ਅਭੈ ਸਿੰਘ :
ਇਹ ਅਮਨ ਦੇ ਸੰਘਰਸ਼ਾਂ ਦੇ ਝੰਡਿਆਂ ਦੇ ਨਿਸ਼ਾਨ ਹਨ ਜੋ ਹੁਣ ਕਿਧਰੇ ਵੀ ਝੁੱਲਦੇ ਤੇ ਲਲਕਾਰੇ ਮਾਰਦੇ ਦਿਖਾਈ ਨਹੀਂ ਦਿੰਦੇ। ਕਦੇ ਕੌਮਾਂਤਰੀ ਅਮਨ ਸੰਸਥਾ ਹੁੰਦੀ ਸੀ ਜਿਸ ਦੇ ਅਹੁਦੇਦਾਰ ਆਮ ਤੌਰ ’ਤੇ ਸੋਵੀਅਤ ਪੱਖੀ ਹੁੰਦੇ ਸਨ। ਇਸ ਸੰਸਥਾ ਦੀਆਂ ਕਾਨਫਰੰਸਾਂ ਵਿੱਚ ਖੁੱਲ੍ਹੇ ਅਸਮਾਨ ਵਿੱਚ ਚਿੱਟੀਆਂ ਘੁੱਗੀਆਂ ਤੇ ਕਬੂਤਰ ਛੱਡੇ ਜਾਂਦੇ ਸਨ। ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਅਸੀਂ ਆਪਣੇ ਆਸਮਾਨਾਂ ਨੂੰ ਬੰਬਾਂ ਤੇ ਗੋਲਿਆਂ ਤੋਂ ਮੁਕਤ ਰੱਖੀਏ ਤਾਂ ਜੋ ਇਹ ਪੰਛੀ ਆਜ਼ਾਦੀ ਨਾਲ ਬਿਨਾ ਕਿਸੇ ਖ਼ੌਫ਼ ਦੇ ਉਡਾਰੀ ਭਰ ਸਕਣ। ਅਸਮਾਨੀ ਝੰਡੇ ੳੁੱਪਰ ਚਿੱਟੀ ਘੁੱਗੀ ਦਾ ਨਿਸ਼ਾਨ ਵੀ ਇਸੇ ਦਾ ਪ੍ਰਤੀਕ ਸੀ। ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਨਾਗਾਸਾਕੀ ਦਿਵਸ ਮਨਾਇਆ ਜਾਂਦਾ ਸੀ। ਇੱਕ ਪੁਰਾਣੀ ਤਸਵੀਰ ਵਿੱਚ ਜਵਾਹਰ ਲਾਲ ਨਹਿਰੂ ਤੇ ਚਾਓ ਐਨ ਲਾਈ ਚਿੱਟੀਆਂ ਘੁੱਗੀਆਂ ਅਸਮਾਨ ਵਿੱਚ ਛੱਡਦੇ ਦਿਖਾਈ ਦਿੰਦੇ ਸਨ। ਕਈ ਵਾਰ ਵਿਦੇਸ਼ੀ ਮਹਿਮਾਨਾਂ ਦੀ ਆਮਦ ਉੱਪਰ ਉਨ੍ਹਾਂ ਦਾ ਸਵਾਗਤ ਇਸੇ ਰਸਮ ਨਾਲ ਕੀਤਾ ਜਾਂਦਾ ਸੀ। ਹੁਣ ਇਹ ਸਭ ਬੀਤੇ ਦੀਆਂ ਗੱਲਾਂ ਲਗਦੀਆਂ ਹਨ। ਸ਼ਾਇਦ ਹੁਣ ਅਮਨ ਦੀ ਜ਼ਰੂਰਤ ਨਹੀਂ ਰਹਿ ਗਈ, ਸਾਡੀਆਂ ਤਰਜੀਹਾਂ ਕੁਝ ਹੋਰ ਹੋ ਗਈਆਂ ਜਾਪਦੀਆਂ ਹਨ।
