ਵਿਨੀਪੈਗ/ਏ.ਟੀ.ਨਿਊਜ਼: ਵਿਨੀਪੈਗ ਦੇ ਸਿੱਖ ਵਿਅਕਤੀ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਸ੍ਰੀ ਸਾਹਿਬ ਉਤਾਰਨ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਦਾ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ, “ਮੇਰੇ ਨਾਲ ਵਿਤਕਰਾ ਹੋਇਆ ਹੈ ਅਤੇ ਕੈਨੇਡਾ ਵਿੱਚ ਧਾਰਮਿਕ ਅਤੇ ਚਾਰਟਰ ਅਧਿਕਾਰਾਂ ਬਾਰੇ ਸਵਾਲ ਖੜ੍ਹੇ ਕਰ ਰਿਹਾ ਹੈ।”
ਜਸਪਾਲ ਸਿੰਘ ਗਿੱਲ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਸੀ ਅਤੇ ਉਹ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਦਾ ਪੁਲਿਸ ਸੇਵਾ ਵਿੱਚ ਸ਼ਾਮਲ ਹੋਣਾ ਇੱਕ ਨਿੱਜੀ ਟੀਚਾ ਵੀ ਸੀ ਕਿਉਂਕਿ ਉਸ ਦੇ ਦਾਦਾ ਅਤੇ ਪਿਤਾ ਭਾਰਤ ਵਿੱਚ ਪੁਲਿਸ ਅਧਿਕਾਰੀ ਸਨ। ਗਿੱਲ ਜੋ ਕੇ 2021 ਵਿੱਚ ਭਾਰਤ ਤੋਂ ਨਿਊ ਬਰੰਜ਼ਵਿਕ ਵਿੱਚ ਆਇਆ ਸੀ ਅਤੇ 2024 ਵਿੱਚ ਉਹ ਕੈਨੇਡਾ ਦਾ ਸਥਾਈ ਨਿਵਾਸੀ ਬਣ ਗਿਆ ਅਤੇ ਪਿਛਲੀਆਂ ਗਰਮੀਆਂ ਵਿੱਚ ਹੀ ਉਹ ਵਿਨੀਪੈਗ ਆਇਆ ਸੀ ।
ਉਸ ਨੇ ਕਿਹਾ ਕਿ ਉਹ ਕੈਨੇਡਾ ਪਹੁੰਚਣ ਤੋਂ ਬਾਅਦ ਪੁਲਿਸ ਭਰਤੀ ਪ੍ਰੀਖਿਆਵਾਂ ਲਈ ਪੜ੍ਹ ਰਿਹਾ ਹੈ ਅਤੇ ਉਸ ਨੇ ਅਪ੍ਰੈਲ ਦੇ ਅਖੀਰ ਵਿੱਚ ਪੁਲਿਸ ਦੇ ਡਾਊਨ ਟਾਊਨ ਹੈੱਡਕੁਆਰਟਰ ਵਿੱਚ ਵਿਨੀਪੈਗ ਪੁਲਿਸ ਸਰਵਿਸ ਵਾਸਤੇ ਅਪਲਾਈ ਕੀਤਾ ਸੀ ਪਰ ਪ੍ਰੀਖਿਆ ਕੇਂਦਰ ਵਿਚ ਜਦੋਂ ਇਕ ਅਧਿਕਾਰੀ ਨੇ ਕਿਹਾ, ‘ਤੁਹਾਨੂੰ ਪ੍ਰੀਖਿਆ ਦੇਣ ਲਈ ਆਪਣੀ ਕਿਰਪਾਨ ਉਤਾਰਨੀ ਪਏਗੀ।’ ਜਸਪਾਲ ਸਿੰਘ ਗਿੱਲ ਨੇ ਕਕਾਰਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅਸੀਂ ਇਸ ਨੂੰ ਹਿੰਮਤ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਆਪਣੀ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਪਹਿਨਦੇ ਹਾਂ, ਪਰ ਭਰਤੀ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਹ ਕਿਰਪਾਨ ਨਹੀਂ ਸੌਂਪ ਦਿੰਦੇ ਉਦੋਂ ਤੱਕ ਉਨ੍ਹਾਂ ਨੂੰ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਬਜਾਏ ਇਮਤਿਹਾਨ ਨਾ ਲਿਖਣ ਦਾ ਫ਼ੈਸਲਾ ਕੀਤਾ। ਗਿੱਲ ਨੇ ਕਿਹਾ, ਹੋਰ ਸਾਰੇ ਮੈਂਬਰਜ਼ ਨੂੰ ਇਮਤਿਹਾਨ ਲਿਖਣ ਦੀ ਆਗਿਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਮੈਂ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਸੁਰੱਖਿਅਤ ਸਟੋਰੇਜ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਗਿੱਲ ਨੇ ਇਨਕਾਰ ਕਰ ਦਿੱਤਾ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਇੱਕ ਬਿਨੈਕਾਰ ਨੂੰ ਪਿਛਲੇ ਹਫ਼ਤੇ ਪ੍ਰੀਖਿਆ ਦੀ ਮਿਆਦ ਲਈ ਕਿਰਪਾਨ ਲਈ ਸੁਰੱਖਿਅਤ ਸਟੋਰੇਜ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇੱਕ ਈਮੇਲ ਵਿੱਚ ਬੁਲਾਰੇ ਨੇ ਲਿਖਿਆ, ‘ਇਹ ਵਿਕਲਪ ਸਤਿਕਾਰ ਨਾਲ ਪੇਸ਼ ਕੀਤਾ ਗਿਆ ਸੀ। ਉਸ ਵਿਅਕਤੀ ਨੇ ਸਟੋਰੇਜ ਵਿਕਲਪਾਂ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਨਾ ਲਿਖਣ ਦਾ ਫ਼ੈਸਲਾ ਕੀਤਾ।” ਉਨ੍ਹਾਂ ਨੇ ਕਿਹਾ ਕਿ ਟੈਸਟਿੰਗ, ਇਮਾਰਤ ਦੇ ਇੱਕ ਸੁਰੱਖਿਅਤ ਖੇਤਰ ਵਿੱਚ ਹੁੰਦੀ ਹੈ। ਅਸੀਂ ਜਿੱਥੇ ਵੀ ਸੰਭਵ ਹੋਵੇ ਵਾਜਬ ਸਟੋਰੇਜ ਵਿਕਲਪਾਂ ਪ੍ਰਦਾਨ ਕਰਨ ਦੀ ਕੋਸ਼ਿਸ਼ਾਂ ਕਰਦੇ ਹਾਂ ਅਤੇ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਕਿਰਪਾਨ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੇ ਵਿਕਲਪ ਨੂੰ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਬਿਨੈਕਾਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਟੈਸਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਦਿੱਤਾ ਗਿਆ ਹੈ।
ਹਾਲਾਂਕਿ, ਗਿੱਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ 2006 ਦੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਸਿੱਖਾਂ ਦੇ ਕਿਰਪਾਨ ਲਿਜਾਣ ’ਤੇ ਪਾਬੰਦੀ ਲਗਾਉਣਾ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ। ਉਸ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਸ੍ਰੀ ਸਾਹਿਬ ਹਥਿਆਰ ਨਹੀਂ ਹੈ। ਖ਼ਾਲਸੇ ਨੂੰ ਅਦਾਲਤਾਂ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ, ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ ਅਤੇ ਘਰੇਲੂ ਉਡਾਣਾਂ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ।
ਮੈਨੀਟੋਬਾ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪ੍ਰੋਫੈਸ਼ਨਲ ਐਂਡ ਅਪਲਾਈਡ ਐਥਿਕਸ ਦੇ ਡਾਇਰੈਕਟਰ ਨੀਲ ਮੈਕਆਰਥਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਮਿਸਾਲ ਦੇ ਮੱਦੇਨਜ਼ਰ ਇੱਕ ਅਦਾਲਤ ਸੰਭਾਵਿਤ ਤੌਰ ’ਤੇ ਗਿੱਲ ਦੇ ਹੱਕ ਵਿੱਚ ਫ਼ੈਸਲਾ ਦੇਵੇਗੀ। ਮੈਕਆਰਥਰ ਨੇ ਸੀ ਟੀ ਵੀ ਨਿਊਜ਼ ਨੂੰ ਦੱਸਿਆ, ‘ਸੁਪਰੀਮ ਕੋਰਟ ਦਾ ਫ਼ੈਸਲਾ ਇੱਕ ਸਕੂਲ ਨਾਲ ਸਬੰਧਿਤ ਸੀ ਅਤੇ ਇਸ ਨੇ ਫ਼ੈਸਲਾ ਕੀਤਾ ਕਿ ਸਕੂਲ ਦੇ ਮਾਹੌਲ ਵਿੱਚ ਸਿੱਖਾਂ ਨੂੰ ਆਪਣੇ ਕਿਰਪਾਨ ਪਹਿਨਣਾ ਬਿਲਕੁਲ ਸੁਰੱਖਿਅਤ ਸੀ।’ ਮੈਕਆਰਥਰ ਨੇ ਕਿਹਾ, ‘ਆਰ ਸੀ ਐਮ ਪੀ ਸਮੇਤ ਸਾਰੀਆਂ ਪੁਲਿਸ ਸੇਵਾਵਾਂ ਮੰਨਦੀਆਂ ਹਨ ਕਿ ਉਹ ਆਪਣੀ ਡਿਊਟੀ ਦੌਰਾਨ ਇਸ ਨੂੰ ਪਹਿਨ ਸਕਦਾ ਹੈ ਤਾਂ ਫਿਰ ਕੋਈ ਵਿਅਕਤੀ ਆਪਣੀ ਡਿਊਟੀ ਦੌਰਾਨ ਕਿਰਪਾਨ ਕਿਉਂ ਨਹੀਂ ਪਹਿਨ ਸਕਦਾ ਅਤੇ ਅਧਿਕਾਰੀ ਬਣਨ ਦੀ ਪ੍ਰੀਖਿਆ ਵਿੱਚ ਕਿਉਂ ਨਹੀਂ ਬੈਠ ਸਕਦਾ?’
ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਆਪਣੀ ਨੀਤੀ ’ਤੇ ਗ਼ੌਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। “ਮੇਰਾ ਮੰਨਣਾ ਹੈ ਕਿ ਹੋਰ ਬਹੁਤ ਸਾਰੇ ਸਿੱਖ ਬਿਨੈਕਾਰਾਂ ਨੂੰ ਪੁਲਿਸ ਸੇਵਾਵਾਂ ਲਈ ਅਰਜ਼ੀ ਦੇਣ ਤੋਂ ਨਿਰਾਸ਼ ਹੋਣਾ ਪਵੇਗਾ।” ਉਹ ਮੈਨੀਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕਰਨ ਬਾਰੇ ਵਿਚਾਰ ਕਰ ਸਕਦਾ ਹੈ।
![]()
