ਪ੍ਰਧਾਨ ਮੰਤਰੀ ਮੋਦੀ ਦੇ ਡੇਰਾ ਸਚਖੰਡ ਬੱਲਾਂ ਦੌਰੇ ਪਿੱਛੇ ਕੀ ਸੀ ਰਾਜਨੀਤਕ ਮਕਸਦ?

In ਮੁੱਖ ਲੇਖ
February 02, 2026

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਗੁਰੂ ਰਵਿਦਾਸ ਜੀ ਦੀ 649ਵੀਂ ਜਯੰਤੀ ਮੌਕੇ ਡੇਰਾ ਸਚਖੰਡ ਬੱਲਾਂ ਦਾ ਦੌਰਾ ਕੀਤਾ ਸੀ। ਇਹ ਦੌਰਾ ਨਾ ਸਿਰਫ ਧਾਰਮਿਕ ਸੀ ਬਲਕਿ ਰਾਜਨੀਤਕ ਨਜ਼ਰੀਏ ਤੋਂ ਵੀ ਬਹੁਤ ਅਹਿਮ ਵੇਖਿਆ ਜਾ ਰਿਹਾ ਹੈ। ਪੀ.ਐੱਮ. ਨੇ ਡੇਰੇ ਵਿੱਚ ਮੱਥਾ ਟੇਕਿਆ, ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦੇ ਪੈਰ ਛੂਹ ਕੇ ਸਤਿਕਾਰ ਕੀਤਾ ਅਤੇ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੰਤ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਨਤਾ ਅਤੇ ਮਨੁੱਖੀ ਇੱਜ਼ਤ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਦਮਪੁਰ ਏਅਰਪੋਰਟ ਨੂੰ ‘ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ, ਆਦਮਪੁਰ’ ਨਾਂਅ ਦਿੱਤਾ ਅਤੇ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਵਰਚੁਅਲ ਉਦਘਾਟਨ ਕੀਤਾ। ਇਹ ਕਦਮ ਰਵਿਦਾਸੀਆ ਭਾਈਚਾਰੇ ਲਈ ਵੱਡਾ ਸਨਮਾਨ ਵਜੋਂ ਵੇਖਿਆ ਜਾ ਰਿਹਾ ਹੈ।
ਰਾਜਨੀਤਕ ਮਾਹਿਰਾਂ ਅਨੁਸਾਰ, ਪੀਐੱਮ ਮੋਦੀ ਦਾ ਇਹ ਦੌਰਾ ਮੁੱਖ ਤੌਰ ’ਤੇ ਰਾਜਨੀਤਿਕ ਸੀ। ਪੰਜਾਬ ਵਿੱਚ ਦਲਿਤ ਵੋਟਰਾਂ ਦੀ ਗਿਣਤੀ ਲਗਭਗ 32 ਪ੍ਰਤੀਸ਼ਤ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਰਵਿਦਾਸੀਆ ਅਤੇ ਆਦਿ-ਧਰਮੀ ਭਾਈਚਾਰਾ ਇਸ ਵਿੱਚ ਸਭ ਤੋਂ ਵੱਡਾ ਹੈ। ਡੇਰਾ ਸਚਖੰਡ ਬੱਲਾਂ ਦੁਆਬੇ ਵਿੱਚ ਇਸ ਭਾਈਚਾਰੇ ਦਾ ਸਭ ਤੋਂ ਵੱਡਾ ਕੇਂਦਰ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਦੋਆਬਾ ਖੇਤਰ ਵਿੱਚ 19-20 ਵਿਧਾਨ ਸਭਾ ਸੀਟਾਂ ’ਤੇ ਹੈ। ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਇਹ ਵੋਟਰ ਉਨ੍ਹਾਂ ਵੱਲ ਆਉਣ। 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹਨ ਅਤੇ ਬੀਜੇਪੀ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ।
ਪਹਿਲਾਂ ਬੀਜੇਪੀ ਦਾ ਵੋਟ ਸ਼ੇਅਰ ਬਹੁਤ ਘੱਟ ਸੀ। 2022 ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 6.6 ਪ੍ਰਤੀਸ਼ਤ ਵੋਟ ਮਿਲੇ ਸਨ ਪਰ 2024 ਲੋਕ ਸਭਾ ਚੋਣਾਂ ਵਿੱਚ ਇਹ ਵਧ ਕੇ 18.56 ਪ੍ਰਤੀਸ਼ਤ ਹੋ ਗਿਆ ਸੀ। ਹੁਣ ਪਾਰਟੀ ਦਲਿਤ ਵੋਟਾਂ ’ਤੇ ਫੋਕਸ ਕਰ ਰਹੀ ਹੈ ਤਾਂ ਜੋ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਵੋਟ ਬੈਂਕ ਵਿੱਚ ਸੇਧ ਲਗਾ ਸਕੇ। ਮੋਦੀ ਜੀ ਨੇ ਪਹਿਲੀ ਵਾਰ ਵਾਰਾਣਸੀ ਦੀ ਬਜਾਏ ਪੰਜਾਬ ਦੇ ਡੇਰੇ ਵਿੱਚ ਜਯੰਤੀ ਮਨਾਉਣਾ ਚੁਣਿਆ ਜੋ ਭਾਈਚਾਰੇ ਲਈ ਵੱਡਾ ਸਨਮਾਨ ਹੈ। ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਦਾ ਐਲਾਨ ਕੀਤਾ ਗਿਆ ਜੋ ਰਾਜਨੀਤਕ ਰਣਨੀਤੀ ਦਾ ਹਿੱਸਾ ਵੇਖਿਆ ਜਾ ਰਿਹਾ ਹੈ।
ਪਰ ਇਹ ਗੱਲ ਵੀ ਸੱਚ ਹੈ ਕਿ ਦਲਿਤ ਭਾਈਚਾਰਾ ਇੱਕ ਨਹੀਂ ਹੈ। ਇਸ ਵਿੱਚ ਰਵਿਦਾਸੀਆ, ਆਦਿ-ਧਰਮੀ, ਰਾਮਦਾਸੀਆ ਵਰਗੇ ਵੱਖ ਵੱਖ ਗਰੁੱਪ ਹਨ। ਕੁਝ ਹਿੰਦੂ ਪਛਾਣ ਵਾਲੇ ਹਨ ਅਤੇ ਕੁਝ ਸਿੱਖ ਪਛਾਣ ਵਾਲੇ ਹਨ। ਡੇਰਾ ਬੱਲਾਂ ਦਾ ਅਸਰ ਮੁੱਖ ਤੌਰ ’ਤੇ ਆਦਿ-ਧਰਮੀ ਅਤੇ ਰਵਿਦਾਸੀਆ (ਹਿੰਦੂ ਭਾਈਚਾਰੇ) ਵਿੱਚ ਹੈ। 2011 ਜਨਗਣਨਾ ਅਨੁਸਾਰ ਆਦਿ-ਧਰਮੀਆਂ ਵਿੱਚ 9.12 ਲੱਖ ਹਿੰਦੂ ਹਨ ਜਦਕਿ ਰਾਮਦਾਸੀਆ ਵਿੱਚ 14.43 ਲੱਖ ਸਿੱਖ ਹਨ। ਇਸ ਕਰਕੇ ਇੱਕ ਦੌਰੇ ਨਾਲ ਸਾਰੇ ਭਾਈਚਾਰੇ ’ਤੇ ਅਸਰ ਨਹੀਂ ਪੈਂਦਾ।
