ਧਰਤੀ, ਜਿਸ ਨੂੰ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ, ਅੱਜ ਪ੍ਰਦੂਸ਼ਣ ਦੀ ਮਾਰ ਨਾਲ ਬੁਰੀ ਤਰ੍ਹਾਂ ਕੁਰਲਾ ਰਹੀ ਹੈ। ਹਵਾ, ਪਾਣੀ ਅਤੇ ਮਿੱਟੀ-ਤਿੰਨੋਂ ਹੀ ਦੂਸ਼ਿਤ ਹੋ ਚੁੱਕੇ ਹਨ। ਰੁੱਖਾਂ ਦੀ ਥਾਂ ਕੰਕਰੀਟ ਨੇ ਲੈ ਲਈ ਹੈ ਅਤੇ ਦਰਿਆਵਾਂ ਨੇ ਆਬ ਨਹੀਂ, ਬਲਕਿ ਜ਼ਹਿਰ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਹਵਾ, ਪਾਣੀ, ਮਿੱਟੀ ਅਤੇ ਧੁਨੀ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਹੇ ਹਨ ਜਿਸ ਨਾਲ ਪ੍ਰਕਿਰਤੀ ਦਾ ਸੰਤੁਲਨ ਵਿਗੜ ਰਿਹਾ ਹੈ। ਇਸ ਹਾਲਤ ਵਿੱਚ ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਵਧ ਰਹੇ ਪ੍ਰਦੂਸ਼ਣ ਲਈ ਆਖ਼ਰ ਜ਼ਿੰਮੇਵਾਰ ਕੌਣ ਹੈ? ਸਭ ਤੋਂ ਵੱਡੀ ਜ਼ਿੰਮੇਵਾਰੀ ਮਨੁੱਖ ਦੀ ਖ਼ੁਦ ਆਪਣੇ ਉੱਤੇ ਆਉਂਦੀ ਹੈ। ਉਦਯੋਗਾਂ ਦਾ ਬੇਤਰਤੀਬੀ ਨਾਲ ਵਧਣਾ, ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਰਸਾਇਣਕ ਕੂੜਾ ਆਦਿ ਹਵਾ ਅਤੇ ਪਾਣੀ ਨੂੰ ਜ਼ਹਿਰੀਲੇ ਬਣਾ ਰਹੇ ਹਨ। ਉਦਯੋਗਾਂ ਦੀ ਲਾਪਰਵਾਹੀ ਉਸ ਵਕਤ ਤੱਕ ਕਾਇਮ ਰਹਿੰਦੀ ਹੈ ਜਦ ਤੱਕ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਉਾਂਦੇ।ਕਾਨੂੰਨ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਣ, ਨਿਗਰਾਨੀ ਕਮਜ਼ੋਰ ਹੋਵੇ ਅਤੇ ਸਜ਼ਾ ਨਰਮ-ਤਾਂ ਪ੍ਰਦੂਸ਼ਣ ਰੋਕਣ ਦੀ ਮੁਹਿੰਮ ਅਧੂਰੀ ਰਹਿ ਜਾਂਦੀ ਹੈ।
ਸੜਕਾਂ ’ਤੇ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਸਹੂਲਤਾਂ ਦੀ ਦੌੜ ਵਿਚ ਮਨੁੱਖ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਰਿਹਾ ਹੈ। ਪ੍ਰਦੂਸ਼ਣ ਫੈਲਾਉਣ ਵਿੱਚ ਪਲਾਸਟਿਕ ਦੀ ਅਤਿ-ਵਰਤੋਂ ਵੀ ਇਕ ਹੋਰ ਵੱਡਾ ਕਾਰਨ ਹੈ। ਪਲਾਸਟਿਕ ਨੂੰ ਖ਼ਤਮ ਹੋਣ ਵਿੱਚ ਸੈਂਕੜੇ ਸਾਲ ਲੱਗਦੇ ਹਨ ਅਤੇ ਇਹ ਧਰਤੀ ਅਤੇ ਸਮੁੰਦਰੀ ਜੀਵਾਂ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। ਕੂੜੇ-ਕਰਕਟ ਦੀ ਸਹੀ ਨਿਪਟਾਰਾ ਪ੍ਰਣਾਲੀ ਨਾ ਹੋਣ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਚੱਲਣ ਵਾਲੀਆਂ ਗੰਦੀਆਂ ਹਵਾਵਾਂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਇਸ ਦੇ ਨਾਲ ਹੀ, ਸਰਕਾਰਾਂ ਅਤੇ ਪ੍ਰਸ਼ਾਸਨ ਦੀ ਬੇਧਿਆਨੀ ਵੀ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ। ਕਈ ਥਾਵਾਂ ’ਤੇ ਵਾਤਾਵਰਨ ਸਬੰਧੀ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਦੋਂ ਨਿਗਰਾਨੀ ਕਮਜ਼ੋਰ ਹੋਵੇ ਤਾਂ ਫੈਕਟਰੀਆਂ ਅਤੇ ਹੋਰ ਸੰਸਥਾਵਾਂ ਅਕਸਰ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ। ਇਸ ਸਭ ਦੇ ਬਾਵਜੂਦ ਸਾਰੇ ਦੋਸ਼ ਸਿਰਫ਼ ਸਰਕਾਰ ਜਾਂ ਉਦਯੋਗਾਂ ਦੇ ਸਿਰ ਨਹੀਂ ਥੋਪੇ ਜਾ ਸਕਦੇ। ਆਮ ਲੋਕਾਂ ਦੀ ਅਗਿਆਨਤਾ ਅਤੇ ਲਾਪਰਵਾਹੀ ਵੀ ਪ੍ਰਦੂਸ਼ਣ ਵਧਾਉਂਦੀ ਹੈ। ਪੌਦੇ ਘੱਟ ਲਗਾਉਣੇ, ਕੂੜਾ ਖੁੱਲ੍ਹੇ ਵਿੱਚ ਸੁੱਟਣਾ, ਪਾਣੀ ਦੀ ਬਰਬਾਦੀ, ਪਟਾਕੇ ਚਲਾਉਣਾ-ਇਹ ਸਭ ਆਮ ਆਦਤਾਂ ਪ੍ਰਦੂਸ਼ਣ ਨੂੰ ਹੋਰ ਵਧਾਉਂਦੀਆਂ ਹਨ। ਮੈਂ ਕੌਮੀ ਰਾਜਧਾਨੀ ਦਿੱਲੀ ਵਿੱਚ ਰਹਿ ਰਿਹਾ ਹਾਂ। ਇੱਥੋਂ ਦੀ ਹਵਾ ਪੂਰੀ ਤਰ੍ਹਾਂ ਪਲੀਤ ਹੋ ਚੁੱਕੀ ਹੈ।
ਆਪਣੇ ਬਚਾਅ ਲਈ ਮੂੰਹ ’ਤੇ ਮਾਸਕ ਲਾਉਣਾ ਜ਼ਰੂਰੀ ਹੈ। ਰੋਜ਼ਾਨਾ ਏਕਿਊਆਈ ਵਿੱਚ ਵਾਧਾ ਹੋ ਰਿਹਾ ਹੈ। ਸਕੂਲਾਂ ਨੂੰ ਹਾਈਬ੍ਰਿਡ ਮੋਡ ’ਤੇ ਲਿਆਉਣਾ ਪੈਂਦਾ ਹੈ। ਬੱਚਿਆਂ ਦੇ ਫੇਫੜੇ ਸੁੰਗੜ ਰਹੇ ਹਨ। ਡਾਕਟਰਾਂ ਦੇ ਕਲੀਨਿਕਾਂ ’ਤੇ ਮਰੀਜ਼ਾਂ ਦੀ ਭੀੜ ਵਧ ਰਹੀ ਹੈ। ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਬਿਮਾਰੀਆਂ ਠੀਕ ਹੋਣ ਦਾ ਨਾਂ ਨਹੀਂ ਲੈ ਰਹੀਆਂ। ਖੰਘ, ਜ਼ੁਕਾਮ ਨਾਲ ਹਰ ਕੋਈ ਪਰੇਸ਼ਾਨ ਹੈ। ਆਮ ਤੌਰ ’ਤੇ ਲੋਕਾਂ ਵੱਲੋਂ ਪ੍ਰਦੂਸ਼ਣ ਦਾ ਦੋਸ਼ ਗੁਆਂਢੀ ਸੂਬਿਆਂ ਖ਼ਾਸ ਤੌਰ ’ਤੇ ਕਿਸਾਨਾਂ ’ਤੇ ਮੜ੍ਹ ਦਿੱਤਾ ਜਾਂਦਾ ਹੈ ਪਰ ਲੋਕ ਇਹ ਭੁੱਲ ਜਾਂਦੇ ਹਨ ਕਿ ਕਿਸਾਨਾਂ ਤੋਂ ਪਹਿਲਾਂ ਉਹ ਆਪ ਵੀ ਜ਼ਿੰਮੇਵਾਰ ਹਨ। ਤਿਉਹਾਰਾਂ, ਵਿਆਹਾਂ ਸ਼ਾਦੀਆਂ ਤੇ ਕਈ ਹੋਰ ਸਮਾਰੋਹਾਂ ਵਿੱਚ ਖ਼ੁਸ਼ੀ ਦੇ ਨਾਂ ਤਾਂ ’ਤੇ ਚਲਾਏ ਜਾਣ ਵਾਲੇ ਪਟਾਕਿਆਂ ਰਾਹੀਂ ਮਹੀਨਿਆਂ ਬੱਧੀ ਜਿਹੜਾ ਪ੍ਰਦੂਸ਼ਣ ਰਹਿੰਦਾ ਹੈ, ਉਸ ਦੀ ਕੋਈ ਗੱਲ ਨਹੀਂ ਕਰਦਾ।
ਮੁੱਕਦੀ ਗੱਲ ਇਹ ਹੈ ਕਿ ਵਧ ਰਹੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਮਨੁੱਖ ਆਪ ਹੈ। ਜੇ ਮਨੁੱਖ ਸੱਚੇ ਮਨ ਨਾਲ ਵਾਤਾਵਰਨ ਦੀ ਸੰਭਾਲ ਕਰੇ, ਸਰਕਾਰ ਸਖ਼ਤੀ ਨਾਲ ਕਾਨੂੰਨ ਲਾਗੂ ਕਰੇ ਅਤੇ ਉਦਯੋਗ ਆਪਣੇ ਫ਼ਰਜ਼ ਨਿਭਾਉਣ ਤਾਂ ਪ੍ਰਦੂਸ਼ਣ ’ਚ ਕਾਫ਼ੀ ਹੱਦ ਤੱਕ ਕਮੀ ਆ ਸਕਦੀ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਧਰਤੀ ਸਾਡੀ ਸਾਂਝੀ ਧਰੋਹਰ ਹੈ। ਪ੍ਰਦੂਸ਼ਣ ਨੂੰ ਰੋਕਣਾ ਕਿਸੇ ਇਕ ਦੀ ਨਹੀਂ, ਸਭ ਦੀ ਜ਼ਿੰਮੇਵਾਰੀ ਹੈ। ਸੋ ਆਓ, ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਾਉਣ ਲਈ ਪਹਿਲ ਕਰੀਏ। ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਅਸੀਂ ਆਪ ਹਾਂ ਪਰ ਇਸ ਨੂੰ ਰੋਕਣ ਦੀ ਤਾਕਤ ਵੀ ਸਾਡੇ ਹੱਥਾਂ ਵਿਚ ਹੀ ਹੈ। ਅਸੀਂ ਜੇ ਬਦਲ ਜਾਈਏ ਤਾਂ ਦੁਨੀਆ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ। ਮੁਲਕ ਦਾ ਹਰ ਨਾਗਰਿਕ ਕੁਦਰਤ ਨਾਲ ਮਨੁੱਖਤਾ ਵਾਂਗ ਨਹੀਂ, ਬਲਕਿ ਆਪਣੀ ਮਾਤਾ ਵਾਂਗ ਵਿਹਾਰ ਕਰੇ-ਤਾਂ ਹੀ ਇਹ ਧਰਤੀ ਮੁੜ ਹਰੀ-ਭਰੀ ਹੋ ਸਕਦੀ ਹੈ ਤੇ ਇੱਥੋਂ ਦੇ ਪ੍ਰਦੂਸ਼ਣ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
-ਪ੍ਰਕਾਸ਼ ਸਿੰਘ ਗਿੱਲ
, ਲੈਕਚਰਾਰ (ਪੰਜਾਬੀ) ਦਿੱਲੀ।
![]()
