ਸ੍ਰੀ ਮੁਕਤਸਰ ਸਾਹਿਬ/ਏ.ਟੀ.ਨਿਊਜ਼: ਚਾਲੀ ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਾਘੀ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਹੀਆਂ ਹਨ। ਧਾਰਮਿਕ ਸਮਾਗਮਾਂ ਤਹਿਤ 12 ਜਨਵਰੀ 2026 ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਭੋਗ ਅੱਜ 14 ਜਨਵਰੀ ਨੂੰ ਮਾਘੀ ਵਾਲੇ ਦਿਨ ਪਾਏ ਗਏ।
ਅੱਜ ਹੀ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਧਾਰਮਿਕ ਦੀਵਾਨ ਸਜਾਏ ਗਏ ਹਨ, ਜਿਨਾਂ ’ਚ ਰਾਗੀ, ਢਾਡੀ ਤੇ ਵਿਦਵਾਨ ਗੁਰੂ ਜਸ, ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰ ਰਹੇ ਹਨ। ਧਾਰਮਿਕ ਸਮਾਗਮਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਜੱਥੇ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਉੱਚ ਕੋਟੀ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜੱਥੇ ਪਹੁੰਚ ਪਹੁੰਚ ਕੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਰਹੇ ਹਨ। ਭਲਕੇ 15 ਜਨਵਰੀ 2026 ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਤੇ 15 ਜਨਵਰੀ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ 11 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਤੋਂ ਇਲਾਵਾ 15 ਜਨਵਰੀ ਨੂੰ ਹੀ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਹੈ। ਸੰਗਤਾਂ ਦੀ ਸਹੂਲਤ ਲਈ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ।ਬਾਹਰੋਂ ਆਈ ਸੰਗਤ ਲਈ ਰਿਹਾਇਸ਼ ਅਤੇ ਲੰਗਰ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ । ਸ੍ਰੀ ਦਰਬਾਰ ਸਾਹਿਬ ਦੇ ਗੇਟਾਂ ਦੇ ਬਾਹਰ ਲਾਇਟਾਂ ਲਗਾਈਆਂ ਗਈਆਂ ਹਨ।
ਮਾਘੀ ਦਾ ਦਿਨ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਸੰਗਰਾਂਦ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਘਰਾਂ ’ਚ ਨਤਮਸਤਕ ਹੁੰਦੀ ਹੈ ਤੇ ਇਸ਼ਨਾਨ ਕਰਦੀ ਹੈ। ਇਸੇ ਤਹਿਤ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕੜਾਕੇ ਦੀ ਠੰਢ ਅਤੇ ਭਾਰੀ ਧੁੰਦ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਸੰਗਤ ਦੀ ਆਮਦ ਦੇਖੀ ਜਾ ਰਹੀ ਹੈ। ਰਵਾਇਤੀ ਤੌਰ ’ਤੇ ਇਹ ਮੇਲਾ 14 ਤੇ 15 ਜਨਵਰੀ ਦੋ ਦਿਨ ਚੱਲਦਾ ਹੈ ਪਰ ਮਲੋਟ ਰੋਡ ’ਤੇ ਮਨੋਰੰਜਨ ਮੇਲੇ ਦੇ ਕਾਰਨ ਕਰੀਬ ਦੋ ਮਹੀਨੇ ਤੱਕ ਸ੍ਰੀ ਮੁਕਤਸਰ ਸਾਹਿਬ ’ਚ ਮਾਘੀ ਮੇਲੇ ਦੀ ਰੌਣਕ ਲੱਗੀ ਰਹਿੰਦੀ ਹੈ। ਸੰਗਤ ਲੋਹੜੀ ਦੀ ਰਾਤ ਤੋਂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀ ਹੈ, ਪਰ ਮਾਘੀ ਦੀ ਸਵੇਰ 4 ਵਜੇ ਤੋਂ ਹੀ ਵੱਡੀ ਗਿਣਤੀ ’ਚ ਸੰਗਤ ਗੁਰਦੁਆਰਾ ਸਾਹਿਬ ਉਮੜਦੀ ਹੈ ਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰ ਕੇ ਚਾਲੀ ਮੁਕਤਿਆਂ ਨੂੰ ਨਮਨ ਕਰਦੀ ਹੈ। ਅੱਜ ਸੰਗਤ ਨੇ ਸਰੋਵਰ ਦੇ ਠੰਢੇ ਜਲ ਵਿੱਚ ‘ਵਾਹਿਗੁਰੂ ਵਾਹਿਗੁਰੂ’ ਦਾ ਜਾਪ ਕਰਦਿਆਂ ਇਸ਼ਨਾਨ ਕੀਤਾ। ਅੱਜ ਦੇ ਦਿਨ ਸੰਗਤ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰ ਰਹੀ ਹੈ। ਸੰਗਤ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਰਿਕਰਮਾ ਵਿੱਚ ਮੈਟ ਵਿਛਾਏ ਗਏ ਹਨ, ਸਾਈਨ ਬੋਰਡ ਲਗਾਏ ਗਏ ਹਨ ਅਤੇ ਮਾਰਗਦਰਸ਼ਨ ਲਈ ਸੇਵਾਦਾਰ ਤਾਇਨਾਤ ਕੀਤੇ ਗਏ ਹਨ।
ਇਸ ਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਕਾਨਫਰੰਸਾਂ ਵੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਮੰਤਰੀ ਅਤੇ ਸਿਆਸੀ ਆਗੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਰਹੇ ਹਨ। ਇਸ ਦੇ ਚੱਲਦਿਆਂ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕੀਤੇ ਗਏ ਹਨ ਅਤੇ ਕਈ ਥਾਵਾਂ ’ਤੇ ਪੁਲਿਸ ਵੱਲੋਂ ਆਵਾਜਾਈ ਲਈ ਰਾਹ ਡਾਈਵਰਟ ਕੀਤੇ ਗਏ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰੂ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਨੂੰ ਸੁੰਦਰ ਬਿਜਲਈ ਲੜੀਆਂ ਤੇ ਫੁੱਲਾਂ ਆਦਿ ਨਾਲ ਸਜਾਇਆ ਗਿਆ ਹੈ। ਓਧਰ ਪ੍ਰਸ਼ਾਸਨ ਵੱਲੋਂ ਵੀ ਮੇਲੇ ’ਤੇ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
![]()
