ਤਹਿਰਾਨ: ਇਰਾਨ ਦੀ ਸੱਤਾ ’ਤੇ ਪਿਛਲੇ 36 ਸਾਲਾਂ ਤੋਂ ਰਾਜ ਕਰਨ ਵਾਲੇ ਸਰਵਉੱਚ ਨੇਤਾ ਆਇਤੁੱਲਾ ਖਮੇਨੇਈ (86) ਦਾ ਅੰਤ ਹੋ ਗਿਆ ਹੈ। ਲੰਘੇ ਦਿਨੀਂ ਇਰਾਨੀ ਸਟੇਟ ਮੀਡੀਆ ਨੇ ਘੋਸ਼ਣਾ ਕੀਤੀ ਕਿ ਮੱਧ ਤਹਿਰਾਨ ਸਥਿਤ ਉਨ੍ਹਾਂ ਦੇ ਕੰਪਲੈਕਸ ਨੂੰ ਨੇਸਤਨਾਬੂਦ ਕਰਨ ਵਾਲੇ ਅਮਰੀਕਾ ਅਤੇ ਇਜ਼ਰਾਇਲ ਦੇ ਹਵਾਈ ਹਮਲਿਆਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਕੂਟਨੀਤਕ ਯਤਨਾਂ ਦੇ ਅਸਫਲ ਹੋਣ ਤੋਂ ਬਾਅਦ ਇਹ ਅਤਿ ਦਾ ਕਦਮ ਚੁੱਕਿਆ ਗਿਆ। ਉਨ੍ਹਾਂ ਦੀ ਮੌਤ ਉਸ ਯੁੱਗ ਦੀ ਸਮਾਪਤੀ ਹੈ, ਜਿਸ ਨੇ ਇਰਾਨ ਨੂੰ ਇੱਕ ਕੱਟੜ ਅਮਰੀਕਾ-ਵਿਰੋਧੀ ਤਾਕਤ ਵਿੱਚ ਬਦਲ ਦਿੱਤਾ ਅਤੇ ਦੇਸ਼ ਦੇ ਅੰਦਰ ਉੱਠਣ ਵਾਲੀ ਹਰ ਵਿਰੋਧੀ ਆਵਾਜ਼ ਨੂੰ ਲੋਹੇ ਦੇ ਹੱਥਾਂ ਨਾਲ ਕੁਚਲਿਆ।
ਕੌਣ ਸੀ ਆਇਤੁੱਲਾ ਖਮੇਨੇਈ ਅਤੇ ਸੱਤਾ ਦੇ ਸਿਖਰ ਤੱਕ ਕਿਵੇਂ ਪਹੁੰਚਿਆ?
ਸ਼ੁਰੂਆਤੀ ਜੀਵਨ ਅਤੇ ਜੇਲ੍ਹ: ਆਇਤੁੱਲਾ ਖਮੇਨੇਈ ਦਾ ਜਨਮ ਅਪਰੈਲ 1939 ਵਿੱਚ ਉੱਤਰ-ਪੂਰਬੀ ਇਰਾਨ ਦੇ ਮਸ਼ਹਦ ਵਿੱਚ ਹੋਇਆ ਸੀ। 11 ਸਾਲ ਦੀ ਉਮਰ ਵਿੱਚ ਹੀ ਉਹ ਮੌਲਵੀ ਬਣ ਗਏ ਸਨ। ਉਨ੍ਹਾਂ ਦੇ ਪਿਤਾ ਧਰਮ ਅਤੇ ਰਾਜਨੀਤੀ ਨੂੰ ਵੱਖ ਰੱਖਣ ਦੇ ਪੱਖ ਵਿੱਚ ਸਨ, ਪਰ ਆਇਤੁੱਲਾ ਖਮੇਨੇਈ ਨੇ ਇਸ ਦੇ ਉਲਟ ਇਸਲਾਮੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਇਆ। 1963 ਵਿੱਚ 24 ਸਾਲ ਦੀ ਉਮਰ ਵਿੱਚ ਰਾਜਨੀਤਿਕ ਗਤੀਵਿਧੀਆਂ ਕਾਰਨ ਉਹ ਪਹਿਲੀ ਵਾਰ ਜੇਲ੍ਹ ਗਏ, ਜਿੱਥੇ ਉਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਗਏ।
