ਘੁਲਾੜੀ ’ਤੇ ਰੱਬ

‘‘ਕਰਮ ਸਿਆਂ, ਰੱਬ ਦਾ ਨਾਂਅ ਲਿਆ ਕਰ, ਬਾਹਲੀਆਂ ਔਝੜਾਂ ’ਚ ਨਾ ਪਿਆ ਕਰ… ਦੇਖ ਲੈ ਤੇਰਾ ਬਾਪੂ ਕਿੰਨਾ ਭਜਨੀਕ ਸੀ, ਤਾਂ ਹੀ ਤਾਂ ਮਹਾਰਾਜ ਨੇ ਰੰਗ ਭਾਗ ਲਾਏ ਪਏ ਨੇ… ਕੋਈ ਘਾਟ ਆਈ ਐ ਕਦੇ|’’ ਕਰਮੂ ਦੇ ਬਾਪੂ ਕਰਤਾਰ ਸਿਉਂ ਦੀ ਮੇਰੇ ਬਾਪੂ ਨਾਲ ਬਹੁਤ ਲਿਹਾਜ਼ ਸੀ| ਉਨ੍ਹਾਂ ਦਾ ਪਿੰਡ ਰੁਪਾਲੋਂ, ਸਾਡੇ ਪਿੰਡ ਸੁਲਤਾਨਪੁਰ ਦੇ ਨੇੜੇ ਸੀ| ਖੁਸ਼ੀ-ਗਮੀ ਵਿੱਚ ਸ਼ਰੀਕ ਹੁੰਦੇ, ਡੰਗਰ ਵੱਛੇ ਅਤੇ ਖੇਤੀਬਾੜੀ ਦੇ ਸੰਦ ਸੰਦੇੜੇ ਦਾ ਲੈਣ ਦੇਣ ਕਰਦੇ ਸਨ, ਜਿਸ ਕਰ ਕੇ ਉਨ੍ਹਾਂ ਦਾ ਆਉਣ-ਜਾਣ ਬਣਿਆ ਰਹਿੰਦਾ ਸੀ, ਤਾਂ ਹੀ ਤਾਂ ਕਰਤਾਰ ਸਿਉਂ ਨੇ ਬਾਪੂ ਨੂੰ ਗੁੜਥੜੀ ਤੋਂ ਰਿਸ਼ਤਾ ਕਰਵਾਇਆ ਸੀ, ਜਿੱਥੇ ਉਹ ਆਪ ਵਿਆਹਿਆ ਹੋਇਆ ਸੀ|
ਕਪਾਹ ਦੀਆਂ ਛਟੀਆਂ ਦੀ ਝੌਂਪੜੀ ਵਿੱਚ ਕਰਮੂ ਭੂਰੀ ਦੀ ਬੁੱਕਲ ਮਾਰੀ ਗੋਡਿਆਂ ਵਿੱਚ ਸਿਰ ਦੇਈ ਬੈਠਾ ਸੀ, ਠੰਢ ਹਾਲੇ ਪੂਰੀ ਤਰ੍ਹਾਂ ਨਹੀਂ ਸੀ ਗਈ| ਕਰਮੂ ਹਮੇਸ਼ਾ ਧੋਤੀਨੁਮਾ ਚਾਦਰਾ, ਲੰਮਾ ਕੁੜਤਾ ਤੇ ਸਿਰ ’ਤੇ ਪਰਨਾ ਬੰਨ੍ਹ ਕੇ ਰੱਖਦਾ ਸੀ| ਅੱਜ ਘੁਲਾੜੀ ’ਤੇ ਸ਼ੱਕਰ ਬਣ ਰਹੀ ਸੀ| ਇਹ ਕੰਮ ਕੋਈ ਚੰਗਾ ਪਕਾਵਾ ਹੀ ਕਰਦਾ ਹੁੰਦਾ ਸੀ| ਬਾਪੂ ਸ਼ੱਕਰ ਤੇ ਗੁੜ ਪਕਾਉਣ ਦਾ ਮਾਹਿਰ ਸੀ|
‘‘ਲੈ ਬਈ ਤਾਇਆ ਤੂੰ ਰੱਬ ਦੀ ਸੁਣ ਲੈ, ਕਰਮੂ ਨੇ ਗੋਡਿਆਂ ਵਿੱਚੋਂ ਸਿਰ ਉੱਪਰ ਵੱਲ ਚੁੱਕਦਿਆਂ ਕਿਹਾ|’’ ਬਾਪੂ ਨੇ ‘ਹਾਂ’ ਕਹਿ ਕੇ ਪਰਾਤ ਵਿੱਚ ਖੁਰਚਣਾ ਫੇਰਨਾ ਸ਼ੁਰੂ ਕਰ ਦਿੱਤਾ| ਹਾਲੇ ਪਰਸੋਂ ਚੌਥੇ ਦੀ ਗੱਲ ਐ ਤਾਇਆ ਬਰਸੀਨ ਸੁਕਾਉਂਦਾ ਸੀ| ‘‘ਮੈਂ ਕਿਹਾ ਚੱਲ ਪਾਣੀ ਫੇਰ ਦੇਨੇ ਆਂ, ਮੈਂ ਬੰਬਾ ਜੋੜ ਲਿਆ, ਸਾਂਝੀ ਨੱਕੀਂ ਚਲਿਆ ਗਿਆ, ਮੈਂ ਵੇਹਲਾ ਸਾਂ, ਮਖਾਂ ਚੱਲ ਅੱਜ ਰੱਬ ਦਾ ਨਾਂਅ ਈ ਲੈ ਲੈਨੇ ਆਂ|’’ ਤੂਤ ਥੱਲੇ ਮੰਜੀ ਪਈ ਸੀ, ਮੈਂ ਚੱਪ ਮਾਰ ਕੇ ਬਹਿ ਗਿਆ| ‘‘ਲੈ ਬਈ ਤਾਇਆ ਪੱਕ ਮੰਨੀ ਮੈਂ ਹਾਲੇ ਵਾਹਿਗੁਰੂ ਹੀ ਕਿਹਾ ਸੀ ਕਿ ਅਜਿਹਾ ਭਾਣਾ ਵਰਤਿਆ, ਚੰਗੇ ਭਲੇ ਚਲਦੇ ਇੰਜਣ ਦਾ ਪਟਾ ਟੁੱਟ ਗਿਆ|’’ ਮੈਂ ਕਿਹਾ ‘ਲੈ ਹੋਰ ਲੈ ਲਓ ਰੱਬ ਦਾ ਨਾਂਅ’, ਕਰਮੂ ਨੇ ਹੱਥ ’ਤੇ ਹੱਥ ਮਾਰਦਿਆਂ ਹੱਸਦੇ ਹੋਏ ਮੂੰਹ ਫੇਰ ਗੋਡਿਆਂ ਵਿੱਚ ਦੇ ਲਿਆ|
ਬਾਪੂ ਨੇ ਸ਼ੱਕਰ ਬਣਾਉਣ ਲਈ ਪਰਾਤ ਵਿਚਾਲੇ, ਮਾਲ ਦੀ ਇੱਕ ਥਾਂ ਢੇਰੀ ਲਾ ਲਈ| ਹੁਣ ਉਸ ਨੂੰ ਕੁਝ ਦੇਰ ਰੁਕਣਾ ਪੈਣਾ ਸੀ ਕਿਉਂਕਿ ਹੁਣ ਇਸ ਨੂੰ ਹੱਥਾਂ ਨਾਲ ਮਲ-ਮਲ ਕੇ ਸ਼ੱਕਰ ਬਣਾ ਲੈਣੀ ਸੀ| ਬਾਪੂ ਕਰਮੂ ਦੀ ਗੱਲ ਸੁਣ ਕੇ ਥੋੜ੍ਹਾ ਹੱਸਿਆ, ‘‘ਚੱਲ ਭਾਈ ਤੇਰੀ ਮਰਜ਼ੀ ਐ, ਮੈਂ ਤਾਂ ਐਂ ਕਹਿਨਾ ਵੀ ਰੱਬ ਦਾ ਨਾਂਅ ਜ਼ਰੂਰ ਲੈਣਾ ਚਾਹੀਦੈ|’’ ਝੋਕਾ ਲਾਉਣ ਵਾਲਾ ਭਗਤੂ ਵੀ ਹੀਂ-ਹੀਂ ਕਰ ਕੇ ਹੱਸਿਆ ਤੇ ਮੁੜ ਭੱਠੀ ਵਿੱਚ ਪੱਤੀ ਦਾ ਝੋਕਾ ਤੁੰਨਣ ਲੱਗ ਪਿਆ|
