ਪਰਮਜੀਤ ਢੀਂਗਰਾ
ਖਾੜੀ ਯੁੱਧ ਬਾਰੇ ਬਹੁਤ ਸਾਰੇ ਚਿੰਤਕ ਤੇ ਵਿਸ਼ਲੇਸ਼ਕ ਇਹ ਸਵਾਲ ਖੜ੍ਹੇ ਕਰ ਰਹੇ ਹਨ ਕਿ ਆਖ਼ਰ ਇਹ ਯੁੱਧ ਲੜਨ ਦੇ ਕੀ ਮਾਅਨੇ ਹਨ? ਕੀ ਅਮਰੀਕਾ ਦੀ ਕੋਈ ਅੰਦਰੂਨੀ ਸਮੱਸਿਆ ਸੀ ਜਾਂ ਇਜ਼ਰਾਇਲ ਦੀ ਇਰਾਨ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ? ਦੁਨੀਆ ਭਰ ਵਿੱਚ ਇਸ ਯੁੱਧ ਦੇ ਵਿਸ਼ਲੇਸ਼ਣ ਬਾਰੇ ਬਿਰਤਾਂਤ ਸਿਰਜੇ ਜਾ ਰਹੇ ਹਨ। ‘ਤੁਹਾਨੂੰ ਸ਼ਾਇਦ ਯੁੱਧ ਦੀ ਲੋੜ ਨਹੀਂ, ਪਰ ਯੁੱਧ ਨੂੰ ਤੁਹਾਡੀ ਲੋੜ ਹੈ’, ਲਿਓਨ ਤ੍ਰੋਤਸਕੀ ਦੀ ਇਹ ਪੰਕਤੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੁੱਧ ਦੇ ਸਿੱਟਿਆਂ ਨੂੰ ਕਿਵੇਂ ਲਿਆ। ਮੂਲ ਰੂਪ ਵਿੱਚ ਇਸ ਸਮੱਸਿਆ ਪਿੱਛੇ ਇਹ ਲਾਲਸਾ ਲੁਕੀ ਹੋਈ ਹੈ ਕਿ ਦੂਜੇ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਕਿਵੇਂ ਹਥਿਆਉਣਾ ਹੈ। ਇਸ ਦੌੜ ਵਿੱਚ ਅਮਰੀਕਾ ਦੀ ਅਸਲੀ ਨੀਤੀ ਤੇ ਸਿਆਸਤ ਦੀ ਘੋਖ ਕਰਨੀ ਜ਼ਰੂਰੀ ਹੈ।
ਡੋਨਾਲਡ ਟਰੰਪ ਨੇ ਜਦੋਂ ਯੁੱਧ ਦਾ ਐਲਾਨ ਕੀਤਾ ਤਾਂ ਉਸ ਦੀ ਇਹ ਧਾਰਨਾ ਬੜੀ ਬਲਵਾਨ ਸੀ ਕਿ ਇਰਾਨ ਵਰਗੇ ਮੁਲਕ ਨੂੰ ਝੁਕਾਉਣਾ ਸੌਖੀ ਜਿਹੀ ਗੱਲ ਹੈ ਤੇ ਦੋ-ਚਾਰ ਦਿਨਾਂ ਦੀ ਜੰਗ ਤੋਂ ਬਾਅਦ ਇਰਾਨ ਨੇ ਖ਼ੁਦ ਝੁਕ ਜਾਣਾ ਹੈ। ਦਰਅਸਲ, ਉਸ ਨੂੰ ਇਹ ਆਸ ਵੀ ਸੀ ਕਿ ਨਾਟੋ ਦੇ ਮੁਲਕ ਤੇ ਯੂਰੋਪੀਅਨ ਯੂਨੀਅਨ ਦੇ ਨਾਲ-ਨਾਲ ਖਾੜੀ ਦੇ ਉਹ ਮੁਲਕ, ਜੋ ਉਸ ਦੇ ਦਾਬੇ ਹੇਠ ਹਨ, ਇਸ ਯੁੱਧ ਨੂੰ ਤੁਰੰਤ ਫ਼ੈਸਲਾਕੁੰਨ ਮੋੜ ’ਤੇ ਪਹੁੰਚਾ ਦੇਣਗੇ, ਪਰ ਹੋਇਆ ਇਸ ਤੋਂ ਉਲਟ। ਨਾਟੋ ਦੇਸ਼ਾਂ, ਯੂਰੋਪੀਅਨ ਯੂਨੀਅਨ ਤੇ ਅਮਰੀਕੀ ਡੈਮੋਕ੍ਰੈਟਸ ਨੇ ਜਿਵੇਂ ਇਸ ਦਾ ਵਿਰੋਧ ਕੀਤਾ, ਇਹ ਭਵਿੱਖ ਵਿੱਚ ਯੁੱਧ ਮਾਨਸਿਕਤਾ ਲਈ ਇੱਕ ਸਬਕ ਹੈ।
