ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ

In ਮੁੱਖ ਲੇਖ
March 06, 2025
ਡਾ. ਪਰਮਵੀਰ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਪੰਥਕ ਇਕਜੁੱਟਤਾ, ਸਵੈਮਾਨਤਾ, ਮੁੱਢਲੇ ਰਾਜਨੀਤਿਕ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਚੇਤਨਾ ਪ੍ਰਗਟ ਕਰਨ ਦਾ ਕੇਂਦਰੀ ਅਸਥਾਨ ਹੈ ਜਿੱਥੇ ਸਰਬੱਤ ਖ਼ਾਲਸਾ ਰਾਹੀਂ ਸਾਂਝੀ ਗੁਰਮਤਿ ਸੋਚ ਅਤੇ ਸੂਝ ਪੈਦਾ ਕਰਨ ਲਈ ਯਤਨ ਕੀਤੇ ਜਾਂਦੇ ਰਹੇ ਹਨ। ਇਸ ਤਖ਼ਤ ਸਾਹਿਬ ’ਤੇ ਹੋਣ ਵਾਲੇ ਫ਼ੈਸਲਿਆਂ ਕਰਕੇ ਹੀ ਪੰਜਾਬ ਦੇ ਲੋਕ ਬਾਹਰੀ ਹਮਲਾਵਰਾਂ ਤੋਂ ਮਹਿਫ਼ੂਜ਼ ਹੋਏ ਸਨ, ਪੰਜਾਬੀ ਸੂਬਾ ਬਣਾਉਣ ਅਤੇ ਇਸ ਨੂੰ ਬਚਾਉਣ ਲਈ ਮੋਰਚੇ ਲੱਗਦੇ ਰਹੇ ਹਨ। ਇਹ ਤਖ਼ਤ ਸਿੱਖਾਂ ਦੀ ਰਾਜਸੀ ਅਤੇ ਜੁਝਾਰੂ ਸ਼ਕਤੀ ਦਾ ਪ੍ਰਤੀਕ ਹੈ ਜਿੱਥੇ ਸ਼ਸਤਰ ਵਿੱਦਿਆ ਨੂੰ ਧਾਰਮਿਕ ਜੀਵਨ ਦੀ ਵਾੜ ਅਤੇ ਵੈਰੀਆਂ ਦੀ ਵੰਗਾਰ ਦੇ ਰੂਪ ਵਿਚ ਪ੍ਰਚਾਰਿਆ ਜਾਂਦਾ ਹੈ। ਸਿੱਖਾਂ ਵਿਚ ਸ਼ਸਤਰ ਧਾਰਨ ਕਰਨ ਸੰਬੰਧੀ ਵਿਚਾਰ ਗੁਰੂ ਅਰਜਨ ਦੇਵ ਜੀ ਦੀਆਂ ਜੀਵਨ ਸਾਖੀਆਂ ਰਾਹੀਂ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸਮੇਂ ਦੀਆਂ ਪ੍ਰਸਥਿਤੀਆਂ ਦੇ ਸਨਮੁਖ ਇਹ ਅਨੁਭਵ ਕਰ ਲਿਆ ਸੀ ਕਿ ਆਉਣ ਵਾਲਾ ਸਮਾਂ ਸੁਖਾਵਾਂ ਨਹੀਂ ਹੋਵੇਗਾ ਜਿਸ ਦਾ ਮੁਕਾਬਲਾ ਕਰਨ ਲਈ ਸ਼ਸਤਰ ਧਾਰਨ ਕਰਨੇ ਜ਼ਰੂਰੀ ਹੋ ਜਾਣਗੇ। 'ਸਿੱਖਾਂ ਦੀ ਭਗਤਮਾਲਾ' ਅਨੁਸਾਰ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਬਚਨ ਕਰਦੇ ਹਨ, ‘ਅਸਾ ਸਸਤ੍ਰ ਪਕੜਨੇ ਹੈਨ ਸੋ ਗੁਰੂ ਹਰਿਗੋਬਿੰਦ ਦਾ ਰੂਪ ਧਾਰ ਕਰ ਪਕੜਨੇ ਹੈਨ। ਸਮਾ ਕਲਜੁਗ ਦਾ ਵਰਤਨਾ ਹੈ। ਸਸਤ੍ਰਾ ਦੀ ਵਿੱਦਿਆ ਕਰ ਮੀਰ ਦੀ ਮੀਰੀ ਖਿਚ ਲੈਣੀ ਹੈ। ਤੇ ਸਬਦ ਦੀ ਪ੍ਰੀਤ ਸਮਝ ਕਰ ਪੀਰੀ ਲੈ ਲੈਣੀ।’ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਧਾਰਨ ਕੀਤੀ ਤਾਂ ਸਮੇੇਂ ਦੇ ਹਾਲਾਤ ਅਨੁਸਾਰ ਉਹਨਾਂ ਨੇ ਦੋ ਕ੍ਰਿਪਾਨਾਂ ਧਾਰਨ ਕਰਦੇ ਹੋਏ ਇਹ ਐਲਾਨ ਕਰ ਦਿੱਤਾ ਸੀ : ਜੋ ਚੜ੍ਹਿ ਆਵੈ ਤਿਸ ਨਾਲ ਜੁੱਧ ਕਰਨਾ। ਲੜਨਾ ਮਾਰਨਾ ਜਰਾ ਨਾ ਡਰਨਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਿੱਖਾਂ ਵਿਚ ਉਦਾਸੀ ਅਤੇ ਸਰਕਾਰ ਪ੍ਰਤੀ ਵਿਰੋਧ ਅਤੇ ਰੋਸ ਦੀ ਭਾਵਨਾ ਪੈਦਾ ਹੋ ਗਈ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਦੇ ਮਨ ਵਿਚ ਪੈਦਾ ਹੋਈ ਉਦਾਸੀ ਦੀ ਭਾਵਨਾ ਨੂੰ ਚੜ੍ਹਦੀਕਲਾ ਵਿਚ ਤਬਦੀਲ ਕਰ ਦਿੱਤਾ ਸੀ। ਇਹ ਅਸਥਾਨ ਸਿੱਖਾਂ ਦੀਆਂ ਜੁਝਾਰੂ, ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣਾਉਣਾ ਅਰੰਭ ਹੋ ਗਿਆ ਸੀ। ਗੁਰੂ ਜੀ ਨੇ ਸਿੱਖ ਸੰਗਤ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ ਦਾ ਆਦੇਸ਼ ਕਰਨ ਦੇ ਨਾਲ-ਨਾਲ ਸ਼ਿਕਾਰ ਖੇਡਣਾ ਅਰੰਭ ਕੀਤਾ ਤਾਂ ਲੋਕਾਂ ਦੇ ਮਨ ਵਿਚ ਇਹ ਸ਼ੰਕੇ ਪੈਦਾ ਹੋਣ ਲੱਗੇ ਕਿ ਛੇਵੇਂ ਗੁਰੂ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਤੋਂ ਵੱਖਰਾ ਕਾਰਜ ਅਰੰਭ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਲੋਕਾਂ ਦੇ ਮਨ ਵਿਚ ਪੈਦਾ ਹੋਈ ਇਸ ਉਲਝਣ ਨੂੰ ਦੂਰ ਕਰਦੇ ਹੋਏ ਕਹਿੰਦੇ ਹਨ : ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ। ਅਜਰੁ ਜਰੈ ਨ ਆਪੁ ਜਣਾਇਆ॥ ਇਸ ਦਾ ਭਾਵ ਹੈ ਕਿ ਸੱਚ ਲੁਕਾਇਆਂ ਲੁਕ ਨਹੀਂ ਸਕਦਾ, ਇਸ ਨੇ ਪ੍ਰਗਟ ਹੋ ਜਾਣਾ ਹੈ। ਸਿੱਖ ਭਵਰੇ ਵਾਂਗ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਨ। ਉਹ ਜਾਣਦੇ ਹਨ ਕਿ ਗੁਰੂ ਜੀ ਆਪਣਾ ਭਾਵ ਨਹੀਂ ਜਣਾਉਂਦੇ ਅਤੇ ਅਜਰ ਨੂੰ ਜਰ ਜਾਂਦੇ ਹਨ। ਗੁਰੂ ਸਾਹਿਬ ਦਾ ਇਹ ਨਵਾਂ ਰੂਪ ਸੰਗਤ ਨੂੰ ਸੰਗਠਿਤ ਕਰਨ ਵਾਲਾ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕਰਨ ਵਾਲਾ ਸੀ। ਗੁਰੂ ਅਰਜਨ ਦੇਵ ਜੀ ਨੇ ਜਿਸ ਤਰ੍ਹਾਂ ਕਸ਼ਟ ਸਹਿਣ ਕਰਕੇ ਸਿੱਖੀ ਨੂੰ ਬਚਾਇਆ ਸੀ ਉਸੇ ਤਰ੍ਹਾਂ ਸਿੱਖਾਂ ਨੂੰ ਸ਼ਸਤਰਧਾਰੀ ਬਣਾ ਕੇ ਸੰਗਤ ਨੂੰ ਸਦੀਵੀ ਤੌਰ ’ਤੇ ਬਚਾਉਣ ਦਾ ਯਤਨ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤਾ ਸੀ। ਸੰਗਤ ਅਧਿਆਤਮਿਕ ਫਲ ਗ੍ਰਹਿਣ ਕਰਨ ਦੀ ਇੱਛਾ ਰੱਖਦੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸੂਰਬੀਰਤਾ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾ ਕੇ ਉਹਨਾਂ ਦੀਆਂ ਅਧਿਆਤਮਿਕ ਪ੍ਰਾਪਤੀਆਂ ਨੂੰ ਸੁਰੱਖਿਅਤ ਕਰਨ ਦਾ ਕਾਰਜ ਕੀਤਾ ਸੀ। ਅਧਿਆਤਮਿਕ ਉੱਚਤਾ ਦੇ ਨਾਲ-ਨਾਲ ਦੁਨਿਆਵੀ ਜੀਵਨ ਸੰਬੰਧੀ ਦੱਸੀਆਂ ਗਈਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਵਚਨਬੱਧਤਾ ਦੇ ਪ੍ਰੇਰਨਾ ਸ੍ਰੋਤ ਵਜੋਂ ਇਸ ਤਖ਼ਤ ਸਾਹਿਬ ਦਾ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਹੈ। ਜਿਹੜਾ ਵੀ ਗੁਰਸਿੱਖ ਇਸ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਕਬੂਲ ਕਰਦਾ ਹੈ, ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਨਿਰਧਾਰਿਤ ਭਾਵਨਾ ਅਤੇ ਮਰਯਾਦਾ ਅਨੁਸਾਰ ਕਾਰਜਸ਼ੀਲ ਹੋਵੇ। ਸਿੱਖਾਂ ਦੀ ਸੰਸਾਰਕ ਸ਼ਕਤੀ ਦੇ ਇਸ ਕੇਂਦਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਇਸ ਦੇ ਜਿਹੜੇ ਸੇਵਾਦਾਰ ਨਿਯੁਕਤ ਹੁੰਦੇ ਰਹੇ ਹਨ, ਉਹਨਾਂ ਵਿਚ ਸਭ ਤੋਂ ਪਹਿਲਾ ਨਾਂ ਭਾਈ ਗੁਰਦਾਸ ਜੀ ਦਾ ਹੈ, ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਨਿਯੁਕਤ ਕੀਤਾ ਸੀ। ਇਹਨਾਂ ਤੋਂ ਬਾਅਦ ਭਾਈ ਮਨੀ ਸਿੰਘ, ਜਥੇਦਾਰ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ ਨੇ ਆਪਣੀਆਂ ਪੰਥਕ ਗਤੀਵਿਧੀਆਂ ਰਾਹੀਂ ਬਹੁਤ ਹੀ ਮਾਣਮੱਤੇ ਕਾਰਜ ਕੀਤੇ ਹਨ। ਅੰਗਰੇੇਜ਼ ਸਰਕਾਰ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1925 ਦੇ ਐਕਟ ਅਧੀਨ ਸ੍ਰੀ ਅਕਾਲ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਐਕਟ ਅਧੀਨ ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਅੱਛਰ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਥੇਦਾਰ ਮੋਹਨ ਸਿੰਘ ਨਾਗੋਕੇ, ਗਿਆਨੀ ਪ੍ਰਤਾਪ ਸਿੰਘ, ਜਥੇਦਾਰ ਮੋਹਣ ਸਿੰਘ ਤੁੜ, ਜਥੇਦਾਰ ਸਾਧੂ ਸਿੰਘ ਭੋਰਾ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਗਿਆਨੀ ਕਿਰਪਾਲ ਸਿੰਘ, ਪ੍ਰੋ. ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਆਦਿ ਸ਼ਖ਼ਸੀਅਤਾਂ ਇਸ ਅਸਥਾਨ ਦੀ ਸੇਵਾ-ਸੰਭਾਲ ਕਰਦੀਆਂ ਰਹੀਆਂ ਹਨ। ਮੌਜੂਦਾ ਸਮੇਂ ਵਿਚ ਗਿਆਨੀ ਰਘਬੀਰ ਸਿੰਘ ਇਹ ਸੇਵਾ ਕਰ ਰਹੇ ਹਨ। ਕਿਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪ ਫੈਸਲੇ ਕਰਦੇ ਸਨ ਪਰ ਹੌਲੀ-ਹੌਲੀ ਇਹ ਸ਼ਕਤੀ ਪੰਜ ਸਿੰਘ ਸਾਹਿਬਾਨ ਕੋਲ ਚਲੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਫੈਸਲਿਆਂ ’ਤੇ ਵਿਚਾਰ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੁਲਾਇਆ ਜਾਣ ਲੱਗਿਆ। ਜਿਸ ਵੀ ਤਖ਼ਤ ਸਾਹਿਬ ਦਾ ਜਥੇਦਾਰ ਆਪ ਹਾਜ਼ਰ ਨਹੀਂ ਹੋ ਸਕਦਾ, ਉਹ ਆਪਣਾ ਨੁਮਾਇੰਦਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੀ ਇਕੱਤ੍ਰਤਾ ਲਈ ਭੇਜ ਦਿੰਦਾ ਹੈ ਜਾਂ ਕਿਸੇ ਨੂੰ ਨਾਮਜਦ ਕਰ ਸਕਦਾ ਹੈ। ਇਸ ਕਰਕੇ ਇਹਨਾਂ ਇਕਤ੍ਰਤਾਵਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਗ੍ਰੰਥੀ ਸਾਹਿਬਾਨ ਸ਼ਾਮਲ ਕੀਤੇ ਜਾਂਦੇ ਹਨ। ਸਿੱਖ ਪੰਥ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਵਿਸ਼ੇਸ਼ ਸਤਿਕਾਰ ਹੈ। ਭਾਵੇਂ ਕਿ 1925 ਵਿਚ ਪਾਸ ਹੋਏ ਐਕਟ ਵਿਚ ਇਸ ਪਦਵੀ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਪਿੱਛੋਂ ਹੋਈ ਸੋਧ ਅਨੁਸਾਰ ਗੁਰਦੁਆਰਾ ਐਕਟ ਵਿਚ ‘ਜਥੇਦਾਰ’ ਸ਼ਬਦ ਨੂੰ ਮਾਨਤਾ ਦਿੱਤੀ ਗਈ ਹੈ। ਭਾਵੇਂ ਕਿ ਸਮੂਹ ਜਥੇਦਾਰ ਸਾਹਿਬਾਨ ਦਾ ਰੁਤਬਾ ਬਰਾਬਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਾਕੀ ਤਖ਼ਤਾਂ ਦੇ ਜਥੇਦਾਰਾਂ ਵਿਚੋਂ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਜਿਸ ਕਰਕੇ ਪੰਜ ਸਿੰਘ ਸਾਹਿਬਾਨ ਦੀ ਵਿਚਾਰ ਚਰਚਾ ਉਪਰੰਤ ਸਿੱਖ ਸੰਗਤ ਲਈ ਕੀਤਾ ਜਾਣ ਵਾਲਾ ਐਲਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਪੰਥ ਇਹ ਸਮਝਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲਾ ਐਲਾਨ ਜਾਂ ਹੁਕਮਨਾਮਾ ਗੁਰੂ ਦੀ ਭਾਉ-ਭਾਵਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਹੋਣਾ ਚਾਹੀਦਾ ਹੈ। ਇਸ ਲਈ ਜਥੇਦਾਰ ਸਾਹਿਬਾਨ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਅਤੇ ਗੁਰੂ ਪੰਥ ਦੁਆਰਾ ਸਥਾਪਿਤ ਕੀਤੀਆਂ ਗਈਆਂ ਮਰਯਾਦਾਵਾਂ ਦੇ ਅਨੁਸਾਰੀ ਹੋਵੇ। ਪਿਛੋਕੜ ਵਿਚ ਜਦੋਂ ਕਿਸੇ ਜਥੇਦਾਰ ਸਾਹਿਬ ਦਾ ਹੁਕਮਨਾਮਾ ਗੁਰਮਤਿ ਵਿਚਾਰਧਾਰਾ, ਪੰਥਕ ਪਰੰਪਰਾਵਾਂ ਅਤੇ ਮਰਯਾਦਾ ਦੀ ਰੌਸ਼ਨੀ ਵਿਚ ਸਾਹਮਣੇ ਨਹੀਂ ਆਇਆ ਤਾਂ ਉਸ ਨੂੰ ਪੰਥ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਹੈ। ਕਈ ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਾਂ ਨੂੰ ਲੈ ਕੇ ਮਤਭੇਦ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਇਸ ਸੰਬੰਧੀ ਅਕਾਲੀ ਆਗੂਆਂ ਅਤੇ ਵਿਦਵਾਨਾਂ ਵਿਚ ਵਿਚਾਰ ਚਰਚਾ ਵੀ ਦੇਖਣ ਨੂੰ ਮਿਲਦੀ ਹੈ। 1981 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਕ ਬਿਆਨ ਸਾਹਮਣੇ ਆਇਆ ਜਿਸ ਵਿਚ ਉਹਨਾਂ ਨੇ ਸਿੱਖ ਸਿਆਸਤਦਾਨਾਂ ਵੱਲੋਂ ਪੰਥਕ ਏੇਕਤਾ ਦੇ ਮੁੱਦੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਸੀ ਕਿ ‘ਜਿਹੜੇ ਸਿੱਖ ਸਿਆਸਤਦਾਨ ਪੰਥਕ ਏਕਤਾ ਲਿਆਉਣ ਲਈ ਅਕਾਲ ਤਖ਼ਤ ਦੇ ਦਖਲ ਦੀ ਵਿਰੋਧਤਾ ਕਰਦੇ ਹਨ, ਉਹ ‘ਅਸਲੀ ਸਿੱਖ’ ਨਹੀਂ।… ਕਿਸੇ ਸਿੱਖ ਨੂੰ ਕਿਸੇ ਵੀ ਕੀਮਤ ’ਤੇ ਅਕਾਲ ਤਖ਼ਤ ਅਤੇ ਇਸ ਦੇ ਜਥੇਦਾਰ ਦਾ ਸਨਮਾਨ ਨਹੀਂ ਘਟਾਉਣਾ ਚਾਹੀਦਾ।’ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਮੁੱਚੇ ਸਿੱਖ ਪੰਥ ’ਤੇ ਲਾਗੂ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਧਾਰਮਿਕ ਮਰਯਾਦਾ ਦੀ ਕਿਸੇ ਉਲਝਣ ਵਿਚ ਫਸ ਜਾਂਦੀ ਹੈ ਤਾਂ ਉਹ ਅੰਤਿਮ ਨਿਰਣੇ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪ ਦਿੰਦੀ ਹੈ। ਸੰਸਾਰ ਭਰ ਵਿਚ ਵੱਸਦੇ ਸਿੱਖ ਵੀ ਪੰਥਕ ਮਸਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚ ਕਰਦੇ ਹਨ। ਗੁਰਮਤਿ ਵਿਚਾਰਧਾਰਾ ਨੂੰ ਸਮਾਜਿਕ ਪੱਧਰ ’ਤੇ ਲਾਗੂ ਕਰਾਉਣ ਦੇ ਆਦੇਸ਼ ਵੀ ਜਥੇਦਾਰ ਸਾਹਿਬਾਨ ਰਾਹੀਂ ਕੀਤੇ ਜਾਂਦੇ ਹਨ ਜਿਵੇਂ 13 ਜੂਨ 1936 ਦੇ ਇਕ ਹੁਕਮਨਾਮੇ ਵਿਚ ਆਦੇਸ਼ ਕੀਤਾ ਗਿਆ ਹੈ, “ਸਰਬੱਤ ਖਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤ੍ਰ ਨਾਲ ਸੰਗਤ ਪੰਗਤ ਵਿਚ ਇਕੋ ਜਿਹਾ ਵਿਹਾਰ ਕਰਨਾ, ਪਿਛਲੀ ਜਾਤ ਪਾਤ ਨਹੀਂ ਪੁੱਛਣੀ, ਭਰਮ ਨਹੀਂ ਕਰਨਾ, ਇਹੋ ਹੀ ਗੁਰੂ ਜੀ ਦੀ ਆਗਿਆ ਹੈ। ਜੋ ਸਿਰ ਨਿਵਾਏਗਾ ਗੁਰੂ ਜੀ ਉਸ ਦੀ ਬਹੁੜੀ ਕਰਨਗੇ।” ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ, ਨਕਲੀ ਨਿਰੰਕਾਰੀਆਂ, 1984 ਦੌਰਾਨ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ, ਰਾਜਨੀਤਿਕ ਆਗੂਆਂ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਇਤਿਹਾਸ ਦੇ ਪੰਨਿਆਂ ’ਤੇ ਦਰਜ ਹਨ। ਜਥੇਦਾਰ ਸਾਹਿਬ ਨੂੰ ਪੂਰਨ ਅਧਿਕਾਰ ਹੁੰਦਾ ਹੈ ਕਿ ਕਿਸੇ ਵੀ ਮਸਲੇ ਸੰਬੰਧੀ ਫੈਸਲਾ ਕਰਨ ਤੋਂ ਪਹਿਲਾਂ ਉਹ ਕਿਸੇ ਕਮੇਟੀ ਦਾ ਸੁਝਾਉ ਲੈ ਸਕਦੇ ਹਨ, ਵਿਦਵਾਨਾਂ ਦੀ ਮੀਟਿੰਗ ਸੱਦ ਸਕਦੇ ਹਨ, ਦੂਜੇ ਸਿੰਘ ਸਾਹਿਬਾਨ ਨਾਲ ਮਸ਼ਵਰਾ ਕਰ ਸਕਦੇ ਹਨ ਅਤੇ ਮਸਲੇ ਦੀ ਗਹਿਰਾਈ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਅਖ਼ੀਰ ਸਰਬੱਤ ਖ਼ਾਲਸਾ ਵੀ ਬੁਲਾ ਸਕਦੇ ਹਨ। ਇਸ ਦ੍ਰਿਸ਼ਟੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਮਤਿ ਮਰਯਾਦਾ ਨੂੰ ਲਾਗੂ ਕਰਾਉਣ, ਪੰਥ ਵਿਚ ਏਕਤਾ ਲਈ ਯਤਨ ਕਰਨ ਅਤੇ ਸ਼ਰਨ ਆਏ ਨੂੰ ਗਲ ਨਾਲ ਲਾੳਣ ਵਾਲਾ ਕੇਂਦਰੀ ਸਥਾਨ ਹੈ।

Loading