ਗੁਰਪ੍ਰੀਤ ਸਿੰਘ ਬਲਿੰਗ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅੱਜ ਦੇ ਦੌਰ ਦੀ ਬਹੁਚਰਚਿਤ ਤੇ ਕ੍ਰਾਂਤੀਕਾਰੀ ਤਕਨੀਕ ਬਣ ਚੁੱਕੀ ਹੈ, ਜਿਸ ਨੇ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਸੌਖੀ ਭਾਸ਼ਾ ਵਿੱਚ ਏ.ਆਈ. ਨੂੰ ‘ਬਨਾਵਟੀ ਬੁੱਧੀ’ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਮਸ਼ੀਨਾਂ ਦੇ ਅੰਦਰ ਸੋਚਣ, ਸਮਝਣ ਤੇ ਫ਼ੈਸਲੇ ਲੈਣ ਦੀ ਸਮਰੱਥਾ ਪੈਦਾ ਕਰਨਾ ਹੈ। ਅੱਜ ਇਹ ਤਕਨੀਕ ਸਿਰਫ਼ ਕੰਪਿਊਟਰ ਵਿਗਿਆਨ ਦਾ ਇਕ ਹਿੱਸਾ ਨਾ ਰਹਿ ਕੇ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਨਵਾਂ ਪਾਠ ਬਣ ਚੁੱਕੀ ਹੈ। ਮਨੁੱਖ ਨੇ ਆਪਣੇ ਕੰਮ ਨੂੰ ਸੌਖਾ ਕਰਨ ਲਈ ਸੰਦ ਬਣਾਏ ਹਨ, ਪਰ ਏ.ਆਈ. ਇਨ੍ਹਾਂ ਸੰਦਾਂ ਤੋਂ ਵੱਖਰੀ ਹੈ, ਕਿਉਂਕਿ ਇਹ ਸਿਰਫ਼ ਹੁਕਮਾਂ ਦੀ ਪਾਲਣ ਨਹੀਂ ਕਰਦੀ, ਸਗੋਂ ਡੇਟਾ ਤੋਂ ਸਿੱਖ ਕੇ ਆਪਣੇ-ਆਪ ਨੂੰ ਬਿਹਤਰ ਬਣਾਉਂਦੀ ਰਹਿੰਦੀ ਹੈ। ਭਾਵੇਂ ਏ.ਆਈ. ਦੀ ਸ਼ੁਰੂਆਤ ਵੀਹਵੀਂ ਸਦੀ ਦੇ ਅੱਧ ਵਿੱਚ ਹੋ ਗਈ ਸੀ, ਪਰ ਮੌਜੂਦਾ ਸਮੇਂ ਵਿੱਚ ਉਪਲਬਧ ਵਿਸ਼ਾਲ ਡੇਟਾ ਤੇ ਸ਼ਕਤੀਸ਼ਾਲੀ ਪ੍ਰੋਸੈਸਰਾਂ ਨੇ ਇਸ ਨੂੰ ਇਕ ਅਜਿਹੀ ਤਾਕਤ ਬਣਾ ਦਿੱਤਾ ਹੈ, ਜੋ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਨਕਸ਼ਾ ਬਦਲ ਦੇਵੇਗੀ।
ਏ.ਆਈ. ਮੁੱਖ ਤੌਰ ’ਤੇ ਅਲਗੋਰਿਦਮ ਤੇ ਮਸ਼ੀਨ ਲਰਨਿੰਗ ’ਤੇ ਆਧਾਰਿਤ ਹੁੰਦੀ ਹੈ, ਜਿੱਥੇ ਕੰਪਿਊਟਰ ਪ੍ਰਣਾਲੀਆਂ ਨੂੰ ਲੱਖਾਂ-ਕਰੋੜਾਂ ਸੂਚਨਾਵਾਂ ਪ੍ਰਦਾਨ ਕਰਨ ’ਤੇ ਇਹ ਪ੍ਰਣਾਲੀਆਂ ਉਨ੍ਹਾਂ ਸੂਚਨਾਵਾਂ ’ਚੋਂ ਪੈਟਰਨ ਲੱਭ ਕੇ ਉਨ੍ਹਾਂ ਦੇ ਅਧਾਰ ’ਤੇ ਨਤੀਜੇ ਕੱਢਦੀਆਂ ਹਨ। ਜਦੋਂ ਅਸੀਂ ਆਪਣੇ ਸਮਾਰਟਫੋਨ ’ਤੇ ਚਿਹਰੇ ਦੀ ਪਛਾਣ ਦੀ ਵਰਤੋਂ ਕਰਦੇ ਹਾਂ ਜਾਂ ਇੰਟਰਨੈੱਟ ’ਤੇ ਕੁਝ ਖੋਜਦੇ ਹਾਂ ਤਾਂ ਇਸ ਪਿੱਛੇ ਏ.ਆਈ. ਹੀ ਕੰਮ ਕਰ ਰਹੀ ਹੁੰਦੀ ਹੈ। ਇਹ ਤਕਨੀਕ ਹੁਣ ਸਿਰਫ਼ ਗਣਿਤ ਦੇ ਸਵਾਲ ਹੱਲ ਕਰਨ ਤੱਕ ਸੀਮਤ ਨਹੀਂ ਰਹੀ, ਸਗੋਂ ਕਵਿਤਾਵਾਂ ਲਿਖਣ, ਚਿੱਤਰਕਾਰੀ ਕਰਨ ਤੋਂ ਲੈ ਕੇ ਇਲਾਜ ਦੌਰਾਨ ਡਾਕਟਰਾਂ ਦੀ ਮਦਦ ਤੱਕ ਕਰ ਰਹੀ ਹੈ। ਦਰਅਸਲ ਇਹ ਮਨੁੱਖੀ ਦਿਮਾਗ ਦੀ ਨਕਲ ਕਰਨ ਦੀ ਇੱਕ ਕੋਸ਼ਿਸ਼ ਹੈ, ਜਿੱਥੇ ਨਿਊਰਲ ਨੈੱਟਵਰਕ ਰਾਹੀਂ ਮਸ਼ੀਨਾਂ ਨੂੰ ਅਹਿਸਾਸ ਤੇ ਤਰਕ ਦੀ ਦੁਨੀਆ ਨਾਲ ਜੋੜਿਆ ਜਾ ਰਿਹਾ ਹੈ। ਏ.ਆਈ. ਨੇ ਸੰਚਾਰ ਤੇ ਮੀਡੀਆ ਖੇਤਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਅੱਜ ਏ.ਆਈ. ਐਂਕਰ ਟੀਵੀ ’ਤੇ ਖ਼ਬਰਾਂ ਪੜ੍ਹ ਰਹੇ ਹਨ ਤਾਂ ਅਖ਼ਬਾਰਾਂ ਵਿੱਚ ਖ਼ਬਰਾਂ ਲਿਖਣ ਲਈ ਵੀ ਏ.ਆਈ. ਟੂਲਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੱਤਰਕਾਰੀ ਦੇ ਖੇਤਰ ਲਈ ਇਹ ਇੱਕ ਵੱਡਾ ਨੈਤਿਕ ਸੰਕਟ ਹੈ, ਕਿਉਂਕਿ ਖ਼ਬਰਾਂ ਲਿਖਣ ਵਾਲੀ ਮਸ਼ੀਨ ਕੋਲ ਮਨੁੱਖੀ ਸੰਵੇਦਨਸ਼ੀਲਤਾ ਨਾ ਹੋਣ ਕਰਕੇ ਉਹ ਸੱਚਾਈ ਤੇ ਨਿਰਪੱਖਤਾ ਦੀ ਰੱਖਿਆ ਕਿਵੇਂ ਕਰੇਗੀ? ਇਹ ਪੱਤਰਕਾਰੀ ਦੀ ਭਰੋਸੇਯੋਗਤਾ ਲਈ ਇੱਕ ਵੱਡੀ ਚੁਣੌਤੀ ਹੈ, ਜੋ ਅੱਗੇ ਚੱਲ ਕੇ ਰਾਜਨੀਤਿਕ ਪ੍ਰਚਾਰ ਦਾ ਹਥਿਆਰ ਬਣ ਸਕਦੀ ਹੈ।
ਭਾਰਤੀ ਸਮਾਜ ਦੀ ਬਣਤਰ ਬਹੁਤ ਗੁੰਝਲਦਾਰ ਹੈ, ਜਿੱਥੇ ਜਾਤ-ਪਾਤ, ਲਿੰਗ ਅਸਮਾਨਤਾ ਤੇ ਆਰਥਿਕ ਪਾੜੇ ਦੇ ਜ਼ਖ਼ਮ ਬਹੁਤ ਪੁਰਾਣੇ ਹਨ। ਏ.ਆਈ. ਵਰਗੀ ਆਧੁਨਿਕ ਤਕਨੀਕ ਸਮਾਜ ਵਿੱਚ ਦਾਖ਼ਲ ਹੋ ਕੇ ਸਮਾਜਿਕ ਵੰਡੀਆਂ ਨੂੰ ਹੋਰ ਡੂੰਘਾ ਕਰ ਸਕਦੀ ਹੈ। ਮਨੁੱਖੀ ਰਿਸ਼ਤਿਆਂ ’ਤੇ ਏ.ਆਈ. ਦਾ ਪ੍ਰਭਾਵ ਵਧਣ ਕਰਕੇ ਲੋਕ ਡਿਜੀਟਲ ਸੰਪਰਕ ਨੂੰ ਤਰਜੀਹ ਦੇਣ ਲੱਗੇ ਹਨ। ਏ.ਆਈ. ਚੈਟਬੋਟਸ ਲੋਕਾਂ ਦੇ ਮਾਨਸਿਕ ਸਲਾਹਕਾਰ ਬਣ ਰਹੇ ਹਨ, ਜੋ ਸਮਾਜਿਕ ਇਕੱਲਤਾ ਤੇ ਮਾਨਸਿਕ ਸਿਹਤ ਲਈ ਨਵੇਂ ਖ਼ਤਰੇ ਪੈਦਾ ਕਰ ਰਹੇ ਹਨ। ਇਸੇ ਤਰ੍ਹਾਂ ਸੱਭਿਆਚਾਰ ਤੇ ਸਾਹਿਤ ਦੇ ਖੇਤਰ ਵਿੱਚ ਏ.ਆਈ. ਦੀ ਦਖ਼ਲਅੰਦਾਜ਼ੀ ਇੱਕ ਗੰਭੀਰ ਬਹਿਸ ਦਾ ਵਿਸ਼ਾ ਹੈ। ਸਾਹਿਤ ਹਮੇਸ਼ਾ ਮਨੁੱਖੀ ਅਨੁਭਵਾਂ, ਪੀੜਾਂ ਤੇ ਵਲਵਲਿਆਂ ਤੋਂ ਉਪਜਦਾ ਹੈ, ਏ.ਆਈ. ਲੱਖਾਂ ਸ਼ਬਦਾਂ ਦੇ ਡੇਟੇ ਦਾ ਵਿਸ਼ਲੇਸ਼ਣ ਕਰਕੇ ਭਾਵੇਂ ਕੋਈ ਵਧੀਆ ਕਵਿਤਾ ਜਾਂ ਕਹਾਣੀ ਸਿਰਜ ਵੀ ਲਏ ਤਾਂ ਵੀ ਉਸ ’ਚੋਂ ਕਿਸੇ ਕਵੀ ਜਾਂ ਲੇਖਕ ਦੀ ਕਲਮ ਜਿਹੀ ਮੌਲਕਿਤਾ ਨਹੀਂ ਆ ਸਕੇਗੀ। ਏ.ਆਈ. ਰਾਹੀਂ ਸੰਗੀਤਕ ਧੁਨਾਂ ਜਾਂ ਚਿੱਤਰਕਾਰੀ ਦੇ ਚੱਲਦਿਆਂ ਅਸਲੀ ਕਲਾਕਾਰਾਂ ਦੀ ਮੌਲਿਕਤਾ ਤੇ ਉਨ੍ਹਾਂ ਦੇ ਰੁਜ਼ਗਾਰ ’ਤੇ ਖ਼ਤਰਾ ਮੰਡਰਾ ਰਿਹਾ ਹੈ। ਹਾਲਾਂਕਿ ਸਿੱਖਿਆ ਦੇ ਖੇਤਰ ਵਿੱਚ ਏ.