ਤਾਲਿਬਾਨ ਨੇ ਦਿੱਤੀ ਪਾਕਿਸਤਾਨ ਨੂੰ ਵੱਡੀ ਚੁਣੌਤੀ

In ਮੁੱਖ ਲੇਖ
January 01, 2026

ਪਿਛਲੇ ਦਿਨੀਂ ਪਾਕਿਸਤਾਨ ਦੇ ਨਵ-ਨਿਯੁਕਤ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੋ ਟੁੱਕ ਸ਼ਬਦਾਂ ਵਿੱਚ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਧਮਕੀ ਦਿੱਤੀ ਕਿ ਉਹ ਪਾਕਿਸਤਾਨ ਵਿੱਚ ਅੱਤਵਾਦੀ ਅਤੇ ਹਿੰਸਕ ਕਾਰਵਾਈਆਂ ਨੂੰ ਲਗਾਤਾਰ ਅੰਜਾਮ ਦੇ ਰਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਪਾਕਿਸਤਾਨ ਵਿਚੋਂ ਇੱਕ ਨੂੰ ਚੁਣ ਲਵੇ। ਫ਼ੌਜ ਮੁਖੀ ਤੇ ਤਿੰਨਾਂ ਫ਼ੌਜਾਂ ਦੀ ਸਾਂਝੀ ਕਮਾਨ ਦਾ ਚਾਰਜ ਸੰਭਾਲਣ ਮੌਕੇ ਫ਼ੌਜੀ ਹੈੱਡਕੁਆਰਟਰ ਰਾਵਲਪਿੰਡੀ ਵਿਖੇ ਗਾਰਡ ਆਫ ਆਨਰ ਲੈਣ ਸਮੇਂ ਉਸ ਨੇ ਇਹ ਦਹਾੜ ਮਾਰੀ।
ਪਾਕਿਸਤਾਨ ਅਨੁਸਾਰ ਜਨਰਲ ਆਸਿਮ ਮੁਨੀਰ ਇਸ ਸਾਲ ਸੰਨ 2025 ਵਿੱਚ ਦੇਸ਼ ਅੰਦਰ ਇੱਕ ਚਮਕਦੇ ਸਿਤਾਰੇ ਵਜੋਂ ਉੱਭਰਿਆ ਜਦੋਂ ਉਸ ਨੇ ਭਾਰਤ ਨੂੰ ਚਾਰ ਦਿਨਾ ਅਪਰੇਸ਼ਨ ਸਿੰਧੂਰ ’ਚ ਸਖ਼ਤ ਟੱਕਰ ਦਿੱਤੀ। ਇਹ ਅਪਰੇਸ਼ਨ ਭਾਰਤ ਨੇ ਕਸ਼ਮੀਰ ਵਾਦੀ ’ਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਪਹਿਲਗਾਮ ਵਿਖੇ 26 ਬੇਗੁਨਾਹ ਯਾਤਰੀਆਂ ਦੀ ਹੱਤਿਆ ਦੇ ਬਦਲੇ ਵਜੋਂ ਚਲਾਇਆ ਸੀ।
ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਿਹਾ ਹੈ ਪਰ ਭਾਰਤ ਇਸ ਅਪਰੇਸ਼ਨ ਨੂੰ ਪਾਕਿਸਤਾਨ ਦੀ ਬੇਨਤੀ ’ਤੇ ਰੋਕਣਾ ਦੱਸ ਰਿਹਾ ਹੈ। ਕਮਜ਼ੋਰ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਇਕ ਅਹਿਮ ਸੰਵਿਧਾਨਕ ਸੋਧ ਤੋਂ ਬਾਅਦ ਫੀਲਡ ਮਾਰਸ਼ਲ ਮੁਨੀਰ ਨੇ ਆਪਣੇ ਫ਼ੌਜ ਮੁਖੀ ਦੇ ਅਹੁਦੇ ਦੀ ਸੇਵਾ ਮੁਕਤੀ ਤੋਂ ਐਨ ਪਹਿਲਾਂ ਮੁੜ ਪੰਜ ਸਾਲਾਂ ਲਈ ਫ਼ੌਜ ਮੁਖੀ ਤੋਂ ਇਲਾਵਾ ਦੇਸ਼ ਦੀਆਂ ਤਿੰਨ ਫ਼ੌਜਾਂ ਦੀ ਸੰਯੁਕਤ ਕਮਾਨ ਦੀ ਨਿਯੁਕਤੀ ’ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਹੈ।
ਪਾਕਿਸਤਾਨ ਸਮਝਦਾ ਸੀ ਕਿ ਤਾਲਿਬਾਨ ਨਾਲ ਉਹ ਨਿੱਘੇ ਸਬੰਧ ਕਾਇਮ ਕਰ ਲਵੇਗਾ। ਪਰ ਉਸ ਦੇ ਪੂਰੇ ਮਨਸੂਬੇ ਧਰੇ-ਧਰਾਏ ਰਹਿ ਗਏ ਜਦੋਂ ਨਵਾਂ ਤਾਲਿਬਾਨ ਸ਼ਾਸ਼ਨ ਭਾਰਤ ਨਾਲ ਵਧੀਆ ਸਹਿਯੋਗੀ ਅਤੇ ਡਿਪਲੋਮੈਟਿਕ ਸੰਬੰਧ ਕਾਇਮ ਕਰਦਾ ਦਿਖਾਈ ਦਿੱਤਾ। ਸੜੇ ਬਲ਼ੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਤਾਲਿਬਾਨ ਸ਼ਾਸਕਾਂ ਨੂੰ ਧਮਕੀ ਦਿੱਤੀ ਕਿ ਉਹ ਉਸ ਦੇ ਰਹਿਮੋ-ਕਰਮ ’ਤੇ ਸੱਤਾ ਵਿੱਚ ਪਰਤੇ ਹਨ।
ਜੇ ਉਹ ਬਾਜ਼ ਨਾ ਆਏ ਤਾਂ ਤਬਾਹ ਕਰ ਦਿੱਤੇ ਜਾਣਗੇ। ਇਸ ਜੰਗ ਦਾ ਮੁੱਖ ਕਾਰਨ ਟੀਟੀਪੀ ਵੱਲੋਂ ਪਾਕਿਸਤਾਨ ਵਿਚ ਕੀਤੀਆਂ ਜਾ ਰਹੀਆਂ ਹਿੰਸਕ ਅਤੇ ਅੱਤਵਾਦੀ ਗਤੀਵਿਧੀਆਂ ਹੋਣਗੀਆਂ। ਸੰਨ 2021 ਵਿੱਚ ਤਾਲਿਬਾਨ ਦਾ ਅਫ਼ਗਾਨਿਸਤਾਨ ’ਤੇ ਮੁੜ ਕਬਜ਼ਾ ਹੋਣ ਤੋਂ ਬਾਅਦ ਉਹ ਟੀਟੀਪੀ ਦੀ ਮਦਦ ਹੀ ਨਹੀਂ ਕਰ ਰਿਹਾ, ਬਲਕਿ ਉਸ ਨਾਲ ਇੱਕ ਭਾਈਵਾਲ ਵਜੋਂ ਵਿਚਰ ਰਿਹਾ ਹੈ। ਪਾਕਿਸਤਾਨ ਇਸ ਨਾਲ ਭੜਕਿਆ ਹੋਇਆ ਹੈ।
ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਉਦੋਂ ਤਾਰ-ਤਾਰ ਹੋਣ ਲੱਗੇ ਜਦੋਂ ਇਸ ਮੁੱਦੇ ’ਤੇ ਦੋਹਾਂ ਦਰਮਿਆਨ ਕਈ ਦਿਨ ਫ਼ੌਜੀ ਜੰਗ ਜਾਰੀ ਰਹੀ। ਇਸ ਵਿੱਚ ਦਰਜਨਾਂ ਫ਼ੌਜੀ, ਸਿਵਲੀਅਨ ਅਤੇ ਟੀਟੀਪੀ ਅੱਤਵਾਦੀ ਮਾਰੇ ਗਏ। ਜੰਗ ਉਦੋਂ ਹੋਰ ਭੜਕੀ ਜਦੋਂ ਅਫ਼ਗਾਨ ਰਾਜਧਾਨੀ ਕਾਬੁਲ ਵਿੱਚ ਬੰਬ ਬਲਾਸਟ ਹੋਇਆ।