ਸੱਤਾ ਦਾ ਸਫਰ
1979 ਦੀ ਕ੍ਰਾਂਤੀ ਤੋਂ ਬਾਅਦ ਉਹ ਰੱਖਿਆ ਉਪ-ਮੰਤਰੀ ਬਣੇ ਅਤੇ 1980-88 ਦੇ ਇਰਾਨ-ਇਰਾਕ ਯੁੱਧ ਵਿੱਚ ਅਹਿਮ ਭੂਮਿਕਾ ਨਿਭਾਈ। ਇੱਕ ਕੁਸ਼ਲ ਬੁਲਾਰਾ ਹੋਣ ਦੇ ਕਾਰਨ ਉਨ੍ਹਾਂ ਨੂੰ ਜੁਮੇ ਦੀ ਨਮਾਜ਼ ਦਾ ਇਮਾਮ ਬਣਾਇਆ ਗਿਆ ਅਤੇ ਬਾਅਦ ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ (ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਮੌਲਵੀ) ਬਣੇ।
ਸਰਵਉੱਚ ਨੇਤਾ (ਸੁਪਰੀਮ ਲੀਡਰ)
1989 ਵਿੱਚ ਇਸਲਾਮਿਕ ਰਿਪਬਲਿਕ ਦੇ ਸੰਸਥਾਪਕ ਆਇਤੁੱਲਾ ਰੂਹੁੱਲਾ ਖ਼ੁਮੈਨੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੂੰ ਸਰਬਉੱਚ ਨੇਤਾ ਚੁਣਿਆ ਗਿਆ। ਸ਼ੁਰੂ ਵਿੱਚ ਉਨ੍ਹਾਂ ਨੂੰ ਕਮਜ਼ੋਰ ਮੰਨਿਆ ਜਾਂਦਾ ਸੀ, ਪਰ 1981 ਦੇ ਇੱਕ ਜਾਨਲੇਵਾ ਹਮਲੇ (ਜਿਸ ਵਿੱਚ ਉਨ੍ਹਾਂ ਦਾ ਸੱਜਾ ਹੱਥ ਲਕਵਾਗ੍ਰਸਤ ਹੋ ਗਿਆ ਸੀ) ਤੋਂ ਬਾਅਦ ਉਹ ਬੇਹੱਦ ਸਤਰਕ ਹੋ ਗਏ ਸਨ। ਜਲਦੀ ਹੀ ਉਨ੍ਹਾਂ ਨੇ ਹਥਿਆਰਬੰਦ ਬਲਾਂ, ਨਿਆਂਪਾਲਿਕਾ ਅਤੇ ਸੁਰੱਖਿਆ ਏਜੰਸੀਆਂ ’ਤੇ ਆਪਣਾ ਪੂਰਨ ਨਿਯੰਤਰਣ ਸਥਾਪਿਤ ਕਰ ਲਿਆ ਅਤੇ ਆਪਣੇ ਕਰੀਬੀਆਂ ਨੂੰ ਸ਼ਕਤੀਸ਼ਾਲੀ ਰਿਵੋਲਿਊਸ਼ਨਰੀ ਗਾਰਡਸ ਦਾ ਕਮਾਂਡਰ ਨਿਯੁਕਤ ਕੀਤਾ।
ਅਮਰੀਕਾ ਅਤੇ ਇਜ਼ਰਾਇਲ ਨਾਲ ਦੁਸ਼ਮਣੀ ਦੀਆਂ ਜੜ੍ਹਾਂ?