ਆਈ. ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ। ਹੁਣ ਪੜ੍ਹਾਈ ਸਕੂਲ ਦੀਆਂ ਚਾਰਦੀਵਾਰੀਆਂ ਤੱਕ ਸੀਮਤ ਨਾ ਰਹਿ ਕੇ ਏ.ਆਈ. ਅਧਾਰਿਤ ਪਲੇਟਫਾਰਮ ਹਰ ਵਿਦਿਆਰਥੀ ਦੀ ਸਿੱਖਣ ਦੀ ਸਮਰੱਥਾ ਅਨੁਸਾਰ ਕਿਸੇ ਅਧਿਆਪਕ ਵਾਂਗ 24 ਘੰਟੇ ਉਪਲੱਬਧ ਹੈ, ਜੋ ਖੋਜ ਕਾਰਜਾਂ ਵਿਚ ਮਹੀਨਿਆਂ ਦਾ ਕੰਮ ਘੰਟਿਆਂ ’ਚ ਕਰ ਸਕਦਾ ਹੈ। ਦੁਨੀਆ ਭਰ ਦੇ ਡੇਟਾਬੇਸ ਨੂੰ ਖੰਗਾਲ ਕੇ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਏ.ਆਈ. ਕਾਰਨ ਹੀ ਸੰਭਵ ਹੋਇਆ ਹੈ।
ਸਿਹਤ ਸੇਵਾਵਾਂ ਦੇ ਖੇਤਰ ਵਿੱਚ ਤਾਂ ਏ.ਆਈ. ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕੈਂਸਰ ਜਿਹੀਆਂ ਬਿਮਾਰੀਆਂ ਦਾ ਸ਼ੁਰੂਆਤੀ ਪੜਾਅ ’ਤੇ ਏ.ਆਈ. ਮਸ਼ੀਨਾਂ ਇੰਨੀ ਬਾਰੀਕੀ ਨਾਲ ਵਿਸ਼ਲੇਸ਼ਣ ਕਰਦੀਆਂ ਹਨ, ਜੋ ਬੇਮਿਸਾਲ ਹੈ। ਇਸ ਨੇ ਨਵੀਆਂ ਦਵਾਈਆਂ ਦੀ ਖੋਜ ਤੇ ਜੀਨੋਮ ਸੀਕੁਐਂਸਿੰਗ ਵਿੱਚ ਸਮਾਂ ਤੇ ਖਰਚਾ ਬਹੁਤ ਘਟਾ ਦਿੱਤਾ ਹੈ। ਭਵਿੱਖ ਵਿੱਚ ਅਸੀਂ ਅਜਿਹੇ ਰੋਬੋਟਿਕ ਸਰਜਨ ਦੇਖ ਸਕਾਂਗੇ ਜੋ ਬੇਹੱਦ ਗੁੰਝਲਦਾਰ ਆਪ੍ਰੇਸ਼ਨ ਸਫਲਤਾਪੂਰਵਕ ਕਰਨਗੇ। ਬੈਂਕਿੰਗ ਤੇ ਵਿੱਤੀ ਖੇਤਰ ਵਿੱਚ ਏ.ਆਈ. ਨੇ ਲੈਣ-ਦੇਣ ਨੂੰ ਬਹੁਤ ਸੁਰੱਖਿਅਤ ਤੇ ਤੇਜ਼ ਬਣਾ ਦਿੱਤਾ ਹੈ। ਧੋਖਾਧੜੀ ਦੀ ਪਛਾਣ ਕਰਨ ਵਾਲੇ ਸਿਸਟਮ ਸਕਿੰਟਾਂ ਵਿੱਚ ਸ਼ੱਕੀ ਕਾਰਵਾਈਆਂ ਨੂੰ ਰੋਕ ਦਿੰਦੇ ਹਨ। ਹਾਲਾਂਕਿ ਏ.ਆਈ. ਅਧਾਰਿਤ ‘ਸਾਈਬਰ ਅਪਰਾਧ’ ਤੇਜ਼ੀ ਨਾਲ ਵਧ ਰਹੇ ਹਨ। ਖਪਤਕਾਰ ਸੱਭਿਆਚਾਰ ਵਿੱਚ ਏ.ਆਈ. ਅਲਗੋਰਿਦਮ ਸਾਨੂੰ ਉਹੀ ਚੀਜ਼ਾਂ ਦਿਖਾਉਂਦੇ ਹਨ, ਜੋ ਅਸੀਂ ਖਰੀਦਣਾ ਚਾਹੁੰਦੇ ਹਾਂ। ਆਰਥਿਕਤਾ ਤੇ ਰੁਜ਼ਗਾਰ ਦੇ ਪੱਖੋਂ ਏ.ਆਈ. ਇੱਕ ਦੋਧਾਰੀ ਤਲਵਾਰ ਹੈ। ਇਕ ਪਾਸੇ ਇਹ ਉਦਯੋਗਾਂ ਵਿੱਚ ਉਤਪਾਦਨ ਵਧਾ ਰਹੀ ਹੈ, ਤਾਂ ਦੂਜੇ ਪਾਸੇ ਡਰ ਹੈ ਕਿ ਮਸ਼ੀਨਾਂ ਮਨੁੱਖਾਂ ਦੀ ਥਾਂ ਲੈ ਲੈਣਗੀਆਂ। ਰੁਜ਼ਗਾਰ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਵੀ ਏ.ਆਈ. ਨੇ ਅੰਕੜਿਆਂ ਦੀ ਇਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ। ਅੱਜ ਖੇਡਾਂ ਸਿਰਫ਼ ਸਰੀਰਕ ਜ਼ੋਰ ਦੀਆਂ ਨਹੀਂ ਰਹੀਆਂ, ਸਗੋਂ ਏ.ਆਈ. ਤੈਅ ਕਰਦੀ ਹੈ ਕਿ ਕਿਸੇ ਖਿਡਾਰੀ ਨੇ ਕਿਸ ਰਣਨੀਤੀ ਨਾਲ ਖੇਡਣਾ ਹੈ। ਖੇਤੀਬਾੜੀ ਵਰਗੇ ਰਵਾਇਤੀ ਖੇਤਰ ਵਿੱਚ ਏ.ਆਈ. ਕਿਸਾਨਾਂ ਲਈ ਇਕ ਵਿਗਿਆਨਕ ਸਹਾਰਾ ਬਣ ਕੇ ਉੱਭਰੀ ਹੈ। ਪ੍ਰੀਸੀਜ਼ਨ ਫਾਰਮਿੰਗ ਰਾਹੀਂ ਮਿੱਟੀ ਦੀ ਸਿਹਤ ਤੇ ਫ਼ਸਲਾਂ ਦੀਆਂ ਬਿਮਾਰੀਆਂ ਦਾ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ। ਸਮਾਰਟ ਸਿੰਚਾਈ ਪ੍ਰਣਾਲੀਆਂ ਤੇ ਸੈਂਸਰ ਪੌਦਿਆਂ ਲਈ ਪਾਣੀ ਦੀ ਲੋੜ ਬਾਰੇ ਦੱਸਦੇ ਹਨ, ਜੋ ਪੰਜਾਬ ਵਰਗੇ ਸੂਬਿਆਂ ਵਿਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਿਚ ਮਦਦਗਾਰ ਹੋ ਸਕਦਾ ਹੈ। ਡਰੋਨਾਂ ਰਾਹੀਂ ਕੀਟਨਾਸ਼ਕਾਂ ਦਾ ਸਹੀ ਛਿੜਕਾਅ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੇਗਾ। ਪੁਲਾੜ ਵਿਗਿਆਨ ਵਿਚ ਏ.ਆਈ. ਬ੍ਰਹਿਮੰਡ ਦੀਆਂ ਉਨ੍ਹਾਂ ਗੁੰਝਲਾਂ ਨੂੰ ਸੁਲਝਾ ਰਹੀ ਹੈ, ਜਿੱਥੇ ਮਨੁੱਖੀ ਪਹੁੰਚ ਅਸੰਭਵ ਹੈ। ਦੂਰ-ਦੁਰਾਡੇ ਗ੍ਰਹਿਆਂ ’ਤੇ ਭੇਜੇ ਗਏ ਰੋਵਰ ਏ.ਆਈ. ਰਾਹੀਂ ਹੀ ਆਪਣੇ ਫ਼ੈਸਲੇ ਲੈਂਦੇ ਹਨ। ਅਪਰਾਧ ਵਿਗਿਆਨ ਤੇ ਸੁਰੱਖਿਆ ਵਿੱਚ ਏ.ਆਈ. ਦੀ ਵਰਤੋਂ ਪੁਲਿਸਿੰਗ ਨੂੰ ਆਧੁਨਿਕ ਬਣਾ ਰਹੀ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਆਟੋਨੋਮਸ ਹਥਿਆਰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹਨ। ਜੇਕਰ ਜੰਗ ਦੇ ਮੈਦਾਨ ਵਿੱਚ ਫ਼ੈਸਲੇ ਮਸ਼ੀਨਾਂ ਲੈਣਗੀਆਂ ਤਾਂ ਮਨੁੱਖੀ ਹੋਂਦ ਨੂੰ ਖ਼ਤਰਾ ਵਧੇਗਾ। ਇਹ ਤਕਨੀਕੀ ਚਮਕ-ਦਮਕ ਸਾਡੀ ਨਿੱਜਤਾ ਲਈ ਖ਼ਤਰਾ ਬਣ ਸਕਦੀ ਹੈ, ਕਿਉਂਕਿ ਅਸੀਂ ਅਨਜਾਣੇ ਵਿਚ ਆਪਣੀ ਆਜ਼ਾਦੀ ਇਕ ਅਜਿਹੇ ਅਦਿੱਖ ਸਿਸਟਮ ਨੂੰ ਸੌਂਪ ਰਹੇ ਹਾਂ, ਜੋ ਸਾਡੀ ਸੋਚ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਹ ਡੇਟਾ ਗਲਤ ਹੱਥਾਂ ਵਿਚ ਚਲਾ ਜਾਵੇ ਤਾਂ ਆਰਥਿਕ ਨੁਕਸਾਨ ਹੋ ਸਕਦੇ ਹਨ। ਇੱਥੇ ਏ.ਆਈ. ਦੀ ਨੈਤਿਕਤਾ (ਇਥੀਕਲ) ’ਤੇ ਵੀ ਸਵਾਲ ਉੱਠਦਾ ਹੈ, ਕੀ ਇੱਕ ਮਸ਼ੀਨ ਨੂੰ ਇਹ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ ਹੈ, ਕਿ ਕਿਸ ਇਨਸਾਨ ਨੂੰ ਨੌਕਰੀ ਜਾਂ ਇਲਾਜ ਮਿਲੇਗਾ? ਇਹੀ ਨੈਤਿਕ ਦੁਬਿਧਾ ਮਨੁੱਖ ਤੇ ਮਸ਼ੀਨ ਵਿਚਕਾਰਲੀ ਜੰਗ ਦਾ ਮੈਦਾਨ ਬਣੇਗੀ।