ਰਵਿਦਾਸੀਆ ਭਾਈਚਾਰਾ ਆਪਣੀ ਵੱਖਰੀ ਧਾਰਮਿਕ ਪਛਾਣ ਚਾਹੁੰਦਾ ਹੈ ਅਤੇ ਬੀਜੇਪੀ ਇਸ ਨੂੰ ਸਮਝ ਕੇ ਫਾਇਦਾ ਲੈ ਰਹੀ ਹੈ। ਪਰ ਇਸ ਭਾਈਚਾਰੇ ਵਿੱਚ ਹਿੰਦੂਤਵ ਵਿਰੋਧੀ ਵਿਚਾਰ ਵੀ ਮਜ਼ਬੂਤ ਹਨ ਤੇ ਸਿਂਖ ਧਰਮ ਤੋਂ ਅਲੱਗ ਪਛਾਣ ਰੱਖ ਰਹੇ ਹਨ। ਦਲਿਤ ਵੋਟਰ ਪਾਰਟੀਆਂ ਵਿੱਚ ਵੰਡੇ ਹੋਏ ਹਨ। ਕਦੇ ਕਾਂਗਰਸ, ਕਦੇ ਬੀਐੱਸਪੀ, ਕਦੇ ਅਕਾਲੀ ਦਲ ਅਤੇ ਹੁਣ ਆਪ ਵੀ ਅਸਰ ਪਾ ਰਹੀ ਹੈ।
ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਕਿਹਾ ਕਿ ਬੀਜੇਪੀ ਨੂੰ ਅਜੇ ਬਹੁਤ ਮਿਹਨਤ ਕਰਨੀ ਪਵੇਗੀ। ਪਰ ਮਜ਼ਹਬੀ ਸਿੱਖ ਬੀਜੇਪੀ ਵੱਲ ਆ ਰਹੇ ਹਨ। ਡੇਰਾ ਬੱਲਾਂ ਦਾ ਪ੍ਰਭਾਵ ਦੋਆਬਾ ਵਿੱਚ ਜ਼ਿਆਦਾ ਹੈ ਜਿੱਥੇ ਦਲਿਤਾਂ ਦੀ ਗਿਣਤੀ 37 ਪ੍ਰਤੀਸ਼ਤ ਹੈ ਅਤੇ ਉਨ੍ਹਾਂ ਵਿੱਚੋਂ 61 ਪ੍ਰਤੀਸ਼ਤ ਰਵਿਦਾਸੀਆ ਹਨ। ਡੇਰੇ ਨੇ ਕਦੇ ਵੀ ਖੁੱਲ੍ਹ ਕੇ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਪਰ ਇਥੇ ਨੇਤਾ ਅਕਸਰ ਆਉਂਦੇ ਰਹਿੰਦੇ ਹਨ। ਬੀਜੇਪੀ ਨੇ ਅਕਾਲੀ ਦਲ ਨਾਲ ਗਠਜੋੜ ਟੁੱਟਣ ਬਾਅਦ ਆਪਣਾ ਆਧਾਰ ਪੰਜਾਬ ਵਿੱਚ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ।
ਯਾਦ ਰਹੇ ਕਿ ਡੇਰੇ ਨੇ 2010 ਵਿੱਚ ਵਾਰਾਣਸੀ ਵਿੱਚ ਨਵਾਂ ਧਰਮ ਐਲਾਨ ਕੀਤਾ ਸੀ ਅਤੇ 2020 ਵਿੱਚ ਜਨਗਣਨਾ ਵਿੱਚ ਸ਼ਾਮਲ ਕਰਨ ਲਈ ਚਿੱਠੀ ਲਿਖੀ ਸੀ।
ਇਸ ਦੌਰੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ,ਅਵਿਨਾਸ਼ ਚੰਦਰ ਵੀ ਮੌਜੂਦ ਸਨ।
