ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਵਿੱਦਿਅਕ, ਧਾਰਮਿਕ ਤੇ ਪੰਜਾਬੀਅਤ ਨੂੰ ਦੇਣ

In ਖਾਸ ਰਿਪੋਰਟ
March 05, 2026

ਡਾ. ਇੰਦਰਜੀਤ ਸਿੰਘ ਗੋਗੋਆਣੀ
ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜ਼ ਸ਼ਾਸਕਾਂ ਨੇ ਇਸਾਈ ਮਿਸ਼ਨਰੀਆਂ ਨੂੰ ਹਰ ਪੱਖੋਂ ਮਜ਼ਬੂਤ ਕੀਤਾ। ਅੰਮ੍ਰਿਤਸਰ ਵਿਖੇ 1853 ਵਿੱਚ ਕ੍ਰਿਸਚੀਅਨ ਸਕੂਲ ਖੋਲ੍ਹਿਆ ਗਿਆ। ਸੰਨ 1873 ਵਿੱਚ ਜਦ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਇਸਾਈ ਧਰਮ ਧਾਰਨ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਮਿਤੀ 01 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਹੋਈ । ਉਪਰੰਤ 2 ਨਵੰਬਰ 1879 ਨੂੰ ਸਿੰਘ ਸਭਾ ਲਾਹੌਰ ਬਣੀ। ਜਦੋਂ ਕਾਫੀ ਸਿੰਘ ਸਭਾਵਾਂ ਹੋਂਦ ਵਿੱਚ ਆ ਗਈਆਂ ਤਾਂ ਕੇਂਦਰੀ ਜਥੇਬੰਦੀ ਦੀ ਲੋੜ ਨੂੰ ਮੁੱਖ ਰੱਖਦਿਆਂ 1883 ਵਿੱਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ ਅਤੇ ਦੂਜੇ ਪਾਸੇ ਕੁਝ ਵਿਚਾਰਧਾਰਕ ਵਖਰੇਵਿਆਂ ਕਰਕੇ 1886 ਵਿੱਚ ਖ਼ਾਲਸਾ ਦੀਵਾਨ ਲਾਹੌਰ ਸਥਾਪਤ ਹੋ ਗਿਆ।
ਆਪਣੇ ਵਿੱਦਿਅਕ ਮਿਸ਼ਨ ਨੂੰ ਮੁੱਖ ਰੱਖਦਿਆਂ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਖ਼ਾਲਸਾ ਕਾਲਜ ਦੀ ਸਥਾਪਨਾ ਲਈ 1883 ਵਿੱਚ ਅੰਮ੍ਰਿਤਸਰ ਵਾਸੀ ਲਾਲਾ ਸੰਤ ਰਾਮ ਦੇ ਘਰ ਇੱਕ ਜਨਰਲ ਇਕੱਤਰਤਾ ਬੁਲਾਈ ਤੇ ਮਤਾ ਪਾਸ ਕੀਤਾ । ਦੂਜੀ ਇਕੱਤਰਤਾ ਲਾਰੰਸ ਹਾਲ ਲਾਹੌਰ ਵਿਖੇ ਹੋਈ ਜਿਸ ਵਿੱਚ ਬਾਬਾ ਖੇਮ ਸਿੰਘ ਬੇਦੀ, ਕੈਪਟਨ ਗੁਲਾਬ ਸਿੰਘ ਅਟਾਰੀ ਵਾਲੇ, ਸ. ਲਹਿਣਾ ਸਿੰਘ ਗੁਜਰਾਂਵਾਲਾ ਤੇ ਫਰੀਦਕੋਟ ਰਿਆਸਤ ਤੋਂ ਲਾਲਾ ਦੌਲਤ ਰਾਮ ਆਦਿ ਅਨੇਕ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਦੂਜੇ ਪਾਸੇ ਖ਼ਾਲਸਾ ਦੀਵਾਨ ਲਾਹੌਰ ਦੇ ਮੁਖੀਆਂ ਨੇ 16 ਫਰਵਰੀ 1887 ਨੂੰ ਅੰਗਰੇਜ਼ ਸ਼ਾਸਕਾਂ ਤੋਂ ਮੰਗ ਕੀਤੀ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਪਛੜੇ ਹੋਏ ਹਾਂ ਤੇ ਸਾਡੀ ਮਦਦ ਕੀਤੀ ਜਾਵੇ। ਇਸ ਸਮੇਂ ਪੰਜਾਬ ਦੇ ਲੈਫ: ਗਵਰਨਰ ਸਰ ਜੇਮਜ਼ ਲਾਇਲ ਨੇ ਪੂਰੀ ਮਦਦ ਕਰਨ ਦਾ ਵਾਇਦਾ ਕੀਤਾ। ਫਿਰ ਖ਼ਾਲਸਾ ਦੀਵਾਨ ਲਾਹੌਰ ਨੇ 22 ਫਰਵਰੀ 1890 ਵਿੱਚ ਵਿੱਦਿਅਕ ਲਹਿਰ ਨੂੰ ਸੁਯੋਗ ਢੰਗ ਨਾਲ ਚਲਾਉਣ ਲਈ ‘ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ’ ਬਣਾਈ । ਫਿਰ ਇਹ ਕਮੇਟੀ ਖ਼ਾਲਸਾ ਕਾਲਜ ਸੁਸਾਇਟੀ ਵਜੋਂ 14 ਅਪ੍ਰੈਲ 1892 ਈ. ਨੂੰ ਰਜਿਸਟਰਡ ਹੋਈ। ਇਸ ਵਿੱਚ ਸੁਚੱਜੇ ਪ੍ਰਬੰਧ ਲਈ ਸੌ ਮੈਂਬਰਾਂ ਦੀ ਕੌਂਸਲ ਅਤੇ ਇਨ੍ਹਾਂ ਵਿਚੋਂ 30 ਮੈਂਬਰਾਂ ਦੀ ਐਗਜ਼ੈਕਟਿਵ ਕਮੇਟੀ ਬਣਾਈ ਗਈ।
ਸਮਕਾਲੀ ‘ਖ਼ਾਲਸਾ ਅਖ਼ਬਾਰ ਲਾਹੌਰ’ ਅਨੁਸਾਰ ਖ਼ਾਲਸਾ ਕਾਲਜ ਦੇ ਨਾਮਕਰਨ ਤੇ ਸਥਾਪਨਾ ਸਬੰਧੀ ਲੰਬੀ ਚਰਚਾ ਤੋਂ ਬਾਅਦ 3 ਮਾਰਚ 1892 ਨੂੰ ਕੋਟ ਸੈਦ ਮਹਿਮੂਦ (ਹੁਣ ਕੋਟ ਖ਼ਾਲਸਾ) ਦੀ 101 ਏਕੜ ਜ਼ਮੀਨ ਦਸ ਹਜ਼ਾਰ ਰੁਪਏ ਵਿੱਚ ਖਰੀਦੀ ਗਈ ਅਤੇ 5 ਮਾਰਚ 1892 ਨੂੰ ਸਰ ਜੇਮਜ਼ ਲਾਇਲ ਗਵਰਨਰ ਪੰਜਾਬ ਵਲੋਂ ਵੱਡੇ ਕੌਮੀ ਇਕੱਠ ਵਿੱਚ ਖ਼ਾਲਸਾ ਕਾਲਜ ਦਾ ਨੀਹ ਪੱਥਰ ਰੱਖਿਆ ਗਿਆ ।
ਸਭ ਤੋਂ ਪਹਿਲਾਂ 22 ਅਕਤੂਬਰ 1893 ਨੂੰ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ ਦੀ ਸ਼ੁਰੂਆਤ ਹੋਈ, ਜੋ ਇਸ ਸਮੇਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਹੈ। ਕਾਲਜ ਦੀਆਂ ਕਲਾਸਾਂ ਮਈ 1897 ਵਿੱਚ ਸ਼ੁਰੂ ਹੋਈਆਂ। ਇਥੇ ਸੰਸਾਰੀ ਵਿੱਦਿਆ ਦੇ ਨਾਲ ਗੁਰਮਤਿ ਵਿੱਦਿਆ ਪ੍ਰਦਾਨ ਕਰਨ ਲਈ ਇਸੇ ਸਾਲ ਗਿ: ਦਿੱਤ ਸਿੰਘ ਜੀ ਨੇ ਦੋ ਪੁਸਤਕਾਂ ਤਿਆਰ ਕੀਤੀਆਂ ਜੋ ਕੌਂਸਲ ਵੱਲੋਂ ਪ੍ਰਕਾਸ਼ਤ ਕੀਤੀਆਂ ਗਈਆਂ। ਇਥੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੈਡੀਕਲ ਸਹੂਲਤ ਲਈ ਕੌਂਸਲ ਵੱਲੋਂ 1904 ਵਿੱਚ ਡਿਸਪੈਂਸਰੀ ਬਣਾਈ ਗਈ ਜੋ ਹੁਣ ਵੀ ਨਵੀਨ ਬਿਲਡਿੰਗ ਵਿੱਚ ਸੇਵਾ ਨਿਭਾ ਰਹੀ ਹੈ । ਬਾਕੀ ਵਿਭਾਗਾਂ ਦੇ ਨਾਲ-ਨਾਲ ਕਾਲਜ ਵਿਖੇ 1905 ਵਿੱਚ ਧਾਰਮਿਕ ਵਿਭਾਗ ਸਥਾਪਤ ਹੋਇਆ ਤੇ 1930 ਵਿੱਚ ਸਿੱਖ ਇਤਿਹਾਸ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਦੋਵਾਂ ਵਿਭਾਗਾਂ ਵਿੱਚ ਭਾਈ ਜੋਧ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਪ੍ਰਕਾਸ਼ ਸਿੰਘ, ਡਾ. ਗੰਡਾ ਸਿੰਘ, ਡਾ. ਕਿਰਪਾਲ ਸਿੰਘ, ਡਾ. ਦਵਿੰਦਰ ਸਿੰਘ, ਗਿ: ਬਿਸ਼ਨ ਸਿੰਘ ਆਦਿ ਸ਼ਖ਼ਸੀਅਤਾਂ ਨੇ ਸਿੱਖ ਧਰਮ ਤੇ ਇਤਿਹਾਸ ਸਬੰਧੀ ਖੋਜ ਭਰਪੂਰ ਕਾਰਜ ਕੀਤਾ।
