ਪ੍ਰਿੰਸੀਪਲ ਵਿਜੈ ਕੁਮਾਰ
ਸੋਸ਼ਲ, ਪ੍ਰਿੰਟ ਅਤੇ ਬਿਜਲਈ ਮੀਡੀਆ ਦੇ ਮਾਧਿਅਮ ਰਾਹੀਂ ਇਹ ਗੱਲ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੀ ਹੈ ਕਿ ਕੈਨੇਡਾ ’ਚ ਬੇਰੁਜ਼ਗਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇੱਥੇ ਦੂਜੇ ਦੇਸ਼ਾਂ ਤੋਂ ਪੜ੍ਹਾਈ ਦੇ ਬਹਾਨੇ ਰੁਜ਼ਗਾਰ ਲੱਭਣ ਆਏ ਪ੍ਰਵਾਸੀ ਨੌਜਵਾਨ ਇੱਥੇ ਰੁਜ਼ਗਾਰ ਲੱਭਣ ਲਈ ਮਿੰਨਤਾਂ ਕਰਦੇ ਘੁੰਮ ਰਹੇ ਹਨ। ਜਿਨ੍ਹਾਂ ਨੂੰ ਕੋਈ ਨੌਕਰੀ ਮਿਲੀ ਹੋਈ ਵੀ ਹੈ, ਉਨ੍ਹਾਂ ਦੇ ਵਰਕ ਪਰਮਿਟਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਇੱਥੇ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਪੱਕੀ ਨਾਗਰਿਕਤਾ ਦੇਣ ਲਈ ਕਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਹਨ। ਕੈਨੇਡਾ ਆਰਥਿਕ ਖੁਸ਼ਹਾਲੀ ਪੱਖੋਂ ਦੁਨੀਆ ਦਾ ਅੱਠਵਾਂ ਦੇਸ਼ ਹੈ। ਇਸ ’ਚ ਨਾ ਤਾਂ ਐਨੀ ਆਰਥਿਕ ਮੰਦਹਾਲੀ ਹੈ ਤੇ ਨਾ ਹੀ ਐਨੀ ਬੇਰੁਜ਼ਗਾਰੀ ਜਿੰਨੀ ਮੀਡੀਆ ਵਿੱਚ ਚਰਚਾ ਹੋ ਰਹੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇਕਰ ਸਰਕਾਰ ਨੇ ਆਪਣੀਆਂ ਨੀਤੀਆਂ ਅਤੇ ਬਾਹਰਲੇ ਮੁਲਕਾਂ ’ਚੋਂ ਇੱਥੇ ਆ ਵਸੇ ਪ੍ਰਵਾਸੀਆਂ ਨੇ ਆਪਣੇ ਆਪ ’ਚ ਸੁਧਾਰ ਨਾ ਲਿਆਂਦਾ ਤਾਂ ਇੱਥੇ ਰੁਜ਼ਗਾਰ, ਵਪਾਰ, ਸੁਰੱਖਿਆ, ਸਿੱਖਿਆ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।
ਇੱਥੇ ਬਾਹਰਲੇ ਮੁਲਕਾਂ ਤੋਂ ਆ ਕੇ ਵੱਸਣ ਵਾਲੇ ਲੋਕਾਂ ਨੂੰ ਤਿੰਨ ਤਰ੍ਹਾਂ ਦਾ ਰੁਜ਼ਗਾਰ ਮਿਲਦਾ ਹੈ। ਪਹਿਲੇ ਵਰਗ ’ਚ ਡਾਕਟਰ, ਇੰਜਨੀਅਰ (ਅੱਡ ਅੱਡ ਖੇਤਰਾਂ ’ਚ), ਨਰਸਾਂ, ਸੀ.ਏ, ਵਕੀਲ, ਗਣਿਤ ਅਤੇ ਵਿਗਿਆਨ ਵਿਸ਼ੇ ਦੇ ਅਧਿਆਪਕ ਤੇ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਰੁਜ਼ਗਾਰ ਆਉਂਦੇ ਹਨ। ਇਸ ਵਰਗ ’ਚ ਜਿਨ੍ਹਾਂ ਨੌਜਵਾਨਾਂ ਕੋਲ ਇਨ੍ਹਾਂ ਨੌਕਰੀਆਂ ਦੇ ਮੁਤਾਬਿਕ ਵਿਦਿਅਕ ਯੋਗਤਾ, ਤਜਰਬਾ ਤੇ ਚੰਗੇ ਦਿਮਾਗ਼ ਹੁੰਦੇ ਹਨ ਤੇ ਉਹ ਇੱਥੋਂ ਦੇ ਟੈਸਟ ਪਾਸ ਕਰ ਲੈਂਦੇ ਹਨ, ਉਨ੍ਹਾਂ ਲਈ ਇੱਥੇ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ।
ਦੂਜੇ ਵਰਗ ’ਚ ਮਕੈਨਿਕ, ਕਾਰੀਗਰ, ਬਿਜਲੀ ਤੇ ਲੱਕੜੀ ਦਾ ਕੰਮ ਜਾਣਨ ਵਾਲੇ, ਪਲੰਬਰ, ਮਿਸਤਰੀ ਅਤੇ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਰੁਜ਼ਗਾਰ ਆਉਾਂਦੇਹਨ। ਬਾਹਰਲੇ ਮੁਲਕਾਂ ਤੋਂ ਇੱਥੇ ਆ ਕੇ ਵੱਸਣ ਵਾਲੇ ਜਿਨ੍ਹਾਂ ਲੋਕਾਂ ਕੋਲ ਇਨ੍ਹਾਂ ਰੁਜ਼ਗਾਰਾਂ ਲਈ ਵਿਦਿਅਕ ਯੋਗਤਾ, ਇਨ੍ਹਾਂ ਕੰਮਾਂ ਨੂੰ ਕਰਨ ਦਾ ਚੰਗਾ ਹੁਨਰ ਤੇ ਚੰਗਾ ਦਿਮਾਗ਼ ਹੁੰਦਾ ਹੈ, ਉਨ੍ਹਾਂ ਨੂੰ ਬਹੁਤ ਆਰਾਮ ਨਾਲ ਕੰਮ ਅਤੇ ਨੌਕਰੀਆਂ ਮਿਲ ਜਾਂਦੀਆਂ ਹਨ। ਤੀਜੇ ਵਰਗ ਵਿੱਚ ਲੇਬਰ ਵਰਗ ਆਉਂਦਾ ਹੈ। ਇਸ ਨੂੰ ਜ਼ਿਆਦਾਤਰ ਰੈਸਟੋਰੈਂਟਾਂ, ਪਲਾਜ਼ਿਆਂ, ਵੇਅਰ ਹਾਊਸਾਂ, ਫੈਕਟਰੀਆਂ, ਫਾਰਮ ਹਾਊਸਾਂ, ਬਾਗ਼ ਬਗੀਚਿਆਂ ਤੇ ਹੋਰ ਖੇਤਰਾਂ ਲਈ ਲੇਬਰ ਵਾਲੇ ਕੰਮ ਆਉਾਂਦੇਹਨ। ਇਨ੍ਹਾਂ ਖੇਤਰਾਂ ’ਚ ਹੀ ਰੁਜ਼ਗਾਰ ਮਿਲਣਾ ਔਖਾ ਹੋ ਰਿਹਾ ਹੈ। ਇਨ੍ਹਾਂ ਵਰਗਾਂ ਵਿੱਚ ਹੀ ਬੇਰੁਜ਼ਗਾਰੀ ਵਧਣ ਦਾ ਰੌਲਾ ਪੈ ਰਿਹਾ ਹੈ। ਇੱਕ ਵਰਗ ਡਰਾਈਵਰਾਂ ਦਾ ਵੀ ਹੈ ਜਿਸ ਵਿੱਚ ਯੋਗਤਾ ਤੇ ਅਨੁਭਵ ਨਾਲ ਰੁਜ਼ਗਾਰ ਮਿਲ ਹੀ ਜਾਂਦਾ ਹੈ। ਇੱਥੋਂ ਦੀਆਂ ਸਰਕਾਰਾਂ ਵਿਦੇਸ਼ਾਂ ਤੋਂ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਦੂਜੇ ਮੁਲਕਾਂ ਤੋਂ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਧੜਾ ਧੜ ਬੁਲਾਉਾਂਦੀਆਂਤਾਂ ਰਹੀਆਂ, ਪਰ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਮੁਤਾਬਿਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਧਿਆਨ ਹੀ ਨਹੀਂ ਦਿੱਤਾ। ਉਲਟਾ ਇੱਥੋਂ ਦੇ ਹਾਲਾਤ ਨੂੰ ਵੇਖਦੇ ਹੋਏ ਇੱਥੋਂ ਦੀਆਂ ਫੈਕਟਰੀਆਂ ਇੱਥੋਂ ਛੱਡ ਕੇ ਦੂਜੇ ਮੁਲਕਾਂ ’ਚ ਜਾ ਰਹੀਆਂ ਹਨ। ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ ਘਟਣ ਲੱਗ ਪਏ ਹਨ। ਦੂਜਾ ਕਾਰਨ ਇੱਥੇ ਪੱਕੇ ਤੌਰ ’ਤੇ ਵਸੇ ਹੋਏ ਅਤੇ ਵਿਜ਼ਿਟਰ ਵੀਜ਼ੇ ’ਤੇ ਆਏ ਹੋਏ ਬਜ਼ੁਰਗ ਘੱਟ ਰੇਟ ਉੱਤੇ ਲੇਬਰ ਕਰ ਰਹੇ ਹਨ। ਰੈਸਟੋਰੈਂਟਾਂ, ਫਾਰਮ ਹਾਊਸਾਂ, ਵੇਅਰ ਹਾਉਸਾਂ, ਫੈਕਟਰੀਆਂ ਤੇ ਪਲਾਜ਼ਿਆਂ ਦੇ ਮਾਲਕ ਆਪਣਾ ਟੈਕਸ ਤੇ ਪੈਸਾ ਬਚਾਉਣ ਲਈ ਨੌਜਵਾਨਾਂ ਦੀ ਬਜਾਏ ਉਨ੍ਹਾਂ ਬਜ਼ੁਰਗਾਂ ਨੂੰ ਕੰਮ ਦਿੰਦੇ ਹਨ। ਇਹ ਵੀ ਬੇਰੁਜ਼ਗਾਰੀ ਵਧਣ ਦਾ ਬਹੁਤ ਵੱਡਾ ਕਾਰਨ ਹੈ। ਜਿਨ੍ਹਾਂ ਲੋਕਾਂ ਕੋਲ ਕਮਾਈ ਦੇ ਸਾਧਨ ਚੰਗੇ ਹਨ, ਉਹ ਆਪਣੀ ਸਾਰੀ ਕਮਾਈ ਰੀਅਲ ਅਸਟੇਟ ’ਚ ਲਗਾ ਰਹੇ ਹਨ ਕਿਉਂਕਿ ਬੈਂਕ ਐੱਫ਼.ਡੀ.ਆਰ. ’ਤੇ ਜ਼ਿਆਦਾ ਵਿਆਜ ਨਹੀਂ ਦਿੰਦੇ।
ਰੀਅਲ ਅਸਟੇਟ ਆਪਣੇ ਆਪ ਵਿੱਚ ਇੱਕ ਇੰਡਸਟਰੀ ਬਣ ਕੇ ਰਹਿ ਗਈ ਹੈ। ਇਸ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣ ਦੀ ਬਜਾਏ ਮੁਲਕ ਦਾ ਪੈਸਾ ਅਮੀਰ ਲੋਕਾਂ ਕੋਲ ਜਮ੍ਹਾਂ ਹੁੰਦਾ ਜਾ ਰਿਹਾ ਹੈ। ਇੱਥੋਂ ਦੀਆਂ ਸਰਕਾਰਾਂ ਨੇ ਜੇਕਰ ਲੋਕਾਂ ਨੂੰ ਰੀਅਲ ਅਸਟੇਟ ਦੀ ਬਜਾਏ ਫੈਕਟਰੀਆਂ, ਫਾਰਮ ਹਾਊਸਾਂ, ਬਾਗ਼ ਬਗ਼ੀਚਿਆਂ ਤੇ ਹੋਰ ਖੇਤਰਾਂ ਵਿੱਚ ਪੈਸਾ ਲਗਾਉਣ ਲਈ ਪ੍ਰੇਰਿਆ ਹੁੰਦਾ ਤਾਂ ਇੱਥੋਂ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣੇ ਸਨ। ਬੀਮਾ ਯੋਜਨਾ ਦੀ ਦੁਰਵਰਤੋਂ ਅਤੇ ਟੈਕਸਾਂ ਦੀ ਚੋਰੀ ਨੂੰ ਰੋਕਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਾ ਹੋਣ ਕਾਰਨ ਇੱਥੋਂ ਦੀ ਆਰਥਿਕਤਾ ਨੂੰ ਖੋਰਾ ਲੱਗਣ ਕਾਰਨ ਕਾਰਖਾਨੇ ਨਾ ਲੱਗਣ ਕਾਰਨ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਹੋ ਰਹੇ।
ਵੋਟਾਂ ਦੀ ਰਾਜਨੀਤੀ ਕਾਰਨ ਵੱਖ ਵੱਖ ਵਰਗਾਂ ਅਧੀਨ ਦੂਜੇ ਦੇਸ਼ਾਂ ਤੋਂ ਜ਼ਰੂਰਤ ਤੋਂ ਵੱਧ ਲੋਕਾਂ ਨੂੰ ਬੁਲਾਉਣ, ਉਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਦੇਣ ਤੇ ਦੂਜੇ ਮੁਲਕਾਂ ਦੀ ਸਹਾਇਤਾ ਦੀ ਆੜ ਵਿੱਚ ਲੁਟਾਏ ਜਾ ਰਹੇ ਪੈਸੇ ਕਾਰਨ ਮੁਲਕ ਦੀ ਆਰਥਿਕਤਾ ਦੇ ਕਮਜ਼ੋਰ ਹੋਣ ਕਾਰਨ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਸਾਧਨਾਂ ਨੂੰ ਪੈਦਾ ਕਰਨ ਵਿੱਚ ਔਕੜ ਆ ਰਹੀ ਹੈ। ਇੱਥੋਂ ਦੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਕਾਰਾਂ ਦੀ ਚੋਰੀ ਅਤੇ ਬਾਹਰਲੇ ਮੁਲਕਾਂ ’ਚ ਵਿਕਣ ਦਾ ਧੰਦਾ ਬੀਮਾ ਯੋਜਨਾ ਦੇ ਮਾਧਿਅਮ ਰਾਹੀਂ ਇੱਥੋਂ ਦੀ ਆਰਥਿਕਤਾ ਦੀਆਂ ਜੜਾਂ ’ਚ ਤੇਲ ਦੇ ਰਿਹਾ ਹੈ, ਜਿਸ ਨਾਲ ਵਧ ਰਹੀ ਆਬਾਦੀ ਮੁਤਾਬਿਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਸਾਧਨਾਂ ਵਿੱਚ ਵਾਧਾ ਨਹੀਂ ਹੋ ਰਿਹਾ। ਅਤਿਵਾਦ, ਲੁੱਟ ਖਸੁੱਟ, ਫਿਰੌਤੀਆਂ, ਮਾਰ ਮਰਾਈ, ਹੇਰਾ ਫੇਰੀਆਂ ਅਤੇ ਕਮਜ਼ੋਰ ਹੁੰਦੀ ਆਰਥਿਕਤਾ ਕਾਰਨ ਦੂਜੇ ਮੁਲਕਾਂ ਤੋਂ ਆਉਣ ਵਾਲੇ ਵਪਾਰੀ ਫੈਕਟਰੀਆਂ ਲਗਾਉਣ ਲਈ ਤਿਆਰ ਨਹੀਂ ਹਨ। ਇਸ ਲਈ ਲੋੜ ਮੁਤਾਬਿਕ ਹੋਰ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਹੋ ਰਹੇ। ਕਾਨੂੰਨਾਂ ਦੀਆਂ ਖਾਮੀਆਂ, ਪੁਲੀਸ ਕੋਲ ਅਧਿਕਾਰਾਂ ਦੀ ਘਾਟ ਅਤੇ ਨਸ਼ਿਆਂ ਦੇ ਵਪਾਰ ਵਿੱਚ ਹੋ ਰਿਹਾ ਲਗਾਤਾਰ ਵਾਧਾ ਤੇ ਕੈਨੇਡਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਦੇ ਪ੍ਰਭਾਵ ਨੂੰ ਪੇਤਲਾ ਕਰ ਰਹੀਆਂ ਹਨ।
