ਟਰੰਪ ਨੇ ਇਰਾਨ ਨਾਲ ਜੰਗਬੰਦੀ ਦੀ ਮਿਆਦ ਨੂੰ ਅਣਮਿੱਥੇ ਸਮੇਂ ਲਈ ਵਧਾਇਆ

In ਅਮਰੀਕਾ
April 22, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਚੋਲਗੀ ਕਰ ਰਹੇ ਪਾਕਿਸਤਾਨ ਦੀ ਅਪੀਲ ਨੂੰ ਮੰਨਦੇ ਹੋਏ ਇਰਾਨ ਨਾਲ ਜੰਗਬੰਦੀ ਦੀ ਮਿਆਦ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਇਰਾਨ ਦੀ ਵੰਡੀ ਹੋਈ ਲੀਡਰਸ਼ਿਪ ਨੂੰ ਕੁਝ ਹੋਰ ਸਮਾਂ ਦੇਣਾ ਹੈ, ਤਾਂ ਜੋ ਉਹ ਪਿਛਲੇ ਸੱਤ ਹਫ਼ਤਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇੱਕ ਸਾਂਝਾ ਅਤੇ ਇਕਜੁੱਟ ਸ਼ਾਂਤੀ ਪ੍ਰਸਤਾਵ ਤਿਆਰ ਕਰ ਸਕਣ।
ਇਹ ਨਾਟਕੀ ਐਲਾਨ ਪਿਛਲੇ ਦਿਨੀਂ ਸ਼ੁਰੂ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਖ਼ਤਮ ਹੋਣ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ ਹੈ। ਇਸ ਫੈਸਲੇ ਦੇ ਮੱਦੇਨਜ਼ਰ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਅਗਵਾਈ ਹੇਠਲੇ ਅਮਰੀਕੀ ਵਫ਼ਦ ਦੀ ਇਸਲਾਮਾਬਾਦ ਫੇਰੀ ਹੁਣ ਰੁਕ ਗਈ ਹੈ, ਜਿੱਥੇ ਉਨ੍ਹਾਂ ਨੇ ਇਰਾਨੀ ਨੁਮਾਇੰਦਿਆਂ ਨਾਲ ਸ਼ਾਂਤੀ ਵਾਰਤਾ ਕਰਨੀ ਸੀ।
ਹਾਲਾਂਕਿ, ਟਰੰਪ ਨੇ ਸਪਸ਼ਟ ਕੀਤਾ ਕਿ ਅਮਰੀਕਾ ਇਰਾਨ ’ਤੇ ਹਮਲਾ ਕਰਨ ਤੋਂ ਸਿਰਫ ਉਦੋਂ ਤੱਕ ਗੁਰੇਜ਼ ਕਰੇਗਾ ਜਦੋਂ ਤੱਕ ਉਸ ਦੀ ਲੀਡਰਸ਼ਿਪ ਗੱਲਬਾਤ ਲਈ ਇੱਕ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਬੰਦਰਗਾਹਾਂ ਦੀ ਆਰਥਿਕ ਘੇਰਾਬੰਦੀ ਬਰਕਰਾਰ ਰਹੇਗੀ।
ਵੈਂਸ ਅਤੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਮੰਗਲਵਾਰ ਨੂੰ ਪਾਕਿਸਤਾਨ ਦੇ ਦੌਰੇ ਉੱਤੇ ਜਾਣ ਵਾਲੇ ਸਨ, ਪਰ ਵ੍ਹਾਈਟ ਹਾਊਸ ਨੇ ਕਿਹਾ ਕਿ ਵਫ਼ਦ ਦੀ ਪਾਕਿਸਤਾਨ ਯਾਤਰਾ ਨਹੀਂ ਹੋ ਰਹੀ ਹੈ।
ਟਰੰਪ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਇਰਾਨ ਦੀ ਸਰਕਾਰ ਬੁਰੀ ਤਰ੍ਹਾਂ ਖਿੰਡੀ ਹੋਈ ਹੈ, ਜਿਸ ਦੀ ਪਹਿਲਾਂ ਹੀ ਉਮੀਦ ਸੀ। ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਬੇਨਤੀ ’ਤੇ, ਸਾਨੂੰ ਇਰਾਨ ’ਤੇ ਹੋਣ ਵਾਲਾ ਹਮਲਾ ਉਦੋਂ ਤੱਕ ਰੋਕਣ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਆਗੂ ਅਤੇ ਪ੍ਰਤੀਨਿਧੀ ਕੋਈ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੇ।’
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਸ ਲਈ ਫ਼ੌਜ ਨੂੰ ਘੇਰਾਬੰਦੀ ਜਾਰੀ ਰੱਖਣ ਅਤੇ ਹੋਰ ਸਾਰੇ ਮਾਮਲਿਆਂ ਵਿੱਚ ਤਿਆਰ ਤੇ ਸਮਰੱਥ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜੰਗਬੰਦੀ ਨੂੰ ਉਦੋਂ ਤੱਕ ਵਧਾਵਾਂਗੇ ਜਦੋਂ ਤੱਕ ਇਰਾਨ ਵੱਲੋਂ ਪ੍ਰਸਤਾਵ ਪੇਸ਼ ਨਹੀਂ ਕੀਤਾ ਜਾਂਦਾ ਅਤੇ ਗੱਲਬਾਤ ਕਿਸੇ ਅੰਤਿਮ ਨਤੀਜੇ ’ਤੇ ਨਹੀਂ ਪਹੁੰਚ ਜਾਂਦੀ।
ਦੂਜੇ ਪਾਸੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਰਾਨ ਨਾਲ ਜੰਗਬੰਦੀ ਵਧਾਉਣ ਲਈ ਟਰੰਪ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵੇਂ ਪੱਖ ਇਸ ਜੰਗ ਨੂੰ ਖ਼ਤਮ ਕਰਨ ਲਈ ਇੱਕ ਵੱਡਾ ਅਤੇ ਮੁਕੰਮਲ ਸ਼ਾਂਤੀ ਸਮਝੌਤਾ ਕਰਨ ਵਿੱਚ ਕਾਮਯਾਬ ਹੋਣਗੇ।

Loading