ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੇ ਵੀ ਬਣਾਇਆ ਰਿਕਾਰਡ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਰਿਕਾਰਡ ਤੋੜ ਗੀਤ ‘ਬਰੋਟਾ’ ਦੇ ਰਿਲੀਜ਼ ਹੋਣ ਤੋਂ ਠੀਕ ਪੰਜ ਮਹੀਨੇ ਬਾਅਦ, ਉਨ੍ਹਾਂ ਦੀ ਟੀਮ ਨੇ ਪਿਛਲੇ ਦਿਨੀਂ ਨੂੰ ਉਨ੍ਹਾਂ ਦਾ 13ਵਾਂ ਮੌਤ ਤੋਂ ਬਾਅਦ ਵਾਲਾ ਗੀਤ ‘ਆਈਜ਼ ਓਨ ਮੀ’ ਸੋਸ਼ਲ ਮੀਡੀਆ ’ਤੇ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਦੇ ਯੂਟਿਊਬ ’ਤੇ ਰਿਲੀਜ਼ ਹੋਣ ਦੇ ਇੱਕ ਘੰਟੇ ਦੇ ਅੰਦਰ ਹੀ 11 ਲੱਖ ਤੋਂ ਵੱਧ ਪ੍ਰਸੰਸਕਾਂ ਨੇ ਦੇਖਿਆ ਤੇ ਪੌਣੇ ਦੋ ਲੱਖ ਲੋਕਾਂ ਨੇ ਕੁਮੈਂਟ ਵੀ ਕੀਤੇ।
ਪਿਛਲੇ ਸਾਲ 28 ਨਵੰਬਰ ਨੂੰ ਰਿਲੀਜ਼ ਹੋਏ ਗੀਤ ‘ਬਰੋਟਾ’ ਦੇ ਯੂਟਿਊਬ ’ਤੇ 1 ਕਰੋੜ (10 ਮਿਲੀਅਨ) ਤੋਂ ਵੱਧ ਕੁਮੈਂਟਸ ਆਏ ਸਨ ਤੇ ਇਸ ਦੇ ਨਾਲ ਦੁਨੀਆ ਭਰ ਵਿੱਚ ਦੂਜੀ ਸਭ ਤੋਂ ਵੱਧ ਕੁਮੈਂਟ ਕੀਤੀ ਜਾਣ ਵਾਲੀ ਵੀਡੀਓ ਬਣਨ ਦਾ ਮਾਣ ਹਾਸਲ ਕੀਤਾ ਸੀ।
ਨਵੇਂ ਗੀਤ ਦੇ ਅੰਤ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਦਾ ਆਪਣਾ ਕਲੋਦਿੰਗ ਬ੍ਰਾਂਡ ਵੀ ਜਲਦੀ ਹੀ ਲਾਂਚ ਕੀਤਾ ਜਾਵੇਗਾ।
ਇਸ ਨਵੇਂ ਗੀਤ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਇੰਸਟਾਗ੍ਰਾਮ ’ਤੇ 14 ਲੱਖ ਲਾਈਕਸ ਅਤੇ ਯੂਟਿਊਬ ’ਤੇ 31 ਲੱਖ ਵਿਊਜ਼ ਮਿਲੇ ਸਨ। ‘ਆਈਜ਼ ਓਨ ਮੀ’ ਦੇ ਯੂਟਿਊਬ ਪ੍ਰੀਮੀਅਰ ਨੂੰ ਲਗਪਗ 1.6 ਲੱਖ ਦਰਸ਼ਕਾਂ ਨੇ ਲਾਈਵ ਦੇਖਿਆ। ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਵਿੱਚ ਗੀਤ ਨੂੰ ਲੱਖਾਂ ਵਿਊਜ਼ ਮਿਲੇ ਅਤੇ ਇਹ ਇੰਟਰਨੈੱਟ ’ਤੇ ਟ੍ਰੈਂਡ ਕਰਨ ਲੱਗਾ।
