ਸਾਧਾਂ ਦੀਆਂ ਦੁਕਾਨਾਂ ਬਨਾਮ ਅੰਧ ਵਿਸ਼ਵਾਸੀ ਜਨਤਾ

In ਮੁੱਖ ਲੇਖ
June 26, 2025

ਲਾਭ ਸਿੰਘ ਸ਼ੇਰਗਿੱਲ :

ਇਹ ਕੋਈ ਢਾਈ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਪਿੰਡ ਢੰਡਿਆਲ ਰਹਿੰਦੇ ਸੀ। ਉਹ ਸਮੇਂ ਅਤੇ ਅੱਜ ਦੇ ਸਮੇਂ ਵਿੱਚ ਬੜਾ ਫ਼ਰਕ ਹੈ। ਇਹ ਕੋਈ ਸਦੀਆਂ ਬੀਤਣ ਦੀਆਂ ਗੱਲਾਂ ਨਹੀਂ। ਉਦੋਂ ਖਾਣ-ਪੀਣ‌ ਐਨਾ ਜ਼ਹਿਰੀਲਾ ਨਹੀਂ ਸੀ ਹੁੰਦਾ, ਜਿੰਨਾ ਅੱਜ ਹੋ ਚੁੱਕਿਆ ਹੈ। ਉਸ ਸਮੇਂ ਲੋਕਾਂ ਨੂੰ ਐਨੀਆਂ ਗੰਭੀਰ ਬਿਮਾਰੀਆਂ ਵੀ ਨਹੀਂ ਸਨ ਚਿੰਬੜੀਆਂ ਹੋਈਆਂ। ਬਲੱਡ-ਪ੍ਰੈੱਸ਼ਰ, ਸ਼ੂਗਰ, ਹਾਰਟ-ਅਟੈਕ, ਤੇਜ਼ਾਬ ਬਣਨਾ, ਪਲੇਟਲੈੱਟ ਘਟਣਾ, ਡੇਂਗੂ, ਕਾਲਾ ਪੀਲੀਆ ਆਦਿ ਨੂੰ ਪਿੰਡਾਂ ਵਿੱਚ ਬਹੁਤ ਘੱਟ ਲੋਕ ਜਾਣਦੇ ਸਨ। ਜੇ ਕਦੀ ਕਿਸੇ ਦਾ ਬੁਖਾਰ ਨਾ ਉੱਤਰਦਾ ਤਾਂ ਇਹ ਕਿਹਾ ਜਾਂਦਾ ਕਿ ਪਾਣੀ ਝਾਰਾ ਹੈ, ਪਿੰਡ ਵਿੱਚ ਜਾਂ ਕਿਸੇ ਲਾਗਲੇ ਪਿੰਡ ਵਿੱਚੋਂ ਕਿਸੇ ਸਾਧ ਤੋਂ ਤਿੰਨ ਡੰਗ ਪਾਣੀ ਝਾਰੇ ਦਾ ਹਥੌਲਾ (ਫ਼ਾਂਡਾ) ਪਵਾ ਲੈਣਾ, ਬੰਦੇ ਨੇ ਠੀਕ ਹੋ ਜਾਣਾ। ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਸ਼ਾਇਦ ਯਕੀਨ ਸੀ ਪਰ ਅਸਲ ਵਿੱਚ ਇਹ ਪਾਣੀ ਝਾਰਾ (ਟਾਈਫ਼ਾਇਡ) ਕੁਝ ਦਿਨ ਲੈ ਕੇ ਆਪਣੇ ਆਪ ਸਰੀਰਕ ਆਰਾਮ ਨਾਲ ਠੀਕ ਹੋ ਜਾਂਦਾ ਹੈ। ਕੀਤਾ ਹਥੌਲਾ ਕੰਮ ਕਰਦਾ ਸੀ ਜਾਂ ਨਹੀਂ ਪਰ ਬੰਦੇ ਦਾ ਆਪਣਾ ਵਿਸ਼ਵਾਸ ਉਸ ਨੂੰ ਠੀਕ ਕਰ ਦਿੰਦਾ ਸੀ। ਬੱਲੇ ਬੱਲੇ ਫ਼ਾਂਡੇ ਵਾਲੇ ਕਿਸੇ ਬਾਬੇ ਦੀ ਹੋ ਜਾਂਦੀ।
ਇਹੋ ਜਿਹੇ ਛੋਟੇ ਸਾਧ ਬਾਬਿਆਂ ਤੋਂ ਇਲਾਵਾ ਕੁਝ ਆਪੇ ਬਣੇ ਵੱਡੇ ਪੱਧਰ ਦੇ ਸਿਆਣੇ (ਮਾਲਵੇ ਵਿੱਚ ਸਿਆਣਾ ਸ਼ਬਦ ਧਾਗੇ-ਤਵੀਤ ਦੇਣ ਵਾਲਾ, ਓਪਰੀਆਂ ਸ਼ੈਆਂ ਕੱਢਣ ਵਾਲੇ ਨੂੰ ਕਿਹਾ ਜਾਂਦਾ ਹੈ) ਵੀ ਹੁੰਦੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਜਾਲ਼ ਵਿੱਚ ਅਜਿਹਾ ਫ਼ਸਾਉਂਦੇ ਹਨ ਕਿ ਅਗਿਆਨ ਵੱਸ ਲੋਕ ਇਹ ਹੀ ਸਮਝਣ ਲੱਗ ਜਾਂਦੇ ਹਨ ਕਿ ਸਾਡੀ ਸਮੱਸਿਆ ਦਾ ਹੱਲ ਇਸੇ ਕੋਲ ਹੈ। ਇਹੋ ਜਿਹੇ ਬਾਬੇ ਦੇ ਚੱਕਰ ਵਿੱਚ ਫ਼ਸ ਕੇ ਆਪਣੀ ਆਰਥਿਕ ਲੁੱਟ ਦੀ ਗੱਲ ਮੈਨੂੰ ਮੇਰੇ ਇੱਕ ਰਿਸ਼ਤੇਦਾਰ ਨੇ ਸੁਣਾਈ। ਉਹ ਦੱਸਣ ਲੱਗਾ, “ਮੇਰੀ ਪਾਚਣ ਕਿਰਿਆ ਗੜਬੜਾ ਜਾਣ ਕਰਕੇ ਚੰਗੀ ਤਰ੍ਹਾਂ ਭੁੱਖ ਨਹੀਂ ਸੀ ਲਗਦੀ। ਕਈ ਡਾਕਟਰਾਂ ਤੋਂ ਦਵਾ ਦਾਰੂ ਕੀਤੀ ਪਰ ਸਮੱਸਿਆ ਉਵੇਂ ਦੀ ਉਵੇਂ ਬਣੀ ਰਹੀ। ਜਦੋਂ ਕਿਸੇ ਤਰ੍ਹਾਂ ਵੀ ਅਰਾਮ ਨਾ ਪਿਆ ਤਾਂ ਰਿਸ਼ਤੇਦਾਰ ਅਤੇ ਜਾਣਕਾਰ ਲੋਕ ਲੱਗੇ ਆਪਣੀਆਂ ਸਲਾਹਾਂ ਦੇਣ … ਐਂ ਕਰੋ … ਫ਼ਲਾਣੀ ਜਗ੍ਹਾ ਇੱਕ ਸਿਆਣਾ ਐ। ਓਪਰੀਆਂ ਸ਼ੈਆਂ ਦਾ ਪੱਕਾ ਇਲਾਜ ਕਰਦਾ ਐ। ਤੁਸੀਂ ਉਸ ਕੋਲ ਜਾ ਕੇ ਦੇਖੋ।