ਬਿਨਾਂ ਸ਼ੱਕ ਏ.ਆਈ. ਮਨੁੱਖੀ ਇਤਿਹਾਸ ਦਾ ਇਕ ਸਭ ਤੋਂ ਸ਼ਕਤੀਸ਼ਾਲੀ ਸੰਦ ਹੈ, ਜੋ ਕੋਈ ਜਾਦੂ ਨਹੀਂ, ਸਗੋਂ ਮਨੁੱਖੀ ਬੁੱਧੀ ਦਾ ਹੀ ਵਿਸਤਾਰ ਹੈ। ਏ.ਆਈ. ਦੀ ਸਫਲਤਾ ਇਸ ਗੱਲ ’ਤੇ ਨਿਰਭਰ ਨਹੀਂ ਕਿ ਇਹ ਕਿੰਨੀ ਪ੍ਰਭਾਵੀ ਹੈ, ਸਗੋਂ ਇਸ ਨੂੰ ਚਲਾਉਣ ਵਾਲੀ ਮਨੁੱਖੀ ਚੇਤਨਾ ਦੀ ਸੰਵੇਦਨਸ਼ੀਲਤਾ ’ਤੇ ਨਿਰਭਰ ਹੈ। ਜੇਕਰ ਅਸੀਂ ਏ.ਆਈ. ਨੂੰ ਮੁਨਾਫੇ ਜਾਂ ਰਾਜਨੀਤਿਕ ਸੱਤਾ ਲਈ ਵਰਤਾਂਗੇ ਤਾਂ ਇਹ ਮਨੁੱਖੀ ਹੋਂਦ ਲਈ ਖ਼ਤਰਾ ਹੈ, ਪਰ ਇਸ ਨੂੰ ਵੱਡੀਆਂ ਸਮੱਸਿਆਵਾਂ- ਗਰੀਬੀ, ਬਿਮਾਰੀਆਂ ਤੇ ਵਾਤਾਵਰਣਕ ਸੰਕਟ ਨੂੰ ਹੱਲ ਕਰਨ ਲਈ ਵਰਤਾਂਗੇ ਤਾਂ ਇਹ ਧਰਤੀ ’ਤੇ ਸਵਰਗ ਸਿਰਜ ਸਕਦੀ ਹੈ। ਮਨੁੱਖ ਨੂੰ ਮਸ਼ੀਨ ਤੋਂ ਡਰਨ ਦੀ ਬਜਾਏ ਆਪਣੀ ਮਨੁੱਖਤਾ ਨੂੰ ਬਚਾਉਣ ਦੀ ਲੋੜ ਹੈ, ਕਿਉਂਕਿ ਤਕਨੀਕ ਦੇ ਹੜ੍ਹ ਵਿੱਚ ਨੈਤਿਕਤਾ ਹੀ ਸਾਡਾ ਸਭ ਤੋਂ ਵੱਡਾ ਜ਼ਾਬਤਾ ਹੈ। ਇਹ ਤੈਅ ਕਰਨਾ ਸਾਡੇ ਹੱਥ ਵਿੱਚ ਹੈ ਕਿ ਇੱਕ ਅਜਿਹਾ ਸੰਸਾਰ ਸਿਰਜੀਏ ਜਿੱਥੇ ਏ.ਆਈ. ਮਨੁੱਖ ਦੀ ਗੁਲਾਮ ਨਾ ਹੋ ਕੇ ਇਨਸਾਨੀਅਤ ਦੇ ਭਲੇ ਲਈ ਇੱਕ ਸੁਚੱਜੀ ਸਹਿਯੋਗੀ ਬਣ ਕੇ ਵਿਚਰੇ। ਏ.ਆਈ. ਦਾ ਅਸਲੀ ਖ਼ਤਰਾ ਇਹ ਨਹੀਂ ਕਿ ਮਸ਼ੀਨਾਂ ਮਨੁੱਖਾਂ ਵਾਂਗ ਸੋਚਣ ਲੱਗ ਪੈਣਗੀਆਂ, ਸਗੋਂ ਇਹ ਹੈ ਕਿ ਕਿਤੇ ਮਨੁੱਖ ਮਸ਼ੀਨਾਂ ਵਾਂਗ ਸੋਚਣਾ ਨਾ ਸ਼ੁਰੂ ਕਰ ਦੇਵੇ।
![]()
