ਅਮਰੀਕਾ ਵਿੱਚ ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਰੋ ਖੰਨਾ ਇੱਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਆਯੋਜਿਤ ਇੱਕ ਪ੍ਰੋਗਰਾਮ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ, ਜਿਸ ਵਿੱਚ ਆਰ.ਐਸ.ਐਸ. ਦੇ ਸਰਕਾਰਯਵਾਹ ਦੱਤਾਤ੍ਰੇਅ ਹੋਸਬਲੇ ਸ਼ਾਮਲ ਹੋਏ ਸਨ। ਖੰਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੰਘ ਦੀ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੇ।
ਰੋ ਖੰਨਾ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਿਤ ਹਨ। ਉਹ ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ਖੇਤਰ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰ ਹਨ। ਉਹ ਪਾਰਟੀ ਦੇ ਪ੍ਰੋਗਰੈਸਿਵ (ਅਗਾਂਹਵਧੂ) ਧੜੇ ਦੇ ਮਜ਼ਬੂਤ ਨੇਤਾ ਮੰਨੇ ਜਾਂਦੇ ਹਨ।
ਵਾਸ਼ਿੰਗਟਨ ਦੇ ਪ੍ਰਸਿੱਧ ਥਿੰਕ ਟੈਂਕ ਹਡਸਨ ਇੰਸਟੀਚਿਊਟ ਵੱਲੋਂ ਹਾਲ ਹੀ ਵਿੱਚ ਨਿਊ ਇੰਡੀਆ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਵਿਦੇਸ਼ ਮਾਮਲਿਆਂ ਦੇ ਇੰਚਾਰਜ ਵਿਜੇ ਚੌਥਾਈਵਾਲੇ ਅਤੇ ਰਾਮ ਮਾਧਵ ਵਰਗੇ ਆਗੂ ਵੀ ਮੌਜੂਦ ਸਨ। ਰੋ ਖੰਨਾ ਨੇ ਇਸ ਪ੍ਰੋਗਰਾਮ ਲਈ ਇੱਕ ਪਹਿਲਾਂ ਤੋਂ ਰਿਕਾਰਡ ਕੀਤਾ ਵੀਡੀਓ ਸੰਦੇਸ਼ ਭੇਜਿਆ ਸੀ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ’ਤੇ ਜਾਣਕਾਰੀ ਦਿੰਦਿਆਂ ਰੋ ਖੰਨਾ ਨੇ ਕਿਹਾ: ਕਿ ਮੈਂ ਉਸ ਪ੍ਰੋਗਰਾਮ ਵਿੱਚ ਖ਼ੁਦ ਮੌਜੂਦ ਨਹੀਂ ਸੀ। ਹਡਸਨ ਇੰਸਟੀਚਿਊਟ ਨੇ ਮੇਰੇ ਤੋਂ ਇੱਕ ਮਿੰਟ ਦਾ ਵੀਡੀਓ ਸੰਦੇਸ਼ ਮੰਗਿਆ ਸੀ, ਜੋ ਮੈਂ ਮੁਹੱਈਆ ਕਰਵਾ ਦਿੱਤਾ। ਮੈਨੂੰ ਉੱਥੇ ਆਉਣ ਵਾਲੇ ਮਹਿਮਾਨਾਂ ਦੀ ਸੂਚੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪ੍ਰੋਗਰਾਮ ਵਿੱਚ ਸੰਘ ਦੇ ਵੱਡੇ ਆਗੂ ਦੱਤਾਤ੍ਰੇਅ ਹੋਸਬਲੇ ਸ਼ਾਮਲ ਹੋ ਰਹੇ ਹਨ।
ਮੈਂ ਕਿਸੇ ਵੀ ਤਰ੍ਹਾਂ ਸੰਘ ਦਾ ਸਮਰਥਨ ਨਹੀਂ ਕਰਦਾ।
ਖੰਨਾ ਨੇ ਪਹਿਲਾਂ ਵੀ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਖਾਸ ਵੋਟ ਬੈਂਕ ਜਾਂ ਦਬਾਅ ਹੇਠ ਆਪਣੀ ਰਾਏ ਨਹੀਂ ਬਦਲਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿੱਚ ਡੋਨਾਲਡ ਟਰੰਪ ਵਰਗੇ ਸੱਜੇ-ਪੱਖੀ ਰਾਸ਼ਟਰਵਾਦੀਆਂ ਨੂੰ ਸਹਿਣ ਨਹੀਂ ਕਰਦੇ, ਇਸ ਲਈ ਉਹ ਭਾਰਤ ਨਾਲ ਜੁੜੀ ਕੱਟੜਪੰਥੀ ਰਾਜਨੀਤੀ ਤੋਂ ਵੀ ਦੂਰ ਰਹਿਣਗੇ।
ਉਨ੍ਹਾਂ ਨੇ ਇਹ ਜਵਾਬ ਇੰਡੀਅਨ-ਅਮਰੀਕਨ ਮੁਸਲਿਮ ਕੌਂਸਲ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਿੱਚ ਦਿੱਤਾ।
ਰੋ ਖੰਨਾ ਨੂੰ ਅਮਰੀਕੀ ਰਾਜਨੀਤੀ ਵਿੱਚ ਇੱਕ ਉੱਭਰਦੇ ਹੋਏ ਸਿਤਾਰੇ ਵਜੋਂ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਉਹ 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਉਹ ਆਪਣੀ ਪ੍ਰੋਗਰੈਸਿਵ (ਅਗਾਂਹਵਧੂ) ਤਸਵੀਰ ਨੂੰ ਬਰਕਰਾਰ ਰੱਖਣ ਲਈ ਹਿੰਦੂਤਵ ਦੀ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।
![]()
