ਹੁਸ਼ਿਆਰਪੁਰ ਜ਼ਿਲ੍ਹੇ ਦੀ ਇਨਲੇਅ ਲੱਕੜ ਕਲਾ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਮਸ਼ਹੂਰ ਹੈ। ਇਹ ਕਲਾ ਮੁਗ਼ਲ ਕਾਲ (16ਵੀਂ ਤੋਂ 18ਵੀਂ ਸਦੀ) ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ, ਜਦੋਂ ਮੁਗ਼ਲਾਂ ਨੇ ਨਾਜ਼ੁਕ ਹਸਤਕਲਾ ਨੂੰ ਬਹੁਤ ਉਤਸ਼ਾਹਿਤ ਕੀਤਾ ਸੀ। ਸ਼ੁਰੂ ਵਿੱਚ ਇਹ ਕੰਮ ਸੰਗੀਤਕ ਸਾਜ਼ਾਂ ਜਿਵੇਂ ਵੀਣਾ, ਸਿਤਾਰ, ਸਾਰੰਗੀ ਅਤੇ ਤਾਨਪੁਰਾ ਉੱਤੇ ਕੀਤਾ ਜਾਂਦਾ ਸੀ। ਸ਼ੀਸ਼ਮ, ਟੀਕ ਜਾਂ ਰੋਜ਼ਵੁੱਡ ਵਰਗੀਆਂ ਲੱਕੜਾਂ ਵਿੱਚ ਹਾਥੀ ਦੰਦ (ਆਈਵਰੀ) ਜਾਂ ਧਾਤ ਨਾਲ ਸੂਖਮ ਨਕਾਸ਼ੀ ਕੀਤੀ ਜਾਂਦੀ ਸੀ। ਬ੍ਰਿਟਿਸ਼ ਕਾਲ ਵਿੱਚ ਇਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਸੀ ਅਤੇ ਲੰਡਨ ਸਮੇਤ ਯੂਰਪ ਨੂੰ ਨਿਰਯਾਤ ਹੋਣ ਲੱਗੀ ਸੀ। ਹੁਣ ਤੱਕ ਇਹ ਕਲਾ ਤਿੰਨ ਸੌ ਸਾਲ ਤੋਂ ਵੱਧ ਪੁਰਾਣੀ ਹੈ ਅਤੇ ਪਹਿਲਾਂ ਹਾਥੀ ਦੰਦ ਨਾਲ ਕੀਤੀ ਜਾਂਦੀ ਸੀ, ਪਰ 1989 ਵਿੱਚ ਪਾਬੰਦੀ ਤੋਂ ਬਾਅਦ ਪਲਾਸਟਿਕ ਜਾਂ ਹੋਰ ਸਮੱਗਰੀ ਵਰਤੀ ਜਾਂਦੀ ਹੈ। ਮੁੱਖ ਤੌਰ ’ਤੇ ਟਾਹਲੀ ਜਾਂ ਸ਼ੀਸ਼ਮ ਦੀ ਲੱਕੜ ਉੱਤੇ ਬਾਰੀਕ ਤਰਾਸ਼ ਕੇ ਜੜਾਈ ਨਾਲ ਸੁੰਦਰ ਡਿਜ਼ਾਈਨ ਬਣਾਏ ਜਾਂਦੇ ਹਨ। ਇਹ ਕਲਾ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅਨਮੋਲ ਹਿੱਸਾ ਹੈ ਅਤੇ ਫਰਨੀਚਰ, ਡੱਬੀਆਂ, ਸਜਾਵਟੀ ਵਸਤੂਆਂ ਨੂੰ ਖੂਬਸੂਰਤ ਬਣਾਉਂਦੀ ਹੈ। 2017 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੋਹਫ਼ੇ ਦਿਤੇ ਸਨ,ਜਿਸ ਵਿੱਚ ਹੁਸ਼ਿਆਰਪੁਰ ਦੇ ਇਨਲੇਅ ਆਰਟ ਬਾਕਸ ਦੀ ਖੂਬ ਚਰਚਾ ਹੋਈ ਸੀ।
ਕਾਰੀਗਰਾਂ ਦੀ ਗਿਣਤੀ ਘਟਣ ਦੇ ਕਾਰਨ ਅਤੇ ਆਰਥਿਕ ਮੁਸ਼ਕਲਾਂ
ਪਹਿਲਾਂ ਹੁਸ਼ਿਆਰਪੁਰ ਦੇ ਪਿੰਡਾਂ ਜਿਵੇਂ ਬੱਸੀ ਗ਼ੁਲਾਮ ਹੁਸੈਨ, ਬੂਥਗੜ੍ਹ ਅਤੇ ਸ਼ੇਰਗੜ੍ਹ ਵਿੱਚ ਘਰ-ਘਰ ਇਹ ਕਾਰੀਗਰ ਹੁੰਦੇ ਸਨ, ਪਰ ਹੁਣ ਸਿਰਫ਼ 100 ਤੋਂ 150 ਕਾਰੀਗਰ ਬਚੇ ਹਨ। ਇਸ ਕਲਾ ਨੂੰ ਸਿੱਖਣ ਵਿੱਚ ਸਾਲਾਂ ਦੀ ਮਿਹਨਤ ਲੱਗਦੀ ਹੈ – ਲੱਕੜ ਨੂੰ 6-12 ਮਹੀਨੇ ਸੀਜ਼ਨਿੰਗ ਕਰਨਾ, ਡਿਜ਼ਾਈਨ ਟਰੇਸ ਕਰਨਾ ਅਤੇ ਸੂਖਮ ਜੜਾਈ ਕਰਨਾ।
70 ਸਾਲਾ ਨਿਪੁੰਨ ਕਾਰੀਗਰ ਸੋਢੀ ਲਾਲ ਕਹਿੰਦੇ ਹਨ, ‘ਮੈਂ ਲੱਕੜ ਉੱਤੇ ਹੋਈ ਹਸਤਕਲਾ ਕਲਾ ਆਪਣੇ ਬਜ਼ੁਰਗਾਂ ਤੋਂ ਸਿੱਖੀ ਸੀ ਅਤੇ ਸਾਰੀ ਉਮਰ ਮੈਨੂੰ ਇਹ ਕੰਮ ਕਰਦੇ ਹੋ ਗਏ। ਸੂਬਾ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ ਪਰ ਨਹੀਂ ਚਾਹੁੰਦਾ ਮੇਰੇ ਬੱਚੇ ਇਹ ਕੰਮ ਕਰਨ ਕਿਉਂਕਿ ਇਸ ਵਿੱਚ ਮਿਹਨਤ ਦੇ ਹਿਸਾਬ ਨਾਲ ਕਮਾਈ ਨਹੀਂ ਹੁੰਦੀ।’ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਪਰਮਜੀਤ ਕੌਰ ਵਰਗੇ ਕਾਰੀਗਰਾਂ ਨੂੰ ਸਿਰਫ਼ ਤਿੰਨ ਸੌ ਰੁਪਏ ਮਿਲਦੇ ਹਨ। ਮਹਿੰਗਾਈ ਵਧਣ ਨਾਲ ਕਮਾਈ ਨਹੀਂ ਵਧੀ, ਮਸ਼ੀਨੀਕਰਨ ਨੇ ਸੌਖੇ ਵਿਕਲਪ ਦਿੱਤੇ ਹਨ। ਅਤੇ ਨੌਜਵਾਨ ਇਸ ਕਲਾ ਵਿੱਚ ਘੱਟ ਰੁਚੀ ਰੱਖਦੇ ਹਨ ਕਿਉਂਕਿ ਆਰਥਿਕ ਮੁਨਾਫਾ ਘੱਟ ਹੈ। ਕੋਵਿਡ ਤੋਂ ਬਾਅਦ ਵਿੱਤੀ ਮੁਸ਼ਕਿਲਾਂ ਵਧੀਆਂ ਹਨ ਅਤੇ ਖਰੀਦਦਾਰ ਵੀ ਮਹਿੰਗੀਆਂ ਹੱਥੀਂ ਬਣੀਆਂ ਵਸਤਾਂ ਤੋਂ ਦੂਰ ਹੋ ਗਏ ਹਨ। ਡੱਬੀ ਬਾਜ਼ਾਰ ਵਿੱਚ ਕਦੇ ਸੈਂਕੜੇ ਦੁਕਾਨਾਂ ਸਨ, ਹੁਣ ਗਿਣਤੀ ਵਾਲੀਆਂ ਰਹਿ ਗਈਆਂ ਹਨ। ਧਨੀ ਰਾਮ ਪੂਰਨ ਚੰਦ ਵਰਗੀ ਪੁਰਾਣੀ ਦੁਕਾਨ 1880 ਤੋਂ ਚੱਲ ਰਹੀ ਹੈ ਪਰ ਹੁਣ ਬਾਜ਼ਾਰ ਸੀਮਤ ਹੈ।
ਦੇਸ਼ਾਂ-ਵਿਦੇਸ਼ਾਂ ਵਿੱਚ ਮੰਗ ਪਰ ਕਾਰੀਗਰਾਂ ਦੀ ਘਾਟ
ਇਨਲੇਅ ਕਲਾ ਦੀ ਮੰਗ ਅੱਜ ਵੀ ਅਮਰੀਕਾ, ਕੈਨੇਡਾ, ਇਟਲੀ, ਮਿਡਲ ਈਸਟ ਅਤੇ ਹੋਰ ਦੇਸ਼ਾਂ ਵਿੱਚ ਕਾਫੀ ਹੈ। ਛੋਟੀਆਂ ਵਸਤਾਂ ਹਜ਼ਾਰ ਰੁਪਏ ਅਤੇ ਵੱਡੀਆਂ ਟੇਬਲਾਂ ਹਜ਼ਾਰਾਂ ਵਿੱਚ ਵਿਕਦੀਆਂ ਹਨ। ਪਰ ਕਾਰੀਗਰਾਂ ਦੀ ਘਾਟ ਕਾਰਨ ਤਿਆਰ ਸਮਾਨ ਘੱਟ ਹੁੰਦਾ ਹੈ ਅਤੇ ਇੰਡਸਟਰੀ ਵਿੱਚ ਖੜੋਤ ਆ ਗਈ ਹੈ। ਪੁਰਸ਼ੋਤਮ ਸਿੰਘ ਕਹਿੰਦੇ ਹਨ ਕਿ ਪਹਿਲਾਂ ਕਮਾਈ ਵਧੀਆ ਹੁੰਦੀ ਸੀ ਪਰ ਹੁਣ ਮਹਿੰਗਾਈ ਨਾਲ ਨਹੀਂ ਵਧੀ। ਰਾਜੀਵ ਪਲਾਹਾ ਵਰਗੇ ਕਾਰੋਬਾਰੀ ਮੰਨਦੇ ਹਨ ਕਿ ਨੌਜਵਾਨਾਂ ਦੀ ਦਿਲਚਸਪੀ ਘੱਟਣ ਨਾਲ ਭਵਿੱਖ ਖਤਰੇ ਵਿੱਚ ਹੈ। ਇਹ ਕਲਾ ਨਾ ਸਿਰਫ਼ ਹੁਨਰ ਹੈ ਸਗੋਂ ਪੰਜਾਬ ਦੀ ਪਛਾਣ ਵੀ ਹੈ, ਪਰ ਆਰਥਿਕ ਚੁਣੌਤੀਆਂ ਕਾਰਨ ਇਹ ਲੁੱਪਤ ਹੋਣ ਦੇ ਕਗਾਰ ਉੱਤੇ ਹੈ।
ਸਰਕਾਰ ਵੱਲੋਂ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਭਵਿੱਖ
ਸਰਕਾਰ ਇਸ ਕਲਾ ਨੂੰ ਬਚਾਉਣ ਲਈ ਸਰਗਰਮ ਹੈ। 2019 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ‘ਹੁਸ਼ਿਆਰਪੁਰ ਵੂਡਨ ਇਨਲੇਅ ਕਲੱਸਟਰ’ ਬੂਥਗੜ੍ਹ ਪਿੰਡ ਵਿੱਚ ਸਥਾਪਤ ਕੀਤਾ। ਇਸ ਦਾ ਮਕਸਦ ਨੌਜਵਾਨਾਂ ਨੂੰ ਸਿਖਲਾਈ ਦੇਣਾ ਅਤੇ ਵਸਤੂਆਂ ਨੂੰ ਮਾਰਕੀਟ ਤੱਕ ਪਹੁੰਚਾਉਣਾ ਹੈ। ਕਲੱਸਟਰ ਦੇ ਪ੍ਰਧਾਨ ਸਤਜੁਗ ਸਿੰਘ ਕਹਿੰਦੇ ਹਨ, ‘ਅਸੀਂ ਨੌਜਵਾਨਾਂ ਅਤੇ ਔਰਤਾਂ ਨੂੰ ਟਰੇਨਿੰਗ ਦੇ ਰਹੇ ਹਾਂ ਤਾਂ ਜੋ ਵਿਰਾਸਤ ਅੱਗੇ ਵਧੇ।’ ਕੋਵਿਡ ਤੋਂ ਬਾਅਦ ਵਿੱਤੀ ਮਦਦ, ਕਿੱਟਾਂ ਅਤੇ ਮਾਰਕੀਟਿੰਗ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਗੁਰੂ-ਸ਼ਿਸ਼ ਪਰੰਪਰਾ ਅਧੀਨ ਟਰੇਨਿੰਗ ਪ੍ਰੋਗਰਾਮ ਵੀ ਚੱਲ ਰਹੇ ਹਨ। ਨੈਸ਼ਨਲ ਅਵਾਰਡ ਅਤੇ ਮੈਰਿਟ ਸਰਟੀਫਿਕੇਟ ਵੀ ਕਾਰੀਗਰਾਂ ਨੂੰ ਮਿਲ ਰਹੇ ਹਨ। ਹਾਲਾਂਕਿ ਕੁਝ ਕਾਰੀਗਰ ਮੰਨਦੇ ਹਨ ਕਿ ਪੁਰਸਕਾਰ ਮਿਲਦੇ ਹਨ ਪਰ ਰੋਟੀ ਲਈ ਪੈਸੇ ਨਹੀਂ, ਫਿਰ ਵੀ ਸਰਕਾਰੀ ਯੋਜਨਾਵਾਂ ਜਿਵੇਂ ਸਫੁਰਤੀ ਤਹਿਤ ਸਹਾਇਤਾ ਮਿਲ ਰਹੀ ਹੈ। ਇਹ ਕੋਸ਼ਿਸ਼ਾਂ ਨਾਲ ਆਸ ਹੈ ਕਿ ਇਹ ਅਨਮੋਲ ਕਲਾ ਬਚ ਜਾਵੇ ਅਤੇ ਨਵੀਂ ਪੀੜ੍ਹੀ ਨਾਲ ਜੁੜੇ। ਹੁਸ਼ਿਆਰਪੁਰ ਦੀ ਇਨਲੇਅ ਕਲਾ ਨੂੰ ਬਚਾਉਣਾ ਸਾਡੀ ਸੱਭਿਆਚਾਰਕ ਜ਼ਿੰਮੇਵਾਰੀ ਹੈ।
![]()