ਇਸ ਦਾ ਦੋਸ਼ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਸਿਰ ਲਾਇਆ। ਦੋਹਾ ਵਿਖੇ ਕਤਰ ਦੀ ਵਿਚੋਲਗੀ ਕਰਕੇ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ ਤਾਂ ਕਰਵਾ ਦਿੱਤੀ ਗਈ ਪਰ ਸ਼ਾਂਤੀ ਸਮਝੌਤਾ, ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਖੇ ਗੱਲਬਾਤ ਦੇ ਤਿੰਨ ਦੌਰਾਂ ਦੇ ਬਾਵਜੂਦ, ਅਜੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਅਫ਼ਗਾਨਿਸਤਾਨ ਅੱਜ ਵੀ ਪਾਕਿਸਤਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਹਾਂ ਦੇਸ਼ਾਂ ਦਰਮਿਆਨ ਵਿਗੜ ਰਹੇ ਸਬੰਧਾਂ ਕਰਕੇ ਆਪਸੀ ਵਪਾਰ, ਕਾਰੋਬਾਰ, ਰੁਜ਼ਗਾਰ ਅਤੇ ਅੰਤਰ-ਦੇਸ਼ੀ ਕਬਾਇਲੀ ਰਿਸ਼ਤਿਆਂ ’ਤੇ ਵੱਡਾ ਅਸਰ ਪੈ ਰਿਹਾ ਹੈ। ਪਾਕਿਸਤਾਨ ਹਕੀਕਤਾਂ ਤੋਂ ਦੂਰ ਖ਼ਿਆਲੀ ਮਨਸੂਬਿਆਂ ਦੇ ਚੱਕਰਵਿਊ ਵਿਚ ਬੁਰੀ ਤਰ੍ਹਾਂ ਫਸਿਆ ਪਿਆ ਹੈ। ਉਹ ਤਾਲਿਬਾਨਾਂ ਦੇ ਰਾਜ ਅਤੇ ਸੱਤਾ ਸ਼ਕਤੀ ਨੂੰ ਆਪਣੀ ਦੇਣ ਸਮਝਦਾ ਹੈ ਪਰ ਅਫ਼ਗਾਨਿਸਤਾਨ ਨੇ ਆਪਣੇ ਆਜ਼ਾਦ ਰਾਹ ’ਤੇ ਚੱਲਣ ਦਾ ਫ਼ੈਸਲਾ ਕੀਤਾ ਹੈ, ਜੋ ਪਾਕਿਸਤਾਨ ਨੂੰ ਕਿਸੇ ਸੂਰਤ ’ਚ ਪਸੰਦ ਨਹੀਂ ਹੈ।
ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਕਈ ਆਜ਼ਾਦ ਕਿਸਮ ਦੇ ਕਬੀਲੇ ਵਸੇ ਹੋਏ ਹਨ। ਇਹ ਸਦੀਆਂ ਤੋਂ ਕਿਸੇ ਵੀ ਸ਼ਾਸਨ ਦੀ ਅਧੀਨਗੀ ਤੋਂ ਆਕੀ ਰਹੇ ਹਨ। ਇਹ ਅੱਜ ਵੀ ਇਨ੍ਹਾਂ ਦੋਹਾਂ ਦੇਸ਼ਾਂ ਦੀ ਅਧੀਨਗੀ ਤੋਂ ਆਕੀ ਵਿਚਰ ਰਹੇ ਹਨ। ਇਨ੍ਹਾਂ ਦੇ ਅੰਦਰੂਨੀ ਜੰਗੀ ਟਕਰਾਅ, ਹਿੰਸਕ ਬਿਰਤੀ ਤੇ ਮਨ ਮਰਜ਼ੀ ਨੂੰ ਦੋਵੇਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਆਪੋ-ਆਪਣੇ ਮੁਫ਼ਾਦਾਂ ਦੀ ਪੂਰਤੀ ਲਈ ਵਰਤਦੇ ਹਨ ਤੇ ਇਨ੍ਹਾਂ ਨੂੰ ਮਾਲੀ ਮਦਦ, ਫ਼ੌਜੀ ਟ੍ਰੇਨਿੰਗ, ਗੋਲਾ ਬਾਰੂਦ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਜਾਰੀ ਰੱਖਦੇ ਹਨ।
