ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਦਿਨੀਂ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵ੍ਹਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਉੱਚ ਨੇਤਾਵਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ੍ਹਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ।
ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਲਰੂਮ ਵਿੱਚ ਜਦੋਂ ਸੈਂਕੜੇ ਪੱਤਰਕਾਰ ਅਤੇ ਮਹਿਮਾਨ ਰਾਤਰੀ ਭੋਜ ਦਾ ਅਨੰਦ ਲੈ ਰਹੇ ਸਨ, ਤਾਂ ਅਚਾਨਕ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਆਈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇੱਕ ਹਮਲਾਵਰ ਨੇ ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਤੁਰੰਤ ਬਾਅਦ ਪੂਰੇ ਹਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਪਰ ਬੁਲੇਟ-ਪਰੂਫ ਜੈਕਟ ਹੋਣ ਕਾਰਨ ਉਸ ਦੀ ਜਾਨ ਬਚ ਗਈ।
ਹਾਲ ਦੇ ਅੰਦਰ ਮੌਜੂਦ ਚਸ਼ਮਦੀਦਾਂ ਅਨੁਸਾਰ, ਗੋਲੀਆਂ ਦੀ ਆਵਾਜ਼ ਸੁਣਦੇ ਹੀ ਮਹਿਮਾਨਾਂ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਦੇ ਹੇਠਾਂ ਲੁਕ ਗਏ। ਜਦੋਂ ਸੀਕਰੇਟ ਸਰਵਿਸ ਦੇ ਏਜੰਟ ਰਾਸ਼ਟਰਪਤੀ ਟਰੰਪ ਨੂੰ ਬਾਹਰ ਲੈ ਕੇ ਜਾ ਰਹੇ ਸਨ, ਤਾਂ ਹਾਲ ਦੇ ਇੱਕ ਕੋਨੇ ਤੋਂ ‘ਗੌਡ ਬਲੈੱਸ ਅਮਰੀਕਾ’ ਦੇ ਨਾਅਰੇ ਵੀ ਗੂੰਜੇ। ਘਟਨਾ ਦੇ ਗੰਭੀਰ ਰੁਖ਼ ਨੂੰ ਦੇਖਦੇ ਹੋਏ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ।
![]()
