ਇਕਬਾਲ ਸਿੰਘ ਲਾਲਪੁਰਾ
ਸਿੱਖ ਕੌਮ ਨੇ ਹੁਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦੀ ਵਰ੍ਹੇਗੰਢ ਮਨਾ ਕੇ ਹਟੀ ਹੈ, ਜਿਨ੍ਹਾਂ ਨੇ ਹਿੰਦੂ ਧਰਮ ਦੇ “ਤਿਲਕ ਤੇ ਜਨੇਊ” ਤੇ ਮਨੁੱਖੀ ਅਧਿਕਾਰਾਂ, ਨਿਆਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਭਾਰਤ ਅਤੇ ਵਿਦੇਸ਼ਾਂ ਵਿੱਚ ਸਰਕਾਰੀ ਸੰਸਥਾਵਾਂ, ਸਮਾਜਕ ਸੰਗਠਨਾਂ ਤੇ ਸਿੱਖ ਸੰਸਥਾਵਾਂ ਨੇ ਭਾਰੀ ਰਕਮਾਂ, ਸਮਾਗਮ, ਦੀਵਾਨ, ਨਗਰ-ਕੀਰਤਨ, ਮਿਠਾਈ ਵੰਡਣ ਅਤੇ ਗੁਰਦੁਆਰਿਆਂ ਨੂੰ ਰੌਸ਼ਨ ਕਰਨ ’ਤੇ ਲਾਈਆਂ। ਪਰ ਇਨ੍ਹਾਂ ਸ਼ਤਾਬਦੀਆਂ ਵਿੱਚ ਸਿੱਖ ਇਤਿਹਾਸ ਤੇ ਗੁਰੂ ਦੀ ਫਿਲਾਸਫੀ ਨੂੰ ਉਘਾੜਿਆ ਨਹੀਂ ਗਿਆ। ਨਾ ਹੀ ਕੋਈ ਪੰਥ ਤੇ ਸਮਾਜ ਹਿਤ ਵਿੱਚ ਪ੍ਰੋਜੈਕਟ ਪੇਸ਼ ਕੀਤਾ ਗਿਆ ਹੈ।
ਗੁਰੂ ਕਾਲ, ਮਿਸਲਾਂ ਦੇ ਦੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਜਿਹੇ ਵਿਸ਼ਾਲ ਜਸ਼ਨਾਂ ਨੂੰ ਮਨਾਉਣ ਦਾ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਸਿੱਖ ਫ਼ਲਸਫ਼ਾ ਹੈ,ਕਿ ਹਰ ਦਿਨ ਪਵਿੱਤਰ ਹੈ ਅਤੇ ਗੁਰੂ ਦੇ ਹੁਕਮ ਵਿੱਚ ਜੀਉਣਾ ਤੇ ਗੁਰੂ ਨੂੰ ਸਦਾ ਯਾਦ ਰਖਣਾ ਸਿੱਖ ਦਾ ਕਰਮ ਹੈ , ਨਾ ਕਿ ਪ੍ਰਦਰਸ਼ਨ ਤੇ ਵਿਖਾਵੇ ਕਰਨਾ। ਇਸ ਲਈ ਇੱਕ ਸਵਾਲ ਉੱਠਦਾ ਹੈ: ਜਿਨ੍ਹਾਂ ਰਸਮਾਂ-ਰਿਵਾਜਾਂ ਨੂੰ ਗੁਰੂਆਂ ਨੇ ਖੁਦ ਪ੍ਰਵਾਨ ਨਹੀਂ ਸੀ ਕੀਤਾ, ਉਨ੍ਹਾਂ ’ਤੇ ਢੇਰ ਸਾਰੇ ਖਰਚੇ ਕਰਨ ਦਾ ਅਸਲ ਲਾਭ ਕੀ ਹੋਇਆ ਅਤੇ ਸਭ ਤੋਂ ਵੱਡਾ ਸਵਾਲ ਹੈ,ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਮਾਨਸਿਕ ਤੌਰ ’ਤੇ ਵਿਸ਼ਵ ਪੱਧਰ ’ਤੇ ਕਿੱਥੇ ਖੜ੍ਹੀ ਹੈ?
ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਧਰਤੀ ਦਾ ਫਰਿਸ਼ਤਾ ਬਣਾਇਆ ਹੈ , ਜੋ ਪਵਿੱਤਰਤਾ, ਦਯਾ, ਹਿੰਮਤ ਤੇ ਸਾਰੀ ਮਨੁੱਖਤਾ ਦੀ ਸੇਵਾ ਵਿੱਚ ਜੀਵੇ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਵਤਾ ਪਰੰਪਰਾ ਨੂੰ ਸੰਤ-ਸਿਪਾਹੀ ਬਣਾ ਕੇ ਧਰਮ ਦੀ ਰਾਖੀ ਲਈ ਬੇਖੌਫ਼ ਲੜਨ ਵਾਲਾ ਵੀ ਬਣਾ ਦਿੱਤਾ। ਇਸ ਨਵੇਂ ਸਿਰਜੇ ਗੁਰੂ ਪੰਥ ਨੇ ਭਾਰਤ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ, ਪੁਰਾਣੀ ਰਸਮੀ ਕਰਮਕਾਂਡੀ ਵਿਵਸਥਾ ਨੂੰ ਤੋੜ ਕੇ ਨਿਰਮਲ ਪੰਥ ਸਥਾਪਤ ਕੀਤਾ, ਜਿਸ ਵਿੱਚ ਨਾ ਪੁਜਾਰੀ ਹੈ , ਨਾ ਵਿਚੋਲਾ, ਨਾ ਅੰਧਵਿਸ਼ਵਾਸ ਲਈ ਕੋਈ ਥਾਂ। ਗੁਰੂ ਦੇ ਪੰਥ ਨੇ ਸਦੀਆਂ ਦੇ ਵਿਦੇਸ਼ੀ ਮੁਗਲ ਸਮਰਾਜ ਕਬਜ਼ੇ ਨੂੰ ਖਤਮ ਕੀਤਾ, ਦਬੇ-ਕੁਚਲੇ ਲੋਕਾਂ ਨੂੰ ਇਜ਼ਤ ਬਖਸ਼ੀ ਤੇ ਰਸਮਾਂ ਦੀ ਥਾਂ ਸੱਚੀ ਰੂਹਾਨੀਅਤ ਸਮਾਜ ਵਿੱਚ ਲਿਆਂਦੀ। ਪਰ ਖਾਲਸਾ ਪੰਥ ਅੱਗੇ ਵਧਿਆ ਤਾਂ ਸਿੱਖ ਧੜਿਆਂ ਵਿੱਚ ਫੁੱਟ ਤੇ ਮਿਸਲਾਂ ਦੇ ਟਕਰਾਅ ਨੇ ਇਸ ਰੂਹਾਨੀ ਤੇ ਫ਼ੌਜੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ, ਖ਼ਾਲਸਾ ਰਾਜ ਦੇ ਆਖਰੀ ਮਹਾਨ ਜਰਨੈਲ ਤੇ ਆਗੂ ਹੋਏ ਉਨ੍ਹਾਂ ਦੇ ਸਮੇਂ ਵੀ ਇਕਜੁਟਤਾ ਵਿੱਚ ਦਰਾੜਾਂ ਪੈਣ ਲੱਗ ਪਈਆਂ ਸਨ। ਜਦੋਂ ਅੰਗਰੇਜ਼ਾਂ ਨੇ ਖ਼ਾਲਸਾ ਰਾਜ ’ਤੇ ਕਬਜ਼ਾ ਕੀਤਾ, ਤਾਂ ਉਨ੍ਹਾਂ ਦੀ ਕਈ ਸਿੱਖ ਸਰਦਾਰਾਂ ਨੇ ਮਦਦ ਕੀਤੀ ਜਿਸ ਕਰਕੇ ਉਨ੍ਹਾਂ ਨੇ 1849 ਵਿੱਚ ਪੰਜਾਬ ’ਤੇ ਕਬਜ਼ਾ ਕਰ ਲਿਆ।
ਰਾਜਨੀਤਿਕ ਸੱਤਾ ਜਾਣ ਤੋਂ ਬਾਅਦ ਸਿੱਖਾਂ ਹਥੋਂ ਧਾਰਮਿਕ ਸੰਸਥਾਵਾਂ ਵੀ ਨਿਕਲ ਗਈਆਂ। ਗੁਰਦੁਆਰੇ ਵੰਸ਼ਵਾਦੀ ਤੇ ਕਰਮਕਾਂਡੀ ਮਹੰਤਾਂ ਦੇ ਹੱਥ ਚਲੇ ਗਏ ਤੇ ਜਿਨ੍ਹਾਂ ਰਸਮਾਂ ਨੂੰ ਗੁਰੂ ਸਾਹਿਬਾਨ ਨੇ ਰੱਦ ਕੀਤਾ ਸੀ, ਉਹ ਸਿੱਖ ਪੰਥ ਦਾ ਹਿੱਸਾ ਬਣਨ ਲੱਗ ਪਇਆਂ। ਚਮਤਕਾਰ ਦਿਖਾਉਣ ਵਾਲੇ ਬਾਬਿਆਂ ਦਾ ਧੜਾ ਵੀ ਉੱਭਰਿਆ ਜੋ ਆਪਣੇ ਆਪ ਨੂੰ ਰੱਬ ਜਾਂ ਗੁਰੂ ਦੇ ਬਰਾਬਰ ਦੱਸਦਾ ਸੀ । ਬਾਬਾ ਵਾਦ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕ੍ਰਾਂਤੀਕਾਰੀ ਸਿੱਖਿਆ ਤੋਂ ਭਟਕਾ ਕੇ ਸ਼ਖਸੀਅਤ ਪੂਜਾ ਵੱਲ ਮੋੜਣ ਲਗਾ। ਅੰਗਰੇਜ਼ਾਂ ਨੇ ਇਹ ਯਕੀਨੀ ਬਣਾਇਆ ਕਿ ਸਿੱਖਾਂ ਵਿੱਚ ਕੋਈ ਮਜਬੂਤ ਨੇਤਾ ਨਾ ਉੱਭਰੇ। ਸਿੰਘ ਸਭਾ ਤੇ ਬਾਅਦ ਵਿੱਚ ਐਸ.ਜੀ.ਪੀ.ਸੀ. ਵਰਗੇ ਸਿੱਖ ਸੁਧਾਰਵਾਦੀ ਅੰਦੋਲਨਾਂ ਨੂੰ ਵੀ ਹਰ ਕਦਮ ’ਤੇ ਅੰਗਰੇਜ਼ੀ ਸਿਸਟਮ ਨਾਲ ਲੜਨਾ ਪਿਆ। ਅਸਲ ਸੁਧਾਰਕਾਂ ਦੇ ਨਾਲ-ਨਾਲ ਬਰਤਾਨੀਆਂ ਪੱਖੀ,ਸਿੱਖ ਆਗੂਆਂ ਨੂੰ ਵੀ ਉਭਾਰਿਆ ਗਿਆ, ਜਿਸ ਨਾਲ ਕੌਮ ਵਿੱਚ ਉਲਝਣ ਵਧ ਗਈ। ਆਜ਼ਾਦੀ ਤੋਂ ਬਾਅਦ ਵੀ ਬਹੁਤਾ ਬਦਲਾਅ ਨਹੀਂ ਆਇਆ। ਕਾਂਗਰਸ ਨੇ ਵੀ ਅੰਗਰੇਜ਼ਾਂ ਵਾਲੀ ਫੁੱਟ ਪਾਓ-ਰਾਜ ਕਰੋ ਦੀ ਨੀਤੀ ਆਪਣਾ ਰਾਜਨੀਤਕ ਵਿਰਸਾ ਸਮਝਕੇ, ਅਪਨਾ ਲਈ ਤੇ ਕਈ ਨਵੇਂ ਸਿੱਖ ਆਗੂ ਵੀ ਜਾਤੀ ਤੇ ਰਾਜਨੀਤਿਕ ਹਿੱਤਾਂ ਨਾਲ ਕਾਂਗਰਸ ਨਾਲ ਜੁੜ ਗਏ, ਪੰਥਕ ਸਿਧਾਂਤਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਰਿਹਾ। ਇਹ ਸਭਿਆਚਾਰਕ ਨਿਘਾਰ ਸਿੱਖ ਪੰਥ ਵਿੱਚ ਵਧਦਾ ਰਿਹਾ ਤੇ ਜਿਹੜੀ ਕੌਮ ਇਤਿਹਾਸ ਵਿਚ ਮੁਗਲ ਤੇ ਅੰਗਰੇਜ਼ ਸਮਰਾਜ ਨੂੰ ਜੜ੍ਹਾਂ ਤੋਂ ਹਿਲਾਉਂਦੀ ਸੀ, ਉਹ ਸਪੱਸ਼ਟਤਾ ਤੇ ਦਿਸ਼ਾ ਦੀ ਭਾਲ ਵਿੱਚ ਭੰਬਲਭੂਸੇ ਪੈ ਗਈ।
ਸਿੱਖ ਲੀਡਰਸ਼ਿਪ ਵਿੱਚ ਸਿਧਾਂਤਕ ਨਿਘਾਰ ਵਧਦਾ ਗਿਆ। ਸਿੱਖ, ਜੋ ਕਦੇ ਦੇਸ਼ ਤੇ ਸਮਾਜ ਦੇ ਰਾਖੇ ਵਜੋਂ ਜਾਣੇ ਜਾਂਦੇ ਸਨ, ਉਨ੍ਹਾਂ ਨੂੰ ਕਾਂਗਰਸ ਰਾਜ ਦੌਰਾਨ ਉਗਰਵਾਦੀ ਜਾਂ ਵੱਖਵਾਦੀ ਕਿਹਾ ਜਾਣ ਲੱਗਾ। ਅੱਜ ਕੋਈ ਮਜ਼ਬੂਤ ਵਿਸ਼ਵ ਪੱਧਰੀ ਸਿੱਖ ਸੰਗਠਨ ਨਹੀਂ ਹੈ,ਜੋ ਸਿੱਖ ਮਸਲਿਆਂ ਨੂੰ ਅੱਗੇ ਰੱਖੇ ਤੇ ਕੌਮ ਵਿਰੁੱਧ ਖੜੇ ਕੀਤੇ ਝੂਠੇ ਨੈਰੇਟਿਵ ਦਾ ਮੁਕਾਬਲਾ ਕਰੇ। ਸਿੱਖ ਕੌਮ ਨੂੰ ਆਗੂਆਂ ਦੀ ਘਾਟ ਕਾਰਨ,ਵਾਰ-ਵਾਰ ਅਨਿਆਂ, ਵਿਤਕਰੇ ਤੇ ਰਾਜਨੀਤਿਕ ਧੋਖੇ ਮਿਲੇ ਹਨ ਅਤੇ ਉਹ ਆਪਣੇ ਮਾਨਸਿਕ ਜਖਮਾਂ ਦਾ ਇਲਾਜ ਵੀ ਨਾ ਕਰ ਸਕੇ। ਸਿੱਖ ਪੰਥ ਦੇ ਭਾਵਨਾਤਮਕ ਜਖਮਾਂ ਨੂੰ ਕਦੇ ਵਿਚਾਰਿਆ ਨਹੀਂ ਗਿਆ। ਇਹ ਮਾਨਸਿਕ ਪੀੜਾ ਦਾ ਰੋਗ ਪੀੜ੍ਹੀ-ਦਰ-ਪੀੜ੍ਹੀ ਚਲਦਾ ਰਿਹਾ ਹੈ ਅਤੇ ਨਕਾਰਾਤਮਕ ਯਾਦਾਂ ਗਹਿਰੀਆਂ ਬੈਠ ਗਈਆਂ ਹਨ,ਜਿਸ ਨਾਲ ਸਿੱਖ ਦਾ ਵਿਵਹਾਰ ਤੇ ਰਾਜਨੀਤਿਕ ਪ੍ਰਤੀਕ੍ਰਿਆਵਾਂ ਪ੍ਰਭਾਵਿਤ ਹੋਈਆਂ ਹਨ। ਮਨੋਵਿਗਿਆਨ ਤੇ ਮੈਡੀਕਲ ਸਾਇੰਸ ਦੱਸਦੇ ਹਨ ਕਿ ਲਗਾਤਾਰ ਡਰ ਜਾਂ ਨਕਾਰਾਤਮਕ ਸੋਚ ਕਾਰਨ ਵਿਅਕਤੀ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ, ਨਿਰਣਾ ਸ਼ਕਤੀ ਵਿਗੜਦੀ ਹੈ ਤੇ ਚਿੰਤਾ ਜਾਂ ਹਮਲਾਵਰ ਵਿਵਹਾਰ ਵਧਦਾ ਹੈ। ਜਿਹੜੀ ਕੌਮ ਬੇਖੌਫ ਰਾਖੇ ਪੈਦਾ ਕਰਦੀ ਸੀ, ਅੱਜ ਅਕਸਰ ਡਰ ਦੇ ਚੱਕਰ ਵਿੱਚ ਫਸੀ ਨਜ਼ਰ ਆਉਂਦੀ ਹੈ । ਕੌਮ ਵਾਰੇ ਮਾੜਾ ਲੇਬਲ ਲੱਗਣ ਦਾ ਡਰ, ਪਛਾਣ ਖਤਮ ਹੋਣ ਦਾ ਡਰ, ਰਾਜਨੀਤਿਕ ਲੀਡਰਾਂ ਵਲੋਂ ਵਰਤੋਂ ਦਾ ਡਰ ਸਿੱਖ ਮਾਨਸਿਕਤਾ ਨੂੰ ਕਮਜ਼ੋਰ ਕਰ ਰਿਹਾ ਹੈ। ਬਹੁਤ ਸਾਰੀਆਂ ਪੰਥ ਵਿਰੋਧੀ ਤਾਕਤਾਂ ਤੇ ਗਰੁੱਪ ਇਸ ਡਰ ਦਾ ਫਾਇਦਾ ਚੁੱਕਦੇ ਹਨ। ਤਰਕ ਦੀ ਥਾਂ ਭਾਵਨਾਵਾਂ, ਸਾਜ਼ਿਸ਼ੀ ਥਿਊਰੀਆਂ ਤੇ ਸੋਸ਼ਲ ਮੀਡੀਆ ਪ੍ਰੋਪੇਗੰਡੇ ਨਾਲ ਸਿੱਖ ਪ੍ਰਭਾਵਿਤ ਹੋ ਜਾਂਦੇ ਹਨ। ਇਸ ਨਾਲ ਨੋਜਵਾਨ ਗਲਤ ਦਿਸ਼ਾ ਗ੍ਰਹਿਣ ਕਰਦੇ ਹਨ, ਚੰਗੀ ਤੇ ਭਵਿੱਖ ਲਈ ਨੀਤੀ ਨਹੀਂ ਬਣਦੀ, ਇਕਜੁਟਤਾ ਨਹੀਂ ਹੁੰਦੀ ਤੇ ਕੌਮ ਕਮਜ਼ੋਰ ਰਹਿ ਜਾਂਦੀ ਹੈ।
ਦੁਨੀਆ ਬਦਲ ਗਈ ਹੈ ਤੇ ਦੂਸਰੀਆਂ ਸਤਾਈਆਂ ਕੌਮਾਂ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਲਿਆ ਹੈ,ਯਹੂਦੀ ਕੌਮ ਨੇ ਲਗਭਗ ਪੂਰੀ ਤਬਾਹੀ ਤੋਂ ਬਾਅਦ ਵਿਦਿਆ, ਇਕਜੁਟਤਾ, ਸੰਵਾਦ ਤੇ ਮਜ਼ਬੂਤ ਵਿਸ਼ਵ ਨੈੱਟਵਰਕ ਨਾਲ ਆਪਣੇ ਆਪ ਨੂੰ ਮੁੜ ਉਸਾਰਿਆ ਹੈ। ਉਨ੍ਹਾਂ ਨੇ ਸੰਸਥਾਵਾਂ, ਖੋਜ, ਕੂਟਨੀਤੀ ਤੇ ਸਾਂਝੀ ਲੀਡਰਸ਼ਿਪ ਨੂੰ ਉਭਾਰਿਆ ਹੈ, ਜਦਕਿ ਯਹੂਦੀ ਕਈ ਮਹਾਂਦੀਪਾਂ ਵਿੱਚ ਮਜ਼ਬੂਤ ਹੋਏ ਹਨ। ਪਰ ਸਿੱਖ – ਜਿਨ੍ਹਾਂ ਕੋਲ ਕਿਤੇ ਜ਼ਿਆਦਾ ਹਿੰਮਤ ਤੇ ਇਤਿਹਾਸਕ ਤਾਕਤ ਸੀ – ਅੱਜ ਵੀ ਵੰਡੇ ਹੋਏ ਹਨ। ਨਾ ਕੋਈ ਸਿੱਖ ਪੰਥ ਕੋਲ ਥਿੰਕ-ਟੈਂਕ ਹੈ, ਨਾ ਵਿਸ਼ਵ ਤਾਲਮੇਲ ਵਾਲੀ ਸੰਸਥਾ, ਨਾ ਅੰਤਰਰਾਸ਼ਟਰੀ ਪੱਧਰ ਦੀ ਖੋਜ ਸੰਸਥਾ, ਨਾ ਇਕਜੁੱਟ ਰਾਜਨੀਤਿਕ ਆਵਾਜ਼ ਹੀ ਰਹੀ ਹੈ, ਲੋਕਤੰਤਰ ਦੇ ਤਿੰਨ ਥੰਮ੍ਹ – ਵਿਧਾਨਸਭਾ, ਕਾਰਜਪਾਲਿਕਾ ਤੇ ਨਿਆਂਪਾਲਿਕਾ – ਵਿੱਚ ਸਿੱਖ ਪ੍ਰਭਾਵ ਨਾਮਾਤਰ ਰਹਿ ਗਿਆ ਹੈ। ਚੌਥਾ ਥੰਮ੍ਹ ਮੀਡੀਆ ਵਿੱਚ ਵੀ ਸਿੱਖ ਮੌਜੂਦਗੀ ਨਹੀਂ ਰਹੀ,ਇਸ ਦੇ ਉਲਟ ਅੰਦਰੂਨੀ ਫੁੱਟਾਂ ਅਜੇ ਵੀ ਜਾਰੀ ਹਨ, ਅਕਸਰ ਉਹ ਗਰੁੱਪ ਅੱਗੇ ਵਧਾਉਾਂਦੇਹਨ ਜੋ ਆਪਣੇ ਆਪ ਨੂੰ ਧਰਮ ਦੇ ਰਾਖੇ ਦੱਸ ਕੇ ਭਾਵਨਾਤਮਕ ਬਲੈਕਮੇਲ ਕਰਦੇ, ਆਪਣੇ ਸਵਾਰਥ ਨੂੰ ਪੂਰਾ ਕਰਦੇ ਹਨ।
ਸਿੱਖ ਕੌਮ ਦਾ ਮਨੋਬਲ ਗੁਰਬਾਣੀ ਦੇ ਲੜ ਲਗਣ ਨਾਲ ਹੀ ਮਜ਼ਬੂਤ ਹੁੰਦਾ ਹੈ। ਗੁਰਬਾਣੀ ਜ਼ਖਮੀ ਮਨ ਦੀ ਸਭ ਤੋਂ ਚੰਗੀ ਦਵਾਈ ਹੈ। ਨਾਮ ਸਿਮਰਨ ਸਟਰੈਸ ਘਟਾਉਂਦਾ ਹੈ, ਮਨ ਨੂੰ ਸਥਿਰ ਕਰਦਾ ਹੈ ਤੇ ਭਾਵਨਾਤਮਕ ਮਜ਼ਬੂਤੀ ਦਿੰਦਾ ਹੈ। ਗੁਰੂ ਦੇ ਹੁਕਮ ਉਪਰ ਅਮਲ ਸਿੱਖ ਦਾ ਸੁਚਜਾ ਜੀਵਨ ਅਨੁਸ਼ਾਸਨ, ਸਪੱਸ਼ਟਤਾ ਤੇ ਸਵੈ-ਮਾਣ ਬਣਾਉਂਦਾ ਹੈ। ਜਦੋਂ ਕੌਮ ਆਪਣੇ ਗੁਰੂ ਨਾਲ ਜੁੜਦੀ ਹੈ ਤਾਂ ਕਰਮਕਾਂਡ ਖਤਮ ਹੁੰਦੇ ਹਨ, ਡਰ ਦੂਰ ਹੁੰਦਾ ਹੈ ਤੇ ਸੱਚੀ ਹਿੰਮਤ ਵਾਪਸ ਆਉਂਦੀ ਹੈ। ਸਿੱਖਾਂ ਨੂੰ ਪਰਿਵਾਰਾਂ ਵਿੱਚ, ਪੰਥ ਵਿੱਚ ਤੇ ਦੇਸ਼ ਨਾਲ ਸੰਵਾਦ ਨੂੰ ਅਪਣਾਉਣਾ ਚਾਹੀਦਾ ਹੈ । ਸੰਵਾਦ ਡਰ ਘਟਾਉਂਦਾ ਹੈ, ਭਰੋਸਾ ਪੈਦਾ ਕਰਦਾ ਹੈ।