ਆਇਤੁੱਲਾ ਖਮੇਨੇਈ ਨੇ ਆਪਣੇ 36 ਸਾਲਾਂ ਦੇ ਸ਼ਾਸਨ ਵਿੱਚ ਅਮਰੀਕਾ ਦਾ ਸਖ਼ਤ ਵਿਰੋਧ ਕੀਤਾ ਅਤੇ ਅਕਸਰ ਭਾਸ਼ਣਾਂ ਵਿੱਚ ਉਸ ਨੂੰ ‘ਗ੍ਰੇਟ ਸੈਟਨ’ (ਵੱਡਾ ਸ਼ੈਤਾਨ) ਕਹਿ ਕੇ ਉਸ ਦੀ ਨਿੰਦਾ ਕੀਤੀ।
ਪਰਮਾਣੂ ਵਿਵਾਦ ਅਤੇ ਫਤਵਾ
ਆਇਤੁੱਲਾ ਖਮੇਨੇਈ ਨੇ 1990 ਦੇ ਦਹਾਕੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਰੁੱਧ ਫਤਵਾ ਜਾਰੀ ਕੀਤਾ ਸੀ। 2015 ਵਿੱਚ ਰਾਸ਼ਟਰਪਤੀ ਹਸਨ ਰੂਹਾਨੀ ਦੇ ਕਾਰਜਕਾਲ ਵਿੱਚ ਹੋਏ ਪਰਮਾਣੂ ਸਮਝੌਤੇ ਦਾ ਉਨ੍ਹਾਂ ਨੇ ਸਾਵਧਾਨੀ ਨਾਲ ਸਮਰਥਨ ਕੀਤਾ। ਪਰ 2018 ਵਿੱਚ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਤੋਂ ਪਿੱਛੇ ਹਟੇ ਅਤੇ ਸਖ਼ਤ ਪਾਬੰਦੀਆਂ ਲਗਾਈਆਂ, ਤਾਂ ਇਹ ਕੁੜੱਤਣ ਹੋਰ ਵਧ ਗਈ। 2025 ਵਿੱਚ ਟਰੰਪ ਦੇ ਨਵੇਂ ਸਮਝੌਤੇ ਦੇ ਦਬਾਅ ਨੂੰ ਵੀ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ।
ਇਜ਼ਰਾਇਲ ਨਾਲ ਸਿੱਧਾ ਯੁੱਧ
ਕਈ ਸਾਲਾਂ ਤੱਕ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ‘ਸ਼ੈਡੋ ਵਾਰ’ (ਲੁਕਿਆ ਹੋਇਆ ਯੁੱਧ) ਚੱਲਿਆ, ਜਿਸ ਵਿੱਚ ਇਜ਼ਰਾਈਲ ਨੇ ਇਰਾਨ ਦੇ ਕਈ ਪਰਮਾਣੂ ਵਿਗਿਆਨੀਆਂ ਨੂੰ ਮਾਰਿਆ। ਅਪ੍ਰੈਲ 2024 ਵਿੱਚ ਦਮਿਸ਼ਕ ਦੂਤਾਵਾਸ ’ਤੇ ਹਮਲੇ ਦੇ ਜਵਾਬ ਵਿੱਚ ਇਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ।
ਤਣਾਅ ਦਾ ਸਿਖਰ
ਜੂਨ 2025 ਵਿੱਚ ਇਜ਼ਰਾਇਲ ਦੀ ਫ਼ੌਜ ਨੇ ਇਰਾਨ ਦੇ ਪਰਮਾਣੂ ਅਤੇ ੌਜੀ ਟਿਕਾਣਿਆਂ ’ਤੇ ਸੈਂਕੜੇ ਲੜਾਕੂ ਜਹਾਜ਼ਾਂ ਨਾਲ ਵੱਡੇ ਹਮਲੇ ਕੀਤੇ, ਜਿਸ ਨਾਲ ਇਹ ਸੰਘਰਸ਼ ਪੂਰਨ ਯੁੱਧ ਵਿੱਚ ਬਦਲ ਗਿਆ। ਅਮਰੀਕਾ ਵੀ 12 ਦਿਨ ਚੱਲੇ ਇਸ ਹਵਾਈ ਹਮਲੇ ਵਿੱਚ ਸ਼ਾਮਲ ਹੋਇਆ। ਇਸੇ ਕੜੀ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਵਿੱਚ ਖਮੇਨੇਈ ਦੀ ਮੌਤ ਹੋ ਗਈ।
ਮੱਧ ਪੂਰਬ ਵਿੱਚ ਕੀ ਸੀ ਖਮੇਨੇਈ ਦਾ ‘ਐਕਸਿਸ ਆਫ ਰੇਜ਼ਿਸਟੈਂਸ’?
