ ਦੇਸ਼ ਵਾਪਸ ਜਾ’ ਵਰਗੇ ਸ਼ਬਦ ਬੋਲੇ, ਨਸਲੀ ਗਾਲਾਂ ਕੱਢੀਆਂ।
ਸੁਆਲ ਇਹ ਹੈ ਕਿ ਯੂ.ਕੇ. ਦੀ ਪੁਲਿਸ ਨਸਲਵਾਦੀ ਗੁੰਡਿਆਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਕਿਉਂ? ਵੈਸਟ ਮਿਡਲੈਂਡਜ਼ ਪੁਲਿਸ ਨੇ ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ ਗਸ਼ਤ ਵੀ ਵਧਾਈ , ਪਰ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਹੈ। ਚੀਫ਼ ਸੁਪਰਿੰਟੈਂਡੈਂਟ ਫਿਲ ਡੌਲਬੀ ਨੇ ਗੁਰਦੁਆਰਾ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਰਾਜਨੀਤਿਕ ਲੋਕਾਂ, ਔਰਤਾਂ ਗਰੁੱਪਾਂ ਅਤੇ ਲੀਡਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਪਰ ਸਿੱਖ ਭਾਈਚਾਰੇ ਨੂੰ ਲੱਗ ਰਿਹਾ ਹੈ ਕਿ ਨਫ਼ਰਤ ਅਪਰਾਧ ਵਧ ਰਹੇ ਹਨ ਅਤੇ ਪੁਲਿਸ ਦੀ ਪਹੁੰਚ ਕਮਜ਼ੋਰ ਹੈ। ਲੇਬਰ ਕਾਉਂਸਲਰ ਸਿਮਰਨ ਚੀਮਾ ਨੇ ਕਿਹਾ ਕਿ ਲੋਕ ਧਾਰਮਿਕ ਚਿੰਨ੍ਹ ਪਹਿਨਣ ਤੋਂ ਡਰਦੇ ਹਨ ਅਤੇ ਬਾਹਰ ਜਾਣ ਤੋਂ ਘਬਰਾਉਂਦੇ ਹਨ। ਉਹਨਾਂ ਨੇ ਵਾਲਸਾਲ ਕਾਉਂਸਲ ਵੱਲੋਂ ਗੁਰਦੁਆਰਿਆਂ ਵਿਖੇ ਵਾਧੂ ਸੀਸੀਟੀਵੀ ਲਗਾਉਣ ਦੀ ਗੱਲ ਕੀਤੀ। ਪੁਲਿਸ ਨੇ ਕਿਹਾ ਕਿ ਉਹ ਨਫ਼ਰਤ ਅਪਰਾਧਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਵੈਸਟਰਮਿਨਸਟਰ ਵਿੱਚ ਐਂਟੀ-ਸਿੱਖ ਨਫ਼ਰਤ ਅਪਰਾਧਾਂ ਬਾਰੇ ਮੀਟਿੰਗ ਹੋਈ, ਜਿੱਥੇ ਲੇਬਰ ਪੀਅਰ ਲੌਰਡ ਸਹੋਤਾ ਨੇ ‘ਟੌਕਸਿਕ ਪਾਲੀਟੀਕਲ ਐਨਵਾਇਰਨਮੈਂਟ’ ਨੂੰ ਜ਼ਿੰਮੇਵਾਰ ਠਹਿਰਾਇਆ। ਪੁਲਿਸ ਦੀ ਅਸਮਰੱਥਾ ਨੂੰ ਵਧਦੇ ਨਸਲਵਾਦ ਨਾਲ ਜੋੜਿਆ ਜਾ ਰਿਹਾ ਹੈ।
ਯੂਕੇ ਦੀਆਂ ਅੰਗਰੇਜ਼ੀ ਅਖ਼ਬਾਰਾਂ ਵਿੱਚ ਇਸ ਮਾਮਲੇ ਨੂੰ ਵਿਆਪਕ ਕਵਰੇਜ ਮਿਲੀ ਹੈ। ਗਾਰਡੀਅਨ ਨੇ ਵਿਸਥਾਰ ਨਾਲ ਲਿਖਿਆ ਕਿ ਕਿਵੇਂ ਇਹ ਨਸਲਵਾਦੀ ਹਮਲੇ ਸਿੱਖ ਔਰਤਾਂ ਦੀ ਜ਼ਿੰਦਗੀ ਬਦਲ ਰਹੇ ਹਨ ਅਤੇ ਡਰ ਅਸਲੀ ਹੈ। ਬੀਬੀਸੀ ਨੇ ਨਸਲਵਾਦੀ ਗੁੰਡਿਆਂ ਦੀਆਂ ਗ੍ਰਿਫ਼ਤਾਰੀਆਂ, ਨੂੰ ਹਾਈਲਾਈਟ ਕੀਤਾ ਹੈ।

Loading