2 ਮਿੰਟ 50 ਸੈਕਿੰਡ ਦੀ ਇਸ ਵੀਡੀਓ ਵਿੱਚ ਡਰਾਮੈਟਿਕ ਦ੍ਰਿਸ਼ ਦਿਖਾਏ ਗਏ ਹਨ, ਜਿਸ ਵਿੱਚ ਨਕਾਬਪੋਸ਼ ਹਥਿਆਰਬੰਦ ਵਿਅਕਤੀ, ਮੀਂਹ ਵਿੱਚ ਚੱਲਦੀ ਜੀ-ਵੈਗਨ ਅਤੇ ਇੱਕ ਚੀਤਾ ਦਿਖਾਇਆ ਗਿਆ ਹੈ। ਵੀਡੀਓ ਵਿੱਚ ਹਿੰਸਾ ਦੇ ਦ੍ਰਿਸ਼ ਵੀ ਹਨ, ਜਿਵੇਂ ਕਿ ਬਠਿੰਡਾ ਕੋਰਟ ਕੰਪਲੈਕਸ ਦੇ ਬਾਹਰ ਧਮਾਕਾ ਅਤੇ ਹਥਿਆਰਾਂ ਨਾਲ ਲੈਸ ਵਿਅਕਤੀ, ਜੋ ਸ਼ਾਇਦ ਪਿਛਲੇ ਸਮੇਂ ਵਿੱਚ ਉਸ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੇ ਹਨ।
ਗੀਤ ਦੇ ਬੋਲ ਡਰ, ਹਿੰਸਾ ਅਤੇ ਧੋਖੇ ਦੇ ਵਿਸ਼ਿਆਂ ਨੂੰ ਦਰਸਾਉਂਦੇ ਹਨ। ਇਸ ਵਿੱਚ ‘ਤੈਨੂੰ ਕਿਸੇ ਨੇ ਨਹੀਂ ਬਚਾਉਣਾ, ਸੁਣ ਲੈ ਮੇਰੀ ਗੱਲ’ ਅਤੇ ‘ਚੈਂਬਰ ਵਿੱਚ ਗੋਲੀ ਰੱਖ, ਮਾਹੌਲ ਖਰਾਬ ਹੈ’ ਵਰਗੀਆਂ ਲਾਈਨਾਂ ਸ਼ਾਮਲ ਹਨ। ਵੀਡੀਓ ਦੇ ਅੰਤ ਵਿੱਚ ਇੱਕ ਭਾਵੁਕ ਦ੍ਰਿਸ਼ ਹੈ ਜਿੱਥੇ ਮੂਸੇਵਾਲਾ ਆਪਣੀ ਹਵੇਲੀ ਤੋਂ ਆਪਣੀ ਆਖਰੀ ਸਵਾਰੀ (ਜੀਪ) ’ਤੇ ਨਿਕਲਦਾ ਹੈ ਅਤੇ ਉਸਦੇ ਪਿਤਾ ਬਲਕੌਰ ਸਿੰਘ ਉਨ੍ਹਾਂ ਨੂੰ ਹੱਥ ਹਿਲਾ ਕੇ ਵਿਦਾ ਕਰਦੇ ਦਿਖਾਈ ਦਿੰਦੇ ਹਨ।

ਹੋਲੋਗ੍ਰਾਮ ਵਰਲਡ ਟੂਰ ਦੀ ਤਿਆਰੀ

ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ-ਆਧਾਰਿਤ ਵਿਸ਼ਵ ਦੌਰਾ ਵੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਇਸ ਟੂਰ ਵਿੱਚ 34 ਪ੍ਰੋਜੈਕਸ਼ਨ ਤਕਨੀਕ ਦੀ ਵਰਤੋਂ ਕਰਕੇ ਪ੍ਰਸ਼ੰਸਕਾਂ ਲਈ ਸਿੱਧੂ ਦੀ ਸਟੇਜ ਮੌਜੂਦਗੀ ਨੂੰ ਮੁੜ ਸਿਰਜਿਆ ਜਾਵੇਗਾ। ਇਹ ਟੂਰ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਅੱਠ ਦੇਸ਼ਾਂ ਨੂੰ ਕਵਰ ਕਰੇਗਾ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਰਹਿਣ ਵਾਲੇ 28 ਸਾਲਾ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Loading