34ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ

In ਪੰਜਾਬ
December 15, 2025

ਲੁਧਿਆਣਾ/ਏ.ਟੀ.ਨਿਊਜ਼ : ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਪੁਰਾਤਨ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵਿਸ਼ਵ ਭਰ ’ਚ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਜਾਰੀ ਚਾਰ ਰੋਜ਼ਾ 34ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਸਮਾਪਤੀ ਹੋ ਗਈ। ਸੰਮੇਲਨ ਦੇ ਆਖਰੀ ਦਿਨ ਗੁਰਮਤਿ ਸੰਗੀਤ ਖੇਤਰ ’ਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਕੰਵਰਪਾਲ ਸਿੰਘ ਦੇਹਰਾਦੂਨ ਵਾਲਿਆਂ ਨੂੰ ‘ਗੁਰਮਤਿ ਸੰਗੀਤ ਐਵਾਰਡ 2025’ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਿੱਖ ਇਤਿਹਾਸਕਾਰ, ਵਿਦਵਾਨ ਤੇ ਸਿੱਖ ਚਿੰਤਕਾਂ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਸੁਖਦਿਆਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹਰਜੋਧ ਸਿੰਘ, ਡਾ. ਸਰਬਜਿੰਦਰ ਸਿੰਘ, ਕੇ.ਸੀ. ਸਿੰਘ ਸਾਬਕਾ ਰਾਜਦੂਤ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਸਦਕਾ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਮਤਿ ਸੰਗੀਤ ਰੂਪੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਜਵੱਦੀ ਟਕਸਾਲ ਵੱਲੋਂ ਕੀਤੇ ਜਾਂਦੇ ਉਪਰਾਲੇ ਤਸੱਲੀਬਖਸ਼ ਹਨ। ਉਨ੍ਹਾਂ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਦੇ ਕੌਮ ਪ੍ਰਤੀ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸੰਤ ਬਾਬਾ ਅਮੀਰ ਸਿੰਘ ਦੀ ਅਗਵਾਈ ਹੇਠ ਜਵੱਦੀ ਟਕਸਾਲ ਵਿਸਰ ਰਹੇ ਅਮੀਰ ਵਿਰਸੇ ਦੀ ਸੰਗੀਤਕ ਪ੍ਰਾਪਤੀ, ਰਾਗ, ਗਾਇਨ ਸ਼ੈਲੀਆਂ, ਤੰਤੀ ਸਾਜ਼ਾਂ ਦਾ ਵਿਵਧਕਾਰੀ ਪ੍ਰਚਲਨ, ਸਬਦ ਕੀਰਤਨ ਗਾਇਕੀ ਦੀ ਨਿਰੰਤਰ ਪ੍ਰਵਾਹ ਸਥਾਪਤੀ ਹਿੱਤ, ਖੋਜ ਤੇ ਵਿਸ਼ਲੇਸ਼ਣ ਹਿੱਤ ਸੁਤੰਤਰ ਰੂਪ ਵਿੱਚ ਵਿਸ਼ਾਲ ਸੰਭਾਵਨਾਵਾਂ ਰੱਖਦੀ ਹੈ। ਬਾਬਾ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਗੁਰਮਤਿ ਸੰਗੀਤ ਦੀ ਮੌਲਿਕਤਾ ਦੀ ਸੰਭਾਲ ਸੰਗੀਤ ਪਰੰਪਰਾ ਨੂੰ ਹੋਰ ਸੁਦ੍ਰਿੜਤਾ ਪ੍ਰਦਾਨ ਕੀਤੀ ਹੈ। ਸੰਤ ਬਾਬਾ ਅਮੀਰ ਸਿੰਘ ਨੇ ਆਖਰੀ ਦਿਨ ਵੀ ਸੰਗਤ ਨੂੰ ਨਾਮ ਸਿਮਰਨ ਨਾਲ ਜੋੜਿਆ। ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਨੇ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ।
ਸਮਾਗਮ ’ਚ ਬਾਬਾ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਗੁਰਨਾਮ ਸਿੰਘ ਡਰੋਲੀ ਭਾਈ ਕੀ, ਸੰਤ ਬਾਬਾ ਮੇਜਰ ਸਿੰਘ ਪੰਜ ਭੈਣੀਆਂ ਵਾਲੇ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਸੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਗੁਰਦੇਵ ਸਿੰਘ ਬਨੂੜ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇ: ਜਗਤਾਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਬਾਬਾ ਰਣਜੀਤ ਸਿੰਘ ਲਾਇਲਪੁਰੀ, ਬਾਬਾ ਸੁਖਵੰਤ ਸਿੰਘ ਅੰਮ੍ਰਿਤਸਰ, ਬਾਬਾ ਵਰਿੰਦਰ ਸਿੰਘ ਸੇਵਾ ਪੰਥੀ ਮਾਛੀਵਾੜਾ, ਲੋਕਦੀਪ ਸਿੰਘ, ਜਥੇਦਾਰ ਬਾਬਾ ਕੁਲਦੀਪ ਸਿੰਘ ਦਬੜੀਖਾਨਾ, ਬਾਬਾ ਲੀਡਰ ਸਿੰਘ ਸੈਫਲਾਵਾਦ, ਜਥੇਦਾਰ ਬਾਬਾ ਅਮਰਜੀਤ ਸਿੰਘ, ਪ੍ਰੋ. ਉਪਿੰਦਰ ਜੀਤ ਸਿੰਘ ਮਾਹਲਪੁਰ, ਗਿਆਨੀ ਕ੍ਰਿਸ਼ਨ ਸਿੰਘ ਰੋਡੇ, ਬਾਬਾ ਬੇਅਤ ਸਿੰਘ ਰੋਡੇ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵੱਲੋਂ ਭਾਈ ਅਜੀਤ ਸਿੰਘ, ਬਾਬਾ ਤਲਵਿੰਦਰ ਸਿੰਘ ਭੋਗਪੁਰ, ਗਿਆਨੀ ਸੁਖਦੇਵ ਸਿੰਘ ਪਟਿਆਲਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਗਿਆਨੀ ਤੇਜਵੀਰ ਸਿੰਘ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਗਿਆਨੀ ਭੁਪਿੰਦਰ ਸਿੰਘ ਸਦਰ ਵਾਲਾ ਆਦਿ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

Loading