ਪੰਜਾਬ ਵਿੱਚ ਸੂਫ਼ੀ ਸ਼ਾਇਰੀ ਨੂੰ ਸਮਰਪਿਤ ਇੱਕ ਵਿਕਲੋਤਰੀ ਸ਼ਖ਼ਸੀਅਤ ਦੇ ਮਾਲਕ ਉਸਤਾਦ ਪੂਰਨ ਸ਼ਾਹਕੋਟੀ ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਗਏ ਹਨ। ਉਸਤਾਦ ਪੂਰਨ ਸ਼ਾਹਕੋਟੀ ਅਸਲ ਵਿੱਚ ਪੰਜਾਬ ਦੀ ਸੂਫ਼ੀ ਤੇ ਸਾਫ਼ ਸੁਥਰੀ ਗਾਇਕੀ ਦੇ ਉਹ ਕਲਾਸਿਕਲ ਰੋਸ਼ਨ ਮੀਨਾਰ ਸਨ, ਜਿਨ੍ਹਾਂ ਦੀਆਂ ਸੰਗੀਤ ਸੁਰਾਂ ਵਿੱਚੋਂ ਪੰਜਾਬ ਦੇ ਸੂਫ਼ੀਆਂ ਦੀ ਮਹਿਕ ਤੇ ਰੋਮਾਨੀਅਤ ਦਾ ਸੰਗੀਤ ਸੁਣਾਈ ਦਿੰਦਾ ਸੀ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਦੇ ਰਹਿਣ ਵਾਲੇ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਪੂਰਨ ਸ਼ਾਹਕੋਟੀ ਨੇ ਹਮੇਸ਼ਾ ਸੰਗੀਤ ਦੀਆਂ ਸੁਰਾਂ ਤੇ ਸੰਗੀਤ ਦੀਆਂ ਰਮਜ਼ਾਂ ਨੂੰ ਸਮਝਿਆ। ਉਹ ਕਹਿੰਦੇ ਸਨ ਕਿ ਇਹ ਬਚਪਨ ਵਿੱਚ ਹੀ ਉਨ੍ਹਾਂ ਦੇ ਹਿੱਸੇ ਆ ਗਈਆਂ ਸਨ । ਬਾਅਦ ਵਿੱਚ ਜਦੋਂ ਉਨ੍ਹਾਂ ਨੇ ਸ਼ਾਇਰੀ ਨੂੰ ਸੂਫ਼ੀਆਂ ਦੀਆਂ ਰਮਜ਼ਾਂ ਤੇ ਕਲਾਸਿਕਲ ਸੰਗੀਤ ਦੀ ਵਿੱਦਿਆ ਤੋਂ ਅੱਗੇ, ਸੰਗੀਤ ਨੂੰ ਧੁਰ ਰੱਬ ਦੀ ਇਬਾਦਤ ਮੰਨਣ ਨਾਲ ਗਾਇਆ ਤਾਂ ਉਹ ਗਾਇਕੀ ਪੰਜਾਬ ਦਾ ਸਿਖ਼ਰ ਸੀ। ਇਸ ਨੇ ਪੂਰਨ ਸ਼ਾਹਕੋਟੀ ਨੂੰ ਸੂਫ਼ੀ ਉਸਤਾਦ ਗਾਇਕਾਂ ਦੀ ਪਹਿਲੀ ਸ਼੍ਰੇਣੀ ਵਿੱਚ ਖੜ੍ਹਾ ਕੀਤਾ।
