ਦੀਰ ਅਲ-ਬਲਾਹ (ਗਾਜ਼ਾ ਪੱਟੀ)/ਏ.ਟੀ.ਨਿਊਜ਼: ਜਿਉਂ ਹੀ ਗਾਜ਼ਾ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਸੰਗੀਤ ਵੱਜਦਾ ਹੈ, ਮੁੰਡਿਆਂ ਤੇ ਕੁੜੀਆਂ ਦੀ ਟੋਲੀ ਆਪਣੇ ਬਰੇਕ ਡਾਂਸਿੰਗ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ। ਉਹ ਪੂਰੇ ਧਿਆਨ ਨਾਲ ਲੱਤਾਂ ਚਲਾਉਂਦੇ ਅਤੇ ਘੁੰਮਦੇ ਹੋਏ ਆਪਣੇ ਤੇਜ਼ ਫੁਟਵਰਕ ਦਾ ਮੁਜ਼ਾਹਰਾ ਕਰਦੇ ਹਨ। ਰੁਟੀਨ ਦੇ ਇਸ ਮੁਸ਼ਕਿਲ ਹਿੱਸੇ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਦੋ ਮੁਟਿਆਰਾਂ ਇੱਕ-ਦੂਜੀ ਨੂੰ ਦੇਖ ਕੇ ਮੁਸਕਰਾਉਂਦੀਆਂ ਹਨ।ਗਾਜ਼ਾ ਪੱਟੀ ਵਿੱਚ ਜ਼ਿੰਦਗੀ ਦੀਆਂ ਸਖ਼ਤ ਤੇ ਤਲਖ਼ ਹਕੀਕਤਾਂ ਦਰਮਿਆਨ, ਇਹ ਬੱਚਿਆਂ ਲਈ ਸਕੂਨ ਅਤੇ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਦੁਰਲੱਭ ਤੇ ਅਹਿਮ ਪਲ ਹੈ। ਕੁਝ ਬੱਚਿਆਂ ਨੇ ਪੈਰਾਂ ਵਿੱਚ ਸਲਾਈਡਰ (ਚੱਪਲਾਂ) ਪਾਏ ਹੋਏ ਹਨ ਅਤੇ ਉਹ ਮਲਬੇ ਅਤੇ ਢਹਿ-ਢੇਰੀ ਹੋਏ ਕੰਕਰੀਟ ਦੇ ਢੇਰ ਵਿੱਚੋਂ ਬਾਹਰ ਨਿਕਲੀਆਂ ਮੁੜੀਆਂ ਹੋਈਆਂ ਲੋਹੇ ਦੀਆਂ ਸੀਖਾਂ ਦੇ ਕੋਲ ਨੱਚ ਰਹੇ ਹਨ। ਇਨ੍ਹਾਂ ਨੂੰ ਸਿਖਲਾਈ ਦੇਣ ਵਾਲਾ ਸਕੂਲ ਨੁਸੀਰਾਤ ਸ਼ਰਨਾਰਥੀ ਕੈਂਪ ਵਿੱਚ ਹੈ, ਜੋ ਮੱਧ ਗਾਜ਼ਾ ਵਿੱਚ ਭੀੜ-ਭੜੱਕੇ ਵਾਲਾ ਇਲਾਕਾ ਹੈ।
ਸਕੂਲ ਵਿੱਚ ਸਿਖਲਾਈ ਲੈਣ ਵਾਲੇ ਪੰਜ ਤੋਂ 14 ਸਾਲ ਉਮਰ ਤੱਕ ਦੇ ਬੱਚਿਆਂ ਵਿੱਚ ਸ਼ਾਮਲ ਹਬੀਬਾ ਅਬੂ ਖ਼ਾਤਰ ਨੇ ਕਿਹਾ, ‘‘ਮੈਂ ਇਸ ਕੇਂਦਰ ਵਿੱਚ ਇਸ ਲਈ ਆਉਂਦੀ ਹਾਂ ਕਿਉਂਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਅੰਦਰ ਬਰੇਕ ਡਾਂਸਿੰਗ ਦਾ ਹੁਨਰ ਹੈ। ਮੈਂ ਇੱਥੇ ਆਪਣੀ ਅੰਦਰਲੀ ਨਾਂਹਵਾਚੀ ਊਰਜਾ ਨੂੰ ਬਾਹਰ ਕੱਢਣ ਅਤੇ ਆਨੰਦ ਲੈਣ ਲਈ ਵੀ ਆਉਂਦੀ ਹਾਂ।’’ ਉਸ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇੱਥੇ ਆ ਰਹੀ ਹੈ ਅਤੇ ਬਿਲਕੁਲ ਜ਼ੀਰੋ ਤੋਂ ਸ਼ੁਰੂਆਤ ਕਰਨ ਮਗਰੋਂ ਆਪਣੀ ਤਰੱਕੀ ਤੋਂ ਬਹੁਤ ਖੁਸ਼ ਹੈ। ਇੰਸਟਰੱਕਟਰ ਫਾਏਜ਼ ਸਰਾਜ ਨੇ ਦੱਸਿਆ ਕਿ 2004 ਵਿੱਚ ਕੈਂਪ ’ਚ ਸਥਾਪਤ ਕੀਤਾ ਗਿਆ ਇਹ ਸਕੂਲ ਬਰੇਕ ਡਾਂਸ, ਜਿਮਨਾਸਟਿਕ ਅਤੇ ਸਮਕਾਲੀ ਨਾਚ ਰਾਹੀਂ ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਕਰਨ ’ਚ ਮਦਦ ਕਰਦਾ ਹੈ।
![]()
