ਮਨਮੋਹਨ ਸਿੰਘ ਦਾਊਂ
ਦਰਿਆ ਵਗ ਰਿਹਾ ਹੈ। ਇਹ ਉਸ ਦਾ ਸਦੀਵੀ ਸੁਭਾਅ ਹੈ। ‘ਪਾਣੀ ਵਗਦੇ ਹੀ ਰਹਿਣ ਖੜੋਤਿਆਂ ਬੁਸਦੇ ਨੇ।’ ਮੈਂ ਦਰਿਆ ਦੇ ਕੰਢੇ ਖਲੋਤਾ ਸਭ ਕੁਝ ਵੇਖ ਰਿਹਾ ਹਾਂ। ਮੇਰੀ ਸਿਮਰਤੀ ’ਚ ਬਹੁਤ ਕੁਝ ਸਿਮਟ ਰਿਹਾ ਹੈ। ਦਰਿਆ ਦੋਵੇਂ ਕੰਢਿਆਂ ’ਚ ਆਪਣੀ ਹੌਲੀ ਗਤੀ ਨਾਲ ਵਗ ਰਿਹਾ ਹੈ। ਦੋਵੇਂ ਕੰਢਿਆਂ ’ਚ ਵਗਣਾ ਇੱਕ ਅਨੁਸ਼ਾਸਨ ਹੈ। ਕੰਢਿਆਂ ਤੋਂ ਬਾਹਰ ਵਗਣਾ ਦਰਿਆ ਦਾ ਕਰਮ ਨਹੀਂ। ਕੰਢਿਆਂ ’ਤੇ ਖੜ੍ਹੇ ਰੁੱਖ ਆਪਣੀ-ਆਪਣੀ ਸਮਾਧੀ ਲਾਈ ਖੜ੍ਹੇ ਹਨ। ਪੱਤੇ ਰੁਮਕ ਰਹੇ ਹਨ। ਪੰਛੀ ਉਡਾਰੀ ਭਰਦੇ ਇੱਧਰ-ਉੱਧਰ ਆਪਣੀਆਂ ਸੰਗੀਤਕ ਧੁਨਾਂ ਅਲਾਪ ਰਹੇ ਹਨ। ਪੰਛੀਆਂ ਦੀ ਚਹਿ-ਚਹਾਟ ਪੌਣਾਂ ’ਚ ਹਾਜ਼ਰੀ ਭਰ ਰਹੀ ਹੈ।
ਸੰਘਣੇ ਬਿਰਖ ਆਪਣੀ-ਆਪਣੀ ਹੋਂਦ ’ਚ ਗੜੂੰਦ ਹਨ। ਮੈਂ ਕਦੇ ਬਿਰਖਾਂ ਵੱਲ ਤੱਕਦਾ ਹਾਂ, ਕਦੇ ਵਗ ਰਹੇ ਪਾਣੀ ਨੂੰ ਨਿਹਾਰ ਰਿਹਾ ਹਾਂ। ਅੰਬਰ ਦਾ ਪਰਛਾਵਾਂ ਪਾਣੀ ਦੀਆਂ ਲਹਿਰਾਂ ’ਚ ਘੁਲ ਰਿਹਾ ਹੈ। ਅੰਬਰ ਤੇ ਪਾਣੀ ਮੈਨੂੰ ਇੱਕ ਹੀ ਜਾਪਣ ਲੱਗ ਜਾਂਦੇ ਹਨ। ਪ੍ਰਕਿਰਤੀ ਤੋਂ ਵੱਡਾ ਕੋਈ ਨਹੀਂ। ਬਿਰਖ ਕਦੇ-ਕਦੇ ਰਿਸ਼ੀ ਜਾਪਣ ਲੱਗਦੇ ਹਨ। ਵਗ ਰਿਹਾ ਪਾਣੀ ਵੇਦਾਂ ਦੀ ਬਾਣੀ ਜਪਦਾ ਲੱਗ ਰਿਹਾ ਹੈ। ਪਾਣੀ ਦੀਆਂ ਲਹਿਰਾਂ ਕਵਿਤਾ ਦੀਆਂ ਸਤਰਾਂ ਜਾਪਣ ਲੱਗਦੀਆਂ ਹਨ। ਕੁਦਰਤ ਤੋਂ ਵੱਡੀ ਕਵਿਤਾ ਕੌਣ ਲਿਖ ਸਕਦਾ ਹੈ। ਕੁਦਰਤ ਤਾਂ ਬਲਿਹਾਰੀ ਹੈ। ਜੀਵਨ ਦਾ ਰਹੱਸ ਕੁਦਰਤ ’ਚੋਂ ਪੜਿ੍ਹਆ ਜਾ ਸਕਦਾ ਹੈ। ਕੁਦਰਤ ਕੋਲ ਅਨੰਤ ਤੇ ਅਥਾਹ ਸ਼ਬਦਾਵਲੀ ਹੈ। ਕੁਦਰਤ ਦਾ ਕੋਸ਼ ਅਸਗਾਹ ਹੈ। ਮਨੁੱਖ ਦਾ ਆਦਿ ਕੁਦਰਤ ਹੈ। ਮਨੁੱਖ ਦਾ ਜੁਗਾਦਿ ਵੀ ਕੁਦਰਤ ਹੈ। ਕੁਦਰਤ ਕਦੇ ਮੈਲੀ ਨਹੀਂ ਹੁੰਦੀ। ਹਰ ਰੋਜ਼ ਨਵੀਨ ਹੁੰਦੀ ਹੈ। ਆਦਿ ਰੂਪ ਕੁਦਰਤ ਸੀ, ਵਰਤਮਾਨ ਕੁਦਰਤ ਦੀ ਦੇਣ ਹੈ, ਅਤੀਤ ਅਤੇ ਭਵਿੱਖ ਨੂੰ ਕੁਦਰਤ ਮੇਲਦੀ ਰਹੀ ਹੈ।
ਮਨੁੱਖ ਤੋਂ ਕੁਦਰਤ ਕਦੇ ਬੇਮੁੱਖ ਨਹੀਂ ਹੁੰਦੀ। ਕੁਦਰਤ ਵੱਲ ਪਿੱਠ ਕਰਕੇ ਮਨੁੱਖ ਭਟਕਣ ਲੱਗਦਾ ਹੈ। ਮਨੁੱਖ ਕੁਦਰਤ ਦੀ ਨੇੜਤਾ ਕਰਨੀ ਭੁੱਲਦਾ ਜਾ ਰਿਹਾ ਹੈ। ਕੁਦਰਤ ਤਾਂ ਮਨੁੱਖ ਨੂੰ ਬੁਲਾਉਂਦੀ ਹੈ। ਮੈਨੂੰ ਸੂਰਜ ਹੱਸਦਾ ਲੱਗ ਰਿਹਾ ਹੈ। ਸੂਰਜ ਦੀਆਂ ਕਿਰਨਾਂ ਬਿਰਖ਼ਾਂ ਦੇ ਪੱਤਿਆਂ ਨੂੰ ਸੁਨਹਿਰੀ ਬਣਾ ਰਹੀਆਂ ਹਨ। ਸ਼ਾਇਦ ਕਿਰਨਾਂ ਦੀ ਦਮਕ ਕਾਰਨ ਹੀ ਖਾਨ ’ਚੋਂ ਕੱਢੇ ਪਦਾਰਥ ਦਾ ਨਾਂ ਸੋਨਾ ਰੱਖਿਆ ਗਿਆ ਹੋਵੇ। ਸੂਰਜ ਊਰਜਾ ਹੈ। ਸਾਰੀ ਕਾਇਨਾਤ ਨੂੰ ਜਗਾਉਂਦਾ ਹੈ। ਸਭ ਨੂੰ ਚਾਨਣ ਤੇ ਨਿੱਘ ਵੰਡਦਾ ਹੈ। ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਸਾਡੇ ਪੁਰਖਿਆਂ ਨੇ ਇਸੇ ਕਰਕੇ ਸੂਰਜ ਨੂੰ ਦੇਵਤਾ ਮੰਨਿਆ ਹੈ। ਇਸ ਦੀ ਪੂਜਾ ਕਰਨੀ ਸ਼ੁਰੂ ਕੀਤੀ। ਸੂਰਜ ਦਾ ਉਦੈ ਅਤੇ ਅਸਤ ਹੋਣਾ ਇੱਕ ਨਿਯਮਾਵਲੀ ਅਨੁਸਾਰ ਹੁੰਦਾ ਹੈ। ਇਹ ਕਦੇ ਵੀ ਆਦਿ-ਕਾਲ ਤੋਂ ਕੁਤਾਹੀ ਨਹੀਂ ਕਰ ਰਿਹਾ। ਆਉਣ ਵਾਲੀਆਂ ਸਦੀਆਂ ਲਈ ਇੰਝ ਹੀ ਸੂਰਜ ਆਪਣਾ ਕਰਤਾਰੀ-ਕਰਤਵ ਨਿਭਾਉਂਦਾ ਰਹੇਗਾ, ਇਹ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਹੀ ਜਾਣੇ। ਸੂਰਜ ਜਦੋਂ ਵੀ ਉਦੈ ਤੇ ਅਸਤ ਹੁੰਦਾ ਹੈ, ਭਾਵ ਪ੍ਰਕਾਸ਼ ਵੰਡਦਾ ਤੇ ਛੁਪਦਾ ਹੈ, ਕੋਈ ਖੜਾਕ ਨਹੀਂ ਕਰਦਾ।
ਮਨੁੱਖ ਨੂੰ ਇਹ ਸਿੱਖਣ ਤੇ ਸਮਝਣ ਦੀ ਲੋੜ ਹੈ ਕਿ ਚੰਗਿਆਈ ’ਚ ਸ਼ੋਰ ਨਹੀਂ ਹੁੰਦਾ। ਪਰ-ਉਪਕਾਰ ’ਚ ਦਿਖਾਵਾ ਨਹੀਂ ਹੁੰਦਾ। ਫੁੱਲ ਜਦੋਂ ਖਿੜਦਾ ਤੇ ਮਹਿਕ ਵੰਡਦਾ ਹੈ ਤਾਂ ਇਹ ਖ਼ਾਮੋਸ਼ੀ ਦਾ ਆਲਮ ਹੁੰਦਾ ਹੈ। ਇਸ ਨੂੰ ਕੋਈ ਵੀ ਤੱਕ ਸਕਦਾ ਹੈ, ਕੋਈ ਵਰਗ-ਵੰਡ ਨਹੀਂ ਕਰਦਾ। ਫੁੱਲ ਨੂੰ ਤੱਕ ਕੇ ਕੋਈ ਕਿੰਨਾ ਖੇੜਾ ਪ੍ਰਾਪਤ ਕਰਦਾ ਹੈ, ਇਹ ਹਰ ਇੱਕ ਦੀ ਆਪਣੀ-ਆਪਣੀ ਤੌਫ਼ੀਕ ਹੈ।
ਹਵਾ ਥੋੜ੍ਹੀ ਜਿਹੀ ਤੇਜ਼ ਵਗਣੀ ਸ਼ੁਰੂ ਹੁੰਦੀ ਹੈ ਤਾਂ ਮੈਂ ਬਿਰਖਾਂ ਨੂੰ ਵਿਸਮਾਦੀ ਨਜ਼ਰ ਨਾਲ ਤੱਕਣ ਲੱਗਦਾ ਹਾਂ। ਕਿੰਨਾ ਰਮਣੀਕ ਨਜ਼ਾਰਾ ਮਾਣਨ ਵਾਲਾ ਹੈ। ਅਚਾਨਕ ਨੇੜੇ ਖੜੋਤੇ ਪਿੱਪਲ ਤੋਂ ਇੱਕ ਪੱਤਾ ਟੁੱਟ ਕੇ ਦਰਿਆ ਦੇ ਪਾਣੀ ’ਤੇ ਡਿੱਗ ਜਾਂਦਾ ਹੈ। ਪੱਤਾ ਪਾਣੀ ਨਾਲ ਭਿੱਜ ਜਾਂਦਾ ਹੈ ਤੇ ਤਰਨ ਲੱਗਦਾ ਹੈ। ਵਗ ਰਹੇ ਪਾਣੀ ’ਤੇ ਪੱਤਾ ਵੀ ਅਗਲੇਰੇ ਸਫ਼ਰ ਦਾ ਜਿਵੇਂ ਪਾਂਧੀ ਬਣ ਗਿਆ ਹੋਵੇ। ਹੁਣ ਮੇਰੀ ਨਜ਼ਰ ਕੇਵਲ ਤਰ ਰਹੇ ਪੱਤੇ ’ਤੇ ਹੀ ਟਿਕ ਜਾਂਦੀ ਹੈ ਤੇ ਪੱਤੇ ਦੇ ਨਾਲ-ਨਾਲ ਤੁਰਨ ਲੱਗਦੀ ਹੈ। ਮੈਂ ਸੋਚੀਂ ਡੁੱਬ ਜਾਂਦਾ ਹਾਂ। ਮੈਨੂੰ ਇੱਕ ਕਵਿਤਾ ਚੇਤੇ ਆਉਂਦੀ ਹੈ ਤੇ ਨਵੇਂ ਸੰਕਲਪ ਵਿਸ਼ਲੇਸ਼ਣ ਕਰਨ ਲੱਗਦੀ ਹੈ। ਕਵਿਤਾ ਬੋਲਣ ਲੱਗਦੀ ਹੈ;
ਪਿੱਪਲ ਦੇ ਪੱਤਿਆ ਵੇ, ਕਿਉਂ ਖੜ-ਖੜ ਲਾਈ ਆ
ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ
ਕੁਦਰਤ ਦਾ ਇਹ ਨਿਯਮ ਸਦੀਵੀ ਹੈ। ਪੁਰਾਣੇ ਨੇ ਜਾਣਾ ਹੈ ਅਤੇ ਨਵੇਂ ਨੇ ਆਉਣਾ ਹੈ। ਪ੍ਰਕਿਰਤੀ ਵਿੱਚ ਅਤੇ ਸਜੀਵ-ਕਾਇਆ ਰੂਪੀ ਵੰਸ਼ ਵਿੱਚ ਆਦਿ-ਕਾਲ ਤੋਂ ਇੰਝ ਹੁੰਦਾ ਆ ਰਿਹਾ ਹੈ। ਪੱਤਾ ਕਦੇ ਬਿਰਖ (ਪਿੱਪਲ) ਦਾ ਅੰਗ ਸੀ, ਉਸ ਦੀ ਦੇਹੀ ਨਾਲ ਸਾਹ ਲੈਂਦਾ ਸੀ। ਜੜ੍ਹਾਂ, ਤਣਾ, ਟਾਹਣੀਆਂ ਤੇ ਸਾਵੇ ਪੱਤੇ ਸਮੁੱਚੇ ਪਿੱਪਲ ਦੀ ਕਾਇਆ ਦਾ ਸਰੂਪ ਬਣਦੇ ਹਨ। ਹਰ ਹਿੱਸਾ ਆਪਣੇ-ਆਪਣੇ ਕਰਮ ’ਚ ਲੱਗਿਆ ਰਹਿੰਦਾ ਹੈ। ਨਿੱਕੇ-ਛੋਟੇ ਬੀਜ ਤੋਂ ਵੱਡ ਅਕਾਰੀ ਪਿੱਪਲ ਕਿਵੇਂ ਵਿਗਸਿਆ, ਇੱਕ ਅਦ੍ਰਿਸ਼ਟ ਪ੍ਰਕਿਰਿਆ ਦਿਨ-ਰਾਤ ਹੁੰਦੀ ਰਹਿੰਦੀ ਹੈ, ਇਸ ਨੂੰ ਸਾਡੀ ਅੱਖ ਸਮਝ ਨਹੀਂ ਸਕਦੀ। ਇਹ ਨਿਤਾ-ਪ੍ਰਤੀ ਉਪਜਦੀ, ਵਿਗਸਦੀ ਤੇ ਬਿਨਸਦੀ ਰਹਿੰਦੀ ਹੈ। ਸਾਰੀ ਸ੍ਰਿਸ਼ਟੀ ਇਸ ਕਾਇਨਾਤ ਦੇ ਕਰਾਮਾਤੀ ਰਹੱਸ ਨਾਲ ਚੱਲ ਰਹੀ ਹੈ।