ਰਾਜਨੀਤਿਕ ਮਾਹਿਰਾਂ ਅਨੁਸਾਰ ਬੀਜੇਪੀ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਗੈਰ-ਜੱਟ ਵੋਟਾਂ ’ਤੇ ਫੋਕਸ ਕਰ ਰਹੀ ਹੈ, ਜਿਵੇਂ ਹਰਿਆਣਾ ਵਿੱਚ ਕੀਤਾ ਗਿਆ ਸੀ। ਹਰਿਆਣਾ ਵਿੱਚ ਬੀਜੇਪੀ ਨੇ ਗੈਰ-ਜੱਟ ਵੋਟਾਂ ਨੂੰ ਇਕਜੁੱਟ ਕਰਕੇ ਸੱਤਾ ਹਾਸਲ ਕੀਤੀ ਸੀ। ਉੱਥੇ ਜੱਟ ਵੋਟਾਂ ਨੂੰ ਨਜ਼ਰਅੰਦਾਜ਼ ਕਰਕੇ ਓਬੀਸੀ, ਦਲਿਤ ਅਤੇ ਸ਼ਹਿਰੀ ਵੋਟਰਾਂ ਨੂੰ ਆਕਰਸ਼ਿਤ ਕੀਤਾ ਗਿਆ ਸੀ। ਪੰਜਾਬ ਵਿੱਚ ਵੀ ਬੀਜੇਪੀ ਇਸੇ ਰਣਨੀਤੀ ਨੂੰ ਅਪਣਾ ਰਹੀ ਹੈ। ਪੰਜਾਬ ਵਿੱਚ ਜੱਟ ਵੋਟਾਂ ਰਵਾਇਤੀ ਤੌਰ ’ਤੇ ਅਕਾਲੀ ਦਲ ਅਤੇ ਕਾਂਗਰਸ ਵੱਲ ਝੁਕੇ ਰਹੇ ਹਨ ਪਰ ਬੀਜੇਪੀ ਹੁਣ ਦਲਿਤ,ਹਿੰਦੂ ਅਤੇ ਗੈਰ-ਜੱਟ ਵੋਟਾਂ ਨੂੰ ਟਾਰਗੇਟ ਕਰ ਰਹੀ ਹੈ। ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਆ ਸਕਦਾ ਹੈ।
ਰਾਜਨੀਤਕ ਮਾਹਿਰਾਂ ਅਨੁਸਾਰ, ਬੀਜੇਪੀ ਪੰਜਾਬ ਵਿੱਚ ਗੈਰ-ਜੱਟ ਵੋਟਾਂ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਜੋ ਰਵਾਇਤੀ ਜੱਟ-ਆਧਾਰਿਤ ਸਿਆਸਤ ਨੂੰ ਚੁਣੌਤੀ ਦਿੱਤੀ ਜਾ ਸਕੇ।
ਬੀਜੇਪੀ ਦੀ ਰਣਨੀਤੀ ਕਿੰਨੀ ਕਾਮਯਾਬ ਹੋਵੇਗੀ, ਇਹ ਵੇਖਣ ਵਾਲੀ ਗੱਲ ਹੈ। ਦਲਿਤ ਵੋਟਾਂ ਸਥਾਨਕ ਮੁੱਦਿਆਂ ਅਤੇ ਉਮੀਦਵਾਰਾਂ ’ਤੇ ਨਿਰਭਰ ਕਰਦੀਆਂ ਹਨ ਤਾਂ ਜਟਿਲਤਾਵਾਂ ਵੀ ਬਹੁਤ ਹਨ। ਪੰਜਾਬ ਵਿੱਚ ਬੀਜੇਪੀ ਨੂੰ ਅਜੇ ਵੀ ਬਹੁਤ ਮਿਹਨਤ ਕਰਨੀ ਪਵੇਗੀ ਕਿਉਂਕਿ ਇੱਥੇ ਰਵਾਇਤੀ ਸਿੱਖ ਅਤੇ ਜੱਟ ਵੋਟਾਂ ਦਾ ਅਸਰ ਵੱਡਾ ਹੈ। ਪਰ ਬੀਜੇਪੀ ਦੀ ਗੈਰ-ਜੱਟ ਰਣਨੀਤੀ ਨਾਲ ਪੰਜਾਬ ਦੀ ਸਿਆਸੀ ਤਸਵੀਰ ਬਦਲ ਸਕਦੀ ਹੈ।
ਕੀ ਸਿੱਖ ਸਿਆਸਤ ਦਾ ਆਧਾਰ ਖੁਰ ਰਿਹਾ ਹੈ?
ਅਕਾਲੀ ਦਲ ਦੇ ਰਾਜਨੀਤਿਕ ਨਿਘਾਰ ਕਾਰਨ ਇਹ ਗੱਲ ਸੱਚ ਹੈ ਕਿ ਪੰਜਾਬ ਵਿੱਚ ਸਿੱਖ ਸਿਆਸਤ ਦਾ ਆਧਾਰ ਕਮਜ਼ੋਰ ਹੋ ਰਿਹਾ ਹੈ। ਰਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਲੀਡਰਸ਼ਿਪ ਦੀ ਕਮੀ ਅਤੇ ਪਰਿਵਾਰਵਾਦ ਕਾਰਨ ਪਾਰਟੀ ਦਾ ਆਧਾਰ ਘਟ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਤਨਖ਼ਾਹੀਆ ਐਲਾਨ ਕੀਤੇ ਜਾਣ ਨਾਲ ਪਾਰਟੀ ਦੀ ਸਾਖ ਨੂੰ ਝਟਕਾ ਲੱਗਾ ਹੈ। ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਵੀ ਘਟ ਰਹੀ ਹੈ, ਕਿਉਂਕਿ ਵਿਦੇਸ਼ਾਂ ਵੱਲ ਪ੍ਰਵਾਸ ਵਧ ਰਿਹਾ ਹੈ ਅਤੇ ਜਨਮ ਦਰ ਘੱਟ ਹੈ। 2011 ਜਨਗਣਨਾ ਅਨੁਸਾਰ ਸਿੱਖਾਂ ਦੀ ਆਬਾਦੀ 57.69 ਪ੍ਰਤੀਸ਼ਤ ਹੈ ਪਰ ਹੁਣ ਇਹ ਹੋਰ ਘਟ ਰਹੀ ਹੈ।
ਸਿੱਖ ਸਿਆਸਤ ਵਿੱਚ ਅਕਾਲੀ ਦਲ ਦਾ ਘਟਦਾ ਅਸਰ ਵੇਖਿਆ ਜਾ ਰਿਹਾ ਹੈ। ਪਹਿਲਾਂ ਅਕਾਲੀ ਦਲ ਜਟ ਸਿੱਖ ਵੋਟਾਂ ’ਤੇ ਨਿਰਭਰ ਸੀ ਪਰ ਹੁਣ ਆਪ ਅਤੇ ਕਾਂਗਰਸ ਵੀ ਇਸ ਵੋਟ ਬੈਂਕ ਵਿੱਚ ਸੰਨ੍ਹ ਲਗਾ ਰਹੀਆਂ ਹਨ। ਨਵਾਂ ਅਕਾਲੀ ਦਲ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਾਦਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਅਕਾਲੀ ਦਲ ਦੀ ਫੁੱਟ ਕਾਰਨ ਆਪ ਅਤੇ ਕਾਂਗਰਸ ਨੂੰ ਫਾਇਦਾ ਹੋ ਰਿਹਾ ਹੈ। ਪਰ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਮੁੱਦੇ ਵੱਡੇ ਹਨ ਜੋ ਰਾਜਨੀਤਕ ਪਾਰਟੀਆਂ ਨੂੰ ਚੁਣੌਤੀ ਦੇ ਰਹੇ ਹਨ। ਖਾਲਿਸਤਾਨ ਵਰਗੇ ਵਿਚਾਰ ਅਜੇ ਵੀ ਕੁਝ ਲੋਕਾਂ ਵਿੱਚ ਜਿਉਂਦੇ ਹਨ ਪਰ ਕਈ ਸਿੱਖ ਇਨਸਾਫ਼, ਖੁਦਮੁਖਤਿਆਰੀ ,ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਪਰ ਭਾਰਤ ਸਰਕਾਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਧਿਆਨ ਨਹੀ ਦੇ ਰਹੀ।
ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਵਿਚਾਰ ਅਤੇ ਰਣਨੀਤੀਆਂ ਆ ਰਹੀਆਂ ਹਨ। ਬੀਜੇਪੀ ਦੀ ਇਹ ਕੋਸ਼ਿਸ਼ ਕਿੰਨੀ ਸਫਲ ਹੁੰਦੀ ਹੈ, ਇਹ 2027 ਚੋਣਾਂ ਵਿੱਚ ਪਤਾ ਲੱਗੇਗਾ। ਪਰ ਇੱਕ ਗੱਲ ਸਾਫ ਹੈ ਕਿ ਪੰਜਾਬ ਵਿੱਚ ਰਾਜਨੀਤਕ ਬਦਲਾਅ ਆ ਰਿਹਾ ਹੈ ਅਤੇ ਗੈਰ-ਜਟ ਵੋਟਾਂ ਵੱਡਾ ਰੋਲ ਨਿਭਾਉਣਗੀਆਂ। ਸਿੱਖ ਸਿਆਸਤ ਨੂੰ ਵੀ ਨਵੇਂ ਨੇਤਾਵਾਂ ਅਤੇ ਵਿਚਾਰਾਂ ਦੀ ਲੋੜ ਹੈ ਤਾਂ ਜੋ ਇਸ ਦਾ ਆਧਾਰ ਮਜ਼ਬੂਤ ਰਹੇ।
ਜਲੰਧਰ ਵਿੱਚ ਡੇਰਾ ਸਚਖੰਡ ਬੱਲਾਂ ਅਤੇ ਕਈ ਸਕੂਲਾਂ ਨੂੰ ਬੰਬ ਧਮਕੀਆਂ ਕਿਉਂ ਮਿਲੀਆਂ?