ਖਮੇਨੇਈ ਨੇ ਮੱਧ ਪੂਰਬ ਵਿੱਚ ਅਮਰੀਕਾ ਅਤੇ ਇਜ਼ਰਾਇਲ ਨੂੰ ਚੁਣੌਤੀ ਦੇਣ ਲਈ ‘ਐਕਸਿਸ ਆਫ ਰੇਜ਼ਿਸਟੈਂਸ’ (ਪ੍ਰਤੀਰੋਧ ਦੀ ਧੁਰੀ) ਦਾ ਨਿਰਮਾਣ ਕੀਤਾ ਸੀ।
ਉਨ੍ਹਾਂ ਨੇ ਇਰਾਕ ਅਤੇ ਲਿਬਨਾਨ ਵਿੱਚ ਸ਼ੀਆ ਮਿਲੀਸ਼ੀਆ, ਸੀਰੀਆ ਵਿੱਚ ਬਸ਼ਰ ਅਲ-ਅਸਦ, ਹਮਾਸ (ਫਲਸਤੀਨ) ਅਤੇ ਯਮਨ ਦੇ ਹੂਤੀਆਂ ਨੂੰ ਤਾਕਤਵਰ ਬਣਾਉਣ ਲਈ ਚਾਰ ਦਹਾਕਿਆਂ ਵਿੱਚ ਅਰਬਾਂ ਡਾਲਰ ਖਰਚ ਕੀਤੇ।
2024 ਵਿੱਚ ਇਹ ਗਠਜੋੜ ਟੁੱਟਣ ਲੱਗਾ। ਸੀਰੀਆ ਵਿੱਚ ਅਸਦ ਦੀ ਸੱਤਾ ਖੁੱਸ ਗਈ ਅਤੇ ਇਜ਼ਰਾਇਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਅਤੇ ਗਾਜ਼ਾ ਵਿੱਚ ਹਮਾਸ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਵਿੱਚ ਉਨ੍ਹਾਂ ਦੇ ਚੋਟੀ ਦੇ ਨੇਤਾਵਾਂ ਦਾ ਮਾਰਿਆ ਜਾਣਾ ਵੀ ਸ਼ਾਮਲ ਹੈ।
ਇਰਾਨ ਵਿੱਚ ਖਮੇਨੇਈ ਦਾ ਸ਼ਾਸਨ
ਦੇਸ਼ ਦੇ ਅੰਦਰ ਖਮੇਨੇਈ ਦਾ ਸ਼ਬਦ ਹੀ ਕਾਨੂੰਨ ਸੀ। ਉਨ੍ਹਾਂ ਨੇ ਸੁਤੰਤਰ ਸੋਚ ਵਾਲੇ ਰਾਸ਼ਟਰਪਤੀਆਂ ਦੀਆਂ ਇੱਛਾਵਾਂ ਨੂੰ ਕੁਚਲਿਆ ਅਤੇ ਆਪਣੀਆਂ ਨੀਤੀਆਂ ਨਾਲ ਇਰਾਨ ਨੂੰ ਵਿਸ਼ਵ ਪੱਧਰ ’ਤੇ ਅਲੱਗ-ਥਲੱਗ ਕਰ ਦਿੱਤਾ।
1999, 2002 ਅਤੇ 2009 ਵਿੱਚ ਹੋਏ ਪ੍ਰਦਰਸ਼ਨਾਂ ਨੂੰ ਉਨ੍ਹਾਂ ਨੇ ਸਖ਼ਤੀ ਨਾਲ ਦਬਾਇਆ। 2022 ਵਿੱਚ ਪੁਲਿਸ ਹਿਰਾਸਤ ਵਿੱਚ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਭੜਕੇ ਵੱਡੇ ਪ੍ਰਦਰਸ਼ਨਾਂ ਦਾ ਖਮੇਨੇਈ ਨੇ ਬੇਰਹਿਮੀ ਨਾਲ ਜਵਾਬ ਦਿੱਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਸ਼ਰੇਆਮ ਕ੍ਰੇਨ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ।
ਅਰਬਾਂ ਡਾਲਰ ਦਾ ਸਾਮਰਾਜ
ਉਨ੍ਹਾਂ ਨੇ ‘ਸੇਤਾਦ’ ਨਾਮ ਦੇ ਸੰਗਠਨ ਦੇ ਜ਼ਰੀਏ ਇੱਕ ਵਿਸ਼ਾਲ ਵਿੱਤੀ ਸਾਮਰਾਜ ’ਤੇ ਕੰਟਰੋਲ ਰੱਖਿਆ, ਜਿਸ ਦੀ ਸੰਪੱਤੀ ਅਰਬਾਂ ਡਾਲਰ ਆਂਕੀ ਗਈ ਹੈ। ਉਨ੍ਹਾਂ ਨੇ 1989 ਵਿੱਚ ਖ਼ੁਮੈਨੀ ਵੱਲੋਂ ਲੇਖਕ ਸਲਮਾਨ ਰੁਸ਼ਦੀ ਦੇ ਵਿਰੁੱਧ ਜਾਰੀ ਮੌਤ ਦੇ ਫਤਵੇ ਦਾ ਸਮਰਥਨ ਕੀਤਾ ਸੀ। ਇਸੇ ਦੇ ਚਲਦਿਆਂ 2022 ਵਿੱਚ ਰੁਸ਼ਦੀ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਹੋਇਆ ਸੀ।
ਖਮੇਨੇਈ ਦੇ ਜਾਣ ਤੋਂ ਬਾਅਦ ਇਰਾਨ ਇੱਕ ਡੂੰਘੀ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਬਾਹਰੀ ਦੇਸ਼ਾਂ (ਅਮਰੀਕਾ-ਇਜ਼ਰਾਇਲ) ਦੇ ਹਮਲੇ ਹਨ, ਤਾਂ ਦੂਜੇ ਪਾਸੇ ਘਰ ਦੇ ਅੰਦਰ ਨੌਜਵਾਨਾਂ ਦਾ ਵਧਦਾ ਅਸੰਤੋਸ਼ ਹੈ।
2026 ਦੀ ਸ਼ੁਰੂਆਤ ਵਿੱਚ ਆਈ ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, 25 ਸਾਲਾ ਬੇਰੁਜ਼ਗਾਰ ਗ੍ਰੈਜੂਏਟ ਮੀਨਾ ਵਰਗੇ ਨੌਜਵਾਨਾਂ ਦਾ ਸਪੱਸ਼ਟ ਮੰਨਣਾ ਹੈ ਕਿ ਪਰਮਾਣੂ ਪ੍ਰੋਗਰਾਮ, ਖੇਤਰੀ ਹਥਿਆਰਬੰਦ ਗੁੱਟਾਂ ਦਾ ਸਮਰਥਨ ਅਤੇ ਅਮਰੀਕਾ ਨਾਲ ਦੁਸ਼ਮਣੀ ਦੀਆਂ ਨੀਤੀਆਂ 1979 ਵਿੱਚ ਸਹੀ ਹੋ ਸਕਦੀਆਂ ਸਨ, ਪਰ ਅੱਜ ਨਹੀਂ। ਉਹ ਹੁਣ ਇੱਕ ਸ਼ਾਂਤੀਪੂਰਨ ਅਤੇ ਆਮ ਜੀਵਨ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮੁਤਾਬਕ, ਦੁਨੀਆ ਹੁਣ ਬਹੁਤ ਬਦਲ ਚੁੱਕੀ ਹੈ।
![]()