ਇਸ ਕਰਕੇ ਇਹ ਸਰਹੱਦੀ ਇਲਾਕਾ ਵਿਸਫੋਟਕ ਬਣਿਆ ਰਹਿੰਦਾ ਹੈ। ਜਨਰਲ ਪਰਵੇਜ਼ ਮੁਸ਼ੱਰਫ਼ ਅਫ਼ਗਾਨ ਮੁਜਾਹਿਦਾਂ, ਤਾਲਿਬਾਨਾਂ, ਓਸਾਮਾ ਬਿਨ ਲਾਦੇਨ ਤੇ ਉਸ ਦੀ ਖੁੰਖਾਰ ਤਨਜੀਮ ਅਲਕਾਇਦਾ ਦਾ ਟ੍ਰੇਨੀ ਰਿਹਾ ਹੈ। ਆਪਣੇ ਫ਼ੌਜੀ ਦਸਤਿਆਂ ਸਮੇਤ, ਅੱਜ ਉਸ ਸਮੇਂ ਪੈਦਾ ਹੋਈ ਤਾਲਿਬਾਨੀ ਮੁਜਾਹਿਦੀਨ ਤਹਿਰੀਕ ਪਾਕਿਸਤਾਨ ਅੰਦਰ ਟੀਟੀਪੀ ਵਜੋਂ ਵਿਚਰ ਰਹੀ ਹੈ। ਅੱਜ ਇਸ ’ਤੇ ਇਹ ਕਹਾਵਤ ਖ਼ੂਬ ਢੁੱਕਦੀ ਹੈ,‘ ਬਿੱਲੀ ਸ਼ੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਣ ਆਇਆ।’ ਇਹ ਤਹਿਰੀਕ ਬਲੋਚਿਸਤਾਨ ਤੇ ਫਾਟਾ ਅੰਦਰ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਮਦਰੱਸਿਆਂ ਦੀ ਪੈਦਾਇਸ਼ ਹੈ।
ਇਹ ਤਾਲਿਬਾਨ ਪਾਕਿਸਤਾਨ ਵਿਰੋਧੀ ਅਤੇ ਅਫ਼ਗਾਨਿਸਤਾਨੀ ਤਾਲਿਬਾਨ ਦੇ ਹਮਾਇਤੀ ਹਨ ਲੇਕਿਨ ਤਾਲਿਬਾਨ ਸ਼ਾਸਨ ਅਤੇ ਸ਼ਾਸਕਾਂ ਤੋਂ ਆਜ਼ਾਦ ਆਪਣੀ ਨਿਆਰੀ ਹਸਤੀ ਦੇ ਮਾਲਕ ਹਨ। ਟੀਟੀਪੀ ਨਾਲ ਵਿਚਾਰਧਾਰਕ, ਸੱਭਿਆਚਾਰਕ, ਭਾਈਚਾਰਕ ਸਬੰਧ ਹੋਣ ਕਰਕੇ ਅਫ਼ਗਾਨਿਸਤਾਨ ਅਤੇ ਇਸ ਦਾ ਤਾਲਿਬਾਨ ਸ਼ਾਸ਼ਨ ਇਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਜਦਕਿ ਪਾਕਿਸਤਾਨ ਉਸ ਤੋਂ ਐਸੀ ਤਵੱਕੋ ਰੱਖਦਾ ਹੈ। ਟੀਟੀਪੀ ਨੇ ਅਫ਼ਗਾਨਿਸਤਾਨ ਵਿਚ ਆਪਣੇ ਵੱਡੇ ਗੜ੍ਹ ਕਾਇਮ ਕਰ ਰੱਖੇ ਹਨ, ਜੋ ਤਾਲਿਬਾਨ ਸ਼ਾਸਨ ਅੰਦਰ ਖ਼ੁਦਮੁਖ਼ਤਿਆਰ ਅਤੇ ਆਜ਼ਾਦਾਨਾ ਤੌਰ ’ਤੇ ਵਿਚਰਦੇ ਹਨ। ਇਕ ਪਾਸੇ ਤਾਂ ਪਾਕਿਸਤਾਨ ਟੀਟੀਪੀ ਨੂੰ ਲੈ ਕੇ ਅਫ਼ਗਾਨਿਸਤਾਨ ਨੂੰ ਧਮਕੀਆਂ ਦਿੰਦਾ ਹੈ ਤੇ ਦੂਸਰੇ ਪਾਸੇ ਮੁਸਲਿਮ ਅਤੇ ਪੱਛਮੀ ਦੇਸ਼ਾਂ ਨੂੰ ਕਹਿੰਦਾ ਹੈ ਕਿ ਉਹ ਉਸ ’ਤੇ ਦਬਾਅ ਬਣਾਉਣ।