ਇਹ ਧਮਕੀਆਂ 31 ਜਨਵਰੀ 2026 ਨੂੰ ਮਿਲੀਆਂ ਸਨ, ਜੋ ਪੀਐੱਮ ਮੋਦੀ ਦੇ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਸਨ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ ਅਤੇ ਧਮਕੀਆਂ ਝੂਠੀਆਂ ਸਾਬਤ ਹੋਈਆਂ। ਕੋਈ ਬੰਬ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਧਮਕੀ ਵਿੱਚ ਕਿਹਾ ਗਿਆ ਸੀ ਕਿ ਜਲੰਧਰ ਦੇ ਚਾਰ-ਪੰਜ ਸਕੂਲਾਂ ਅਤੇ ਡੇਰੇ ਵਿੱਚ ਬੰਬ ਧਮਾਕੇ ਕੀਤੇ ਜਾਣਗੇ। ਈਮੇਲ ਵਿੱਚ ਪੀ.ਐੱਮ. ਮੋਦੀ ਨੂੰ ‘ਖ਼ਾਲਿਸਤਾਨੀਆਂ ਦਾ ਦੁਸ਼ਮਣ’ ਵੀ ਕਿਹਾ ਗਿਆ ਸੀ।
ਧਮਕੀਆਂ ਤੋਂ ਬਾਅਦ ਹੋਰ ਵਧੇਰੇ ਅਲਰਟ ਰੱਖਿਆ ਗਿਆ ਪਰ ਪ੍ਰਧਾਨ ਮੰਤਰੀ ਦਾ ਦੌਰਾ ਬਿਨਾਂ ਕਿਸੇ ਰੁਕਾਵਟ ਦੇ ਸਫਲ ਰਿਹਾ। ਪੁਲਿਸ ਅਜੇ ਵੀ ਈਮੇਲਾਂ ਦੇ ਭੇਜਣ ਵਾਲੇ ਦੀ ਟਰੇਸਿੰਗ ਕਰ ਰਹੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਜਾਂ ਪੱਕੀ ਜਾਣਕਾਰੀ ਨਹੀਂ ਆਈ।
ਪੀਐੱਮ ਦਾ ਦੌਰਾ ਸਫਲ ਰਿਹਾ ਅਤੇ ਭਾਈਚਾਰੇ ਨੂੰ ਵੱਡਾ ਸੰਦੇਸ਼ ਮਿਲਿਆ। ਇਹ ਘਟਨਾ ਦਿਖਾਉਂਦੀ ਹੈ ਕਿ ਵੱਡੇ ਰਾਜਨੀਤਕ/ਧਾਰਮਿਕ ਪ੍ਰੋਗਰਾਮਾਂ ਸਮੇਂ ਅਜਿਹੀਆਂ ਝੂਠੀਆਂ ਧਮਕੀਆਂ ਆਮ ਹੋ ਗਈਆਂ ਹਨ ਜੋ ਮੁੱਖ ਤੌਰ ’ਤੇ ਪੈਨਿਕ ਪੈਦਾ ਕਰਨ ਲਈ ਹੁੰਦੀਆਂ ਹਨ।

Loading