ਖਾਸ ਰਿਪੋਰਟ
ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ‘ਫਿਨਟ੍ਰੈਕ’ ਦੀ ਇੱਕ ਤਾਜ਼ਾ ਅਤੇ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਸਰਗਰਮ ਅਪਰਾਧਿਕ ਗਰੁੱਪ ਫਿਰੌਤੀਆਂ ਦੀ ਰਕਮ ਵਸੂਲਣ ਅਤੇ ਉਸ ਨੂੰ ਟ੍ਰਾਂਸਫਰ ਕਰਨ ਲਈ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਮੋਹਰੇ ਵਜੋਂ ਵਰਤ ਰਹੇ ਹਨ। ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਅਪਰਾਧਿਕ ਗਰੁੱਪ 17 ਤੋਂ 30 ਸਾਲ ਦੀ ਉਮਰ ਦੇ ਉਨ੍ਹਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ। ਮੁੱਖ ਤੌਰ ’ਤੇ ਅਜਿਹੇ ਵਿਦਿਆਰਥੀਆਂ ਨੂੰ ਲਾਲਚ ਦਿੱਤਾ ਜਾਂਦਾ ਹੈ:
ਜਿਨ੍ਹਾਂ ਦੇ ਸਟੱਡੀ ਜਾਂ ਵਰਕ ਪਰਮਿਟ ਖ਼ਤਮ ਹੋ ਚੁੱਕੇ ਹਨ।
ਜਿਨ੍ਹਾਂ ਦੇ ਪੱਕੇ ਹੋਣ ਦੀ ਕੋਈ ਉਮੀਦ ਨਹੀਂ ਰਹੀ।
ਕਾਲਜਾਂ ਵਿੱਚ ਪੜ੍ਹ ਰਹੇ ਨਵੇਂ ਵਿਦਿਆਰਥੀ (ਲੜਕੇ ਅਤੇ ਲੜਕੀਆਂ) ਜਿਨ੍ਹਾਂ ਨੂੰ ਸਿੱਧੇ ਸੰਪਰਕ ਰਾਹੀਂ ਗੈਂਗਾਂ ਵਿੱਚ ਭਰਤੀ ਕੀਤਾ ਜਾ ਰਿਹਾ ਹੈ।
ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਇਹ ਗੈਂਗਸਟਰ ਕੈਨੇਡਾ ਵਿੱਚ ਵੱਸਦੇ ਭਾਰਤੀਆਂ, ਖਾਸ ਕਰਕੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਟਰੱਕਿੰਗ ਅਤੇ ਮਕਾਨ ਉਸਾਰੀ ,ਪ੍ਰਾਪਰਟੀ ਡੀਲਰ ਅਤੇ ਹੋਟਲ ਮਾਲਕ,ਰੈਸਟੋਰੈਂਟ ਅਤੇ ਹੋਰ ਮੱਧ ਦਰਜੇ ਦੇ ਵਪਾਰੀ ਖੇਤਰਾਂ ਨਾਲ ਜੁੜੇ ਲੋਕ ਸ਼ਾਮਿਲ ਹਨ।
ਵਿੱਤੀ ਲੈਣ-ਦੇਣ ਦੇ ਬਦਲਦੇ ਤਰੀਕੇ
ਫਿਨਟ੍ਰੈਕ ਅਨੁਸਾਰ, ਫਿਰੌਤੀ ਦੀ ਰਕਮ ਲੈਣ ਲਈ ਈ-ਮੇਲ, ਚੈੱਕ, ਅਤੇ ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਦੀ ਨਜ਼ਰ ਤੋਂ ਬਚਣ ਲਈ ਵੱਡੀ ਰਕਮ ਨੂੰ ਛੋਟੀਆਂ-ਛੋਟੀਆਂ ਕਿਸ਼ਤਾਂ ਵਿੱਚ ਲਿਆ ਜਾਂਦਾ ਹੈ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਫਿਨਟ੍ਰੈਕ ਨੇ ਫਿਰੌਤੀ ਨਾਲ ਜੁੜੇ 100 ਤੋਂ ਵੱਧ ਸ਼ੱਕੀ ਮਾਮਲਿਆਂ ਦੀ ਪਛਾਣ ਕੀਤੀ ਹੈ, ਜੋ ਕਿ ਪਿਛਲੇ ਦੋ ਸਾਲਾਂ ਦੇ ਕੁੱਲ ਅੰਕੜੇ ਤੋਂ ਦੁੱਗਣੀ ਹੈ।
ਬੰਬੀਹਾ ਅਤੇ ਬਿਸ਼ਨੋਈ ਗੈਂਗ ਦਾ ਨਾਮ ਆਇਆ ਸਾਹਮਣੇ
ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਵਿੱਚ ਬੰਬੀਹਾ ਅਤੇ ਬਿਸ਼ਨੋਈ ਗੈਂਗ ਸਮੇਤ ਕਈ ਹੋਰ ਗਰੁੱਪ ਸ਼ਾਮਿਲ ਹਨ। ਇਹ ਗਰੁੱਪ ਲੋੜਵੰਦ ਵਿਦਿਆਰਥੀਆਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਵਰਤਦੇ ਹਨ ਤਾਂ ਜੋ ਪੈਸਾ ਦੇਸ਼ ਤੋਂ ਬਾਹਰ ਭੇਜਿਆ ਜਾ ਸਕੇ।
ਸੁਰੱਖਿਆ ਏਜੰਸੀਆਂ ਵੱਲੋਂ ਚਿਤਾਵਨੀ
ਓਂਟਾਰੀਓ, ਅਲਬਰਟਾ ਅਤੇ ਮੈਨੀਟੋਬਾ ਵਰਗੇ ਸੂਬਿਆਂ ਵਿੱਚ ਗੋਲੀਬਾਰੀ ਅਤੇ ਅੱਗ ਲਗਾਉਣ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ, ਵਿੱਤੀ ਅਦਾਰਿਆਂ ਅਤੇ ਬੈਂਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਸ ਤੌਰ ’ਤੇ ਵਿਦੇਸ਼ਾਂ ਵਿੱਚ ਭੇਜੀ ਜਾਣ ਵਾਲੀ ਰਕਮ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਜਰਾਇਮ ਪੇਸ਼ਾ ਲੋਕਾਂ ਤੱਕ ਪੈਸਾ ਨਾ ਪਹੁੰਚ ਸਕੇ। ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚ ਦਰਜਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦਾ ਸਬੰਧ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਨਾਲ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਗ੍ਰਿਫਤਾਰੀਆਂ ਦੀ ਗਿਣਤੀ ਲਗਾਤਾਰ ਬਦਲ ਰਹੀ ਹੈ ਕਿਉਂਕਿ ਪੁਲਿਸ ਹੁਣ ਉਨ੍ਹਾਂ ‘ਮਨੀ ਮਿਊਲਜ਼’ ਨੂੰ ਫੜ ਰਹੀ ਹੈ ਜੋ ਗੈਂਗਸਟਰਾਂ ਲਈ ਪੈਸੇ ਆਪਣੇ ਖਾਤੇ ਵਿੱਚ ਪਵਾ ਕੇ ਅੱਗੇ ਭੇਜਦੇ ਸਨ।
![]()