ਇਸ ਸਮੇਂ ਟੀਟੀਪੀ ਵਿੱਚ ਵੀ ਕਈ ਵੱਡੇ ਤਾਕਤਵਰ ਧੜੇ ਹਨ। ਉਨ੍ਹਾਂ ਦੀ ਆਬਾਦੀ, ਇਲਾਕੇ, ਕਾਰੋਬਾਰ, ਆਰਥਿਕਤਾ ਇਕਜੁੱਟ ਨਹੀਂ ਹਨ। ਇਕ ਧੜਾ ਖੁਰਾਸਾਨ ਸੂਬੇ ਵਿੱਚ ਇਸਲਾਮਿਕ ਹਕੂਮਤ ਕਾਇਮ ਕਰਨਾ ਚਾਹੁੰਦਾ ਹੈ। ਇਹ ਧੜਾ ਤਾਲਿਬਾਨ ਸ਼ਾਸਨ ਲਈ ਵੀ ਸਿਰਦਰਦੀ ਬਣਿਆ ਪਿਆ ਹੈ। ਇਸ ਵੱਲੋਂ ਅਫ਼ਗਾਨਿਸਤਾਨੀ ਸਿਵੀਲੀਅਨਾਂ, ਧਾਰਮਿਕ ਘੱਟ ਗਿਣਤੀਆਂ ਤੇ ਤਾਲਿਬਾਨ ’ਤੇ ਹਮਲੇ ਕੀਤੇ ਜਾਂਦੇ ਹਨ। ਇਵੇਂ ਹੀ ਅਨੇਕ ਹੋਰ ਧੜੇ ਜਿਹਾਦੀ, ਵੱਖਵਾਦੀ ਵੀ ਅਫ਼ਗਾਨ ਤਾਲਿਬਾਨਾਂ ਲਈ ਮੁਸੀਬਤ ਬਣੇ ਪਏ ਹਨ।
ਅਫ਼ਗਾਨ ਤਾਲਿਬਾਨ ਸ਼ਾਸਕਾਂ ਲਈ ਅੰਦਰੂਨੀ ਅਤੇ ਬਾਹਰੀ ਵਿਰੋਧ ਨਾਲ ਨਜਿੱਠਣਾ ਵੱਡਾ ਕਾਰਜ ਦਿਸ ਰਿਹਾ ਹੈ। ਹੁਣ ਦਾ ਤਾਲਿਬਾਨ ਸ਼ਾਸ਼ਨ ਸੰਨ 1996 ਤੋਂ 2001 ਵਾਲੇ ਤਾਲਿਬਾਨ ਸ਼ਾਸਕਾਂ ਵਾਂਗ ਮਜ਼ਬੂਤ ਅਤੇ ਇਕਜੁੱਟ ਨਹੀਂ ਹੈ ਪਰ ਪਾਕਿਸਤਾਨ ਤੋਂ ਆਜ਼ਾਦ ਰਹਿਣਾ ਚਾਹੁੰਦਾ ਹੈ। ਉਹ ਭਾਰਤ ਨੂੰ ਵਧੀਆ ਭਾਈਵਾਲ ਹੀ ਨਹੀਂ ਬਲਕਿ ਬਦਲਵੇਂ ਆਰਥਿਕ ਭਾਈਵਾਲ ਵਜੋਂ ਚਾਹੁੰਦਾ ਹੈ ਤਾਂ ਜੋ ਉਹ ਇਸ ਦੀ ਆਜ਼ਾਦ ਹੋਂਦ ਅਤੇ ਮਜ਼ਬੂਤੀ ਲਈ ਸਹਾਈ ਹੋਵੇ। ਭਾਰਤ ਵੱਲੋਂ ਅਫ਼ਗਾਨਿਸਤਾਨ ਵਿੱਚ ਨਿਵੇਸ਼ ਤੇ ਦੋਵਾਂ ਵਿਚਾਲੇ ਰਣਨੀਤਕ ਅਤੇ ਡਿਪਲੋਮੈਟਿਕ ਨੇੜਤਾ, ਪਾਕਿਸਤਾਨ ਨੂੰ ਸੂਲ ਵਾਂਗ ਚੁੱਭਦੀ ਹੈ ਹਾਲਾਂਕਿ ਐਸੇ ਸੰਬੰਧ ਰਾਸ਼ਟਰਾਂ ਦੀ ਤਰੱਕੀ, ਖ਼ੁਸ਼ਹਾਲੀ ਤੇ ਸ਼ਾਂਤੀ ਲਈ ਸਹਾਈ ਹੁੰਦੇ ਹਨ। ਪਾਕਿਸਤਾਨ ਅੰਦਰੋਂ ਧਮਕੀ ਉਸੇ ਫ਼ੌਜੀ ਸੁਪਰੀਮ ਸ਼ਕਤੀ ਵੱਲੋਂ ਆਈ ਹੈ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਉਥੇ ਕੋਈ ਲੋਕਤੰਤਰੀ ਸਰਕਾਰ ਟਿਕਣ ਨਹੀਂ ਦਿੱਤੀ। ਹੁਣ ਤੱਕ ਬਣੇ 29 ਪ੍ਰਧਾਨ ਮੰਤਰੀਆਂ ਵਿਚੋਂ ਇਕ ਨੂੰ ਵੀ ਕਦੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ।