ਅਮਨ ਕਾਨਫਰੰਸਾਂ ਵਿੱਚ ਆਮ ਹੀ ਇਹ ਮੰਗ ਉੱਠਦੀ ਸੀ ਕਿ ਦੁਨੀਆਂ ਦੇ ਸਾਰੇ ਦੇਸ਼ ਪਰਮਾਣੂ ਹਥਿਆਰ ਖ਼ਤਮ ਕਰਨ। ਜਿਤਨੀ ਦੇਰ ਇਹ ਹਥਿਆਰ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਕੀਤੇ ਜਾ ਸਕਦੇ, ਇਨ੍ਹਾਂ ਉੱਪਰ ਕੁਝ ਪਾਬੰਦੀਆਂ ਤੇ ਸੀਮਾ ਨਿਰਧਾਰਨ ਦੇ ਆਲਮੀ ਸਮਝੌਤੇ ਵੀ ਹੋਏ। ਇਨ੍ਹਾਂ ਸਮਝੌਤਿਆਂ ਦੀ ਹੁਣ ਕੋਈ ਵੁੱਕਤ ਨਹੀਂ ਰਹਿ ਗਈ। ਦੁੱਖ ਦੀ ਗੱਲ ਹੈ ਕਿ ਜਿਹੜੇ ਦੇਸ਼ ਦੁਨੀਆਂ ਭਰ ਵਿੱਚੋਂ ਪਰਮਾਣੂ ਹਥਿਆਰ ਖ਼ਤਮ ਕਰਨ ਦੀ ਲਹਿਰ ਦੇ ਮੋਹਰੀ ਸਨ, ਉਹ ਖੁਦ ਹੀ ਪਰਮਾਣੂ ਸ਼ਕਤੀਆਂ ਬਣ ਗਏ ਤੇ ਇਸ ੳੁੱਪਰ ਮਾਣ ਵੀ ਕਰ ਰਹੇ ਹਨ। ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੋਖਰਾਨ ਵਿੱਚ ਪਹਿਲਾ ਪਰਮਾਣੂ ਧਮਾਕਾ ਕੀਤਾ ਤਾਂ ਇਹ ਇਕਰਾਰ ਵਾਰ-ਵਾਰ ਦੁਹਰਾਇਆ ਗਿਆ ਸੀ ਕਿ ਇਸ ਦਾ ਇਸਤੇਮਾਲ ਜੰਗੀ ਕਾਰਵਾਈਆਂ ਵਾਸਤੇ ਨਹੀਂ ਕੀਤਾ ਜਾਵੇਗਾ, ਇਹ ਸਿਰਫ਼ ਸਨਅਤੀ ਵਿਕਾਸ ਵਾਸਤੇ ਵਰਤੋਂ ਵਿੱਚ ਲਿਆਂਦਾ ਜਾਵੇਗਾ ਲੇਕਿਨ ਬਾਅਦ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਵੇਲੇ ਉਸੇ ਜਗ੍ਹਾ ਤਿੰਨ ਧਮਾਕੇ ਕੀਤੇ ਤਾਂ ਫਖ਼ਰ ਨਾਲ ਐਲਾਨ ਕੀਤਾ ਕਿ ਹੁਣ ਭਾਰਤ ਵੀ ਪਰਮਾਣੂ ਮਿਜ਼ਾਈਲ ਵਾਲਾ ਮੁਲਕ ਹੋਵੇਗਾ। ਤੁਰੰਤ ਬਾਅਦ ਪਾਕਿਸਤਾਨ ਨੇ ਪੰਜ ਧਮਾਕੇ ਕੀਤੇ। ਕਾਫੀ ਦੇਰ ਦੋਵੇਂ ਦੇਸ਼ ਇੱਕ ਦੂਜੇ ਨੂੰ ਇਸੇ ਕਰ ਕੇ ਦੂਰ ਰਹਿਣ ਦੀ ਗੱਲ ਕਰਦੇ ਸਨ ਕਿ ਉਹ ਹੁਣ ਦੋਵੇਂ ਪਰਮਾਣੂ ਹਥਿਆਰਾਂ ਵਾਲੇ ਮੁਲਕ ਹਨ।
ਇਸ ਤੋਂ ਬਾਅਦ ਦੁਨੀਆਂ ਵਿੱਚ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਅੰਦੋਲਨ ਅਤੇ ਸੰਸਾਰ ਅਮਨ ਦਾ ਅੰਦੋਲਨ ਕਮਜ਼ੋਰ ਪੈ ਗਿਆ। ਅਹਿੰਸਾ ਪਰਮੋ ਧਰਮ ਦਾ ਨਾਅਰਾ ਦੇਣ ਵਾਲੇ ਅਹਿੰਸਾ ਦੇ ਪੂਜਕ ਮਹਾਤਮਾ ਗਾਂਧੀ ਨੂੰ ਬਾਪੂ ਮੰਨਣ ਵਾਲੇ ਦੇਸ਼ ਵਿੱਚ ਵੀ 26 ਜਨਵਰੀ ਦੀਆਂ ਪਰੇਡਾਂ ਵਿੱਚ ਭਾਰੀ ਜੰਗੀ ਹਥਿਆਰ ਤੇ ਵੱਖ-ਵੱਖ ਤਰ੍ਹਾਂ ਦੀਆਂ ਮਾਰੂ ਮਿਜ਼ਾਇਲਾਂ ਦੀਆਂ ਝਾਕੀਆਂ ਨਿਕਲਦੀਆਂ ਹਨ। ਹੋਰ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ। ਸ਼ਾਇਦ ਦੁਨੀਆਂ ਦੇ ਹਰ ਦੇਸ਼ ਨੂੰ ਆਪਣੇ ਮਾਰੂ ਹਥਿਆਰਾਂ ਉੱਪਰ ਹੀ ਸਭ ਤੋਂ ਵੱਧ ਮਾਣ ਹੋਵੇ ਜੋ ਵੱਡੀ-ਵੱਡੀ ਇਨਸਾਨੀ ਆਬਾਦੀ ਨੂੰ ਜਾਨੋਂ ਮਾਰ ਸਕਦੇ ਹਨ ਤੇ ਬਹੁਤ ਮਿਹਨਤਾਂ ਨਾਲ ਬਣਾਏ ਮਕਾਨ ਤੇ ਹੋਰ ਇਮਾਰਤਾਂ ਖੰਡਰ ਬਣਾ ਸਕਣ ਦੀ ਸਮਰੱਥਾ ਰੱਖਦੇ ਹਨ। ਪਤਾ ਨਹੀਂ ਕਦੋਂ ਤੱਕ ਦੁਨੀਆ ਵਿੱਚ ਇਹ ਪੁਰਾਣਾ ਦਸਤੂਰ ਚੱਲਦਾ ਰਹੇਗਾ ਜਿਸ ਵਿੱਚ ਆਏ ਮੁੱਖ ਵਿਦੇਸ਼ੀ ਮਹਿਮਾਨ ਦਾ ਸਵਾਗਤ ਬੰਦੂਕਾਂ ਵਾਲੇ ਸਿਪਾਹੀਆਂ ਦੀ ਪਰੇਡ ਨਾਲ ਹੁੰਦਾ ਹੈ।
ਅਜਿਹਾ ਮਾਹੌਲ ਬਣ ਗਿਆ ਹੈ ਕਿ ਹਰ ਮੁਲਕ ਆਪਣੀ ਸੁਰੱਖਿਆ ਤੇ ਸਲਾਮਤੀ ਮਾਰੂ ਹਥਿਆਰਾਂ ਦੀ ਸਮਰੱਥਾ ਵਿੱਚ ਹੀ ਸਮਝਦਾ ਹੈ, ਦੂਜੇ ਦੇਸ਼ਾਂ ਨਾਲ ਦੋਸਤੀ ਤੇ ਚੰਗੇ ਸਬੰਧਾਂ ਵਿੱਚ ਨਹੀਂ। ਆਪਣੀ ਸੁਰੱਖਿਆ ਪੱਕੀ ਕਰਨ ਵਾਸਤੇ ਜਿਹੜਾ ਜ਼ੋਰ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ, ਝਗੜਿਆਂ ਦੇ ਗੱਲਬਾਤ, ਬਹਿਸਾਂ ਜਾਂ ਸਾਲਸੀ ਤਰੀਕਿਆਂ ਨਾਲ ਹੱਲ ਲੱਭਣ ਲਈ ਲਗਾਇਆ ਜਾਣਾ ਹੁੰਦਾ, ਉਹ ਫੌਜੀ ਸਾਜ਼ੋ-ਸਮਾਨ ਇਕੱਠਾ ਕਰਨ ਵਾਸਤੇ ਲਗਾਇਆ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਸ਼ਸਤਰ ਪੂਜਾ ਦੀ ਰਿਵਾਇਤ ਰਹੀ ਹੈ। ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਖਰੀਦਣ ਵੇਲੇ ਸਾਡੇ ਰੱਖਿਆ ਮੰਤਰੀ ਉਥੇ ਗਏ ਤੇ ਜਹਾਜ਼ ਨਾਲ ਪੌੜੀ ਲਗਾ ਕੇ ਉਸ ਉਪਰ ਟਿੱਕਾ ਲਗਾਇਆ, ਕੁਝ ਮੰਤਰ ਵੀ ਉਚਾਰੇ। ਮੋਹਨ ਭਾਗਵਤ ਨੇ ਦੁਸਹਿਰੇ ਦੇ ਤਿਓਹਾਰ ਨੂੰ ਸ਼ਸਤਰ ਪੂਜਾ ਦਿਵਸ ਐਲਾਨਿਆ ਹੈ। ਹੁਣ ਤਾਂ ਇਵੇਂ ਲੱਗਦਾ ਜਿਵੇਂ ਸਾਰੀ ਦੁਨੀਆਂ ਵਿੱਚ ਹੀ ਸ਼ਸਤਰ ਪੂਜਾ ਹੁੰਦੀ ਹੈ। ਜਦੋਂ ਦੋ ਦੇਸ਼ਾਂ ਵਿੱਚ ਕੁਝ ਖੱਟਾਪਣ ਆ ਜਾਵੇ ਤਾਂ ਝਗੜੇ ਦੀ ਵਾਜਬੀਅਤ ਨਹੀਂ ਦੇਖੀ ਜਾਂਦੀ, ਬਸ ਮਾਰੂ ਜੰਗੀ ਸਾਮਾਨ ਦਾ ਲੇਖਾ ਜੋਖਾ ਸ਼ੁਰੂ ਹੋ ਜਾਂਦਾ ਹੈ। ਕੋਈ ਤੀਜਾ ਦੇਸ਼ ਜੇ ਮਦਦ ਕਰਨ ਦੀ ਸੋਚੇ ਤਾਂ ਉਹ ਵੀ ਹਥਿਆਰ ਭੇਜਣ ਦੀ ਹੀ ਗੱਲ ਕਰਦਾ ਹੈ, ਵਿੱਚ ਪੈ ਕੇ, ਦਲੀਲਾਂ ਸੁਣ ਕੇ ਮਸਲਾ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਦਾ ਜਿਵੇਂ ਰਿਵਾਜ ਹੀ ਖ਼ਤਮ ਹੋ ਗਿਆ ਹੈ।
ਸਿਰਫ਼ ਦੋ ਦੇਸ਼ਾਂ ਦੀ ਹੀ ਗੱਲ ਨਹੀਂ, ਕਿਸੇ ਇੱਕ ਦੇਸ਼ ਅੰਦਰਲਾ ਕੋਈ ਫਿਰਕਾ ਕਿਸੇ ਬੇਇਨਸਾਫ਼ੀ ਦਾ ਸ਼ਿਕਾਰ ਹੈ ਜਾਂ ਕੁਝ ਲੋਕ ਸਮਝਦੇ ਹੋਣ ਕਿ ਉਹ ਕਿਸੇ ਬੇਇਨਸਾਫ਼ੀ ਦੇ ਸ਼ਿਕਾਰ ਹਨ ਜਾਂ ਉਹ ਸਮਾਜ ਵਿੱਚ ਕੁਝ ਖਾਸ ਰਾਜਨੀਤਕ ਤੇ ਭੂਗੋਲਿਕ ਤਬਦੀਲੀ ਚਾਹੁੰਦੇ ਹਨ ਤਾਂ ਜਨਤਕ ਲਾਮਬੰਦੀ ਦੀ ਬਜਾਏ ਹਥਿਆਰਾਂ ਉੱਪਰ ਭਰੋਸਾ ਹੈ। ਇਉਂ ਸ਼ਸਤਰ ਪੂਜਾ ਸਿਰਫ਼ ਆਰ.ਐੱਸ.ਐੱਸ. ਹੀ ਨਹੀਂ, ਵੱਖ-ਵੱਖ ਤਰ੍ਹਾਂ ਦੇ ਵੱਖਵਾਦੀ ਤੇ ਕ੍ਰਾਂਤੀਵਾਦੀ ਵੀ ਕਰਦੇ ਹਨ।
ਇਜ਼ਰਾਇਲ ਦੀ ਸਥਾਪਨਾ ਤੋਂ ਬਾਅਦ ਕਰੀਬ 80 ਸਾਲ ਤੋਂ ਫ਼ਲਸਤੀਨ ਭਾਰੀ ਬੇਇਨਸਾਫ਼ੀ ਝੱਲ ਰਹੇ ਹਨ। ਉਹ ਆਪਣੇ ਘਰਾਂ ਤੇ ਖੇਤਾਂ ਤੋਂ ਮਹਿਰੂਮ ਹੋ ਗਏ। ਪਹਿਲਾਂ ਅਰਬ ਮੁਲਕਾਂ ਦੇ ਇਤਿਹਾਦ ਨਾਲ ਜੰਗੀ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਫੇਲ੍ਹ ਹੋਏ ਤੇ ਫਿਰ ਲੰਮਾ ਗੁਰੀਲਾ ਯੁੱਧ ਵੀ ਚਲਾਇਆ। ਫ਼ਲਸਤੀਨੀ ਲੀਡਰ ਯਾਸਰ ਅਰਾਫ਼ਾਤ ਕੌਮਾਂਤਰੀ ਕਾਨਫਰੰਸਾਂ ਵਿੱਚ ਪਿਸਤੌਲ ਪਹਿਨ ਕੇ ਜਾਂਦਾ ਸੀ। ਹੁਣ ‘ਹਮਾਸ’ ਦੀ ਨੇ ਹਥਿਆਰਾਂ ੳੁੱਪਰ ਟੇਕ ਰੱਖੀ ਹੋਈ ਹੈ। ਇਨ੍ਹਾਂ ਨੇ ਵੱਡਾ ਮਾਅਰਕੇਬਾਜ਼ ਐਕਸ਼ਨ ਕਰ ਕੇ 700 ਲੋਕਾਂ ਨੂੰ ਬੰਦੀ ਬਣਾਇਆ। ਇਸ ਕਾਰਵਾਈ ਵਿੱਚ ਹਜ਼ਾਰ ਤੋਂ ਉਪਰ ਇਜ਼ਰਾਇਲੀ ਨਾਗਰਿਕ ਮਾਰੇ ਗਏ। ਜਿਹੜੇ ਲੋਕ ਬੰਦੀ ਬਣਾ ਕੇ ਆਪਣੇ ਪਰਿਵਾਰਾਂ ਤੋਂ ਅਲੱਗ ਕੀਤੇ, ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤੇ ਮਾਰੇ ਗਏ ਇਜ਼ਰਾਇਲੀ ਨਾਗਰਿਕਾਂ ਦਾ ਵੀ, ਲੇਕਿਨ ਇਸ ਦੇ ਨਾਲ ਹੀ ਇਹ ਵੀ ਕਹਿਣਾ ਪਵੇਗਾ ਕਿ ਇਸ ਦੇ ਰੋਸ ਜਾਂ ਹੱਲ ਵਜੋਂ ਜਿਤਨੀ ਭਿਅੰਕਰ ਜੰਗੀ ਤਬਾਹੀ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਕੀਤੀ, ਉਹ ਹੱਕ ਬਨਾਜਬ ਨਹੀਂ ਸੀ। ਸੰਸਾਰ ਨਜ਼ਰੀਆ ਕਾਇਮ ਹੋਣ ਵਾਸਤੇ ਪੂਰਾ ਵਕਤ ਨਹੀਂ ਦਿੱਤਾ। ਬੇਕਸੂਰ ਬੰਦਿਆਂ ਦੇ ਮਾਰੇ ਜਾਣ ਦੇ ਰੋਸ ਵਜੋਂ ਕਈ ਗੁਣਾ ਹੋਰ ਬੇਕਸੂਰ ਬੰਦਿਆਂ ਨੂੰ ਜਾਨੋਂ ਮਾਰ ਦੇਣਾ ਵਾਜਬ ਨਹੀਂ ਮੰਨਿਆ ਜਾ ਸਕਦਾ। ਇੱਕ ਸਿਰੇ ਤੋਂ ਸਕੂਲਾਂ, ਘਰਾਂ ਤੇ ਹਸਪਤਾਲਾਂ ਨੂੰ ਖੰਡਰ ਬਣਾ ਦਿੱਤਾ ਗਿਆ। ਇਜ਼ਰਾਇਲ ਦੀ ਬਹੁਤ ਵੱਡੀ ਫ਼ੌਜੀ ਤਾਕਤ ਹੈ ਜਿਸ ਦਾ ਇਸਤੇਮਾਲ ਬਹੁਤ ਬੇਰਿਹਿਮੀ ਨਾਲ ਕੀਤਾ ਗਿਆ। ਤਬਾਹੀ ਮਚਾਈ ਪਰ ਬੰਦੀ ਨਹੀਂ ਛੁਡਵਾਏ ਜਾ ਸਕੇ ਤੇ ਨਾ ਹੀ ਉਨ੍ਹਾਂ ਦਾ ਥਹੁ-ਪਤਾ ਲੱਗ ਸਕਿਆ। ਮਹਾਂ ਮਾਰੂ ਜੰਗੀ ਹਥਿਆਰ ਵੀ ਸਭ ਕੁਝ ਨਹੀਂ ਕਰ ਸਕਦੇ।
ਰੂਸ ਤੇ ਯੂਕ੍ਰੇਨ ਦੀ ਭਿਅੰਕਰ ਲੜਾਈ ਚੱਲ ਰਹੀ ਹੈ। ਪਹਿਲਾਂ ਸਦੀਆਂ ਤੱਕ ਦੋਵੇਂ ਦੇਸ਼ ਇੱਕ ਹੀ ਰੂਸੀ ਸਾਮਰਾਜ ਦਾ ਹਿੱਸਾ ਰਹੇ, ਫਿਰ ਕਰੀਬ 80 ਸਾਲ ਦੋਹਾਂ ਦੇਸ਼ਾਂ ਦੇ ਲੋਕ ਇੱਕ ਹੀ ਸੰਘੀ ਢਾਂਚੇ ਦੇ ਨਾਗਰਿਕ ਸਨ, ਦੋਹਾਂ ਨੇ ਮਿਲ ਕੇ ਨਾਜ਼ੀਵਾਦ ਨਾਲ ਸਖ਼ਤ ਲੜਾਈ ਲੜੀ ਤੇ ਕੁਰਬਾਨੀਆਂ ਦਿੱਤੀਆਂ। ਅੱਜ ਦੋਵੇਂ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ। ਲੱਖਾਂ ਮੌਤਾਂ ਹੋ ਚੁੱਕੀਆਂ ਹਨ, ਇਨਸਾਨੀ ਮਿਹਨਤ ਤੇ ਪਸੀਨੇ ਨਾਲ ਉਸਾਰੀਆਂ ਇਮਾਰਤਾਂ ਖੰਡਰ ਬਣ ਰਹੀਆਂ ਹਨ। ਤਿੰਨ ਸਾਲ ਹੋ ਗਏ, ਲੜਾਈ ਕਿਸੇ ਕੰਢੇ ਨਹੀਂ ਲੱਗ ਰਹੀ।