ਉਨ੍ਹਾਂ ਦੇ ਪੈਰੋਕਾਰਾਂ ਵਿੱਚ ਸੂਫ਼ੀ ਗਾਇਕ ਹੰਸਰਾਜ ਹੰਸ, ਮਾਸਟਰ ਸਲੀਮ ਤੇ ਹੋਰ ਬਹੁਤ ਸਾਰੇ ਐਸੇ ਲੋਕ ਹਨ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਸੁਰਾਂ ਦੀ ਉਸੇ ਰਮਜ਼ ਨਾਲ ਜ਼ਿੰਦਾ ਰੱਖਿਆ ਹੈ । ਉਨ੍ਹਾਂ ਦੇ ਜਾਣ ਨਾਲ ਅੱਜ ਪੰਜਾਬ ਦਾ ਭਵਿੱਖ ਸਾਫ਼-ਸੁਥਰੀ ਸੂਫ਼ੀ ਸ਼ਾਇਰੀ ਦੀ ਗਾਇਕੀ ਤੋਂ ਸੁੰਨਾ ਹੋ ਗਿਆ ਹੈ। ਪੂਰਨ ਸ਼ਾਹਕੋਟੀ ਕਹਿੰਦੇ ਸਨ “ਸੂਫ਼ੀ ਗੀਤ ਗਾਉਣੇ ਤੇ ਗਾਇਨ ਕਰਨਾ ਮੇਰੇ ਲਈ ਰੱਬ ਦੀ ਇਬਾਦਤ ਤੇ ਉਸ ਦਾ ਖ਼ੂਬਸੂਰਤ ਵਰਦਾਨ ਹੈ। ਇਸ ਤੋਂ ਵੱਡਾ ਵਰਦਾਨ ਕੋਈ ਹੋਰ ਹੋ ਨਹੀਂ ਸਕਦਾ ਹੈ। ਉਨ੍ਹਾਂ ਨੇ ਆਪਣੇ ਪਿਤਾ ਰੰਜਨ ਦਾਸ ਤੋਂ ਗਾਉਣਾ ਸਿੱਖਿਆ ਸੀ। ਬਾਅਦ ਵਿੱਚ ਪਟਿਆਲਾ ਦੇ ਹੁਸੈਨ ‘ਸਾਹਿਬ’ ਤੋਂ ਹੋਰ ਸਿਖਲਾਈ ਲਈ। ਉਹ ਆਪਣੀਆਂ ਮੁਲਾਕਾਤਾਂ ਵਿੱਚ ਆਪਣੇ ਗ਼ਰੀਬੀ ਦੇ ਦਿਨ ਵੀ ਨਹੀਂ ਭੁੱਲੇ ਅਤੇ ਆਪਣੇ ਪਰਿਵਾਰ ਨੂੰ ਇਸ ਲਈ ਹਮੇਸ਼ਾ ਦਾਦ ਦਿੰਦੇ ਰਹੇ ਕਿ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਦਰਦ ਹੰਡਾਇਆ ਹੈ। ਭੁੱਖ ਵੀ ਦੇਖੀ ਹੈ ਤੇ ਗ਼ਰੀਬੀ ਵੀ ਦੇਖੀ ਹੈ। ਪ੍ਰੰਤੂ ਜੋ ਨਜ਼ਰ ਨਿਆਜ਼ ਅਦਾ ਕਰਦਿਆਂ ਹੋਇਆਂ ਗਾਇਕੀ ਦਾ ਆਤਮ ਬਲ ਹੈ, ਉਸ ਨੇ ਉਸ ਨੂੰ ਜ਼ਿੰਦਾ ਰੱਖਿਆ। ਉਹ ਆਪਣਾ ਝੋਪੜੀ ਵਿੱਚ ਗੁਜ਼ਾਰਿਆ ਹੋਇਆ ਜੀਵਨ ਕਦੀ ਵੀ ਨਹੀਂ ਭੁੱਲਦੇ ਸਨ ਤੇ ਹਮੇਸ਼ਾ ਸ਼ਾਹਕੋਟ ਦੀ ਉਸ ਧਰਤੀ ਨੂੰ ਸਲਾਮ ਕਰਦੇ ਸਨ ਜਿਸ ਨੇ ਸੰਗੀਤ ਉਨ੍ਹਾਂ ਦੇ ਜੀਵਨ ਵਿੱਚ ਉਤਾਰਿਆ ਸੀ। ਉਨ੍ਹਾਂ ਨੇ ਜਸਬੀਰ ਜੱਸੀ, ਹੰਸ ਰਾਜ ਹੰਸ ਤੇ ਆਪਣੇ ਪੁੱਤਰ ਮਾਸਟਰ ਸਲੀਮ ਨੂੰ ਸੰਗੀਤ ਦੀ ਸਿੱਖਿਆ ਤੇ ਸੰਗੀਤ ਦੀਆਂ ਰਮਜ਼ਾਂ ਨੂੰ ਸਿਖਾਇਆ। ਕਦੀ-ਕਦੀ ਉਹ ਦੱਸਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਸੰਗੀਤ ਦੀ ਸਿੱਖਿਆ ਉਸ ਤਰ੍ਹਾਂ ਪ੍ਰਾਪਤ ਨਹੀਂ ਕੀਤੀ ਜਿਸ ਤਰ੍ਹਾਂ ਲੋਕਾਂ ਨੇ ਕੀਤੀ ਹੈ ਪ੍ਰੰਤੂ ਇਹ ਰੱਬ ਦੀ ਦਾਤ ਹੈ, ਜੋ ਉਨ੍ਹਾਂ ਦੇ ਹਿੱਸੇ ਆਈ ਹੈ ।
ਪੰਜਾਬ ਦੇ ਬਹੁਤ ਸਾਰੇ ਸਿੰਗਰ ਉਨ੍ਹਾਂ ਨੂੰ ਆਪਣੇ ਪਿਤਾ ਸਮਾਨ ਮੰਨਦੇ ਸਨ। ਆਖ਼ਰੀ ਦਮ ਤੱਕ ਬਿਮਾਰ ਹੋਣ ਤੋਂ ਪਹਿਲਾਂ ਤੱਕ ਉਹ ਹਮੇਸ਼ਾ ਪੂਰੀ ਉਮਰ ਸੰਗੀਤ ਨੂੰ ਸਮਰਪਿਤ ਰਹੇ। ਉਹ ਹਮੇਸ਼ਾ ਆਪਣੀ ਮੁਲਾਕਾਤ ਵਿੱਚ ਆਪਣੀਆਂ ਗੱਲਾਂ ਵਿੱਚ ਕਹਿੰਦੇ ਸਨ ਕਿ ਪੰਜਾਬ ਵਿੱਚ ਇਹ ਗਾਇਕੀ ਪੰਜਾਬ ਦੀ ਵਿਰਾਸਤ ਹੈ ਤੇ ਜ਼ਿੰਦਾ ਰਹਿਣੀ ਚਾਹੀਦੀ ਹੈ। ਮੈਂ ਜਿੰਨਾ ਹਿੱਸਾ ਪਾ ਸਕਦਾਂ ਜਾਂ ਰੱਬ ਨੇ ਜਿੰਨਾ ਕੁਝ ਮੇਰੇ ਤੋਂ ਚਾਹਿਆ ਹੈ, ਉਹ ਮੈਂ ਕੀਤਾ ਹੈ ਅਤੇ ਫਿਰ ਉਹ ਅਲਾਪ ਦੇ ਦੌਰ ਵਿੱਚ ਵਜਦ ਵਿਚ ਆ ਕੇ ਕਹਿੰਦੇ, ਸੂਫ਼ੀਆਂ ਦੀਆਂ ਰਮਜ਼ਾਂ ਨੂੰ ਗਾਉਣਾ ਤੇ ਸੰਗੀਤ ਦੇ ਸੁਰ ਵਿੱਚ ਵਹਿ ਜਾਣਾ ਹੀ ਸਭ ਤੋਂ ਵੱਡੀ ਇਬਾਦਤ ਹੈ, ਜੋ ਰੱਬ ਨੇ ਉਨ੍ਹਾਂ ਨੂੰ ਦਿੱਤੀ ਹੈ । ਉਹ ਇਹ ਵੀ ਕਹਿੰਦੇ ਸਨ ਕਿ ਪੰਜਾਬੀ ਸੂਫ਼ੀ ਅੱਜ ਦੀ ਗਾਇਕੀ ਵਿੱਚ ਸ਼ਾਸਤਰੀ ਸੰਗੀਤ ਨੂੰ ਭੁੱਲਦੇ ਜਾ ਰਹੇ ਹਨ। ਉਹ ਹਮੇਸ਼ਾ ਰੱਬ ਤੋਂ ਇਹ ਦੁਆ ਮੰਗਦੇ ਹਨ ਕਿ ਪੰਜਾਬ ਦੀ ਧਰਤੀ ’ਤੇ ਸੂਫ਼ੀ ਸ਼ਾਇਰੀ ਅਤੇ ਸੂਫ਼ੀਆਂ ਦੀਆਂ ਇਹ ਰਮਜ਼ਾਂ ਹਮੇਸ਼ਾ ਪੰਜਾਬੀਆਂ ਲਈ ਜ਼ਿੰਦਾ ਰਹਿਣ ਤਾਂ ਜੋ ਪੰਜਾਬ ਵਿੱਚ ਸੂਫ਼ੀ ਸੰਗੀਤ ਦੀ ਪਰੰਪਰਾ ਕਾਇਮ ਰਹੇ। ਉਸਤਾਦ ਸ਼ਾਹਕੋਟੀ ਨੇ ਬਚਪਨ ਵਿੱਚ ਰਾਮਲੀਲਾ ਵਿੱਚ ਸੀਤਾ ਦੀ ਭੂਮਿਕਾ ਵੀ ਨਿਭਾਈ ਅਤੇ ਉਨ੍ਹਾਂ ਦੇ ਦਾਦਾ ਜੀ ਅਤੇ ਪਿਤਾ ਇੱਕ ਗਾਇਕ ਹੋਣ ਤੋਂ ਬਿਨਾਂ ਇੱਕ ਚੰਗੇ ਉਸਤਾਦ ਸਨ। ਉਹ ਦੱਸਦੇ ਸਨ ਕਿ ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸ਼ਾਹਕੋਟ ਦੇ ਮਿਡਲ ਸਕੂਲ ਵਿੱਚ ਆਪਣਾ ਗੀਤ ਗਾਇਆ ਸੀ। ਬਾਅਦ ਵਿੱਚ ਉਹ ਬਿਸਮਿੱਲਾ ਖ਼ਾਨ ਅਤੇ ਬਾਬਾ ਮੁਰਾਦ ਸ਼ਾਹ ਦੇ ਪੈਰੋਕਾਰ ਵੀ ਬਣੇ । ਕਦੀ-ਕਦੀ ਉਹ ਦੱਸਦੇ ਸਨ ਕਿ ਉਹ ਸੰਗੀਤ ਦੀਆਂ ਪੰਜ ਪੀੜ੍ਹੀਆਂ ਨੂੰ ਯਾਦ ਕਰਦੇ ਹਨ, ਜਿਸ ਵਿੱਚ ਕਈ ਭੇਦ ਹਨ ਪ੍ਰੰਤੂ ਸੂਫ਼ੀਵਾਦ ਅਤੇ ਸੂਫ਼ੀ ਸ਼ਾਇਰੀ ਉਨ੍ਹਾਂ ਦੀ ਇੱਕ ਹੋਰ ਰੂਹ ਹੈ, ਜਿਸ ਵਿੱਚ ਉਨ੍ਹਾਂ ਨੇ ਪੁਰਾਣੇ ਪੰਜਾਬ ਦੇ ਸੂਫ਼ੀਆਂ ਦੀਆਂ ਦਰਗਾਹਾਂ ਤੇ ਖਾਨਗਾਹਾਂ ਦਾ ਸੰਗੀਤ ਨਵੇਂ ਸ਼ੁੱਧ ਸੰਗੀਤ ਦੇ ਨਾਲ ਪ੍ਰਸਤੁਤ ਕੀਤਾ । ਉਹ ਹਮੇਸ਼ਾ ਆਪਣੇ ਬੋਲ, ਸ਼ਬਦਾਂ ਦੀ ਹਲੀਮੀ ਅਤੇ ਸੁਰ ਨੂੰ ਅਹਿਮੀਅਤ ਦਿੰਦੇ ਸਨ। ਸੰਗੀਤ ਤਾਂ ਤੁਹਾਡੇ ਆਸ-ਪਾਸ ਹੈ। ਉਸ ਨੂੰ ਸੁਰਾਂ ਵਿੱਚ ਕਿਵੇਂ ਢਾਲਣਾ ਹੈ, ਇਹ ਉਸਤਾਦ ਦੀ ਤਾਕਤ ਸੀ। ਉਸਤਾਦ ਸ਼ਾਹਕੋਟੀ ਦੀਆਂ ਕਈ ਸੰਗੀਤ ਦੀਆਂ ਐਲਬਮਾਂ ਵਿੱਚੋਂ ਗੋਦੜੀ ਤੇ ਟੁੰਬਾਂ ਪ੍ਰਸਿੱਧ ਹਨ ।
ਉਸਤਾਦ ਨੂੰ ਕਈ ਵੱਡੇ ਪੁਰਸਕਾਰਾਂ ਤੋਂ ਬਿਨਾਂ ਸ਼੍ਰੋਮਣੀ ਰਾਜ ਪੁਰਸਕਾਰ ਪੰਜਾਬ ਸਰਕਾਰ ਅਤੇ ਰਾਜ ਕਪੂਰ ਪੁਰਸਕਾਰ ਵੀ ਮਿਲ ਚੁੱਕੇ ਹਨ। ਇਸ ਤੋਂ ਬਿਨਾਂ ਦੁਆਬੇ ਦੇ ਕਈ ਪੁਰਸਕਾਰਾਂ ਨਾਲ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ । ਉਸਤਾਦ ਪੂਰਨ ਸ਼ਾਹਕੋਟੀ ਦੀਆਂ ਗੱਲਾਂ ਵਿੱਚ ਸੰਗੀਤ ਦੇ ਬਾਰੇ ਸੱਚਾਈ ਸੀ ਅਤੇ ਪੰਜਾਬ ਦਾ ਦਰਦ ਸੀ। ਪੂਰਨ ਸ਼ਾਹਕੋਟੀ ਦਾ ਵਿਦਾ ਹੋਣਾ, ਪੰਜਾਬ ਦੇ ਇੱਕ ਐਸੇ ਉਸਤਾਦ ਦਾ ਵਿਦਾ ਹੋਣਾ ਹੈ, ਜਿਸ ਦੀ ਕੋਈ ਹੋਰ ਮਿਸਾਲ ਨਹੀਂ ਹੈ ਅਤੇ ਜੋ ਪੰਜਾਬ ਤੇ ਪੰਜਾਬ ਦੀ ਧਰਤੀ ਨੂੰ ਬਹੁਤ ਪਿਆਰ ਕਰਦਾ ਸੀ। ਇਹ ਸਭ ਉਸ ਦੇ ਹਿੱਸੇ ਹੀ ਸੀ ਅਤੇ ਉਸ ਨੇ ਬਾਅਦ ਵਿੱਚ ਆਪਣੇ ਗਾਇਕਾਂ ਨੂੰ ਇਹ ਸਿਖਾਇਆ ਸੀ। ਅੱਜ ਭਾਵੇਂ ਉਹ ਜਿਸਮਾਨੀ ਤੌਰ ’ਤੇ ਸਾਡੇ ਵਿੱਚੋਂ ਚਲੇ ਗਏ ਹਨ ਪ੍ਰੰਤੂ ਉਹ ਪੰਜਾਬ ਦੀ ਧਰਤੀ ’ਤੇ ਸੰਗੀਤ ਦੇ ਸ਼ਬਦਾਂ ਤੇ ਸੁਰਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ।
ਡਾ. ਕ੍ਰਿਸ਼ਨ ਕੁਮਾਰ ਰੱਤੂ
- ਲੇਖਕ ਦੂਰਦਰਸ਼ਨ ਦਾ ਉਪ-ਮਹਾਨਿਦੇਸ਼ਕ ਰਿਹਾ ਹੈ।
![]()
