ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰੋ ਨਹੀਂ ਤਾਂ ਸਿਖ ਪੰਥ ਦੀ ਦੁੱਖਾਂ ਦੀ ਕਾਲ਼ੀ-ਬੋਲ਼ੀ ਰਾਤ ਮੁੱਕਣੀ ਨਹੀਂ

In ਮੁੱਖ ਲੇਖ
August 26, 2024
— ਗੁਰਤੇਜ ਸਿੰਘ ਆਈਏਐਸ: ਸ਼੍ਰੋਮਣੀ ਅਕਾਲੀ ਦਲ ਦੀ ਨਵ-ਸੁਰਜੀਤੀ ਬਾਰੇ ਜ਼ਿਕਰ ਪਿੱਛੇ (2024 ਵਿੱਚ) ਹੋਈਆਂ ਲੋਕ ਸਭਾ ਚੋਣਾਂ ਤੋ ਬਾਅਦ ਨਵੇਂ ਜੋਸ਼ ਨਾਲ ਹੋ ਰਿਹਾ ਹੈ। ਅਸਲੋਂ ਔਝੜ ਪਏ ਜਾਂ ਮੁੱਢੋਂ ਭੋਲ਼ੇ ਲੋਕਾਂ ਨੂੰ ਛੱਡ ਕੇ ਸਭ ਨੂੰ ਪਤਾ ਸੀ ਕਿ ਜਦੋਂ ਵੀ ‘ਅਕਾਲ ਚਲਾਣਾ’ ਕਰ ਚੁੱਕੇ ਅਕਾਲੀ ਦਲ ਨੂੰ ਸੁਰਜੀਤ ਕਰਨ ਦੀ ਗੱਲ ਚੱਲੇਗੀ ਤਾਂ ਅਕਾਲੀ ਦਲ ਦੇ ਆਈਨ ਤੋਂ ਹੀ ਸ਼ੁਰੂ ਹੋਵੇਗੀ। ਕਾਰਣ ਇਹ ਹੈ ਕਿ ਇਸਦੀ ਜਾਣ-ਬੁੱਝ ਕੇ ਕੀਤੀ ਤਬਾਹੀ ਵੇਲੇ ਵੀ ਸ਼ੁਰੂਆਤ ਦਲ ਦੇ ਪੌਣੀ ਸਦੀ ਪਹਿਲਾਂ ਬਣੇ ਆਈਨ ਨੂੰ ਨੇਸਤੋ-ਨਾਬੂਦ ਕਰ ਕੇ ਹੀ ਕੀਤੀ ਗਈ ਸੀ। ਸੋ ਅਮਰੀਕਾ, ਕਨੇਡਾ, ਯੂ. ਕੇ. ਦੇ ਗੁਰਸਿੱਖ ਹਮਦਰਦਾਂ ਨਾਲ ਰਲ ਕੇ ਦਿੱਲੀ ਅਤੇ ਪੰਜਾਬ ਦੇ ਕੁਝ ਜਾਗਰੂਕ ਲੋਕਾਂ ਨੇ ਕੋਵਿਡ ਦੇ ਵਿਹਲੇ ਦਿਨੀਂ ਕਰੜੀ ਮਿਹਨਤ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਅਜੋਕੀ ਵਿਸ਼ਵ-ਪੱਧਰੀ ਲੋਕ-ਰਾਜੀ ਸਿਆਸੀ ਸੋਚ ਦੀ ਪੁੱਠ ਦੇ ਕੇ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਤਿਆਰ ਕੀਤਾ। ਉਮੀਦ ਸੀ ਕਿ ਜਦੋਂ ਸਿੱਖ ਕੌਮ ਆਪਣੀ ਸਿਆਸੀ ਹੋਂਦ ਬਾਰੇ ਫ਼ਿਕਰ ਕਰਨਾ ਸ਼ੁਰੂ ਕਰੇਗੀ ਤਾਂ ਉਸ ਵੇਲੇ ਘੱਟੋ-ਘੱਟ ਆਈਨ ਦਾ ਇੱਕ ਨਿੱਗਰ ਸਰੂਪ (ਜਾਂ ਖਰੜਾ) ਤਾਂ ਉਸ ਕੋਲ ਹੋਵੇਗਾ ਅਤੇ ਇਉਂ ਕੀਮਤੀਂ ਸਮੇ ਦੀ ਬਹੁਤ ਬੱਚਤ ਹੋ ਜਾਵੇਗੀ। ਤਿਆਰ ਕੀਤੇ ਆਈਨ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਅੰਗੇਜ਼ੀ ਵਿੱਚ ਛਪਵਾ ਵੀ ਲਿਆ ਗਿਆ ਸੀ। ਸਿਆਸੀ ਲੋਕਾਂ ਦਾ ਧਿਆਨ ਖਿੱਚਣ ਲਈ ਇਸ ਨੂੰ ਕਈ ਪੰਥਕ ਇਕੱਠਾਂ ਵਿੱਚ ਵੰਡਿਆ ਗਿਆ। ਪੂਰੀ ਵਾਹ ਲਾ ਕੇ ਪ੍ਰਚਾਰ ਕੀਤਾ ਗਿਆ ਕਿ ਜੇ ਪੰਥ ਦੀ ਸੁਵੱਲੀ ਨਜ਼ਰ ਹੋ ਜਾਵੇ ਤਾਂ ਇਸ ਨੂੰ ਪ੍ਰਵਾਨ ਕਰ ਲਿਆ ਜਾਵੇ ਨਹੀਂ ਤਾਂ ਇਸ ਨੂੰ ਖਰੜਾ ਸਮਝ ਕੇ ਯੋਗ ਤਬਦੀਲੀਆਂ ਕਰ ਲਈਆਂ ਜਾਣ। ਪਰ ਸ਼ਾਇਦ “ਨਾ ਮੈ ਰੂਪੁ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ॥੧॥ਰਹਾਉ॥”(ਮਹਲਾ ੧, ਪੰਨਾ 750) ਗੁਰ-ਫੁਰਮਾਨ ਅਨੁਸਾਰ ਗੈਰ-ਸਿਆਸੀ ਲੋਕਾਂ ਵੱਲੋ ਆਇਆ ਜਾਣ ਕੇ ਕਿਸੇ ਨੇ ਇਸ ਵੱਲ ਤਵੱਜੋਂ ਤਾਂ ਕੀ ਦੇਣੀ ਸੀ, ਇਸ ਵਿਸ਼ੇ ਵੱਲ ਵੀ ਮਿਹਰ ਦੀ ਨਜ਼ਰ ਨਹੀਂ ਕੀਤੀ। ਕੌਮ ਦਾ ਧਿਆਨ ਸੰਵਿਧਾਨ ਦੀ ਅਹਿਮੀਅਤ ਵੱਲ ਖਿੱਚਣ ਲਈ ਇੱਕ ਹੋਰ ਹੱਥਲਾ ਹੰਭਲਾ ਮਾਰਿਆ ਜਾ ਰਿਹਾ ਹੈ। ਜਦੋਂ ਵੀ ਕੋਈ ਵੱਡਾ ਕਾਰਜ ਸਿਰੇ ਚਾੜ੍ਹਨਾ ਹੋਵੇ ਤਾਂ ਉਸ ਲਈ ਮੁੱਢਲੀ ਤਿਆਰੀ ਕਰਨੀ ਲਾਜ਼ਮੀ ਹੁੰਦੀ ਹੈ। ਅਮਰੀਕਾ ਨੇ 1776 ਵਿੱਚ ਸੰਵਿਧਾਨ ਬਣਾ ਕੇ ਮੁਲਕਾਂ ਦੀ ਕਤਾਰ ਵਿੱਚ ਸ਼ਮੂਲੀਅਤ ਕੀਤਾ ਅਤੇ ਹਿੰਦੋਸਤਾਨ ਨੇ 1946 ਵਿੱਚ ਹੀ ਵਿਧਾਨ-ਘੜਨੀ ਸਭਾ ਬਣਾ ਕੇ 1947 ਦੀ ਤਿਆਰੀ ਆਰੰਭ ਦਿੱਤੀ ਸੀ। ਏਸੇ ਤਰ੍ਹਾਂ ਕਾਰਲ ਮਾਰਕਸ ਨੇ ਆਪਣੀ ਕੌਮਿਊਨਿਸਟ ਮੈਨੀਫੈਸਟੋ ਨਾਲ ਲੈਸ ਕਰ ਕੇ ਹੀ ਕੌਮਿਊਨਿਸਟ ਪਾਰਟੀ ਨੂੰ ਸਿਆਸਤ ਵਿੱਚ ਠੇਲ੍ਹਿਆ ਸੀ। ਇਹ ਗੱਲ ਏਨੀਂ ਜਗਤ ਵਿਖਿਆਤ ਹੈ ਕਿ ਇਸ ਦੀ ਅਹਿਮੀਅਤ ਦੱਸਣ ਲੱਗਿਆਂ ਵੀ ਸੰਗ ਜਿਹੀ ਮਹਿਸੂਸ ਹੁੰਦੀ ਹੈ। ਜਿਨ੍ਹਾਂ ਦੇ ਗੁਰੂ ਨੇ ਪਹਿਲਾਂ ਗੁਰੂ ਗ੍ਰੰਥ ਤਿਆਰ ਕੀਤਾ ਅਤੇ ਫਿਰ ਖ਼ਾਲਸਾ ਸਾਜਿਆ, ਉਹਨਾਂ ਨੂੰ ਆਈਨ ਦੀ ਅਹਿਮੀਅਤ ਦੱਸਣ ਦੀ ਤਾਂ ਲੋੜ ਹੀ ਨਹੀਂ ਹੋਣੀ ਚਾਹੀਦੀ ਸੀ। ਸਮਝ ਨਹੀਂ ਸੀ ਆ ਰਹੀ ਕਿ ਕਿਉਂ ਲੋਕਾਂ ਦਾ ਧਿਆਨ ਵਿਧਾਨ ਦੀ ਘਾਟ ਵੱਲ ਨਹੀ ਜਾਂਦਾ। ਇੱਕ ਫੁਰਨਾ ਫੁਰਿਆ ਕਿ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਦੇ ਕਤਲ ਦੀ ਪ੍ਰਕਿਰਿਆ ਆਈਨ ਨੂੰ ਕਤਲ ਕਰ ਕੇ ਹੀ ਸ਼ੁਰੂ ਕੀਤੀ ਗਈ ਸੀ। ਅੱਜ ਇਸ ਦੇ ਸੰਵਿਧਾਨ ਨੂੰ ਕਤਲ ਕਰਨ ਦੀ ਸਾਖੀ ਵੀ ਸੁਹਿਰਦ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰੀਏ ਜਿਵੇਂ ‘ਅਕਾਲੀ ਦਲ ਕੇ ਅਕਾਲ ਚਲਾਣੇ ਕੀ ਸਾਖੀ’ ਕਦੇ ਪੇਸ਼ ਕੀਤੀ ਸੀ। ਸ਼ਾਇਦ ਕੋਈ ਤਵੱਜੋਂ ਦੇ ਸਕੇ। ਤੱਥ ਦੱਸਦੇ ਹਨ ਕਿ ਤਕਰੀਬਨ 1980 ਵਿੱਚ ਸਭ ਨੂੰ ਚਾਨਣ ਹੋ ਗਿਆ ਸੀ ਕਿ ਅਕਾਲੀ ਦਲ ਦੇ ਪਾਟੋਧਾੜ ਹੋਣ ਕਾਰਣ ਅਕਾਲੀ ਦਲ ਦਾ ਸੰਵਿਧਾਨ ਅਲੋਪ ਹੋ ਗਿਆ ਹੈ। ਦਰਅਸਲ ਫ਼ਤਹਿ ਸਿੰਘ ਦੇ ਸਿਆਸਤ ਵਿੱਚ ਦਾਖ਼ਲੇ ਨਾਲ ਇਹ ਅੱਖਰ-ਅੱਖਰ ਕਰ ਕੇ ਖੁਰਨਾ ਸ਼ੁਰੂ ਹੋ ਚੁੱਕਾ ਸੀ। 1980 ਵਾਲਾ ਦਲ ਦੋਫਾੜ ਹੋਣਾ ਆਈਨ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਸੀ। ਇਸ ਤੋਂ ਬਾਅਦ ਤਾਂ ਦਲ-ਦਲ ਹੀ ਬਣ ਗਈ। ਬਣਦੀ ਵੀ ਕਿਉਂ ਨਾ! ਆਈਨ ਦੀ ਤਾਂ ਲੋੜ ਨਹੀਂ ਸੀ। ਜਿਸ ਨੇ ਢਾਈ ਟੋਟਰੂ ਇਕੱਠੇ ਕਰ ਲਏ ਦਲ ਬਣਾ ਬੈਠਾ। ਇਉਂ ਬਾਦਲ ਦਲ, ਬਰਨਾਲਾ ਦਲ, ਅਮਰਿੰਦਰ ਦਲ, ਬਾਬਾ ਦਲ, ਪੰਚ-ਪ੍ਰਧਾਨੀ ਦਲ, ਪੰਥਕ ਅਕਾਲੀ ਦਲ, ਅਕਾਲੀ ਦਲ ਲੋਂਗੋਵਾਲ, ਮਾਨ ਦਲ, ਸੰਯੁਕਤ ਦਲ, ਮਨਜੀਤ ਸਿੰਘ ਦਲ, …… ਆਦਿ ਹੋਂਦ ਵਿੱਚ ਆ ਗਏ। ਸੰਵਿਧਾਨ ਕਿਸੇ ਨਾ ਬਣਾਇਆ, ਨਾ ਲੋੜ ਸਮਝੀ। ਜਿਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਦੱਬ ਕੇ ਘੱਟਾ ਪਾਉਣਾ ਸੀ ਉਹਨਾਂ ਕਾਗ਼ਜ਼ਾਂ ਵਿੱਚ ਦੋ-ਦੋ ਵਿਧਾਨ ਘੜ ਲਏ। ਕਾਗ਼ਜ਼ ਦੇ ਪੁਤਲਿਆਂ ਵਾਂਗ ਇਹ ਕਦੇ ਅਸਰ-ਅੰਦਾਜ਼ ਨਾ ਹੋਏ ਪਰ ਆਪਣੀ ਮਾਈ-ਬਾਪ ਬਣੀ ਕੇਂਦਰੀ ਸਰਕਾਰ ਦੇ ਕਾਗਜ਼ਾਂ ਦਾ ਢਿੱਡ ਭਰਨ ਲਈ ਕਾਫ਼ੀ ਸਨ। ਇਸ ਘੱਟਾ-ਪਾਊ ਅਮਲ ਦੀ ਸ਼ੁਰੂਆਤ ਕਰਦਿਆਂ ਸੰਤ ਹਰਚੰਦ ਸਿੰਘ ਨੇ ਫ਼ਰੀਦਕੋਟ ਦੇ ਬਲਬੀਰ ਸਿੰਘ ਬਰਾੜ ਅਧੀਨ ਆਈਨ ਘੜਨ ਲਈ ਇੱਕ ਕਮੇਟੀ ਸਤੰਬਰ 1980 ਵਿੱਚ ਬਣਾਈ। ਉਸ ਨੇ ਮਈ 17, 1981 ਦੇ ਜਨਰਲ ਇਜਲਾਸ ਵਿੱਚ ਆਈਨ ਦਾ ਖਰੜਾ ਪੇਸ਼ ਕਰ ਦਿੱਤਾ। ਸੰਤ ਲੋਂਗੋਵਾਲ ਨੇ ਤੁਰੰਤ 2000 ਦੀ ਗਿਣਤੀ ਵਿੱਚ ਛਾਪ ਲਿਆ। ਪਰ ਇਸ ਵਿੱਚ ਅਨੇਕਾਂ ਗ਼ਲਤੀਆਂ ਸਨ, ਇਸ ਲਈ ਤੁਰੰਤ ਰੱਦ ਕਰ ਦਿੱਤਾ ਗਿਆ। ਫੇਰ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ। ਇਹਨੀ ਦਿਨੀਂ ਭਰਪੂਰ ਸਿੰਘ ਬਲਬੀਰ ਨੇ ਵੀ ਇੱਕ ਆਈਨ ਘੜ ਕੇ ਆਪਣਾ ਯੋਗਦਾਨ ਪਾਇਆ। ਪਰ ਸਹਿਮਤੀ ਕਿਸੇ ਖਰੜੇ ਉੱਤੇ ਨਾ ਹੋ ਸਕੀ। ਸੰਤ ਲੋਂਗੋਵਾਲ ਨੇ ਮੋਰਚੇ ਦੇ ਖ਼ਾਤਮੇ ਤੋਂ ਤਿੰਨ ਦਿਨ ਬਾਅਦ ਸਭਾ ਬੁਲਾ ਕੇ ਵਿਧਾਨ ਨੂੰ ਮਨਜ਼ੂਰੀ ਦੇਣ ਦਾ ਐਲਾਨ ਕਰ ਦਿੱਤਾ। ਪਰ ਮੋਰਚੇ ਦਾ ਅੰਤ ਹੋਇਆ ਤੋਪਾਂ ਦੇ ਗੋਲ਼ਿਆਂ, ਕਤਲੋਗਾਰਤ ਨਾਲ। ਕਲਮਾਂ, ਕਾਗ਼ਜ਼ ਅਤੇ ਨੇਕ ਇਰਾਦੇ ਸਭ ਧੂ-ਧੂ ਕਰ ਕੇ ਬਲ-ਮੱਚ ਗਏ। 1985 ਵਿੱਚ ਬਰਨਾਲਾ ਦਲ ਨਾਂਅ ਹੇਠ ਸਰਕਾਰ ਬਣ ਗਈ। ਰਾਜੀਵ ਗਾਂਧੀ ਦੇ ਥਾਪੜੇ ਨਾਲ ਬਣੀ ਸੀ, ਇਸ ਲਈ ਕਿਸੇ ਨਾ ਵਿਚਾਰਿਆ ਕਿ ਸੰਵਿਧਾਨ ਕੀ ਸ਼ੈਅ ਹੁੰਦੀ ਹੈ। ਬਰਨਾਲਾ ਸਰਕਾਰ ਦੀਆਂ ਕਰਤੂਤਾਂ ਕਾਰਣ 1986 ਵਿੱਚ ਇੱਕ ਵਾਰ ਫੇਰ ਅਕਾਲੀ ਦਲ ਦੋਫਾੜ ਹੋ ਗਿਆ। ਜੂਨ 4, 1986 ਨੂੰ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਬਣ ਗਿਆ ਅਤੇ ਇਸ ਤੋਂ ਬਾਅਦ ਕਈ ਉਤਰਾਅ-ਚੜਾਅ ਫੇਰ ਵੀ ਆਏ ਪਰ ਕਾਗ਼ਜ਼ੀ ਸੰਵਿਧਾਨਾਂ ਤੋਂ ਅਗਾਂਹ ਕਦੇ ਕਿਸੇ ਸੰਵਿਧਾਨ ਦੀ ਲੋੜ ਹੀ ਨਾ ਸਮਝੀ ਗਈ। ਫਰਵਰੀ 1987 ਵਿੱਚ ਸਿੰਘ ਸਾਹਿਬ ਦਰਸ਼ਨ ਸਿੰਘ ਜੀ ਨੇ ਨੌਂ ਮੈਂਬਰੀ ਕਮੇਟੀ ਬਣਾ ਕੇ ਸੰਵਿਧਾਨ ਵਾਲਾ ਫਸਤਾ ਹੀ ਵੱਢ ਦਿੱਤਾ। ਇਸ ਤੋਂ ਬਾਅਦ ਜੇਲ ਅੰਦਰ ਮਾਨ ਦਲ ਅਤੇ ਬਾਹਰ ਬਾਬਾ ਜੋਗਿੰਦਰ ਸਿੰਘ ਦਲ ਬਿਨਾ ਆਈਨ ਤੋਂ ਧੜੱਲੇ ਨਾਲ ਚੱਲਦੇ ਰਹੇ। ਇਹਨੀਂ ਦਿਨੀਂ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਮੈਨੂੰ (ਲੇਖਕ ਨੂੰ) ਵੀ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ, ਇੱਕ ਭੈਣ ਅਤੇ ਇੱਕ ਬਜ਼ੁਰਗ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਹੋਣਾ ਪੈ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਸਮਝ ਕੇ ਹੀ ਭਰਤੀ ਹੋਇਆ ਅਤੇ ਇਸੇ ਨਾਂਅ ਹੇਠ ਚਿੱਠੀ-ਪੱਤਰ ਲਾਈ ਕਾਗ਼ਜ਼ਾਤ ਛਾਪ ਲਏ। ਪਰ ਕਲਕੱਤੇ ਪ੍ਰੈਸ ਕਲੱਬ ਵਿੱਚ ਬਿਆਨ ਜਾਰੀ ਕਰਨ ਲਈ ਤਿਆਰ ਹੋ ਕੇ ਆਇਆ ਤਾਂ ਪਤਾ ਚੱਲਿਆ ਕਿ ਮੈ ‘ਮਾਨ ਦਲ’ ਵਿੱਚ ਸ਼ਾਮਲ ਸਾਂ। ਕਾਫ਼ੀ ਹੀਲ-ਹੁੱਜਤ ਕੀਤੀ ਪਰ ਉਸ ਵੇਲੇ ਦੇ ਮਹਾਨਤਮ ਅਕਾਲੀ, ਜਸਟਿਸ ਅਜੀਤ ਸਿੰਘ ਬੈਂਸ ਦੇ ਹੁਕਮ ਉੱਤੇ ਸਮਾਂ ਲੰਘਾਉਣ ਲਈ ਪ੍ਰੈੱਸ ਮਿਲਣੀ ਵਿੱਚ ਚੁੱਪ ਕਰ ਰਿਹਾ। ਬਾਅਦ ਵਿੱਚ ਜੱਜ ਸਾਹਬ ਦੀ ਜੱਜਮੈਂਟ ਆਈ ਕਿ ਦਲ ਇਵੇਂ ਹੀ ਕਿਸੇ ਨਾ ਕਿਸੇ ਨਾਂਅ ਨਾਲ ਚਲਾਉਣ ਦਾ ਰਿਵਾਜ ਹੈ। ਮਾਨ ਦਲ ਵੀ ਇਵੇਂ ਚੱਲੇਗਾ। ਮੈਂ ਅਪੀਲ ਕੀਤੀ। ਮਾਨ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਸਲਾਹ ਦਿੱਤੀ ਕਿ ਸ੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਭਰਤੀ ਕਰਕੇ ਚੋਣਾਂ ਕਰਵਾਈਆਂ ਜਾਣ। ਇਉਂ ਅਸੀਂ ਏਸ਼ੀਆ ਦੀ ਸਭ ਤੋ ਵੱਧ ਲੋਕਰਾਜੀ ਤਨਜ਼ੀਮ ਬਣ ਉੱਭਰ ਸਕਦੇ ਸਾਂ। ਇਸ ਚੱਕਰ ਵਿੱਚ, ‘ਮਾਨ ਦਲ’, ਜਿਸ ਨੂੰ ਮੈਂ ਕਦੇ ਮਾਨਤਾ ਹੀ ਨਹੀਂ ਸੀ ਦਿੱਤੀ, ਵਿੱਚੋਂ ਸ. ਸੁਖਿੰਦਰ ਸਿੰਘ ਸਮੇਤ ‘ਸਸਪੈਂਡ’ ਹੋਣਾ ਪਿਆ। ਫੇਰ ਕਦੇ ਮੁੜ ਕੇ ਨਾ ਵੇਖਿਆ। ਨੱਬਵਿਆਂ ਵਿੱਚ ਕੁਝ ਦੋਸਤਾਂ ਦੀ ਮਦਦ ਨਾਲ ਅਕਾਲੀ ਦਲ ਦੀ ਭਰਤੀ ਅਤੇ ਚੋਣਾਂ ਕਰਵਾਉਣ ਦੇ ਹੱਕ ਵਿੱਚ ਜ਼ਬਰਦਸਤ ਅਖ਼ਬਾਰੀ ਮੁਹਿੰਮ ਚਲਾਈ। ਉਹ ਕਿਸੇ ਹੱਦ ਤੱਕ ਸਫ਼ਲ ਵੀ ਹੋਈ। ਸਾਰੇ ਦਲਾਂ ਨੇ ਤਕਰੀਬਨ 25-30 ਲੱਖ ਤੱਕ ਦੀ ਭਰਤੀ ਕਰ ਲਈ। ਭਰਤੀ ਅਨੁਸਾਰ ਚੋਣਾਂ ਕਿਸੇ ਨਾ ਕਰਵਾਈਆਂ। ਪ੍ਰਧਾਨ ਉਹੀ ਬਣੇ ਰਹੇ। ਦੋ-ਦੋ ਸਕੱਤਰ, ਕਈ-ਕਈ ਵਾਈਸ ਪ੍ਰਧਾਨ, ਇੱਕ-ਇੱਕ ਸਕੱਤਰ ਜਨਰਲ ਸਭ ਨੇ ਥਾਪ ਲਏ। ਪਰ ਖਜ਼ਾਨਚੀ ਕਿਸੇ ਇੱਕ ਨੇ ਵੀ ਨਾ ਬਣਾਇਆ, ਨਾ ਹੀ ਅੱਜ ਤੱਕ ਕੋਈ ਹੈ। ਗੁਰੂ ਦੀ ਐਸੀ ਮਿਹਰ ਹੋਈ ਕਿ ਭਰਤੀ ਅਨੁਸਾਰ ਸਾਰੇ ਅਕਾਲੀ ਦਲਾਂ ਦੇ ਸਾਰੇ ਮੈਂਬਰਾਂ ਦੀ ਗਿਣਤੀ ਪੰਜਾਬ ਵਿੱਚ ਵੱਸਦੇ ਸਿੱਖਾਂ ਦੀ ਗਿਣਤੀ ਤੋਂ ਵੀ ਵਧ ਗਈ। ਖ਼ਜ਼ਾਨਚੀ ਅਤੇ ਵਿਧਾਨ ਤੋਂ ਬਿਨਾਂ ਅੱਜ ਤੱਕ ਸਾਰੇ ਦਲ ਚੱਲ ਰਹੇ ਹਨ। ਕਈ ਵਾਰ ਇੱਕ ਦੂਜੇ ਵਿੱਚ ਵਿਲੀਨ ਹੋਏ ਪਰ ਸਮਾਂ ਪੈ ਕੇ ਫੇਰ ਸਬੂਤੇ ਹੀ ਦੁਬਾਰਾ ਕਾਇਮ ਹੋ ਗਏ। ਹਾਸੇ-ਠੱਠੇ ਲਈ ਤਾਂ ਇਹ ਵਾਹਵਾ ਮੌਜੂ ਲੱਗਦਾ ਹੈ ਪਰ ਯਥਾਰਥ ਵਜੋਂ ਬਹੁਤ ਹੀ ਨਮੋਸ਼ੀ ਦਾ ਆਲਮ ਹੈ ਕਿ ਸਿੱਖ ਸਿਆਸਤ ਬਿਨਾ ਧੁਰੇ ਤੋਂ ਹੀ ਚੱਲ ਰਹੀ ਹੈ — ਤਕਰੀਬਨ ਅੱਧੀ ਸਦੀ ਤੋਂ। ਸਾਡੀ ਪੀੜ੍ਹੀ ਦੇ ਦੌਰਾਨ ਸਿੱਖਾਂ ਉੱਤੇ ਅਸਹਿ ਜ਼ੁਲਮ ਹੋਏ ਪਰ ਪੱਕੀ-ਪੀਢੀ ਪੁਖ਼ਤਾ ਸਿਆਸੀ ਤਨਜ਼ੀਮ ਨਾ ਹੋਣ ਕਾਰਣ ਸਭ ਕੁਝ ਉੱਤੇ ਪਰਦਾ ਪੈ ਗਿਆ। ਯਕੀਨਨ, ਲੋਕਾਂ ਉੱਤੇ ਜ਼ੁਲਮ ਇਸ ਲਈ ਹੋਏ ਕਿ ਉਹਨਾਂ ਦੀ ਕੋਈ ਸਿਆਸੀ ਤਨਜ਼ੀਮ ਨਹੀਂ ਸੀ। ‘ਖੜਗ ਕਾਠ ਜਿਨ ਤਜਿਓ…..॥ ਇੱਕ ਵਾਰ ਫੇਰ ਆਪਣੀ ਕੌਮ ਨੂੰ ਅਪੀਲ ਹੈ ਕਿ ਲੋਕ-ਰਾਜੀ ਲੀਹਾਂ ਉੱਤੇ ਆਈਨ ਸਿਰਜ ਕੇ ਇੱਕ ਨਿੱਗਰ ਸਿਆਸੀ ਤਨਜ਼ੀਮ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਸੁਰਜੀਤ ਕਰੋ ਨਹੀਂ ਤਾਂ ਇਹ ਦੁੱਖਾਂ ਦੀ ਕਾਲ਼ੀ-ਬੋਲ਼ੀ ਰਾਤ ਮੁੱਕਣੀ ਨਹੀਂ। ਆਪਣੇ ਝਮੇਲਿਆਂ ਵਿੱਚੋਂ ਨਿਕਲ ਕੇ ਗੁਰੂ ਗ੍ਰੰਥ ਦਾ ਚਾਨਣ ਸੰਸਾਰ ਵਿੱਚ ਫੈਲਾਉ। ਸੰਸਾਰ ਸੁਖਦ ਸੁਨੇਹੇ ਨੂੰ ਉਡੀਕ ਰਿਹਾ ਹੈ। ਤਰਸ ਕਰੋ ਆਪਣੇ-ਆਪ ਉੱਤੇ ਅਤੇ ‘ਹੈ ਹੈ ਕਰਦੀ’ ਲੁਕਾਈ ਉੱਤੇ। ਸੰਵਿਧਾਨ ਬਿਨਾ ਕੋਈ ਤਨਜ਼ੀਮ ਨਹੀ ਉਸਰ ਸਕਦੀ ਅਤੇ ਤਨਜ਼ੀਮ ਬਿਨਾ ਤਬਾਹੀ ਤੇ ਬਰਬਾਦੀ ਤੋਂ ਬਿਨਾ ਕੁਝ ਹਾਸਲ ਨਹੀਂ ਹੋ ਸਕਦਾ। ਇੱਕੀਵੀਂ ਸਦੀ ਇੱਕ ਚੌਥਾਈ ਬੀਤ ਚੁੱਕੀ ਹੈ। ਜਾਗਣ ਦਾ ਵੇਲਾ ਹੈ। ਸੱਚੇ ਸਾਹਿਬ ਦਾ ਫੁਰਮਾਨ ਹੈ: “ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥” (ਮਹਲਾ ੩) (ਪੰਨਾ 34)

Loading