ਇਸ ਲਈ ਵੀ ਦੂਜੇ ਦੇਸ਼ਾਂ ਤੋਂ ਲੋਕ ਆ ਕੇ ਇੱਥੇ ਕੋਈ ਵੀ ਧੰਦਾ ਕਰਨ ਲਈ ਤਿਆਰ ਨਹੀਂ। ਇਸ ਲਈ ਵੀ ਰੁਜ਼ਗਾਰ ਦੇ ਸਾਧਨ ਮੁਹੱਈਆ ਨਹੀਂ ਹੋ ਰਹੇ। ਤੇਲ ਅਤੇ ਹੋਰ ਕੁਦਰਤੀ ਸੋਮੇ ਇੱਥੋਂ ਦੇ ਵਪਾਰ ਦੇ ਮਾਧਿਅਮ ਰਾਹੀਂ ਰੁਜ਼ਗਾਰ ਅਤੇ ਆਮਦਨ ਦੇ ਸਾਧਨ ਹਨ, ਜਿਨ੍ਹਾਂ ਵਿੱਚ ਨਿਰੰਤਰ ਨਿਘਾਰ ਆ ਰਿਹਾ ਹੈ। ਕੈਨੇਡਾ ਦੀਆਂ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਆਰਥਿਕਤਾ ’ਚ ਆ ਰਹੇ ਨਿਘਾਰ ਨੂੰ ਠੀਕ ਕਰਨ ਲਈ ਵੋਟਾਂ ਦੀ ਰਾਜਨੀਤੀ ਦੀ ਆੜ ’ਚ ਵੱਖ ਵੱਖ ਵਰਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਬੇਲੋੜੀਆਂ ਸਹੂਲਤਾਂ ਦੇਣ ਉੱਤੇ ਰੋਕ ਲਗਾਉਣੀ ਚਾਹੀਦੀ ਹੈ। ਟੈਕਸ ਦੀ ਚੋਰੀ ਅਤੇ ਹੇਰਾ ਫੇਰੀਆਂ ਨੂੰ ਰੋਕਿਆ ਜਾਵੇ, ਲੁੱਟ ਖਸੁੱਟ, ਚੋਰੀਆਂ, ਫਿਰੌਤੀਆਂ, ਮਾਰ ਮਰਾਈ, ਨਸ਼ਿਆਂ, ਅਤਿਵਾਦ ਅਤੇ ਹੇਰਾਫੇਰੀਆਂ ਨੂੰ ਰੋਕਣ ਲਈ ਕਾਨੂੰਨ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ, ਪੁਲੀਸ ਦੀ ਵੱਧ ਤੋਂ ਵੱਧ ਭਰਤੀ ਕੀਤੀ ਜਾਵੇ ਅਤੇ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਇੱਥੋਂ ਦਾ ਮਾਹੌਲ ਠੀਕ ਹੋਵੇ।
ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਇੱਥੇ ਆ ਕੇ ਵਪਾਰ ਅਤੇ ਵੱਖ ਵੱਖ ਧੰਦੇ ਕਰ ਸਕਣ, ਫੈਕਟਰੀਆਂ ਲਗਾ ਸਕਣ। ਇਸ ਨੂੰ ਛੱਡ ਕੇ ਜਾ ਰਹੇ ਵਪਾਰੀਆਂ ਅਤੇ ਕਾਰਖਾਨੇਦਾਰਾਂ ਦੇ ਜਾਣ ਦੇ ਕਾਰਨਾਂ ਉੱਤੇ ਵਿਚਾਰ ਕਰਕੇ ਉਨ੍ਹਾਂ ਨੂੰ ਮੁੜ ਇਸ ਦੇਸ਼ ਵਿੱਚ ਵਾਪਸ ਲਿਆਦਾਂ ਜਾਵੇ। ਇੱਥੋਂ ਦੀ ਆਮਦਨ ਦੇ ਵੱਡੇ ਸਾਧਨਾਂ ਤੇਲ ਅਤੇ ਕੁਦਰਤੀ ਸਰੋਤਾਂ ਦੇ ਵਪਾਰ ਵਿੱਚ ਆਉਣ ਵਾਲੇ ਘਟਾਅ ਦੇ ਕਾਰਨਾਂ ਨੂੰ ਲੱਭ ਕੇ ਵਪਾਰ ਨੂੰ ਵਧਾਇਆ ਜਾਵੇ। ਰੀਅਲ ਅਸਟੇਟ ਵਿੱਚ ਲਗਾਏ ਜਾਣ ਵਾਲੇ ਪੈਸੇ ਨੂੰ ਰੋਕਣ ਲਈ ਕਾਨੂੰਨ ਬਣਾਇਆ ਜਾਵੇ, ਉਹ ਪੈਸਾ ਫੈਕਟਰੀਆਂ ਲਗਾਉਣ, ਵਪਾਰ ਨੂੰ ਵਧਾਉਣ, ਫਾਰਮ ਹਾਊਸ ਬਣਾਉਣ, ਬਾਗ਼ ਬਗ਼ੀਚੇ ਲਗਾਉਣ ਅਤੇ ਹੋਰ ਧੰਦੇ ਕਰਨ ਵਿੱਚ ਲਗਾਇਆ ਜਾਵੇ ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਬੈਂਕਾਂ ਦੀਆਂ ਐੱਫ਼.