ਇੱਕ ਹੋਰ ਪਹਿਲ ਪੰਥਕ ਸੰਸਥਾਵਾਂ ਨੂੰ ਕਰਨੀ ਚਾਹੀਦੀ ਹੈ ਕਿ ਵਿਦਿਆ ਵਲ ਧਿਆਨ ਦੇਵੋ। ਭਵਿੱਖ ਯੂਨੀਵਰਸਿਟੀਆਂ, ਖੋਜ ਕੇਂਦਰਾਂ, ਡਿਜੀਟਲ ਪਲੇਟਫਾਰਮਾਂ ਤੇ ਵਿਸ਼ਵ ਪੱਧਰੀ ਸੰਸਥਾਵਾਂ ਵਿੱਚ ਹੈ ਜੋ ਸਿੱਖ ਇਤਿਹਾਸ, ਸਿੱਖ ਹੱਕ, ਸਿੱਖ ਫਿਲਾਸਫੀ ਤੇ ਅੰਤਰਰਾਸ਼ਟਰੀ ਫੋਰਮਾਂ ਵਿੱਚ ਸਿੱਖ ਨਜ਼ਰੀਏ ਨੂੰ ਪੇਸ਼ ਕਰਨ ਲਈ ਸਮਰੱਥ ਹੋ ਸਕਦਾ ਹੈ,ਗਿਆਨ ਹੀ ਸੱਤਾ ਦਾ ਮੁੱਢ ਹੈ; ਬਿਨਾਂ ਗਿਆਨ ਦੇ ਬਹਾਦੁਰ ਵੀ ਲਾਚਾਰ ਹੋ ਜਾਂਦੇ ਹਨ।
ਸਿੱਖ ਕੌਮ ਨੂੰ ਸਾਂਝੀ ਨੀਤੀ ਤੇ ਮਜਬੂਤ ਲੀਡਰਸ਼ਿਪ ਮੁੜ ਉਸਾਰਨੀ ਪਵੇਗੀ। ਗਲਤੀ ਉਨ੍ਹਾਂ ਸਿੱਖਾਂ ਵਿੱਚ ਹੈ ਜੋ ਸੱਤਾ ਜਾਂ ਪ੍ਰਭਾਵ ਵਾਲੀਆਂ ਥਾਵਾਂ ’ਤੇ ਹਨ ,ਪਰ ਨਿੱਜੀ ਲਾਭ ਨੂੰ ਕੌਮ ਦੇ ਭਲੇ ਤੋਂ ਉੱਪਰ ਰੱਖਦੇ ਹਨ। ਗੁਰੂ ਸਾਹਿਬ ਨੇ ਖਾਲਸੇ ਨੂੰ ਲੋਕਤੰਤਰੀ ਵਿਵਸਥਾ ਬਣਾਇਆ ਸੀ ਜਿੱਥੇ ਗੁਰਮਤਿਆਂ ਰਾਹੀਂ ਸਾਂਝੇ ਫੈਸਲੇ ਹੁੰਦੇ ਸਨ। ਇਸ ਪਰੰਪਰਾ ਨੂੰ ਮੁੜ ਜੀਵੰਤ ਕਰਨਾ ਚਾਹੀਦਾ ਹੈ। ਜਿੱਥੇ ਵੀ ਸੰਭਵ ਹੋਵੇ, ਸਿੱਖਾਂ ਨੂੰ ਦੂਸਰੀਆਂ ਕੌਮਾਂ ਨਾਲ ਗਠਜੋੜ ਬਣਾਉਣੇ ਚਾਹੀਦੇ ਹਨ, ਇਕੱਲੇ ਪੈਣ ਦੀ ਥਾਂ ਰਿਸ਼ਤੇ ਮਜ਼ਬੂਤ ਕਰਨੇ ਚਾਹੀਦੇ ਹਨ। ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਸਿੱਖਾਂ ਨੇ ਹਰ ਖੇਤਰ – ਫ਼ੌਜ, ਉਦਯੋਗ, ਖੇਤੀਬਾੜੀ, ਖੇਡਾਂ, ਨਿਆਂਪਾਲਿਕਾ, ਪ੍ਰਸ਼ਾਸਨ – ਵਿੱਚ ਯੋਗਦਾਨ ਪਾਇਆ ਹੈ, ਪਰ ਕੌਮ ਨੂੰ ਆਪਣਾ ਕੈਨਵਸ ਵਿਸ਼ਵ ਪੱਧਰ ਤੱਕ ਫੈਲਾਉਣਾ ਪਵੇਗਾ ਤਾਂ ਜੋ ਪ੍ਰਸੰਗਿਕ ਰਹਿ ਸਕੇ।