ਅਮਰੀਕੀ ਸੰਸਦ ਮੈਂਬਰਾਂ ਤੇ ਲੋਕਾਂ ਨੇ ਵੱਲੋਂ ਕੀਤੇ ਗਏ ਵਿਰੋਧ ਕਾਰਨ ਡੋਨਾਲਡ ਟਰੰਪ ਆਪਣੇ ਆਪ ਵਿੱਚ ਇਕੱਲਾ ਪੈ ਗਿਆ। ਖਾੜੀ ਦੇ ਮੁਲਕਾਂ ਨੂੰ ਇਰਾਨੀ ਹਮਲਿਆਂ ਤੋਂ ਬਾਅਦ ਇਸ ਗੱਲ ਦੀ ਸੋਝੀ ਆ ਗਈ ਕਿ ਉਹ ਅਮਰੀਕੀ ਸੋਚ ਤੇ ਨੀਤੀ ਵਿੱਚ ਫਸ ਕੇ ਆਪਣਾ ਨੁਕਸਾਨ ਕਰਵਾ ਰਹੇ ਹਨ, ਪਰ ਹੁਣ ਇਸ ਦਾ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ। ਉਹ ਚਾਹੁੰਦੇ ਸਨ ਕਿ ਜਿੰਨੀ ਜਲਦੀ ਜੰਗਬੰਦੀ ਹੋਵੇ ਓਨਾ ਚੰਗਾ ਹੈ, ਪਰ ਟਰੰਪ ਲਈ ਅਜਿਹਾ ਕਰਨਾ ਮੁਮਕਿਨ ਨਹੀਂ ਸੀ। ਉਸ ਦੀ ਜ਼ਿੱਦ ਤੇ ਅੜੀਅਲ ਵਤੀਰੇ ਕਰ ਕੇ ਪੂਰੀ ਦੁਨੀਆ ਸੰਕਟ ਵਿੱਚ ਘਿਰਦੀ ਜਾ ਰਹੀ ਸੀ। ਰੂਸ ਨੇ ਇਰਾਨ ਦੀ ਪਿੱਠ ਥਾਪੜੀ ਤਾਂ ਇਸ ਤੋਂ ਟਰੰਪ ਦੀ ਚਿੜ ਹੋਰ ਵਧ ਗਈ।
ਚੀਨ ਭਾਵੇਂ ਜ਼ਾਹਰਾ ਤੌਰ ਉੱਤੇ ਜੰਗ ਵਿੱਚ ਸ਼ਾਮਿਲ ਨਹੀਂ, ਪਰ ਪਰਦੇ ਪਿੱਛੇ ਉਸ ਦੀ ਭੂਮਿਕਾ ਇਰਾਨ ਦੇ ਹੱਕ ਵਿੱਚ ਭੁਗਤ ਰਹੀ ਸੀ। ਅਜਿਹੇ ਹਾਲਾਤ ਵਿੱਚ ਜਦੋਂ ਨਾਟੋ ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਨੇ ਇਸ ਯੁੱਧ ਨੂੰ ਇਰਾਨ ਵਿਰੁੱਧ ਧੱਕੇਸ਼ਾਹੀ ਕਰਾਰ ਦੇ ਦਿੱਤਾ ਤਾਂ ਦੁਨੀਆ ਵਿੱਚ ਇਸ ਯੁੱਧ ’ਤੇ ਅਨੇਕਾਂ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ। ਭਾਰਤੀ ਪ੍ਰਧਾਨ ਮੰਤਰੀ ਦੇ ਯੁੱਧ ਤੋਂ ਇੱਕ ਦਿਨ ਪਹਿਲਾਂ ਇਜ਼ਰਾਇਲ ਜਾਣ ਤੇ ਮਾਣ-ਸਨਮਾਨ ਲੈਣ ਨਾਲ ਭਾਰਤੀ ਵਿਦੇਸ਼ ਨੀਤੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ। ਇਸ ਯੁੱਧ ਦੌਰਾਨ ਇਹ ਗੱਲ ਵਿਸ਼ੇਸ਼ ਤੌਰ ਉੱਤੇ ਉਭਰੀ ਕਿ ਕੀ ਦੁਨੀਆ ਵਿੱਚ ਕੋਈ ਨਵੀਂ ਸਫ਼ਬੰਦੀ ਹੋ ਰਹੀ ਹੈ? ਹਰ ਮੁਲਕ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਯੁੱਧ ਵੱਲ ਦੇਖ ਰਿਹਾ ਸੀ। ਦੂਜੀ ਆਲਮੀ ਜੰਗ ਤੋਂ ਬਾਅਦ ਅਮਰੀਕਾ ਜਿਵੇਂ ਦੁਨੀਆ ਵਿੱਚ ਮਹਾਸ਼ਕਤੀ ਬਣ ਕੇ ਥਾਣੇਦਾਰੀ ਕਰਦਾ ਆ ਰਿਹਾ ਹੈ, ਉਹਦੇ ਲਈ ਇਹ ਵੱਡੀ ਚੁਣੌਤੀ ਸੀ। ਚੀਨ ਵਰਗਾ ਵਪਾਰੀ ਮੁਲਕ ਬੋਚ ਬੋਚ ਕੇ ਪੈਰ ਰੱਖ ਰਿਹਾ ਸੀ ਕਿਉਂਕਿ ਦੁਨੀਆ ਦੀ ਮੰਡੀ ਵਿੱਚ ਉਹਦੀ ਵੱਡੀ ਹਿੱਸੇਦਾਰੀ ਹੈ। ਉਹ ਇਸ ਯੁੱਧ ਖ਼ਾਤਰ ਆਪਣੀ ਮੰਡੀ ਤੇ ਮੁਨਾਫ਼ੇ ਨੂੰ ਗੁਆਉਣਾ ਨਹੀਂ ਚਾਹੁੰਦਾ। ਰੂਸ ਉਂਜ ਹੀ ਯੂਕਰੇਨ ਜੰਗ ਵਿੱਚ ਉਲਝਿਆ ਪਿਆ ਹੈ। ਇਹ ਉਹਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਉਹ ਚਾਹੁੰਦਾ ਹੈ ਕਿ ਹੁਣ ਇਹਦਾ ਵੀ ਨਿਬੇੜਾ ਹੋ ਜਾਵੇ।
ਖਾੜੀ ਯੁੱਧ ਵਿੱਚ ਅਮਰੀਕੀ ਪਹੁੰਚ ਦਾ ਸਭ ਤੋਂ ਨਕਾਰਾਤਮਕ ਪੱਖ ਇਹ ਹੈ ਕਿ ਉਹ ਇਰਾਨ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਸਮਝ ਨਹੀਂ ਸਕਿਆ। ਯੁੱਧ ਨੀਤੀਆਂ ਬਾਰੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਦੁਸ਼ਮਣ ਬਾਰੇ ਤੁਹਾਨੂੰ ਮੁਕੰਮਲ ਸਮਝ ਹੋਣੀ ਚਾਹੀਦੀ ਹੈ। ਹਾਲਾਂਕਿ, ਇਰਾਨ ਦੀ ਅੰਦਰੂਨੀ ਹਾਲਤ 1980ਵਿਆਂ ਦੇ ਇਨਕਲਾਬ ਮਗਰੋਂ ਜਿਵੇਂ ਇਸਲਾਮਿਕ ਢਾਂਚੇ ਵਿੱਚ ਢਲ ਗਈ, ਉਸ ਨੇ ਉੱਥੇ ਕਈ ਸਮੱਸਿਆਵਾਂ ਤੇ ਚੁਣੌਤੀਆਂ ਵੀ ਪੈਦਾ ਕੀਤੀਆਂ। ਘਰੇਲੂ ਮੁਹਾਜ਼ ’ਤੇ ਇਰਾਨ ਲੰਮੇ ਸਮੇਂ ਤੋਂ ਇਨ੍ਹਾਂ ਨਾਲ ਜੂਝ ਰਿਹਾ ਹੈ, ਪਰ ਯੁੱਧ ਨੇ ਉੱਥੇ ਵਿਰੋਧੀਆਂ ਵਿੱਚ ਵੀ ਰਾਸ਼ਟਰ ਤੇ ਦੇਸ਼ ਭਗਤੀ ਦੇ ਜੋਸ਼ ਨੂੰ ਜਿਵੇਂ ਉਬਾਲਾ ਦਿੱਤਾ। ਮੁਸ਼ਕਿਲ ਸਮੇਂ ਉਨ੍ਹਾਂ ਲਈ ਨਿੱਜੀ ਵੈਰ-ਵਿਰੋਧ ਜਾਂ ਸਰਕਾਰ ਪ੍ਰਤੀ ਗੁੱਸਾ ਦੇਸ਼ ਦੀ ਆਨ-ਸ਼ਾਨ ਸਾਹਮਣੇ ਤੁੱਛ ਹੈ। ਇਹੀ ਕਾਰਨ ਹੈ ਕਿ ਯੁੱਧ ਦੀ ਭਿਆਨਕ ਮਾਰ ਝੱਲਦਾ ਹੋਇਆ ਵੀ ਇਰਾਨ ਪਿੱਛੇ ਹਟਣ ਲਈ ਤਿਆਰ ਨਹੀਂ। ਇਰਾਨ ਦੇ ਰਿਹਾਇਸ਼ੀ, ਵਪਾਰਕ ਤੇ ਵਿੱਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਉਸ ਨੇ ਆਪਣਾ ਸਿਰੜ ਕਾਇਮ ਰੱਖਿਆ।
ਇਸ ਯੁੱਧ ਨੂੰ ਇਜ਼ਰਾਇਲ, ਇਰਾਨ ਯੁੱਧ ਦਾ ਨਾਂਅ ਦਿੱਤਾ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਅਮਰੀਕਾ ਤੇ ਇਰਾਨ ਵਿਚਲੀ ਜੰਗ ਹੈ। ਇਜ਼ਰਾਇਲ ਇਸ ਯੁੱਧ ਵਿੱਚ ਆਪਣਾ ਉੱਲੂ ਸਿੱਧਾ ਕਰ ਰਿਹਾ ਹੈ, ਪਰ ਅਸਲ ਸੂਤਰਧਾਰ ਅਮਰੀਕਾ ਹੈ। ਭਾਵੇਂ ਅੱਜਕੱਲ੍ਹ ਯੁੱਧ ਏ ਆਈ ਦੀ ਮਦਦ ਨਾਲ ਆਸਮਾਨ ਵਿੱਚ ਲੜਿਆ ਜਾ ਰਿਹਾ ਹੈ, ਪਰ ਇਹਦੇ ਪਿੱਛੇ ਕੰਮ ਕਰਦੀ ਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਇਹ ਵੀ ਵਿਡੰਬਨਾ ਹੈ, ਜਦੋਂ ਦੋ ਤਿੰਨ ਵਰ੍ਹੇ ਪਹਿਲਾਂ ਮੈਂ ਦੁਬਈ, ਅਬੂਧਾਬੀ ਗਿਆ ਸਾਂ ਤਾਂ ਇਨ੍ਹਾਂ ਦੇ ਸਾਫ਼-ਸੁਥਰੇ ਆਕਾਸ਼ ਵਿੱਚ ਕਬੂਤਰ, ਘੁੱਗੀਆਂ ਤੇ ਗਟਾਰਾਂ ਉੱਡਦੀਆਂ ਦੇਖ ਕੇ ਬੜਾ ਸਕੂਨ ਮਿਲਦਾ ਸੀ। ਸੈਂਟਰਲ ਪਲੇਸ ’ਤੇ ਸੈਂਕੜੇ ਪਰਿੰਦਿਆਂ ਨੂੰ ਸੜਕ ਕੰਢੇ ਲੋਕ ਦਾਣਾ ਪਾਉਂਦੇ,ਉਹ ਮਸਤੀ ਨਾਲ ਚੁਗਦੇ ਸ਼ੁਕਰੀਆ ਅਦਾ ਕਰਦੇ ਜਾਪਦੇ ਤੇ ਅੱਜ ਉਨ੍ਹਾਂ ਦੇ ਆਕਾਸ਼ ਵਿੱਚ ਪੰਛੀਆਂ ਦੀ ਥਾਂ ਅੱਗ ਉਗਲਦੀਆਂ ਮਿਜ਼ਾਈਲਾਂ ਦੇਖ ਕੇ ਮਨ ਪ੍ਰੇਸ਼ਾਨ ਹੋ ਉੱਠਦਾ ਹੈ। ਇਸ ਯੁੱਧ ਦੀ ਅਸਲ ਤਸਵੀਰ ਉਹ ਹੈ, ਜੋ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਾਰ ਕਰ ਰਹੀ ਹੈ, ਜੋ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਲਈ ਅਰਥਵਾਨ ਹੁੰਦੇ ਹਨ। ਮਸਲਨ ਕੁੜੀਆਂ ਦੇ ਸਕੂਲ ’ਤੇ ਮਿਜ਼ਾਈਲ ਹਮਲੇ ਵਿੱਚ 168 ਬੱਚੀਆਂ ਦਾ ਮਾਰੇ ਜਾਣਾ ਬੇਹੱਦ ਦੁਖਦਾਈ ਹੈ। ਇਸ ਨੇ ਦੁਨੀਆ ਭਰ ਵਿੱਚ ਇਜ਼ਰਾਇਲ ਤੇ ਅਮਰੀਕਾ ਦੀ ਯੁੱਧ ਨੀਤੀ ਪ੍ਰਤੀ ਰੋਸ ਪੈਦਾ ਕੀਤਾ ਹੈ। ਇਰਾਨ ਵਿੱਚ ਉਨ੍ਹਾਂ ਦੇ ਜਨਾਜ਼ੇ ’ਤੇ ਲੱਖਾਂ ਲੋਕਾਂ ਦੇ ਇਕੱਠ ਤੇ ਇਕੱਠਿਆਂ ਦਫ਼ਨਾਏ ਜਾਣ ਨੇ ਇਰਾਨ ਨੂੰ ਨੈਤਿਕ ਬਲ ਦਿੱਤਾ। ਇਹੀ ਕਾਰਨ ਹੈ ਕਿ ਲਹੂ-ਲੁਹਾਣ ਹੁੰਦੇ ਹੋਏ ਵੀ ਉਹ ਸਾਹ ਲੈ ਰਿਹਾ ਹੈ। ਇਹ ਇੱਕ ਅਜਿਹੇ ਕ੍ਰਾਂਤੀਕਾਰੀ ਗਣਰਾਜ ਦੀ ਕਹਾਣੀ ਨੂੰ ਮੁੜ ਦਰਸਾ ਰਿਹਾ ਹੈ, ਜਿਸ ਨੇ ਇਤਿਹਾਸ ਵਿੱਚ ਲੰਮੇ ਯੁੱਧਾਂ ਦੀ ਭੱਠੀ ਵਿੱਚ ਤਪ ਕੇ ਆਪਣੇ ਆਪ ਨੂੰ ਕੁੰਦਨ ਬਣਾਇਆ ਹੈ। ਉਸ ਨੇ ਆਪਣੀ ਪੀੜ ਤੇ ਸੰਤਾਪ, ਫ਼ੌਜੀ ਅਸਮਾਨਤਾ ਨੂੰ ਆਪਣੀ ਭੂਗੋਲਿਕ ਸਥਿਤੀ ਰਾਹੀਂ ਹਥਿਆਰ ਬਣਾ ਕੇ ਇਸ ਯੁੱਧ ਨੂੰ ਨਵਾਂ ਮੋੜ ਦਿੱਤਾ ਹੈ। ਆਪਣੇ ਤਾਣੇ-ਬਾਣੇ ਨੂੰ ਯੁੱਧ ਨੀਤੀ ਦਾ ਹਥਿਆਰ ਬਣਾਉਣਾ ਸਿੱਧ ਕਰਦਾ ਹੈ ਕਿ ਲੜਾਈ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਦਿਮਾਗ਼ ਨਾਲ ਵੀ ਲੜੀ ਜਾਂਦੀ ਹੈ। ਹੋਰਮੁਜ਼ ਨੂੰ ਜਿਵੇਂ ਉਸ ਨੇ ਹਥਿਆਰ ਵਜੋਂ ਵਰਤਿਆ, ਇਸ ਨੇ ਦੁਨੀਆ ਭਰ ਵਿੱਚ ਤੇਲ ਤੇ ਗੈਸ ਦੇ ਸੰਕਟ ਨੂੰ ਨਵੇਂ ਬਿਰਤਾਂਤ ਰਾਹੀਂ ਪੇਸ਼ ਕੀਤਾ। ਇਸ ਨਾਲ ਉਹ ਮਨਸ਼ੇ ਉਜਾਗਰ ਹੋਣ ਲੱਗ ਪਏ ਕਿ ਅਸਲ ਲੜਾਈ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੀ ਨਹੀਂ ਸਗੋਂ ਕੁਦਰਤੀ ਸਰੋਤਾਂ ’ਤੇ ਕਬਜ਼ੇ ਦੀ ਹੈ।
ਇਸ ਯੁੱਧ ਦੀ ਰਣਨੀਤੀ ਦੇ ਪਿਛੋਕੜ ਵਿੱਚ ਵੀ ਕਈ ਵਿਰੋਧਾਭਾਸ ਨਜ਼ਰ ਆਉਂਦੇ ਹਨ। ਜਨਵਰੀ ਵਿੱਚ ਸੰਯੁਕਤ ਅਰਬ ਅਮੀਰਾਤ ਨੇ ਸਪੱਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਸੀ ਕਿ ਉਹ ਆਪਣੇ ਹਵਾਈ ਖੇਤਰ, ਜ਼ਮੀਨ ਜਾਂ ਬੰਦਰਗਾਹਾਂ ਨੂੰ ਯੁੱਧ ਲਈ ਵਰਤਣ ਦੀ ਆਗਿਆ ਨਹੀਂ ਦੇਵੇਗਾ। ਇਹ ਐਲਾਨ ਅਸਲ ਵਿੱਚ ਜਵਾਬੀ ਕਾਰਵਾਈ ਤਹਿਤ ਹੋਣ ਵਾਲੇ ਇਰਾਨੀ ਹਮਲਿਆਂ ਤੋਂ ਬਚਣ ਦਾ ਹੀਲਾ ਸੀ। ਇਸ ਦੇ ਬਾਵਜੂਦ ਇਰਾਨ ਨੇ ਅਬੂਧਾਬੀ, ਦੁਬਈ ਤੇ ਯੂ ਏ ਈ ਦੇ ਕਈ ਫ਼ੌਜੀ ਟਿਕਾਣਿਆਂ ਤੇ ਸ਼ਹਿਰੀ ਖੇਤਰਾਂ ’ਤੇ ਘੱਟੋ ਘੱਟ 433 ਬੈਲਿਸਟਿਕ ਮਿਜ਼ਾਈਲਾਂ, 19 ਕਰੂਜ਼ ਮਿਜ਼ਾਈਲਾਂ ਤੇ 1977 ਡਰੋਨਾਂ ਨਾਲ ਹਮਲਾ ਕੀਤਾ। ਸਪੇਨ ਤੇ ਇਟਲੀ ਦੀਆਂ ਸਰਕਾਰਾਂ ਨੇ ਵੀ ਯੂ ਏ ਈ ਦੀ ਰਣਨੀਤੀ ਅਪਣਾਉਂਦਿਆਂ ਅਮਰੀਕਾ ਨੂੰ ਇਰਾਨ ’ਤੇ ਹਮਲੇ ਲਈ ਆਪਣੇ ਟਿਕਾਣਿਆਂ ਖ਼ਾਸ ਤੌਰ ਉੱਤੇ ਮੈਡਰਿਡ ਦੇ ਮਾਮਲੇ ਵਿੱਚ ਆਪਣੇ ਹਵਾਈ ਖੇਤਰਾਂ ਦਾ ਇਸਤੇਮਾਲ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਮੁਲਕਾਂ ਨੂੰ ਵੀ ਲੱਗਦਾ ਸੀ ਕਿ ਜੇ ਉਹ ਤਹਿਰਾਨ ਦੀਆਂ ਮਿਜ਼ਾਈਲਾਂ ਦੀ ਜ਼ੱਦ ਵਿੱਚ ਆ ਗਏ ਤਾਂ ਉਨ੍ਹਾਂ ਦੇ ਕਹਿਰ ਤੋਂ ਬਚ ਨਹੀਂ ਸਕਣਗੇ।
ਇਰਾਨ ਨੇ ਇਸ ਨੂੰ ਜੇਹਾਦ ਦਾ ਨਾਂਅ ਦਿੱਤਾ, ਜਿਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ। ਇਸ ਨੇ ਇਸਲਾਮੀ ਵਿਚਾਰਧਾਰਾ ਨੂੰ ਹਥਿਆਰ ਵਾਂਗ ਵਰਤਿਆ ਤਾਂ ਕਿ ਜੇਤੂ ਤੇ ਹਾਰਨ ਵਾਲੇ ਵਿੱਚ ਨਿਖੇੜਾ ਕਰ ਸਕੇ। ਭਾਵੇਂ ਇਰਾਨ ਨੂੰ ਜ਼ਮੀਨੀ ਪੱਧਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ, ਪਰ ਉਨ੍ਹਾਂ ਦੇ ਲੀਡਰ ਅੰਦਰੂਨੀ ਤੌਰ ਉੱਤੇ ਰਾਹਤ ਮਹਿਸੂਸ ਕਰ ਰਹੇ ਹਨ ਕਿਉਂਕਿ ਮਾਨਸਿਕ ਤੇ ਆਰਥਿਕ ਪੱਧਰ ’ਤੇ ਇੰਨੀ ਸਫ਼ਲਤਾ ਮਿਲਣ ਦੀ ਸ਼ਾਇਦ ਉਨ੍ਹਾਂ ਨੂੰ ਵੀ ਆਸ ਨਹੀਂ ਸੀ।
ਇਸ ਯੁੱਧ ਵਿੱਚ ਕੌਣ ਜਿੱਤਿਆ, ਕੌਣ ਹਾਰਿਆ ਇਹ ਫ਼ੈਸਲਾ ਭਵਿੱਖ ਕਰੇਗਾ। ਫਿਰ ਵੀ ਇਸ ਯੁੱਧ ਨੇ ਜਿਹੜੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਦੇ ਜਵਾਬ ਭਾਵੇਂ ਨਾ ਮਿਲਣ, ਪਰ ਇੱਕ ਗੱਲ ਸਪੱਸ਼ਟ ਹੈ ਕਿ ਭਵਿੱਖ ਵਿੱਚ ਨਵੀਆਂ ਸਫ਼ਬੰਦੀਆਂ ਹੋਣਗੀਆਂ। ਦੁਨੀਆ ਵਿੱਚ ਜਿਹੜੀ ਧੌਂਸ ਦੀ ਰਾਜਨੀਤੀ ਹੈ ਉਸ ਨੂੰ ਛੋਟੇ-ਛੋਟੇ ਮੁਲਕ ਪ੍ਰਵਾਨ ਨਹੀਂ ਕਰਨਗੇ ਤੇ ਇਸ ਨਾਲ ਦੁਨੀਆ ਵਿੱਚ ‘ਨਵੀਂ ਵਿਸ਼ਵ ਵਿਵਸਥਾ’ ਸਥਾਪਤ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ।
![]()