ਡੀ.ਆਰ. ਉੱਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾਵੇ। ਰੁਜ਼ਗਾਰ ਦੇ ਸਾਧਨਾਂ ਅਤੇ ਦੂਜੇ ਦੇਸ਼ਾਂ ਤੋਂ ਬੁਲਾਏ ਜਾਣ ਵਾਲੇ ਲੋਕਾਂ ਵਿਚਕਾਰ ਸੰਤੁਲਨ ਬਣਾ ਕੇ ਰੱਖਿਆ ਜਾਵੇ।
ਵੱਧ ਤੋਂ ਵੱਧ ਨਵੀਆਂ ਫੈਕਟਰੀਆਂ ਲਗਾਈਆਂ ਜਾਣ ਅਤੇ ਨਵੇਂ ਧੰਦੇ ਸ਼ੁਰੂ ਕੀਤੇ ਜਾਣ। ਵਿਜ਼ਿਟਰ ਵੀਜ਼ੇ ਉੱਤੇ ਆਏ ਲੋਕਾਂ ਨੂੰ ਰੁਜ਼ਗਾਰ ਦੇਣਾ ਬੰਦ ਕੀਤਾ ਜਾਵੇ। ਬਜ਼ੁਰਗਾਂ ਦੀ ਬਜਾਏ ਨੌਜਵਾਨਾਂ ਨੂੰ ਹੀ ਕੰਮ ਦਿੱਤਾ ਜਾਵੇ। ਸਿਹਤ, ਸਿੱਖਿਆ, ਪੁਲਿਸ, ਫ਼ੌਜ, ਟਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਭਰਤੀ ਕੀਤੀ ਜਾਵੇ। ਬਜ਼ੁਰਗਾਂ ਅਤੇ ਬੱਚਿਆਂ ਦੀ ਸੰਭਾਲ ਲਈ ਨੈਨੀ ਦੀਆਂ ਨੌਕਰੀਆਂ ਦੀ ਵਿਵਸਥਾ ਕੀਤੀ ਜਾਵੇ। ਮੁਲਕ ਦੀ ਸਾਫ਼ ਸਫ਼ਾਈ ਲਈ ਨਗਰ ਕੌਂਸਲਾਂ ਵਿੱਚ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ। ਸਰਕਾਰਾਂ ਦੇ ਨਾਲ ਨਾਲ ਇਸ ਮੁਲਕ ’ਚ ਰਹਿੰਦੇ ਪ੍ਰਵਾਸੀ ਲੋਕਾਂ ਨੂੰ ਟੈਕਸਾਂ ਦੀ ਚੋਰੀ ਬੰਦ ਕਰਨੀ ਪਵੇਗੀ, ਥੋਖਾਧੜੀਆਂ, ਹੇਰਾ ਫੇਰੀਆਂ, ਲੁੱਟਾਂ ਖੋਹਾਂ, ਮਾਰ ਮਰਾਈ, ਗੱਡੀਆਂ ਚੋਰੀ ਕਰਨ, ਬੀਮਾ ਯੋਜਨਾ ਦੀ ਦੁਰਵਰਤੋਂ ਕਰਨ ਵਰਗੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਾ ਪਵੇਗਾ। ਇੱਥੇ ਪੜ੍ਹਨ ਅਤੇ ਰੁਜ਼ਗਾਰ ਲੱਭਣ ਆਉਣ ਵਾਲੇ ਨੌਜਵਾਨਾਂ ਨੂੰ ਕੋਈ ਨਾ ਕੋਈ ਹੁਨਰ ਆਪਣੇ ਨਾਲ ਲੈ ਕੇ ਆਉਣਾ ਪਵੇਗਾ। ਜੇਕਰ ਇੱਥੋਂ ਦੀਆਂ ਸਰਕਾਰਾਂ ਅਤੇ ਇੱਥੇ ਵੱਸਦੇ ਪਰਵਾਸੀਆਂ ਨੇ ਇਨ੍ਹਾਂ ਗੱਲਾਂ ਉੱਤੇ ਅਮਲ ਨਾ ਕੀਤਾ ਤਾਂ ਇੱਥੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ।
![]()
