ਆਦਮਖ਼ੋਰ

ਕੌਣ ਨੇ ਇਹ ਲੋਕ ਜੋ, ਸ਼ਰਾਫਤੀ ਮਖੌਟੇ ਪਹਿਨ ਕੇ,
ਉਤਰ ਆਏ ਨੇ ਮੈਦਾਨ ਵਿੱਚ, ਮਚਾ ਰਹੇ ਨੇ ਤਹਿਲਕੇ।
ਮੂੰਹਾਂ ਤੋਂ ਉਚਰਨ ਰਾਮ ਰਾਮ, ਛੁਰੀਆਂ ਨੇ ਬਗਲੀਂ ਦੱਬੀਆਂ,
ਉੱਚੀਆਂ ਕੰਧਾਂ ਦੇ ਪਿੱਛੇ, ਡਰਾਵਣੇ ਨੇ ਕਹਿਕਹੇ।
ਸ਼ੀਸ਼ੇ ਵੀ ਸ਼ਰਮਸਾਰ ਨੇ, ਕਰੂਪਤਾ ਨੂੰ ਦੇਖ ਦੇਖ,
ਤੜਪ ਰਹੇ ਨੇ ਦਿਨ ਬਦਿਨ ਸੁੰਦਰਤਾ ਨੂੰ ਸਹਿਕਦੇ।
ਦਿਲਾ ਨਾ ਲੱਭ ਦਿਲਦਾਰੀਆਂ, ਬੇਦਿਲਾਂ ਦੀ ਭੀੜ ਵਿੱਚ,
ਅਦਾਕਾਰ ਨੇ ਇਰਦ ਗਿਰਦ, ਜੋ ਕਦੀ ਵੀ ਨਹੀਂ ਚਹਿਕਦੇ।
ਜਾਗ ਨਹੀਂ ਸਕਦੇ ਕਦੀ, ਸੁੱਤੇ ਜ਼ਮੀਰਾਂ ਵੇਚ ਕੇ,
ਤੈਨੂੰ ਕੀ ਸਹਾਰਾ ਦੇਣਗੇ, ਜੋ ਹਰ ਕਦਮ ਨੇ ਬਹਿਕਦੇ।
ਕਿਉਂ ਆਦਮੀ ਨੂੰ ਆਦਮੀ ਹੀ, ਖਾ ਰਹੇ ਨੇ ਦਿਨੇ ਰਾਤ,
ਰੱਤ ਦੇ ਸੋਹਲੇ ਗਾ ਰਹੇ ਨੇ, ਬੇ ਸੁਰੀਲੀ ਬਹਿਰ ਦੇ।
ਕਦੀ ਫਾਂਸੀਆਂ ਸਨ ਸਜ਼ਾਵਾਂ, ਅਜਿਹੇ ਜੁਰਮਾਂ ਦੀਆਂ,
ਅੱਜ ਮੁਜਰਮ ਜਸ਼ਨ ਮਨਾ ਰਹੇ ਨੇ, ਛਲਕਦੇ ਨੇ ਮੈਅਕਦੇ।
ਭਰੇ ਹੋਏ ਬਜ਼ਾਰ ਨੇ, ਵੀਰਾਨੀਆਂ ਦੇ ਸਾਮਾਨ ਨਾਲ,
ਨਹੀਂ ਮਹਿੰਗੇ ਭਾਅ ਵੀ ਮਿਲ ਰਹੇ, ਸਾਮਾਨ ਮਨੁੱਖੀ ਮੈਚ ਦੇ।
ਕੌਣ ਨੇ ਇਹ ਲੋਕ ਜੋ, ਸ਼ਰਾਫਤੀ ਮਖੌਟੇ ਪਹਿਨ ਕੇ,
ਉਤਰ ਆਏ ਨੇ ਮੈਦਾਨ ਵਿੱਚ, ਮਚਾ ਰਹੇ ਨੇ ਤਹਿਲਕੇ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ. ਕੇ.

Loading