ਇੱਧਰ ਭਾਰਤ ਤੇ ਪਾਕਿਸਤਾਨ ਵਿਚਕਾਰ ਬਹੁਤ ਚਿੰਤਾਜਨਕ ਕਸ਼ੀਦਗੀ ਚੱਲ ਰਹੀ ਹੈ। ਜੰਮੂ ਕਸ਼ਮੀਰ ਵਿੱਚ ਹੁਣੇ ਵਾਪਰੀ ਦਹਿਸ਼ਤਵਾਦੀ ਘਟਨਾ ਬਹੁਤ ਦਰਦਨਾਕ ਹੈ, ਸ਼ਾਇਦ ਹੁਣ ਤੱਕ ਹੋਈਆਂ ਅਜਿਹੀਆਂ ਸਭ ਘਟਨਾਵਾਂ ਵਿਚੋਂ ਸਭ ਤੋਂ ਵੱਧ ਦਰਦਨਾਕ ਪਰ ਇਸ ਦਾ ਦਾਰੂ ਭੜਕਾਹਟ ਵਿੱਚ ਨਹੀਂ। ਇੱਥੇ ਵੀ ਅਤਿਵਾਦ ਦੀਆਂ ਜੜ੍ਹਾਂ ਤਲਾਸ਼ਣ ਦੀ ਬਜਾਏ, ਠਰੰਮੇ ਨਾਲ ਇਸ ਦਾ ਹੱਲ ਲੱਭਣ ਦੀ ਬਜਾਏ, ਸਾਰਾ ਜ਼ੋਰ ਮਾਰੂ ਹਥਿਆਰਾਂ ਦੀ ਗਿਣਤੀ ਮਿਣਤੀ ਜਾਂ ਕਿਵੇਂ ਦੂਜੇ ਮੁਲਕ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਉਪਰ ਹੈ; ਜਾਂ ਫਿਰ ਵੱਡੀ ਸਜ਼ਾ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜੋ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਆਣ ਜਾਣ ਤੋਂ ਮਹਿਰੂਮ ਕੀਤੇ ਗਏ ਹਨ। ਯੂ.ਐੱਨ. ਦੇ ਸਕੱਤਰ ਜਨਰਲ ਨੇ ਦੋਹਾਂ ਦੇਸ਼ਾਂ ਨੂੰ ਸੰਜਮ ਦੀ ਅਪੀਲ ਕੀਤੀ ਹੈ ਪਰ ਹੁਣ ਦੋਹਾਂ ਦੇਸ਼ਾਂ ਵਿੱਚ ਵਾਰ-ਵਾਰ ਜਾ ਕੇ ਮਸਲਾ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਾ ਜਿਵੇਂ ਰਿਵਾਜ ਹੀ ਖ਼ਤਮ ਹੋ ਰਿਹਾ ਹੈ। ਆਲਮੀ ਪੰਚਾਇਤ ਨਕਾਰਾ ਹੋ ਕੇ ਰਹਿ ਗਈ ਹੈ।
ਇਨ੍ਹਾਂ ਹਾਲਾਤ ਵਿੱਚ ਹੀ ਜ਼ਰੂਰਤ ਹੈ ਕਿ ਚਿੱਟੀਆਂ ਘੁੱਗੀਆਂ ਦੇ ਨਿਸ਼ਾਨਾਂ ਵਾਲੇ ਅਸਮਾਨੀ ਝੰਡੇ ਸੜਕਾਂ ੳੁੱਪਰ ਨਿਕਲਣ, ਕਿਸੇ ਇੱਕ ਮੁਲਕ ਨੂੰ ਲਾਹਨਤ ਪਾਉਣ ਜਾਂ ਕਿਸੇ ਇੱਕ ਮੁਲਕ ਦਾ ਖੁਰਾ ਖੋਜ ਮਿਟਾ ਦੇਣ ਦੀ ਬਜਾਏ ਲੜਾਈ ਨੂੰ ਲਾਹਨਤਾਂ ਪਾਈਆਂ ਜਾਣ, ਜੰਗਾਂ ਦਾ ਖੁਰਾ ਖੋਜ ਮਿਟਾਉਣ ਦੇ ਨਾਅਰੇ ਬੁਲੰਦ ਹੋਣ।
![]()