“ਸਾਡੇ ਘਰਦਿਆਂ ਦੇ ਵੀ ਸ਼ਾਇਦ ਗੱਲ ਮਨ ਲੱਗ ਗਈ ਪਰ ਮੈਨੂੰ ਇਨ੍ਹਾਂ ਗੱਲਾਂ ਵਿੱਚ ਕੋਈ ਬਹੁਤਾ ਯਕੀਨ ਨਹੀਂ ਸੀ। ਮੇਰੇ ਨਾਂਹ ਨਾਂਹ ਕਰਦਿਆਂ ਧੱਕੇ ਨਾਲ ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ’ਤੇ ਇੱਕ ਦੱਸੇ ਗਏ ਥਾਂ-ਟਿਕਾਣੇ ’ਤੇ ਕਰਿਆ ਕਰਾਇਆ ਜਾਂ ਖਾਧਾ-ਖਵਾਇਆ ਕੱਢਣ ਵਾਲੇ ਬਾਬੇ ਕੋਲ ਪਹੁੰਚ ਗਏ। ਉਸ ਸਾਧ ਨੇ ਆਪਣਾ ਮੰਤਰ ਪੜ੍ਹ ਕੇ ਦੱਸ ਦਿੱਤਾ ਕਿ ਕਿਸੇ ਨੇ ਕੁਝ ਖਵਾਇਆ ਹੈ, ਤੁਸੀਂ ਮੰਗਲਵਾਰ ਵਾਲੇ ਦਿਨ ਆਹ-ਆਹ ਚੀਜ਼ਾਂ ਤੇ ਪੰਜ ਬੋਰਾਂ ਦਾ ਪਾਣੀ, ਸੱਤ ਅਲੱਗ-ਅਲੱਗ ਦ੍ਰਖਤਾਂ ਦੇ ਪੱਤੇ ਤੇ ਨਾਲ 1100 ਸੌ ਰੁਪਏ ਲੈ ਕੇ ਆ ਜਾਇਓ। … ਅਸੀਂ ਦੱਸੇ ਦਿਨ ਸਾਰਾ ਸਾਮਾਨ ਲੈ ਕੇ ਸਾਧ ਦੇ ਡੇਰੇ ’ਤੇ ਪਹੁੰਚ ਗਏ। ਡੇਰੇ ਵਿੱਚ ਸਾਧ ਬਾਬਾ ਆਪਣੇ ਇੱਕ ਕਮਰੇ ਵਿੱਚ ਧੂਣੇ ਦੇ ਕੋਲ ਬੈਠਾ ਸੀ। ਕਮਰੇ ਵਿੱਚ ਬੈਠਣ ਲਈ ਬੋਰੀਆਂ ਵਿਛੀਆਂ ਹੋਈਆਂ ਸਨ। ਅਸੀਂ ਜਾ ਕੇ ਨਮਸਕਾਰ ਕਰਕੇ ਬੈਠ ਗਏ। ਥੋੜ੍ਹੇ ਚਿਰ ਬਾਅਦ ਸ਼ੁਰੂ ਹੋਈ ਖਾਧਾ-ਖਵਾਇਆ ਕੱਢਣ ਦੀ ਪ੍ਰਕਿਰਿਆ। ਇਸ ਸਾਰੀ ਪ੍ਰਕਿਰਿਆ ਦੇ ਅਰੰਭ ਤੋਂ ਪਹਿਲਾਂ ਸਾਧ ਉੱਠ ਕੇ ਨਾਲ ਬਾਹਰ ਪੀਰ ਦੀ ਬਣਾਈ ਹੋਈ ਸਮਾਧ ਵਾਲੇ ਕਮਰੇ ਵਿੱਚ ਗਿਆ ਤੇ ਥੋੜ੍ਹੀ ਦੇਰ ਬਾਅਦ ਆਪਣੀ ਚੌਕੀ ਵਾਲੀ ਥਾਂ ’ਤੇ ਆ ਕੇ ਬੈਠ ਗਿਆ। … ਸਾਧ ਲੱਗ ਪਿਆ ਉੱਚੀ-ਉੱਚੀ ਮੰਤਰ ਪੜ੍ਹਨ। ਸਾਡੇ ਘਰ ਵਾਲੇ ਪਹਿਲਾਂ ਤਾਂ ਮੈਨੂੰ ਇੱਥੇ ਲਿਆਏ ਪਰ ਹੁਣ ਲੱਗ ਪਏ ਡਰਨ ਬਈ ਪਤਾ ਨਹੀਂ ਮੁੰਡੇ ਨੂੰ ਕੀ ਕਰੂਗਾ। ਸਾਧ ਨੇ ਸਾਡੇ ਨਾਲ ਆਏ ਸਾਡੇ ਪ੍ਰਾਹੁਣੇ ਨੂੰ ਕਿਹਾ ਕਿ ਤੂੰ ਇਸ ਕੱਪ ਵੱਲ ਧਿਆਨ ਰੱਖਣੈ, ਇਸਦੇ ਡਿਗਣ ’ਤੇ ਫ਼ਟਾਫ਼ਟ ਮੈਨੂੰ ਫ਼ੜਾਉਣਾ ਐ। ਸਾਡਾ ਪ੍ਰਾਹੁਣਾ ਚੁਕੰਨਾ ਹੋ ਗਿਆ। ਜਿਵੇਂ ਸਾਧ ਨੇ ਕਿਹਾ ਉਸ ਨੇ ਉਵੇਂ ਹੀ ਕੀਤਾ। ਮੇਰਾ ਸਿਰ ਮੋਰ ਪੰਖੀ ਹਥੌਲਾ ਕਰਨ ਵਾਲੇ ਝਾੜੂ ਜਿਹੇ ਨਾਲ ਲੱਗੀ ਸੁਆਹ ਨਾਲ ਭਰ ਦਿੱਤਾ। ਕੋਈ ਪੰਦਰਾਂ ਵੀਹ ਮਿੰਟ ਦੇ ਸਮੇਂ ਵਿੱਚ ਸਾਧ ਨੇ ਵੱਡੇ ਵੱਡੇ ਸਰਜਰੀ ਕਰਨ ਵਾਲੇ ਡਾਕਟਰਾਂ ਨੂੰ ਮਾਤ ਪਾ ਦਿੱਤੀ। ਬਿਨਾਂ ਚੀਰਫ਼ਾੜ ਤੋਂ ਮੇਰੇ ਸਰੀਰ ਵਿੱਚੋਂ ਕਿਸੇ ਦੀ ਮੰਤਰ ਕਰਕੇ ਖਵਾਈ ਹੋਈ ਚੀਜ਼ ਕੱਢ ਬਾਹਰ ਮਾਰੀ। ਕੱਢਿਆ ਹੋਇਆ ਇਹ ਹੱਡੀਆਂ ਨੁਮਾ ਚੂਰਾ ਸਾਧ ਨੇ ਇੱਕ ਕਾਗਜ਼ ਵਿੱਚ ਪਾ ਕੇ ਸਾਨੂੰ ਫ਼ੜਾਉਂਦਿਆਂ ਕਿਹਾ, “ਦੇਖੋ! ਕਿਸੇ ਦੁਸ਼ਟ ਨੇ ਥੋਡੇ ਮੁੰਡੇ ਨਾਲ ਕੀ ਕੀਤਾ ਸੀ, ਇਹ ਖਵਾਇਆ ਸੀ।”
“ਘਰਦਿਆਂ ਨੂੰ ਸ਼ਾਇਦ ਕੁਝ ਸਕੂਨ ਮਿਲਿਆ ਹੋਵੇ ਪਰ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਬਿਨਾਂ ਕਿਸੇ ਦਰਦ, ਬਿਨਾਂ ਕਿਸੇ ਚੀਰ ਫ਼ਾੜ ਦੇ ਇਵੇਂ ਕੋਈ ਚੀਜ਼ ਮੇਰੇ ਸਰੀਰ ਵਿੱਚੋਂ ਬਾਹਰ ਕਿਵੇਂ ਆ ਗਈ? ਉਸ ਸਮੇਂ ਮੈਂ ਬੋਲ ਤਾਂ ਨਾ ਸਕਿਆ ਪਰ ਮੈਨੂੰ ਲੱਗਿਆ ਕਿ ਸਾਧ ਨੇ ਸਾਨੂੰ ਮੂਰਖ ਬਣਾਇਆ ਹੈ। ਅਸਲ ਵਿੱਚ ਬਾਅਦ ਵਿੱਚ ਰਸਾਇਣਾਂ ਬਾਰੇ ਪੜ੍ਹਨ ’ਤੇ ਪਤਾ ਚੱਲਿਆ ਕਿ ਉਸ ਨੇ ਐਲੁਮੀਨੀਅਮ ਦੇ ਕੱਪ ਨੂੰ ਮਰਕਰੀ ਕਲੋਰਾਈਡ ਕੈਮੀਕਲ ਲਾਇਆ ਹੋਇਆ ਸੀ। ਜਦੋਂ ਇਹ ਮਰਕਰੀ ਕਲੋਰਾਈਡ ਐਲੁਮੀਨੀਅਮ ਨਾਲ ਪ੍ਰਤੀਕਿਰਿਆ ਕਰਦਾ ਹੈ ਤਾਂ ਐਲੁਮੀਨੀਅਮ ਸੁਆਹ ਦੇ ਰੂਪ ਵਿੱਚ ਕੱਪ ਤੋਂ ਪਾਪੜੀਆਂ ਬਣ ਕੇ ਲਹਿਣ ਲਗਦਾ ਹੈ, ਹੋਰ ਕੁਝ ਨਹੀਂ। ਇਹੋ ਜਿਹੇ ਪਖੰਡੀ ਸਾਧ ਆਮ ਲੋਕਾਂ ਨੂੰ ਬੁੱਧੂ ਬਣਾ ਕੇ ਓਪਰੀਆਂ ਸ਼ੈਆਂ ਦਾ ਸਾਇਆ ਦੂਰ ਕਰਨ ਦੇ ਬਹਾਨੇ ਲੋਕਾਂ ਦੀ ਚੰਗੀ ਆਰਥਿਕ ਲੁੱਟ ਕਰਦੇ ਹਨ। ਅਸਲ ਵਿੱਚ ਅਸੀਂ ਇਨ੍ਹਾਂ ਕਰਨ-ਕਰਾਉਣ ਵਾਲੇ ਚੱਕਰਾਂ ਵਿੱਚੋਂ ਅਜੇ ਵੀ ਨਹੀਂ ਨਿਕਲੇ, ਜਿਸਦਾ ਫ਼ਾਇਦਾ ਇਹੋ ਜਿਹੇ ਵਿਹਲੜ ਸਾਧ ਉਠਾਉਂਦੇ ਰਹਿੰਦੇ ਹਨ।”
ਮੇਰੇ ਪੁੱਛਣ ’ਤੇ ਕਿ ਉਸ ਦਾ ਇਹ ਸਰੀਰਕ ਮਰਜ਼ ਕਿਵੇਂ ਠੀਕ ਹੋਇਆ? ਰਿਸ਼ਤੇਦਾਰ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਵਿੱਚ ਸਾਡੇ ਅੱਗੇ ਰਿਸ਼ਤੇਦਾਰਾਂ ਦਾ ਜਾਣਕਾਰ ਇੱਕ ਬਹੁਤ ਹੀ ਸੁਲਝਿਆ ਹੋਇਆ ਤਜਰਬੇਕਾਰ ਵੈਦ, ਜਿਸ ਨੂੰ ਉਹ ਸਾਰੇ ਅੰਕਲ ਸ਼ੇਰ ਮੁਹੰਮਦ ਕਹਿੰਦੇ ਸਨ, ਜੋ ਹੁਣ ਫ਼ੌਤ ਹੋ ਚੁੱਕੇ ਹਨ, ਉਹ ਨਬਜ਼ ਪੜ੍ਹਨ ਵਿੱਚ ਮਾਹਿਰ ਸੀ। ਮੈਨੂੰ ਉਸ ਕੋਲ ਭੇਜਿਆ। ਉਸ ਨੇ ਨਬਜ਼ ਦੇਖ ਕੇ ਕਿਹਾ ਕਿ ਮਿਹਦੇ ਨੂੰ ਥੋੜ੍ਹੀ ਗਰਮਾਇਸ਼ ਦੀ ਲੋੜ ਹੈ। ਉਸ ਨੇ ਇੱਕ ਛੋਟਾ ਜਿਹਾ ਨੁਸਖਾ ਦੱਸਿਆ। ਮੈਂ ਅੱਠ-ਦਸ ਦਿਨਾਂ ਵਿੱਚ ਠੀਕ ਹੋ ਗਿਆ।”
ਅਸਲ ਵਿੱਚ ਸਰੀਰ ਨੂੰ ਲੋੜ ਦਵਾ-ਦਾਰੂ ਦੀ ਹੁੰਦੀ ਹੈ, ਅਗਿਆਨ ਵੱਸ ਅਸੀਂ ਲੋਕ ਇਸ ਨੂੰ ਓਪਰੀਆਂ ਸ਼ੈਆਂ ਦਾ ਸਾਇਆ ਮੰਨ ਕੇ ਪਖੰਡੀ ਸਾਧਾਂ ਦੇ ਚੱਕਰਾਂ ਵਿੱਚ ਫ਼ਸ ਕੇ ਆਪਣੇ ਰੋਗ ਨੂੰ ਹੋਰ ਵਧਾ ਲੈਂਦੇ ਹਾਂ, ਜੋ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦਾ ਹੈ। ਲੋੜ ਹੈ ਸਾਨੂੰ ਇਹੋ ਜਿਹੀਆਂ ਗੱਲਾਂ ਨੂੰ ਤਰਕ ਨਾਲ ਸੋਚਣ ਦੀ ਤੇ ਇਹੋ ਜਿਹੇ ਚੱਕਰਾਂ ਵਿੱਚ ਫ਼ਸੇ ਲੋਕਾਂ ਨੂੰ ਸਮਝਾਉਣ ਦੀ ਤਾਂ ਕਿ ਸਾਡੀ ਮਿਹਨਤ ਦੀ ਕਮਾਈ ਨੂੰ ਕੋਈ ਇਸ ਤਰ੍ਹਾਂ ਸਾਨੂੰ ਮੂਰਖ ਬਣਾ ਕੇ ਸਾਡੇ ਤੋਂ ਲੁੱਟ ਨਾ ਸਕੇ। ਅਸਲ ਵਿੱਚ ਇਹ ਕਰਿਆ ਕਰਾਇਆ ਕੁਝ ਨਹੀਂ ਹੁੰਦਾ। ਨਾਲੇ ਆਦਮੀ ਕੋਲ ਐਡੀ ਕਿਹੜੀ ਅਦਿ੍ਰਸ਼ ਤਾਕਤ ਹੈ, ਜੋ ਦੂਰ ਤੋਂ ਹੀ ਦੂਸਰੇ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕੇ। ਮਾਨਸਿਕ ਤੌਰ ’ਤੇ ਕਮਜ਼ੋਰ ਆਦਮੀ ਹੀ ਇਹੋ ਜਿਹੇ ਵਹਿਮ ਦਾ ਸ਼ਿਕਾਰ ਹੁੰਦਾ ਹੈ ਕਿ ਕਿਸੇ ਨੇ ਉਸ ਉੱਤੇ ਕੋਈ ਜਾਦੂ-ਟੂਣਾ ਕਰਵਾ ਦਿੱਤਾ ਹੈ। ਜੇਕਰ ਆਦਮੀ ਅੰਦਰੋਂ ਮਜ਼ਬੂਤ ਹੈ ਤਾਂ ਇਸ ਤਰ੍ਹਾਂ ਦੇ ਵਹਿਮ ਉਸ ਉੱਤੇ ਕੋਈ ਅਸਰ ਨਹੀਂ ਕਰਦੇ। ਵਿਗਿਆਨ ਦੇ ਪਸਾਰੇ ਨਾਲ ਇਹੋ ਜਿਹੇ ਢੌਂਗੀਆਂ ਦੇ ਪਾਜ ਖੁੱਲ੍ਹ ਰਹੇ ਹਨ। ਅੱਜ ਸੋਸ਼ਲ ਮੀਡੀਆ ਦੇ ਰੂਪ ਵਿੱਚ ਸਾਡੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ, ਇਸਦੇ ਮਾਧਿਅਮ ਨਾਲ ਅਸੀਂ ਇਨ੍ਹਾਂ ਮਾੜੀ ਸੋਚ ਵਾਲਿਆਂ ਤੋਂ ਜਨ ਸਧਾਰਨ ਨੂੰ ਚੌਕਸ ਅਤੇ ਜਾਗਰੂਕ ਕਰਕੇ ਉਨ੍ਹਾਂ ਦਾ ਸਮਾਂ ਅਤੇ ਧਨ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ।

Loading