ਕੌਂਸਲ ਵੱਲੋਂ ਇਸਤਰੀ ਵਿੱਦਿਆ ਨੂੰ ਮੁੱਖ ਰੱਖ ਕੇ 1930 ਵਿੱਚ ਲੜਕੀਆਂ ਲਈ ਖ਼ਾਲਸਾ ਕਾਲਜ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਜੋ ਇਸ ਸਮੇਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਜੋਂ ਸਥਾਪਤ ਹੈ। ਇਸੇ ਤਰ੍ਹਾਂ 1954 ਵਿੱਚ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ; 1968 ਵਿੱਚ ਖ਼ਾਲਸਾ ਕਾਲਜ ਫਾਰ ਵਿਮੈਨ; 1984 ਵਿੱਚ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ 2001 ਵਿੱਚ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸਥਾਪਤ ਹੋਇਆ।
ਸੰਨ 2004 ਤੱਕ ਕੌਂਸਲ ਦੇ ਪ੍ਰਬੰਧ ਅਧੀਨ ਕੇਵਲ 3 ਕਾਲਜ ਅਤੇ 4 ਸਕੂਲ ਸਨ । ਜਦੋਂ ਮਈ 2004 ਵਿੱਚ ਸ. ਸਤਿਆਜੀਤ ਸਿੰਘ ਮਜੀਠੀਆ ਨੇ ਬਤੌਰ ਪ੍ਰਧਾਨ ਅਤੇ ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਬਤੌਰ ਸਕੱਤਰ ਸੇਵਾ ਸੰਭਾਲੀ ਤਾਂ ਇਹਨਾਂ ਦੋ ਦਹਾਕਿਆਂ ਵਿੱਚ 10 ਨਵੇਂ ਕਾਲਜ, 2 ਸਕੂਲ ਤੇ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ। ਕੌਂਸਲ ਦੇ ਇਤਿਹਾਸ ਵਿੱਚ ਇਹ ਸੁਨਹਿਰੀ ਕਾਲ ਹੈ। ਇਨ੍ਹਾਂ ਸਥਾਪਤ ਵਿੱਦਿਅਕ ਅਦਾਰਿਆਂ ਵਿੱਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਅੰਮ੍ਰਿਤਸਰ (2005); ਖ਼ਾਲਸਾ ਕਾਲਜ ਆਫ ਨਰਸਿੰਗ (2006); ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ (2008); ਖ਼ਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (2009); ਖ਼ਾਲਸਾ ਕਾਲਜ ਆਫ ਫ਼ਾਰਮੇਸੀ (2009); ਖ਼ਾਲਸਾ ਕਾਲਜ ਆਫ ਟੈਕਨਾਲੋਜੀ ਐਡ ਬਿਜ਼ਨਸ ਸਟੱਡੀਜ਼, ਮੋਹਾਲੀ (2009); ਖ਼ਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ (2009); ਖ਼ਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼ (2010); ਖ਼ਾਲਸਾ ਕਾਲਜ ਚਵਿੰਡਾ ਦੇਵੀ (2011); ਖ਼ਾਲਸਾ ਕਾਲਜ ਆਫ ਲਾਅ (2012); ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਫਾਰ ਵਿਮੈਨ (2016); ਖ਼ਾਲਸਾ ਕਾਲਜ ਪਬਲਿਕ ਸਕੂਲ ਘੁੱਗ, ਜਲੰਧਰ (2024) ਆਦਿ ਵਿੱਦਿਅਕ-ਸੰਸਥਾਵਾਂ ਸ਼ਾਨਦਾਰ ਢੰਗ ਨਾਲ ਕਾਰਜਸ਼ੀਲ ਹਨ ।
ਇਸੇ ਤਰ੍ਹਾਂ ਸੰਨ 1920 ਵਿਚ ਸਿੱਖ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਜੋ ਕੌਂਸਲ ਦੇ ਸੁਹਿਰਦ ਪ੍ਰਬੰਧਕਾਂ ਨੇ ਸੌ ਸਾਲ ਪਹਿਲਾਂ ਲਿਆ ਸੀ, ਉਹ ਵਰਤਮਾਨ ਪ੍ਰਬੰਧਕਾਂ ਦੀ ਸਮਰਪਿਤ ਭਾਵਨਾ ਸਦਕਾ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ 2024 ਵਿੱਚ ਸਥਾਪਤ ਹੋ ਗਈ ਹੈ। ਇਸ ਦੇ ਚਾਂਸਲਰ ਸ. ਸਤਿਆਜੀਤ ਸਿੰਘ ਮਜੀਠੀਆ, ਪ੍ਰੋ. ਚਾਂਸਲਰ ਸ. ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਵਾਈਸ ਚਾਂਸਲਰ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਮਹਿਲ ਸਿੰਘ ਨਿਯੁਕਤ ਹੋਏ ਹਨ । ਸੁਹਿਰਦ ਪ੍ਰਬੰਧਕਾਂ ਵੱਲੋਂ ਜਿੱਥੇ ਸਿੱਖ ਇਤਿਹਾਸ ਖੋਜ ਕੇਂਦਰ ਦੀ ਸ਼ਾਨਦਾਰ ਇਮਾਰਤ ਤਿਆਰ ਕਰਵਾਈ ਗਈ ਉਥੇ 2014 ਵਿੱਚ ਦੁਰਲੱਭ ਪੁਸਤਕਾਂ, ਅਖ਼ਬਾਰ ਤੇ ਪੁਰਾਤਨ ਖਰੜਿਆਂ ਨੂੰ ਡਿਜੀਟਲ ਕਰਵਾਇਆ ਗਿਆ ਅਤੇ ਇਤਿਹਾਸਕ ਗੈਲਰੀ ਨੂੰ ਨਵੀਨ ਦਿੱਖ ਦਿਤੀ ਗਈ। ਕੌਂਸਲ ਵੱਲੋਂ ਅਪ੍ਰੈਲ 2022 ਵਿੱਚ ‘ਗੁਰਮਤਿ ਸਿੱਖਿਆ ਸੈਂਟਰ’ ਸਥਾਪਤ ਕੀਤਾ ਗਿਆ, ਜਿਥੇ ਹਰ ਸਾਲ ਬਾਰ੍ਹਵੀਂ ਪਾਸ ਅੰਮ੍ਰਿਤਧਾਰੀ 25 ਲੜਕੇ/ਲੜਕੀਆਂ ਨੂੰ ਪੰਜ ਸਾਲਾ ਗੁਰਮਤਿ ਟੀਚਰ ਟ੍ਰੇਨਿੰਗ ਕੋਰਸ ਕਰਵਾਇਆ ਜਾਂਦਾ ਹੈ। ਇਥੋਂ ਦੀਆਂ ਖੇਡ ਗਰਾਊਂਡਾਂ, ਬਾਕਸਿੰਗ ਹਾਲ, ਜੂਡੋ ਹਾਲ, ਸਵਿਮਿੰਗ ਪੂਲ ਤੇ ਕ੍ਰਿਕਟ ਗਰਾਊਂਡ ਅਤਿ ਪ੍ਰਭਾਵਸ਼ਾਲੀ ਹਨ । ਹਰ ਸਾਲ ਕਾਲਜ ਦਾ ਪੁਸਤਕ ਮੇਲਾ ਕੌਂਸਲ ਪ੍ਰਬੰਧਕਾਂ ਦੀ ਵੱਡੀ ਦੇਣ ਹੈ ।
-ਮੁਖੀ, ਧਰਮ ਅਧਿਐਨ ਵਿਭਾਗ, ਖ਼ਾਲਸਾ ਯੂਨੀਵਰਸਟੀ, ਅੰਮ੍ਰਿਤਸਰ

Loading