ਅਭੈ ਕੁਮਾਰ ਦੂਬੇ
ਮੈਂ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਸਰਕਾਰ ਸਮੇਂ 7 ਮਾਰਚ 2006 ’ਚ ਵਾਰਾਣਸੀ ਵਿਖੇ ਵਾਪਰੀ ਇਕ ਘਟਨਾ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ, ਕਿਉਂਕਿ ਇਸ ਦਾ ਅੱਜ ਵਾਪਰ ਰਹੀਆਂ ਕਈ ਘਟਨਾਵਾਂ ਨਾਲ ਡੂੰਘਾ ਸਬੰਧ ਹੈ। ਕਾਸ਼ੀ ਗੋਸਵਾਮੀ ਤੁਲਸੀਦਾਸ ਦਾ ਸ਼ਹਿਰ ਹੈ ਅਤੇ ਪ੍ਰਚੱਲਿਤ ਮਾਨਤਾ ਅਨੁਸਾਰ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਇਸ ਸ਼ਹਿਰ ’ਚ ਹਨੂੰਮਾਨ ਜੀ ਦੀਆਂ 11-12 ਮੂਰਤੀਆਂ ਸਥਾਪਿਤ ਕੀਤੀਆਂ ਸਨ, ਜਿਨ੍ਹਾਂ ’ਚੋਂ ਸੰਕਟ ਮੋਚਨ ਮੰਦਰ ਸਭ ਤੋਂ ਵੱਧ ਸਤਿਕਾਰਯੋਗ ਹੈ। ਅੱਤਵਾਦੀਆਂ ਨੇ 7 ਮਾਰਚ ਨੂੰ ਇਸ 500 ਸਾਲ ਪੁਰਾਣੇ ਸੰਕਟ ਮੋਚਨ ਮੰਦਰ ਵਿੱਚ ਬੰਬ ਧਮਾਕੇ ਕੀਤੇ। ਇਹ ਧਮਾਕੇ ਫਿਰਕੂ ਰਾਜਨੀਤੀ ਦੇ ਬਾਰੂਦ ਨਾਲ ਭਰੇ ਹੋਏ ਸਨ। ਸੰਘ ਪਰਿਵਾਰ ਉੱਤਰ ਪ੍ਰਦੇਸ਼ ਦੀ ਚੋਣ ਰਾਜਨੀਤੀ ਵਿੱਚ ਆਪਣੇ ਲਗਾਤਾਰ ਘਟਦੇ ਪ੍ਰਭਾਵ ਤੋਂ ਚਿੰਤਤ ਸੀ। ਬੰਬ ਧਮਾਕੇ ਹੋਣ ’ਤੇ ਸੰਘ ਪਰਿਵਾਰ ਦੇ ਦੋ ਪ੍ਰਮੁੱਖ ਨੇਤਾਵਾਂ- ਲਾਲ ਕ੍ਰਿਸ਼ਨ ਅਡਵਾਨੀ ਤੇ ਵਿਨੇ ਕਟਿਆਰ ਨੇ ਤੁਰੰਤ ਮੌਕਾ ਤਾੜਦਿਆਂ ਸੰਕਟ ਮੋਚਨ ਦੇ ਮਹੰਤ ਵੀਰਭੱਦਰ ਮਿਸ਼ਰਾ ਨੂੰ ਘੇਰ ਲਿਆ। ਮਹੰਤ ਅਨੁਸਾਰ ਹਨੂੰਮਾਨ ਜੀ ਦੇ ਨਾਮ ’ਤੇ ਬਣੇ ਸੰਘ ਪਰਿਵਾਰ ਦੇ ਇੱਕ ਹਮਲਾਵਰ ਸੰਗਠਨ ‘ਬਜਰੰਗ ਦਲ’ ਦੇ ਸੰਸਥਾਪਕ ਤੇ ਪ੍ਰਧਾਨ ਵਿਨੇ ਕਟਿਆਰ ਨੇ ਮੰਦਰ ਦੇ ਸਾਹਮਣੇ ਧਰਨਾ ਦੇਣ ਦੀ ਯੋਜਨਾ ਬਣਾਈ ਸੀ ਅਤੇ ਅਡਵਾਨੀ ਮੰਦਰ ਤੋਂ ਇੱਕ ਹੋਰ ਰੱਥ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਸਨ। ਪਰ ਵੀਰਭੱਦਰ ਮਿਸ਼ਰਾ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਬਨਾਰਸ ਦੇ ਮੁਫਤੀ ਮੌਲਾਨਾ ਅਬਦੁਲ ਬਾਤਿਨ ਨੋਮਾਨੀ ਨੇ ਧਮਾਕਿਆਂ ਦੀ ਨਿੰਦਾ ਕਰਦਿਆਂ ਤੁਰੰਤ ਘਟਨਾ ਸਥਾਨ ਦਾ ਦੌਰਾ ਕੀਤਾ। ਮੌਲਾਨਾ ਨੋਮਾਨੀ ਨੇ ਜ਼ਖਮੀਆਂ ਦੀ ਸਿਹਤਯਾਬੀ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲਾਂ ਦਾ ਦੌਰਾ ਵੀ ਕੀਤਾ। ਇਸ ਤੋਂ ਬਾਅਦ ਨੋਮਾਨੀ ਤੇ ਮਿਸ਼ਰਾ ਵਿਚਕਾਰ ਇੱਕ ਜ਼ੋਰਦਾਰ ਸਹਿਯੋਗ ਪੈਦਾ ਹੋਇਆ। ਰਾਮ ਨੌਮੀ ਮੌਕੇ ਹੋਣ ਵਾਲੀ ਰਾਮਕਥਾ ਮੰਦਾਕਿਨੀ ਸ਼ੋਭਾ ਯਾਤਰਾ ਲਈ ਚੁਣੇ ਗਏ ਦੋ ਮੁੱਖ ਮਹਿਮਾਨਾਂ ’ਚ ਮੌਲਾਨਾ ਨੋਮਾਨੀ ਤੇ ਪਿਛਲੇ ਸਾਲ ਸ਼ਹਿਰ ’ਚ ਇੱਕ ਮੰਦਰ ਬਣਾਉਣ ਵਾਲੀ ਵਕੀਲ ਨੂਰ ਫਾਤਿਮਾ ਵੀ ਸ਼ਾਮਿਲ ਹੋਈ ਸੀ, ਜਦਕਿ ਉਸਤਾਦ ਬਿਸਮਿੱਲ੍ਹਾ ਖਾਨ ਦੇ ਪੁੱਤਰ ਮੁਹੰਮਦ ਜਮੀਨ ਖਾਨ ਨੇ ਸ਼ੁਭ ਮੌਕੇ ’ਤੇ ਰਾਮਧੁਨ ਵਜਾਈ। ਜਲੂਸ ਖਤਮ ਹੋਣ ’ਤੇ ਬੁਰਕਾਧਾਰੀ ਮੁਸਲਿਮ ਔਰਤਾਂ- ‘ਸਾਰਾ ਭਾਰਤ ਇੱਕ ਹੈ, ਵੱਖ ਨਹੀਂ ਹੋਣਗੇ ਹਿੰਦੂ ਤੇ ਮੁਸਲਮਾਨ’, ‘ਮੁਸਲਿਮ ਔਰਤਾਂ ਨੇ ਠਾਣਾ ਹੈ, ਅੱਤਵਾਦ ਮਿਟਾਣਾ ਹੈ’ ਦੇ ਨਾਅਰੇ ਲਗਾਉਂਦਿਆ ਸੜਕਾਂ ’ਤੇ ਉਤਰ ਆਈਆਂ। ਇਸ ਰੈਲੀ ਦਾ ਅੰਤ ਉਸੇ ਸੰਕਟ ਮੋਚਨ ਮੰਦਰ ’ਚ ਹੋਇਆ ਅਤੇ ਬੰਬ ਫਟਣ ਵਾਲੀ ਥਾਂ ’ਤੇ ਹਨੂੰਮਾਨ ਚਾਲੀਸਾ ਦਾ ਪਾਠ ਹੋਣ ਬਾਅਦ ਪੂਰਾ ਸੰਕਟ ਮੋਚਨ ਮੰਦਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨਾਲ ਗੂੰਜ ਉੱਠਿਆ ਸੀ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਸ਼ ਵਿੱਚ ਵਾਪਰੀਆਂ ਕੁਝ ਘਟਨਾਵਾਂ ’ਚ ਭਾਜਪਾ ਤੇ ਸੰਘ ਦੀ ਸਮਰਥਕ ਜਥੇਬੰਦੀ ਬਜਰੰਗ ਦਲ ਦੀ ਦਹਿਸ਼ਤ ਤੇ ਧੱਕੇਸ਼ਾਹੀ ਖ਼ਿਲਾਫ਼ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਹੈ। ਬਜਰੰਗ ਦਲ ਦੇ ਭਗਵੇਂ ਕੱਪੜਿਆਂ ਤੇ ਡੰਡਿਆਂ ਵਾਲੇ ਵਰਕਰ ਭੱਜਦੇ ਦਿਖਾਈ ਦੇ ਰਹੇ ਹਨ। ਇਸ ਕਹਾਣੀ ਦੀ ਖਾਸ ਗੱਲ ਇਹ ਰਹੀ ਕਿ ਵਿਰੋਧ ਕਰਨ ਵਾਲੇ ਮੁਸਲਮਾਨ ਨਹੀਂ, ਸਗੋਂ ਹਿੰਦੂ ਭਾਈਚਾਰੇ ਦੇ ਨੌਜਵਾਨ ਹਨ। ਕਿਸੇ ਜਗ੍ਹਾ ਹਿੰਦੂ ਨੌਜਵਾਨ ਇੱਕ-ਦੂਜੇ ਦਾ ਹੱਥ ਫੜ ਕੇ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਦੁਆਲੇ ਸੁਰੱਖਿਆ ਜ਼ੰਜੀਰ ਬਣਾਉਂਦੇ ਹਨ ਤਾਂ ਕਿਤੇ ਵੈਲੇਨਟਾਈਨ ਡੇ ਮੌਕੇ ਪਾਰਕਾਂ ’ਚੋਂ ਬਜਰੰਗ ਦਲ ਦੇ ਵਰਕਰਾਂ ਨੂੰ ਹਿੰਦੂ ਲੜਕੇ-ਲੜਕੀਆਂ ਦੁਆਰਾ ਭਜਾਇਆ ਜਾਂਦਾ ਹੈ। ਦੀਪਕ ਕੁਮਾਰ ਵਰਗਾ ਨੌਜਵਾਨ ਇਨ੍ਹਾਂ ਅਨਸਰਾਂ ਤੋਂ ਇੱਕ ਮੁਸਲਿਮ ਦੁਕਾਨਦਾਰ ਨੂੰ ਬਚਾਉਂਦਿਆਂ ਆਪਣਾ ਨਾਂਅ ਪੁੱਛਣ ’ਤੇ ਮੁਹੰਮਦ ਦੀਪਕ ਦੱਸਦਾ ਹੈ। ਜੇਕਰ 2006 ਦੌਰਾਨ ਬਜਰੰਗ ਦਲ ਦੀਆਂ ਕਾਰਵਾਈਆਂ ਨੂੰ ਹਿੰਦੂ-ਮੁਸਲਿਮ ਏਕਤਾ ਨੇ ਨਾਕਾਮ ਕੀਤਾ ਸੀ ਤਾਂ ਅਜਿਹੀਆਂ ਕਹਾਣੀਆਂ ਹੁਣ ਹਰ ਜਗ੍ਹਾ ਚੱਲ ਰਹੀਆਂ ਹਨ। ਦਰਅਸਲ 2014 ਤੋਂ ਬਜਰੰਗ ਦਲ ਨੇ ਗਲੀਆਂ, ਮੁਹੱਲਿਆਂ, ਪਾਰਕਾਂ, ਚੌਰਾਹਿਆਂ ਤੇ ਹੋਰ ਜਨਤਕ ਥਾਵਾਂ ’ਤੇ ਆਪਣੀ ਧੱਕੇਸ਼ਾਹੀ ’ਤੇ ਮੋਹਰ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਤੋਂ ਡਰਨ ਤੇ ਬਚਣ ਲੱਗੇ ਸਨ। ਪਰ ਹੁਣ ਇਨ੍ਹਾਂ ਨੂੰ ਆਪਣੀ ਧੱਕੇਸ਼ਾਹੀ ਦਾ ਜਵਾਬ ਮਿਲਣ ਲੱਗ ਪਿਆ ਹੈ, ਜਵਾਬ ਮਿਲਣ ਨਾਲ ਮਾਹੌਲ ਬਦਲ ਰਿਹਾ ਹੈ। ਹੁਣ ਲੋਕ ਮੋਦੀ ਜੀ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਨਹੀਂ ਹੋ ਰਹੇ, ਉਨ੍ਹਾਂ ਦੀਆਂ ਚਾਲਾਂ ਨਾਕਾਮ ਹੋ ਰਹੀਆਂ ਹਨ। ਮੋਦੀ ਨੇ ਡੋਨਾਲਡ ਟਰੰਪ ਨੂੰ ਵਪਾਰ ਸੌਦੇ ਦਾ ਐਲਾਨ ਕਰਨ ਲਈ ਪ੍ਰੇਰਿਆ ਅਤੇ ਦਿੱਲੀ ਵਿਖੇ ਏ.ਆਈ. ਸੰਮੇਲਨ ਕਰਵਾਇਆ ਤਾਂ ਜੋ ਜਨਰਲ ਨਰਵਣੇ ਦੀ ਕਿਤਾਬ ਕਾਰਨ ਪੈਦਾ ਹੋਏ ਸੰਕਟ, ਯੂ.ਜੀ.ਸੀ. ਨਿਯਮਾਂ ਦੁਆਰਾ ਭਾਜਪਾ ਦੇ ਕੋਰ ਵੋਟ ਵਿੱਚ ਪੈਦਾ ਹੋਈ ਉਲਝਣ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਐਪਸਟਾਈਨ ਫਾਈਲ ਵਿੱਚ ਫਸਣ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਢਕਿਆ ਜਾ ਸਕੇ। ਮੋਦੀ ਆਪਣੇ ਬਣਾਏ ਜਾਲ ’ਚ ਫਸ ਗਏ ਹਨ ਤੇ ਰਾਸ਼ਟਰੀ ਰਾਜਨੀਤੀ ਦਾ ਬਿਰਤਾਂਤ ਮੋਦੀ ਦੇ ਹੱਥਾਂ ਤੋਂ ਤੇਜ਼ੀ ਨਾਲ ਖਿਸਕ ਰਿਹਾ ਹੈ।
ਦੀਪਕ ਮੁਹੰਮਦ ਨੇ ਰਾਹੁਲ ਗਾਂਧੀ ਦੇ ਸੱਦੇ ’ਤੇ ਦਿੱਲੀ ਆ ਕੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਉਸ ਦੇ ਪਰਿਵਾਰ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ; ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਉਹ ਉੱਤਰਾਖੰਡ ਦੇ ਮੁਹੰਮਦ ਦੀਪਕ ਨੂੰ ਮਿਲੇ ਹਨ, ਜਿਸ ਨੇ ਏਕਤਾ, ਭਾਈਚਾਰੇ ਤੇ ਹਿੰਮਤ ਦੀ ਇੱਕ ਉਦਾਹਰਨ ਕਾਇਮ ਕਰਦਿਆਂ ਦੇਸ਼ ਦੇ ਹਰ ਨੌਜਵਾਨ ਨੂੰ ਅਨਿਆਂ ਤੇ ਨਫ਼ਰਤ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ। ਦੀਪਕ ‘ਪਿਆਰ ਦੀ ਦੁਕਾਨ’ ਦਾ ਯੋਧਾ ਹੈ-ਪੂਰੇ ਦੇਸ਼ ਨੂੰ ਉਸ ’ਤੇ ਮਾਣ ਹੈ। ਮੇਰਾ ਮੰਨਣਾ ਹੈ ਕਿ ਜੇਕਰ ਬਦਾਯੂੰ ਵਿਖੇ ਕੁਝ ਦਲੇਰ ਹਿੰਦੂ ਨੌਜਵਾਨ ਮੌਜੂਦ ਹੁੰਦੇ ਤਾਂ ਬਜਰੰਗ ਦਲ ਦੇ ਵਰਕਰ ਅਕਸ਼ੈ ਨੂੰ ਸਬਕ ਸਿਖਾਇਆ ਜਾ ਸਕਦਾ ਸੀ, ਜੋ ਕੁਝ ਮੁਸਲਿਮ ਬਜ਼ੁਰਗਾਂ ਨੂੰ ਬੇਵਜ੍ਹਾ ਕੁੱਟਦਿਆਂ ਗਾਲਾਂ ਕੱਢ ਰਿਹਾ ਸੀ। ਭਾਵੇਂ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ। ਮੇਰਾ ਮੰਨਣਾ ਹੈ ਕਿ ਬਜਰੰਗ ਦਲ ਵਾਲੇ ਇਸ ਲਈ ਜ਼ਿਆਦਤੀ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਮਾਜ ਉਨ੍ਹਾਂ ਦੇ ਅਜਿਹੇ ਕਾਰਿਆਂ ਦੀ ਪ੍ਰਸ਼ੰਸਾ ਕਰੇਗਾ। ਭਾਜਪਾ ਤੇ ਸੰਘ ਦੇ ਅੰਦਰ ਉਨ੍ਹਾਂ ਦਾ ਸਤਿਕਾਰ ਵਧੇਗਾ।
ਬਜਰੰਗ ਦਲ ਦੇ ਇਤਿਹਾਸ ’ਤੇ ਇੱਕ ਨਜ਼ਰ ਮਾਰੀਏ ਤਾਂ ਇਸ ਸੰਗਠਨ ਦੀ ਸਥਾਪਨਾ 1984 ਵਿੱਚ ਹੋਈ ਸੀ, ਜਦੋਂ ਸਰਕਾਰ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਰਾਮ-ਜਾਨਕੀ ਯਾਤਰਾ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਸੰਘ ਪਰਿਵਾਰ ਨੇ ਇਸ ਸੰਗਠਨ ਦੀ ਅਗਵਾਈ ਵਿਸ਼ੇਸ਼ ਤੌਰ ’ਤੇ ਓਬੀਸੀ ਭਾਈਚਾਰੇ ਦੇ ਨੌਜਵਾਨਾਂ ਨੂੰ ਸੌਂਪਦਿਆਂ ਵਿਨੈ ਕਟਿਆਰ ਇੱਕ ਕੁਰਮੀ ਨੂੰ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਸ਼ੁਰੂਆਤੀ ਪੜਾਅ ਦੌਰਾਨ ਇੱਕ ਵਿਸ਼ੇਸ਼ ਰੁਝਾਨ ਤਹਿਤ ਸੰਗਠਨ ਦੇ ਲਗਭਗ ਸਾਰੇ ਨੇਤਾ ਤੇ ਕਾਰਕੁੰਨ ਪਛੜੀਆਂ ਜਾਤੀਆਂ ਤੋਂ ਲਏ ਗਏ ਅਤੇ ਉੱਚ-ਜਾਤੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਜਾਣਬੁੱਝ ਕੇ ਪਿੱਛੇ ਰੱਖਿਆ ਗਿਆ ਸੀ। ਭਾਜਪਾ ਦੇ ਨੇਤਾ ਡੂੰਘੀ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਸੰਗਠਨ ਸਿਰਫ਼ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਬਣਾਇਆ ਸੀ। ਭਾਜਪਾ ਤੇ ਆਰ.ਐੱਸ.ਐੱਸ ਦੇ ਉੱਚ-ਜਾਤੀ ਆਗੂਆਂ ਦੀ ਓ.ਬੀ.ਸੀ. ਨੌਜਵਾਨਾਂ ਨੂੰ ਧੱਕੇਸ਼ਾਹੀ ਲਈ ਵਰਤਣ ਦੀ ਇਸ ਸਿਆਸੀ ਤਕਨੀਕ ਵੱਲ ਆਲੋਚਕਾਂ ਦਾ ਧਿਆਨ ਬਹੁਤ ਦੇਰ ਬਾਅਦ ਗਿਆ। ਬਜਰੰਗ ਦਲ ਹਿੰਦੂਤਵ ਦੀ ਰਾਜਨੀਤੀ ਵਿੱਚ ਉੱਚ-ਜਾਤੀ ਦੀ ਰਾਜਨੀਤੀ ਦੇ ਅੰਦਰ ਜਾਤੀਵਾਦ ਤੇ ਦਬਦਬੇ ਦਾ ਪ੍ਰਮਾਣ ਹੈ। ਉੱਚ ਜਾਤੀਆਂ ਰਣਨੀਤੀਆਂ ਬਣਾ ਕੇ ਇਨਾਮ ਹਾਸਲ ਕਰਦੀਆਂ ਹਨ ਅਤੇ ਹਿੰਸਾ ਤੇ ਧੱਕੇਸ਼ਾਹੀ ਓ.ਬੀ.ਸੀ. ਜਾਤੀਆਂ ਤੋਂ ਕਰਵਾਈ ਜਾਂਦੀ ਹੈ। ਹੁਣ ਹਿੰਦੂਤਵ ਦੇ ਕੱਟੜਪੰਥੀਆਂ ਨੂੰ ਸਮਾਜ ਦੀਆਂ ਉਦਾਰਵਾਦੀ ਤੇ ਭਾਈਚਾਰਕ ਸਾਂਝ ਵਾਲੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇੱਕ ਵਧੀਆ ਸੰਕੇਤ ਹੈ। ਅਜਿਹੀਆਂ ਕੁਝ ਹੋਰ ਕੋਸ਼ਿਸ਼ਾਂ ਨਾਲ ਸਮਾਜ ਬਜਰੰਗ ਦਲ ਜਿਹੇ ਸੰਗਠਨਾਂ ਦੇ ਡਰ ਦੀ ਪਕੜ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਸ਼ੁਰੂ ਹੋ ਜਾਵੇਗਾ।
-ਲੇਖਕ ਅੰਬੇਡਕਰ ਯੂਨੀਵਰਸਿਟੀ, ਦਿੱਲੀ ਵਿਖੇ ਭਾਰਤੀ ਭਾਸ਼ਾਵਾਂ ਵਿੱਚ ਪੁਰਾਲੇਖ ਖੋਜ ਪ੍ਰੋਗਰਾਮ ਦੇ ਸਾਬਕਾ ਪ੍ਰੋਫੈਸਰ ਤੇ ਨਿਰਦੇਸ਼ਕ ਹਨ।
![]()