ਸਿੱਖ ਪੰਥ ਨੇ ਸਦੀਆਂ ਤੋਂ ਸ਼ਹਾਦਤਾਂ, ਜੰਗਾਂ, ਧੋਖੇ ਤੇ ਰਾਜਨੀਤਿਕ ਚਾਲਾਂ ਸਹੀਆਂ ਹਨ, ਫਿਰ ਵੀ ਮਜ਼ਬੂਤ ਖੜ੍ਹਾ ਹੈ। ਪਰ ਸਿਰਫ ਖੜ੍ਹੇ ਰਹਿਣਾ ਕਾਫੀ ਨਹੀਂ; ਹੁਣ ਸਪੱਸ਼ਟਤਾ, ਆਤਮ-ਵਿਸ਼ਵਾਸ ਤੇ ਇਕਜੁਟਤਾ ਨਾਲ ਮੁੜ ਉੱਠਣ ਦਾ ਸਮਾਂ ਹੈ। ਰਾਹ ਸਾਫ ਹੈ: ਗੁਰੂ ਦੇ ਮਾਰਗ ’ਤੇ ਵਾਪਸ ਆਓ, ਮਨ ਨੂੰ ਠੀਕ ਕਰੋ, ਡਰ ਖਤਮ ਕਰੋ, ਵਿਦਿਆ ਅਪਣਾਓ, ਸੰਵਾਦ ਕਰੋ ਤੇ ਬੋਧਿਕ ਲੀਡਰਸ਼ਿਪ ਉਸਾਰੋ। ਗੁਰੂਆਂ ਨੇ ਸਿੱਖਾਂ ਨੂੰ ਧਰਤੀ ਦੇ ਫਰਿਸ਼ਤੇ, ਮਨੁੱਖਤਾ ਦੇ ਰਾਖੇ, ਸੱਚ ਦੇ ਡਟਵੇਂ ਤੇ ਇਨਸਾਫ ਦੇ ਦੂਤ ਬਣਾਇਆ ਸੀ। ਕੌਮ ਨੂੰ ਅਨੁਸ਼ਾਸਨ ਤੇ ਇਕਜੁਟਤਾ ਨਾਲ ਇਸ ਰੁਹਾਨੀ ਮਿਸ਼ਨ ਨੂੰ ਮੁੜ ਹਾਸਲ ਕਰਨਾ ਚਾਹੀਦਾ ਹੈ।
ਤਦ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਅਸਲ ਸਤਿਕਾਰ ਹੋਵੇਗਾ – ਮਹਿੰਗੇ ਜਸ਼ਨਾਂ ਨਾਲ ਨਹੀਂ, ਸਗੋਂ ਉਨ੍ਹਾਂ ਅਸੂਲਾਂ ਨੂੰ ਜੀ ਕੇ ਜਿਨ੍ਹਾਂ ਦੀ ਰਾਖੀ ਲਈ ਉਹ ਸ਼ਹੀਦ ਹੋਏ। ਆਓ, ਤਿਲਕ-ਜਨੇਊ ਵਾਲਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਵਿਚਕਾਰ ਸਦੀਵੀ ਦੋਸਤੀ ਬਣਾਈਏ, ਜਿਸ ਦਾ ਜ਼ਿਕਰ ਇਸ ਸ਼ਬਦ ਵਿੱਚ ਹੈ:
“ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ। ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ।”
ਅਜਿਹੀ ਇਕਜੁਟਤਾ ਸਾਡੀ ਕੌਮ ਨੂੰ ਮਜ਼ਬੂਤ ਕਰੇਗੀ, ਆਤਮ-ਵਿਸ਼ਵਾਸ ਵਾਪਸ ਲਿਆਵੇਗੀ ਤੇ ਗਵਾਚੀ ਹੋਈ ਸ਼ਾਨ ਮੁੜ ਪ੍ਰਾਪਤ ਕਰਾਏਗੀ।
ਇਕਬਾਲ ਸਿੰਘ ਲਾਲਪੁਰਾ
ਸਾਬਕਾ ਚੇਅਰਮੈਨ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ
ਭਾਰਤ ਸਰਕਾਰ
![]()