ਹੁਣ ਵਾਲੇ ਫ਼ੌਜ ਮੁਖੀ ਆਸਿਮ ਮੁਨੀਰ ਨੇ ਫੀਲਡ ਮਾਰਸ਼ਲ ਦੀ ਉਪਾਧੀ ਜਨਰਲ ਅਯੂਬ ਖ਼ਾਨ ਤੋਂ ਬਾਅਦ ਪ੍ਰਾਪਤ ਹੀ ਨਹੀਂ ਕੀਤੀ ਬਲਕਿ ਪੰਜ ਸਾਲ ਲਈ ਤਿੰਨ ਫ਼ੌਜਾਂ ਦੀ ਕਮਾਨ ਆਪਣੇ ਨਾਂਅ ਕਰ ਲਈ ਹੈ। ਉਸ ’ਤੇ ਕੋਈ ਮੁਕੱਦਮਾ ਵੀ ਨਹੀਂ ਚੱਲ ਸਕੇਗਾ। ਇਸੇ ਦੀ ਕਰਤੂਤ ਕਰਕੇ ਨੈਸ਼ਨਲ ਅਸੈਂਬਲੀ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਨ ਵਾਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੇਲ੍ਹ ’ਚ ਡੱਕਿਆ ਪਿਆ ਹੈ।
ਸੋ ਪਾਕਿਸਤਾਨ ਅੰਦਰੂਨੀ ਰਾਜਨੀਤਕ ਟਕਰਾਅ ਵਾਲੀਆਂ ਸਮੱਸਿਆਵਾਂ ਵਿੱਚ ਫਸਿਆ ਹੋਇਆ ਹੈ। ਅਫ਼ਗਾਨ ਤਾਲਿਬਾਨਾਂ ਨੂੰ ਹੱਕ ਹੈ ਕਿ ਉਹ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਗੂੜ੍ਹੇ ਸੰਬੰਧ ਕਾਇਮ ਕਰਨ। ਉਹ ਚੀਨ, ਅਮਰੀਕਾ, ਰੂਸ ਤੇ ਇਰਾਨ ਨਾਲ ਸਬੰਧ ਵਿਗਾੜਨਾ ਨਹੀਂ ਚਾਹੁੰਦੇ। ਅਫ਼ਗਾਨਿਸਤਾਨ ਦਾ ਤਾਲਿਬਾਨ ਸ਼ਾਸ਼ਨ ਪਾਕਿਸਤਾਨ ਨਾਲ ਸਿੱਧੇ ਟਕਰਾਅ ਦੀ ਥਾਂ, ਇਸ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਟੀਟੀਪੀ ਨਾਲ ਉਲਝਾ ਕੇ ਰੱਖ ਰਿਹਾ ਹੈ। ਜੇ ਪਾਕਿਸਤਾਨ ਉਸ ’ਤੇ ਹਮਲਾ ਕਰਨ ਦੀ ਹਿਮਾਕਤ ਕਰੇਗਾ ਤਾਂ ਟੀਟੀਪੀ ਅਤੇ ਮੁਜਾਹਿਦੀਨ ਉਸ ਦੀ ਕਬਰ ਪਾਕਿਸਤਾਨ ਵਿਚ ਪੁੱਟ ਦੇਣਗੇ। ਪਾਕਿਸਤਾਨ ਲਈ ਬਿਹਤਰ ਹੋਵੇਗਾ ਕਿ ਉਹ ਬੀਐੱਲਓ ਅਤੇ ਟੀਟੀਪੀ ਨਾਲ ਆਪਣੇ ਰਿਸ਼ਤੇ ਵਧੀਆ ਬਣਾਉਣ ਦਾ ਯਤਨ ਕਰੇ।
ਦਰਬਾਰਾ ਸਿੰਘ ਕਾਹਲੋਂ

Loading