ਕੈਨੇਡਾ ਦੇ ਪੇਂਡੂ ਖੇਤਰਾਂ ’ਚ ਰਹਿੰਦੇ ਵਿਦੇਸ਼ੀ ਕਾਮਿਆਂ ਲਈ ਵੱਡੀ ਖੁਸ਼ਖਬਰੀ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਸਰਕਾਰ ਨੇ ਦੇਸ਼ ਦੇ ਪੇਂਡੂ ਅਤੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਕਾਰੋਬਾਰੀਆਂ ਨੂੰ ਦਰਪੇਸ਼ ਕਾਮਿਆਂ ਦੀ ਭਾਰੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀਆਂ ਨੂੰ ਪੱਕੇ ਨਿਵਾਸੀ ਬਣਨ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਸਰਕਾਰ ਦਾ ਟੀਚਾ ਲਗਭਗ 33,000 ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਸਪੱਸ਼ਟ ਕੀਤਾ ਕਿ ਇਸ ਕਦਮ ਦਾ ਮੁੱਖ ਮਕਸਦ ਦੇਸ਼ ਦੀ ਆਰਥਿਕ ਤਰੱਕੀ ਨੂੰ ਹੁਲਾਰਾ ਦੇਣਾ ਅਤੇ ਉਨ੍ਹਾਂ ਖੇਤਰਾਂ ਨੂੰ ਮਜ਼ਬੂਤ ਕਰਨਾ ਹੈ ਜਿੱਥੇ ਕਾਮਿਆਂ ਦੀ ਕਮੀ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਇਸ ਨਵੀਂ ਯੋਜਨਾ ਤਹਿਤ ਉਹ ਵਿਦੇਸ਼ੀ ਨਾਗਰਿਕ ਮੁਢਲੇ ਤੌਰ ’ਤੇ ਯੋਗ ਮੰਨੇ ਜਾਣਗੇ ਜੋ ਵੱਡੇ ਸ਼ਹਿਰਾਂ ਤੋਂ ਦੂਰ: ਟੋਰਾਂਟੋ, ਵੈਨਕੂਵਰ ਅਤੇ ਕੈਲਗਰੀ ਵਰਗੇ ਵੱਡੇ ਮਹਾਨਗਰਾਂ ਨੂੰ ਛੱਡ ਕੇ ਨਿਰਧਾਰਿਤ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਹਨ। ਬੀਤੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਵਰਕ ਪਰਮਿਟ ’ਤੇ ਕੰਮ ਕਰ ਰਹੇ ਹਨ। ਮਕਾਨ ਉਸਾਰੀ, ਸਿਹਤ ਸੇਵਾਵਾਂ , ਅਤੇ ਕੰਪਿਊਟਰ ਤਕਨੀਕ ਨਾਲ ਜੁੜੇ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।
ਇਮੀਗ੍ਰੇਸ਼ਨ ਮੰਤਰਾਲਾ ਆਪਣੇ ਮੌਜੂਦਾ ਡੇਟਾ ਦੀ ਵਰਤੋਂ ਕਰਕੇ ਯੋਗ ਉਮੀਦਵਾਰਾਂ ਦੀ ਪਛਾਣ ਕਰੇਗਾ। ਇਸ ਪ੍ਰੋਗਰਾਮ ਤਹਿਤ ਚੁਣੇ ਜਾਣ ਲਈ ਹੇਠ ਲਿਖੇ ਪ੍ਰੋਗਰਾਮਾਂ ਦਾ ਹਿੱਸਾ ਹੋਣਾ ਲਾਜ਼ਮੀ ਹੈ:
ਪ੍ਰੋਵਿੰਸ਼ੀਅਲ ਨਾਮੀਨੀ
ਐਗਰੀ-ਫੂਡ ਪਾਇਲਟ
ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ
ਜਿਨ੍ਹਾਂ ਬਿਨੈਕਾਰਾਂ ਦੇ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇਨ੍ਹਾਂ ਸ਼ਰਤਾਂ ਨਾਲ ਮੇਲ ਖਾਣਗੇ, ਉਨ੍ਹਾਂ ਨੂੰ ਸਿੱਧਾ ਪੱਕੀ ਇਮੀਗ੍ਰੇਸ਼ਨ ਲਈ ਸੱਦਾ ਦਿੱਤਾ ਜਾਵੇਗਾ।
ਬਿਨੈਕਾਰ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੋਣਾ ਚਾਹੀਦਾ ਅਤੇ ਉਸ ਸਿਰ ਕੋਈ ਵੀ ਟੈਕਸ ਬਕਾਇਆ ਨਹੀਂ ਹੋਣਾ ਚਾਹੀਦਾ।

Loading