ਦੂਰ ਤੀਕਰ ਮੇਰੀ ਨਜ਼ਰ ਪੱਤੇ ਨੂੰ ਤੱਕਦੀ ਰਹਿੰਦੀ ਹੈ। ਪਾਣੀ ਦੀਆਂ ਲਹਿਰਾਂ ’ਤੇ ਤਰ ਰਿਹਾ ਪੱਤਾ ਅਣਡਿੱਠ ਹੋ ਜਾਂਦਾ ਹੈ, ਪ੍ਰੰਤੂ ਮੇਰੀ ਅਕਾਂਖਿਆ ’ਚ ਪੱਤਾ ਵਿਸਰਦਾ ਨਹੀਂ। ਪਿੱਪਲ ਨੂੰ ਬ੍ਰਹਮਾ ਕਰਕੇ ਪੂਜਿਆ ਜਾਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਰਾਤੜੀ ਵੇਲੇ ਬ੍ਰਹਮਾ-ਰੂਪੀ ਪਿੱਪਲ ਆਕਸੀਜਨ ਵੰਡਦਾ ਰਹਿੰਦਾ ਹੈ ਜੋ ਮਨੁੱਖ ਲਈ ਸ਼ੁੱਧ ਹਵਾ ਵਜੋਂ ਅਤੀ ਜ਼ਰੂਰੀ ਹੈ। ਆਕਸੀਜਨ ਸਾਡੇ ਜਿਉਣ ਲਈ ਸਾਹ ਹਨ। ਸਾਹਾਂ ਦੀ ਪੂੰਜੀ ਹਰ ਜੀਵ ਦੀ ਨਿਸ਼ਚਿਤ ਹੈ। ਪੱਤਾ ਵੀ ਆਪਣੀ ਉਮਰ ਭੋਗ ਕੇ ਟਾਹਣੀ ਤੋਂ ਟੁੱਟ ਕੇ ਵਿਛੜਦਾ ਹੋਇਆ ਜਾ ਰਿਹਾ ਹੈ। ਪਿੱਪਲ ਦੇ ਹੋਰ ਪੱਤੇ ਥੱਲੇ ਭੋਇੰ ’ਤੇ ਡਿੱਗਦੇ ਰਹਿਣਗੇ, ਕੋਈ ਵੇਖੇਗਾ ਜਾਂ ਨਹੀਂ, ਇਹ ਸਿਲਸਿਲਾ ਹੁੰਦਾ ਰਹਿਣਾ ਹੈ, ਪ੍ਰੰਤੂ ਉਹ ‘ਇੱਕ’ ਪੱਤਾ ਮੇਰੀ ਸਿਮਰਤੀ ’ਚ ਆਪਣਾ ਵਾਸਾ ਕਰ ਗਿਆ, ਇਹ ਇੱਕ ਰਹੱਸਵਾਦੀ-ਦ੍ਰਿਸ਼ ਦੀ ਗੱਲ ਹੈ। ਮੈਨੂੰ ਪਤਾ ਹੈ ਕਿ ਉਹ ‘ਇੱਕ’ ਪੱਤਾ ਕਿਤੇ ਨਾ ਕਿਤੇ ਜਾ ਕੇ ਪਾਣੀ ’ਚ ਹੀ ਵਲੀਨ ਹੋ ਜਾਣਾ ਹੈ, ਪ੍ਰੰਤੂ ਇਹ ਮੇਰੀਆਂ ਨਜ਼ਰਾਂ ’ਚ ਸਾਂਝ ਪਾ ਗਿਆ। ਜਿਵੇਂ ਇੱਕ ਰਿਸ਼ਤਾ ਪੈਦਾ ਹੁੰਦਾ ਹੈ ਤੇ ਇੱਕ ਰਿਸ਼ਤਾ ਮੁੱਕ ਜਾਂਦਾ ਹੈ। ਮਨੁੱਖੀ ਜੀਵਨ ਵਿੱਚ ਵੀ ਇੰਝ ਵਾਪਰਦਾ ਰਿਹਾ ਹੈ ਤੇ ਵਾਪਰਦਾ ਰਹਿਣਾ ਹੈ। ਅਸੀਂ ਇੱਕ ਦੂਜੇ ਕਾਰਨ ਹੀ ਹਾਂ ਅਤੇ ਇੱਕ ਦੂਜੇ ਤੋਂ ਵਿਸਰਜਨ ਵੀ ਹੋ ਜਾਣਾ ਹੈ। ਪੱਤੇ ਵਾਂਗ ਜਿੰਨਾ ਕਰਮ ਕਰਨ ਲਈ ਆਏ ਹਾਂ, ਉਸ ਵੱਲ ਕਾਰਜ ਕਰਦੇ ਰਹੀਏ। ਇਸ ਜੀਵਨ ਤੋਂ ਉੱਪਰ ਕੋਈ ਜੀਵਨ ਨਹੀਂ। ਹਰਿਆਲੀ ਨਾਲ ਹੀ ਖ਼ੁਸ਼ਹਾਲੀ ਹੈ। ਰਿਸ਼ੀਆਂ-ਮੁਨੀਆਂ ਨੇ ਬਿਰਖਾਂ ਥੱਲੇ ਧਰਮਾਰਥ ਗ੍ਰਹਿਣ ਕੀਤਾ। ਦਰਿਆਵਾਂ ਦੇ ਕੰਢਿਆਂ ’ਤੇ ਹੀ ਮਨੁੱਖੀ ਸਭਿਆਚਾਰ ਦਾ ਉਦੈ ਹੋਇਆ। ਇਹ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦੀ ਲੋਕ-ਭਾਸ਼ਾ ਵਗਦੇ ਪਾਣੀਆ ਵਾਂਗ ਹੁੰਦੀ ਹੈ, ਓਵੇਂ ਹਰ ਦੇਸ਼ ਦੀ ਲੋਕ-ਕਲਾ ਵੀ ਵਗਦੇ ਪਾਣੀਆ ਵਾਂਗ ਹੀ ਦੇਸ਼ ਦੀ ਆਤਮਾ ਦੀ ਪ੍ਰਤੀਕ ਹੁੰਦੀ ਹੈ।
ਗਯਾ ਵਿਖੇ ਸਿਧਾਰਥ (ਗੌਤਮ) ਨੂੰ ਪਿੱਪਲ ਥੱਲੇ ਤਪੱਸਿਆ ਕਰਦਿਆਂ ਆਤਮ-ਗਿਆਨ ਹੋਇਆ। ਬੋਧੀ ਬਿਰਖ ਅੱਜ ਵੀ ਕਾਇਮ ਹੈ ਤੇ ਸ਼ਰਧਾਵਾਨਾਂ ਲਈ ਤੀਰਥ-ਯਾਤਰਾ ਹੈ। ਮਹਾਤਮਾ ਬੁੱਧ ਨੇ ਉਪਾਧੀ ਪ੍ਰਾਪਤ ਕੀਤੀ ਤੇ ਚਾਨਣ ਵੰਡਿਆ। ਤਰਦੇ ਪੱਤੇ ਨੂੰ ਤੱਕਦਿਆਂ-ਤੱਕਦਿਆਂ, ਮੈਨੂੰ ਕਿੰਨਾ ਕੁਝ ਯਾਦ ਆਉਣ ਲੱਗਦਾ ਹੈ। ਪੱਤੇ ’ਤੇ ਉੱਕਰੀ ਇਬਾਰਤ ਪੜ੍ਹਨਾ, ਮੇਰੇ ਲਈ ਸੁਭਾਗ ਬਣ ਜਾਂਦਾ ਹੈ;
ਪੱਤਾ ਟੁੱਟ ਕੇ ਬਿਰਖੋਂ, ਕਥਾ ਸੁਣਾ ਗਿਆ।
ਪਾਣੀ ਵਗਦਾ-ਵਗਦਾ, ਗੀਤ ਸੁਣਾ ਰਿਹਾ।
![]()