ਬਾਪੂ ਰੱਬ ਵਾਲੀ ਗੱਲ ਛੱਡ ਕੇ ਬੈਠ ਗਿਆ ਤੇ ਸ਼ੱਕਰ ਮਲਣ ਲੱਗ ਪਿਆ| ‘‘ਆ ਜਾ ਬਈ ਕਰਮ ਸਿਹਾਂ, ਦੇਖ ਤਾਂ ਠੀਕ ਬਣੀ ਐ ਸ਼ੱਕਰ?’’ ਕਰਮੂ ਖਿਸਕ ਕੇ ਪਰਾਤ ਕੋਲ ਆ ਗਿਆ| ‘‘ਰੰਗ ਤਾਂ ਜਮਾਂ ਚਿੱਟਾ ਪਿਆ ਤਾਇਆ, ਸ਼ੱਕਰ ਬਹੁਤ ਸੁਆਦ ਆ|’’ ਉਸ ਨੇ ਦੋ ਕੁ ਰੋੜੀਆਂ ਸ਼ੱਕਰ ਦੀਆਂ ਮੂੰਹ ਵਿੱਚ ਪਾਉਂਦਿਆਂ ਕਿਹਾ| ਬਾਪੂ ਦੱਸਦਾ ਹੁੰਦਾ ਸੀ ਬਈ ਤਾਏ ਵਰਗਾ ਪਕਾਵਾ ਨਹੀਂ ਦੇਖਣਾ ਕਿਤੇ| ਅਗਲੀ ਚਾਸ਼ਣੀ ਉਬਾਲਾ ਲੈ ਚੁੱਕੀ ਸੀ| ਬਾਪੂ ਮੈਲ ਛਾਨਣ ਵਾਲੀ ਝਰਨੀ ਲੈ ਕੇ ਉੱਬਲ ਰਹੇ ਰਸ ਵਾਲੇ ਕੜਾਹੇ ਵਿੱਚ ਫੇਰਨ ਲੱਗ ਪਿਆ| ਬਲਦਾਂ ਵਾਲੀ ਘੁਲਾੜੀ ਲਗਾਤਾਰ ਚੱਲ ਰਹੀ ਸੀ| ਘੁਲਾੜੀ ਤੋਂ ਕੁਝ ਹੀ ਦੂਰੀ ’ਤੇ ਦਿਹਾੜੀਏ ਨੇ ਗੰਨੇ ਵੱਢ-ਵੱਢ ਗਰਨਾਂ ਲਾ ਦਿੱਤੀਆਂ ਸਨ| ਬੇਬੇ ਆਪਣੇ ਨਾਲ ਹੋਰ ਦੋ-ਤਿੰਨ ਔਰਤਾਂ ਨੂੰ ਪਿੰਡੋਂ ਨਾਲ ਲੈ ਕੇ ਗੰਨੇ ਘੜਨ ਲੱਗੀ ਹੋਈ ਸੀ|
ਘੁਲਾੜੀ ਵਿੱਚ ਗੰਨੇ ਲਾਉਣ ਲਈ ਮੇਰਾ ਤਾਇਆ ਲੱਗਾ ਹੋਇਆ ਸੀ| ਉਹ ਤੋਰ ਲੈ ਇਨ੍ਹਾਂ ਨੂੰ ਭੋਰਾ ਅਗਾਂਹ, ਤਾਏ ਨੇ ਬਲਦ ਹੱਕਣ ਵਾਲੇ ਦਿਹਾੜੀਏ ਨੂੰ ਉੱਚੀ ਆਵਾਜ਼ ਵਿੱਚ ਕਿਹਾ| ਹਾਕ ਸੁਣਦਿਆਂ ਹੀ ਉਸ ਨੇ ਬਲਦਾਂ ਦੇ ਦੋ ਪਰਾਣੀਆਂ ਜੜ ਦਿੱਤੀਆਂ| ਬਲਦਾਂ ਨੇ ਕਾਫੀ ਤੇਜ਼ੀ ਫੜ ਲਈ|‘‘ ਬੱਸ ਹੁਣ ਕਾਇਮ ਕਰ ਕੇ ਰੱਖੀਂ ਇਨ੍ਹਾਂ ਨੂੰ, ਤਾਂ ਹੀ ਆਥਣ ਤੱਕ ਆਹ ਗਰਨਾਂ ਪੀੜ ਹੋਣਗੀਆਂ| ਉੱਤੋਂ ਬੱਦਲਵਾਈ ਵੀ ਲੱਗਦੀ ਆ, ਕਸ ਕੇ ਰੱਖ ਬਲਦਾਂ ਨੂੰ|’’ ‘‘ਉਹ ਮਖਾਂ ਤੂੰ ਫਿਕਰ ਨਾ ਕਰ ਲਾਣੇਦਾਰਾ, ਮੈਂ ਤਾਂ ਲਿਆ ਦੂੰ ਨ੍ਹੇਰੀ|’’ ਉਹਨੇ ਇੱਕ-ਇੱਕ ਪਰਾਣੀ ਬਲਦਾਂ ਨੂੰ ਹੋਰ ਜੜ ਦਿੱਤੀ| ‘‘ਕਰਮ ਸਿਆਂ, ਸ਼ੁਕਰ ਕਰ ਪਟਾ ਤੇਰੇ ਮੂੰਹ ਸਿਰ ’ਤੇ ਨਹੀਂ ਲੱਗਿਆ, ਭਾਈ, ਤੈਂ ਵਾਹਿਗੁਰੂ ਕਿਹਾ, ਤਾਂ ਹੀ ਬਚਾਅ ਹੋ ਗਿਆ ਹੋਵੇ|’’ ‘‘ਤਾਇਆ, ਬਚਾਓ ਤਾਂ ਜ਼ਰੂਰ ਹੋ ਗਿਆ, ਇੱਕ ਨੱਟ ਜਿਹਾ, ਜਮਾਂ ਕੋਲੋਂ ਦੀ ਲੰਘਿਆ ਸੀ, ਪਰ ਬਚਾਅ ਹੋ ਗਿਆ|’’ ‘‘ਕਰਮਿਆਂ ਉਹਦੀਆਂ ਓਹੀ ਜਾਣਦਾ, ਅੱਖਾਂ ਵਿੱਚ ਧੂੰਆਂ ਪੈਣ ਕਾਰਨ, ਭਗਤੂ ਅੱਖਾਂ ਮਲਦੇ ਹੋਏ ਬੋਲਿਆ|’’ ‘‘ਗੱਲ ਤੇਰੀ ਠੀਕ ਐ, ਭਗਤਿਆ|’’ ਕਰਮੂ ਨੇ ਭਗਤੂ ਵੱਲ ਝਾਕਦਿਆਂ ਕਿਹਾ| ਤਾਇਆ, ਕਾਹਲੀ-ਕਾਹਲੀ ਗੰਨੇ ਘੁਲਾੜੀ ਦੇ ਵੇਲਣਿਆਂ ਵਿੱਚ ਧੱਕ ਰਿਹਾ ਸੀ| ਰੌਹ ਦੀ ਧਾਰ ਹੁਣ ਕਾਫੀ ਮੋਟੀ ਵਹਿ ਰਹੀ ਸੀ| ਗੰਨੇ ਘੜਨ ਉਪਰੰਤ ਬਚੀ ਹੋਈ ਪੱਤੀ ਦੀਆਂ ਭਰੀਆਂ ਵੀ ਝੋਕਾ ਲਾਉਣ ਲਈ ਲਿਆਂਦੀਆਂ ਜਾ ਰਹੀਆਂ ਸਨ| ਪੱਤੀ ਦੀਆਂ ਭਰੀਆਂ ਢੋਣ ਵਾਲਾ ਦਿਹਾੜੀਆ ਕੁਝ ਚਿਰ ਬਾਅਦ ਵੇਲਣੇ ਦੇ ਪਿੱਛੇ ਰੱਖੇ ਤੱਥੇ ਹਟਾਉਣ ਲਈ ਕਾਊਂ ਨਾਲ ਖਿੱਚ ਕੇ ਵੱਡੇ ਟੋਕਰੇ ਵਿੱਚ ਭਰ ਦਿੰਦਾ ਸੀ ਤੇ ਥੋੜ੍ਹੀ ਦੂਰ ਸੁੱਕਣ ਲਈ ਬਿਖੇਰ ਦਿੰਦਾ ਸੀ| ਇੱਕ ਦੋ ਦਿਨਾਂ ਬਾਅਦ ਹੀ ਇਹ ਖੋਈ (ਭੱਠੀ) ਬਹਿਣੀ ਵਿੱਚ ਜਲਾਉਣ ਦੇ ਕੰਮ ਆਉਂਦੀ ਸੀ| ਗੁੜ ਦੀ ਖੁਸ਼ਬੂ ਆਲੇ-ਦੁਆਲੇ ਦੇ ਖੇਤਾਂ ਵਿੱਚ ਫੈਲ ਜਾਂਦੀ ਸੀ| ਕਈ ਰਾਹਗੀਰ, ਗਰਮ-ਗਰਮ ਗੁੜ ਖਾਣ ਦਾ ਸੁਆਦ ਚੱਖਣ ਲਈ ਘੁਲਾੜੀ ’ਤੇ ਆ ਜਾਂਦੇ ਸਨ| ‘‘ਤਾਇਆ ਬੋਤਾ ਲਿਆਵਾਂ? ਬਲਦ ਹੱਕਣ ਦੀ ਲੋੜ ਨ੍ਹੀਂ ਪੈਣੀ, ਬਸ ਖੋਪੇ ਲਾ ਕੇ ਇੱਕ ਸ਼ਮਕੀ ਮਾਰ ਦੇਈਂ, ਭਵਾਂ ਸਾਰੀ ਦਿਹਾੜੀ ਚਲਾਈ ਜਾਂਈ ਫੇਰ, ਕਰਮੂ ਨੇ ਬਲਦਾਂ ਦੀ ਢਿੱਲੀ ਚਾਲ ਦੇਖਦਿਆਂ ਕਿਹਾ|’’ ‘‘ਨਾ-ਨਾ ਬੀਰ, ਜਿਊਂਦਾ ਵਸਦਾ ਰਹਿ, ਐਤਕੀ ਇੱਖ ਥੋੜ੍ਹਾ ਹੀ ਬੀਜਿਆ, ਬਸ ਆਹ ਦੋ ਚੌਂਹ ਦਿਨਾ ਤੱਕ ਪੀੜਿਆ ਜਾਣਾ|’’
‘‘ਤਾਇਆ ਖੰਡ ਵੀ ਪਾ ਲਈਂ ਦੋ ਢੋਲ, ਇਹ ਰੇਤੇ ਦਾ ਇੱੱਖ ਹੈ, ਸ਼ੀਰੇ ’ਚ ਕਣ ਬਹੁਤ ਹੁੰਦਾ|’’ ‘‘ਹਾਂ-ਹਾਂ ਮਗਰੋਂ ਜਾ ਕੇ ਦੋ ਢੋਲ ਪਾਵਾਂਗੇ ਨਾਲੇ ਲਾਟ ਦਾ ਗੁੜ ਬਣ ਜੂ, ਡੰਗਰਾਂ ਖਾਤਰ ਚੰਗਾ ਹੁੰਦਾ’’, ਬਾਪੂ ਨੇ ਹਾਮੀ ਭਰਦਿਆਂ ਕਿਹਾ| ‘‘ਆਹੋ ਨਾਲੇ ਖੰਡ ਵੀ ਇੱਥੇ ਦੀ ਜਮਾਂ ਚਿੱਟੀ ਨਿਕਲਦੀ ਆ’’, ਕਹਿ ਕੇ ਕਰਮੂ ਢਾਕਾਂ ’ਤੇ ਹੱਥ ਰੱਖ ਕੇ ਖੜ੍ਹ ਗਿਆ| ਸ਼ਾਇਦ ਉਸ ਨੂੰ ਰੀੜ੍ਹ ਦੀ ਹੱਡੀ ਦੀ ਕੋਈ ਤਕਲੀਫ਼ ਸੀ| ਉਹ ਸਿੱਧਾ ਖੜ੍ਹ ਨਹੀਂ ਸਕਦਾ ਸੀ, ਦੋਵੇਂ ਹੱਥ ਪਿੱਠ ’ਤੇ ਟਿਕਾ ਕੇ ਝੁਕ ਕੇ ਚੱਲਦਾ ਸੀ| ‘‘ਚੰਗਾ ਬਈ ਤਾਇਆ ਫੇਰ ਮੈਂ ਤਾਂ ਚਲਦਾਂ ਹੁਣ|’’ ‘‘ਉਹ ਬਹਿ ਜਾ ਕਰਮ ਸਿਆਂ, ਦੁਪਹਿਰ ਦੀ ਰੋਟੀ ਆਉਣ ਵਾਲੀ ਹੈ| ਖਾ ਕੇ ਜਾਈਂ|’’ ‘‘ਬਈ ਨਹੀਂ ਤਾਇਆ, ਜਾ ਕੇ ਡੰਗਰਾਂ ਦਾ ਵੀ ਔਹੜ ਪੌਹੜ ਕਰਨਾ|’’ ‘‘ਆਹ ਗਲਾਸ ਰੌਹ ਦਾ ਪੀ ਲੈ ਫੇਰ|’’ ‘‘ਬਈ ਨਹੀਂ,’’ ਕਹਿ ਕੇ ਕਰਮੂ ਡੰਡੀ-ਡੰਡੀ ਰੁਪਾਲੋਂ ਵਾਲੇ ਪਹੇ ਵੱਲ ਤੁਰ ਪਿਆ|
ਬਾਪੂ ਨੇ ਸਾਰੀ ਸ਼ੱਕਰ, ਨਾਲ ਹੀ ਵਿਛਾਏ ਹੋਏ ਦੌਲੇ ਵਿੱਚ ਪਲਟ ਦਿੱਤੀ ਤੇ ਪਰਾਤ ਵਿਹਲੀ ਕਰ ਦਿੱਤੀ ਤੇ ਅਗਲੀ ਚਾਸ਼ਣੀ ਦੇਖਣ ਲਈ ਕੜਾਹੇ ਕੋਲ ਆ ਗਿਆ| ‘‘ਚਾਸ਼ਣੀ ਤਾਂ ਹਾਲੇ ਥੱਲੇ ਬੈਠੀ ਪਈ ਐ| ਝੋਕਾ ਤੇਜ਼ ਰੱਖ ਭੋਰਾ’’, ਬਾਪੂ ਨੇ ਭਗਤੂ ਵੱਲ ਵੇਖ ਕੇ ਕਿਹਾ| ‘‘ਲਾਣੇਦਾਰਾ, ਝੋਕਾ ਤਾਂ ਮੈਂ ਬਥੇਰਾ ਲਾਈ ਜਾਨਾਂ, ਪਰ ਆਹ ਪੱਤੀ ਭੋਰਾ ਨਰਮ ਐ, ਅੱਗ ਪੈਂਦੀ ਨ੍ਹੀ ਚੰਗੀ ਤਰ੍ਹਾਂ| ਐਂ ਕਰ, ਝਰਨੇ ’ਚ ਆਹ ਸਰੀਆ ਮਾਰ|’’ ਭਗਤੂ, ਕੋਲ ਪਿਆ ਸਰੀਆ ਉਠਾ ਕੇ ਝਰਨੇ ਵਿੱਚ ਮਾਰਨ ਲੱਗ ਪਿਆ| ‘‘ਨਾਲੇ ਪਿੱਛੇ ਜਾ ਕੇ ਬਹਿਣੀ ’ਚੋਂ ਸਾਈ ਪਿਛਾਂਹ ਖਿੱਚਦੇ, ਭੱਠੀ ਨੂੰ ਸਾਹ ਤਾਂ ਆਉਾਂਦਾਨ੍ਹੀਂ ਅੱਗ ਕਿਵੇਂ ਜਲੂ ਭਾਈ|’’ ਭਗਤੂ ਨੇ ਹੁਣ ਉੱਠ ਕੇ ਬਹਿਣੀ ਵਿੱਚੋਂ ਫੌਹੜੇ ਨਾਲ ਸੁਆਹ ਵੀ ਖਿੱਚ ਦਿੱਤੀ ਤੇ ਮੁੜ ਝੋਕਾ ਲਾਉਣ ਲੱਗ ਪਿਆ| ‘‘ਲਾਣੇਦਾਰਾ ਹੁਣ ਦੇਖ ਲੂੰਹਬੇ ’ਚੋਂ ਕਿਵੇਂ ਅੱਗ ਲਟਾ ਲੱਟ ਨਿਕਲਦੀ ਆ| ਨਾਲੇ, ਕੜਾਹਾ ਵੀ ਦੇਖ ਹੁਣ ਕਿਵੇਂ ਉਬਾਲੇ ਮਾਰਦਾ|’’ ਭਗਤੂ ਹੋਰ ਜ਼ੋਰ ਨਾਲ ਭੱਠੀ ਵਿੱਚ ਪੱਤੀ ਤੁੰਨਣ ਲੱਗ ਪਿਆ| ਬਾਪੂ ਮੁੜ ਸ਼ੱਕਰ ਕੋਲ, ਪਏ ਦੌਲੇ ਵਿੱਚ ਸ਼ੱਕਰ ਪਲਟਣ ਲੱਗ ਪਿਆ| ਨਾਲ ਵਾਲੇ ਖੇਤ ਵਾਲਾ ਗੇਲਾ ਗੰਨਾ ਚੂਪਦਾ ਹੋਇਆ ਬਾਪੂ ਕੋਲ ਆ ਖਲੋਇਆ| ‘‘ਸ਼ੱਕਰ ਪੈਂਦੀ ਐ ਚਾਚਾ|’’ ‘‘ਹਾਂ ਭਾਈ, ਆਜਾ ਬਹਿ ਜਾ, ਸ਼ੱਕਰ ਖਾ ਲੈ|’’ ‘‘ਨਹੀਂ ਮੈਂ ਤਾਂ ਨੱਕੀ ਆਂ, ਹਲਟ ਚੱਲਦੈ, ਬਰਸੀਮ ਨੂੰ ਪਾਣੀ ਪੈਂਦਾ, ਸੋਚਿਆ ਘੁਲਾੜੀ ’ਤੇ ਗੇੜਾ ਲਾ ਆਵਾਂ,’’ ਗੇਲੇ ਨੇ ਆਉਂਦਿਆਂ ਹੀ ਕੜਾਹੇ ਨਾਲ ਪਈ ਝਰਨੀ ਚੁੱਕ ਲਈ ਤੇ ਮੈਲ ਕੱਟਣ ਲੱਗ ਪਿਆ| ‘‘ਚਾਚਾ, ਐਤਕੀ ਤਾਂ ਰੱਬ ਨੇ ਮੀਂਹ ਨ੍ਹੇਰੀ ਤੋਂ ਬਚਾਅ ਰੱਖਿਆ|’’ ‘‘ਆਹੋ ਭਾਈ, ਰੱਬ ਕਰੇ ਅਗਾਂਹ ਵੀ ਠੀਕ ਹੀ ਰੱਖੇ, ਸੁਖ ਨਾਲ ਕਣਕਾਂ ਵੀ ਨਿਸਰ ਪਈਆਂ|’’ ਭਗਤੂ ਕੜਾਹੇ ਦੀ ਭਾਫ ’ਚੋਂ ਉੱਪਰ ਮੂੰਹ ਕੱਢ ਕੇ ਜ਼ੋਰ ਦੀ ਹੱਸਿਆ| ਸ਼ਾਇਦ ਉਸ ਨੂੰ ਕਰਮੂ ਦੀ ਰੱਬ ਵਾਲੀ ਗੱਲ ਫਿਰ ਯਾਦ ਆ ਗਈ ਹੋਵੇਗੀ|

Loading