ਡਾ. ਅੰਤਰਪ੍ਰੀਤ ਸਿੰਘ ਬੈਨੀਪਾਲ
ਪੰਜਾਬੀ ਗਾਇਕੀ ਦਾ ਮੁੱਢਲਾ ਦੌਰ ਬਾਬਾ ਫ਼ਰੀਦ ਦੇ ਸੂਫ਼ੀਆਨਾ ਰੰਗ ਨਾਲ ਭਰਪੂਰ ਸਮਿਆਂ ਨੂੰ ਮੰਨਿਆ ਜਾ ਸਕਦਾ ਹੈ। ਭਾਵੇਂ ਉਨ੍ਹਾਂ ਤੋਂ ਪਹਿਲਾਂ ਵੀ ਪੰਜਾਬ ਦੀ ਧਰਤੀ ’ਤੇ ਅਨੇਕਾਂ ਗਾਇਕ ਰੂਪੀ ਬੁੱਧੀਜੀਵੀ ਆਏ ਹੋਣਗੇ, ਪਰ ਜੇਕਰ ਭਾਸ਼ਾ ਨੂੰ ਮੁੱਖ ਆਧਾਰ ਰੱਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਦੀ ਮੂਲ ਰੂਪ ਵਿੱਚ ਵਰਤੋਂ ਬਾਬਾ ਫ਼ਰੀਦ ਜੀ ਦੇ ਸੂਫ਼ੀ ਅੰਦਾਜ਼ ਵਿੱਚ ਹੋਈ।
ਦਰਅਸਲ, ਕਿਸੇ ਖੇਤਰ ਦੀ ਭਾਸ਼ਾ, ਉੱਥੋਂ ਦਾ ਵਿਰਸਾ, ਰੀਤੀ-ਰਿਵਾਜ, ਰਹਿਣ ਸਹਿਣ ਹੀ ਮਨੋਰੰਜਨ ਦੇ ਇੱਕ ਰੂਪ ਵਜੋਂ ਉੱਥੋਂ ਦੇ ਗੀਤਾਂ ਵਿੱਚ ਝਲਕਣ ਲੱਗਦਾ ਹੈ। ਜੇਕਰ ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਅਜਿਹਾ ਕੁਝ ਹੀ ਸਾਹਮਣੇ ਆਉਾਂਦਾਹੈ। ਸਮੇਂ ਦੇ ਨਾਲ ਤਬਦੀਲੀਆਂ ਆਉਣੀਆਂ ਸੁਭਾਵਿਕ ਹਨ। ਸੂਫ਼ੀ ਗਾਇਕੀ ਤੋਂ ਅੰਦਾਜ਼ ਬਦਲਦੇ ਹੋਏ ਰਹਿਣ-ਸਹਿਣ ਅਤੇ ਵਿਰਸੇ ਅਤੇ ਸੱਭਿਆਚਾਰ ਨਾਲ ਮਿਲਦੇ ਹੋਏ ਲੋਕ ਗੀਤਾਂ ਵਿੱਚ ਤਬਦੀਲ ਹੋ ਗਿਆ। ਭਾਵ ਸਮੇਂ ਨਾਲ ਕਿਸੇ ਵਿਸ਼ੇਸ਼ ਖੇੇਤਰ ਵਿੱਚ ਆਈਆਂ ਤਬਦੀਲੀਆਂ ਜਿਵੇਂ ਕਿ ਉੱਥੋਂ ਦੇ ਲੋਕਾਂ ਦਾ ਸੁਭਾਅ, ਜ਼ਮਾਨੇ ਵਿੱਚ ਵਰਤੋਂ ਦੀਆਂ ਵਸਤੂਆਂ, ਸਰੋਤ, ਸੰਦ ਆਦਿ ਦਾ ਜ਼ਿਕਰ ਉੱਥੋਂ ਦੇ ਵਿਰਸੇ ਵਿੱਚ ਆਉਣ ਲੱਗਦਾ ਹੈ ਅਤੇ ਗਾਇਕੀ ਵੀ ਇਸੇ ਦਾ ਭਾਗ ਮੰਨਿਆ ਜਾ ਸਕਦਾ ਹੈ। ਗਾਇਕੀ ਦਾ ਪ੍ਰਮੁੱਖ ਸਬੰਧ ਗਾਉਣ ਸਮੇਂ ਵਰਤੇ ਜਾਂਦੇ ਸੰਗੀਤ ਨਾਲ ਹੁੰਦਾ ਹੈ ਅਤੇ ਸਮੇਂ ਅਨੁਸਾਰ ਆਉਂਦੀਆਂ ਤਕਨੀਕਾਂ ਰਾਹੀਂ ਵੀ। ਜਿਵੇਂ ਜਿਵੇਂ ਸੰਗੀਤਕ ਸੰਦਾਂ ਦੀ ਖੋਜ ਹੁੰਦੀ ਗਈ, ਉਸੇ ਤਰ੍ਹਾਂ ਗਾਇਕੀ ਵਿੱਚ ਵੀ ਤਬਦੀਲੀ ਆਉਂਦੀ ਗਈ। ਇਸੇ ਪਰਿਵਰਤਨ ਅਨੁਸਾਰ ਇੱਕ ਸਮੇਂ ’ਤੇ ਗਾਏ ਜਾਣ ਵਾਲੇ ਸੰਗੀਤਕ ਰੰਗ ਨੂੰ ਆਉਂਦੀਆਂ ਪੀੜ੍ਹੀਆਂ ਵਿੱਚ ਸੂਫ਼ੀਆਨਾ ਅਤੇ ਲੋਕ ਗਾਇਕੀ ਦਾ ਨਾਮ ਦਿੱਤਾ ਗਿਆ। ਅਕਸਰ ਇਤਿਹਾਸਕ ਅਧਿਆਇਆਂ ਵਿੱਚ ਗਾਇਕੀ ਦਾ ਜ਼ਿਕਰ ਇਸ ਹੱਦ ਤੱਕ ਹੁੰਦਾ ਆਇਆ ਹੈ ਕਿ ਇਨਸਾਨ ਦੇ ਜੰਮਣ ਤੋਂ ਲੈ ਕੇ ਸਮਾਜਿਕ ਵਿਹਾਰਾਂ ਨੂੰ ਪਾਰ ਕਰਦੇ ਹੋਏ ਮਰਨ ਤੀਕ ਵੀ ਗਾਇਕੀ ਦੀਆਂ ਰੀਤਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਸੂਫ਼ੀਆਨਾ ਕਲਾਮਾਂ ਤੋਂ ਕਵੀਸ਼ਰੀ ਅੰਦਾਜ਼ ਦੀ ਪੌੜੀ ਚੜ੍ਹਦੇ ਹੋਏ ਰਬਾਬੀ ਵਾਰਾਂ ਦਾ ਅਧਿਆਏ ਆਇਆ।
ਫਿਰ ਧਾਰਮਿਕ ਸੰਗੀਤਕ ਛੋਹ ਨੂੰ ਮਹਿਸੂਸ ਕਰਨ ਉਪਰੰਤ ਪੰਜਾਬੀ ਭਾਸ਼ਾ ਦੇ ਵਿਕਾਸ ਅਧੀਨ ਸੰਗੀਤਕ ਰੰਗ ਵਿੱਚ ਲਗਾਤਾਰ ਵਿਕਾਸਸ਼ੀਲ ਤਬਦੀਲੀਆਂ ਆਈਆਂ। ਇਸ ਦਾ ਪ੍ਰਮੁੱਖ ਕਾਰਨ ਸੰਗੀਤਕ ਸੰਦਾਂ ਦੀ ਹੋਂਦ ਹੈ ਅਤੇ ਤਬਦੀਲੀਆਂ ਵੀ ਇਨ੍ਹਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਹੀ ਹੋਈਆਂ। ਪੰਜਾਬੀ ਸੱਭਿਆਚਾਰ ਦਾ ਵਿਕਾਸ ਵੀ ਇੱਥੋਂ ਦੇ ਕਿੱਤਿਆਂ, ਰੀਤਾਂ ਰਿਵਾਜਾਂ ਅਨੁਸਾਰ ਹੀ ਹੋਇਆ ਅਤੇ ਇਸ ਦਾ ਰੰਗ ਪੰਜਾਬੀ ਗਾਇਕੀ ਵਿੱਚ ਵੀ ਸਮਾ ਗਿਆ। ਇਸ ਤੋਂ ਅਗਲਾ ਦੌਰ ਕੁਦਰਤੀ ਅਤੇ ਅਲੌਕਿਕ ਸਿਫਤਾਂ ਤੋਂ ਬਦਲ ਕੇ ਇਸ਼ਕ ਹਕੀਕੀ ਦੇ ਗੀਤਾਂ ਦਾ ਆਉਾਂਦਾਹੈ ਕਿਉਂਕਿ ਸਮਾਜ ਵਿੱਚ ਪੱਛਮੀ ਛੋਹ ਨੇ ਆਪਣਾ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਸੀ। ਤਰੱਕੀ ਦੇ ਦੌਰ ਵਿੱਚ ਸੱਭਿਆਚਾਰਕ ਰੰਗ ਵੀ ਨਵੀਨ ਹੋਣ ਲੱਗੇ ਅਤੇ ਪੰਜਾਬੀ ਸੰਗੀਤ ਵੀ ਪੂਰੀ ਦੁਨੀਆ ਵਿੱਚ ਆਪਣਾ ਰੰਗ ਵਿਖਾਉਣ ਲੱਗਾ।
ਇੱਕ ਆਮ ਅਵਸਥਾ ਵਿੱਚ ਸੰਗੀਤ ਨੂੰ ਇੰਨੀ ਮਸ਼ਹੂਰੀ ਨਹੀਂ ਮਿਲਦੀ ਜਿੰਨੀ ਕਿ ਗਾਇਕੀ ਨੂੰ ਮਿਲਦੀ ਹੈ, ਹਾਲਾਂਕਿ ਗਾਇਕੀ ਦਾ ਰੰਗ ਸੰਗੀਤ ਤੋਂ ਬਿਨਾਂ ਫਿੱਕਾ ਹੀ ਹੁੰਦਾ ਹੈ। ਪੰਜਾਬੀ ਸੰਗੀਤ ਨੇ ਪੰਜਾਬੀ ਗਾਇਕੀ ਨੂੰ ਪ੍ਰਸਿੱਧ ਕੀਤਾ ਜਿਸ ਨਾਲ ਪੰਜਾਬੀ ਸੰਗੀਤਕ ਉਦਯੋਗ ਹੋਰ ਵੀ ਮਜ਼ਬੂਤ ਹੋਇਆ- ਤਕਨੀਕੀ ਤੌਰ ’ਤੇ ਵੀ ਅਤੇ ਆਰਥਿਕ ਤੌਰ ’ਤੇ ਵੀ। ਸੁਭਾਵਿਕ ਹੈ ਕਿ ਤਰੱਕੀ ਆਪਣੇ ਨਾਲ ਕੁਝ ਮਾੜੇ ਪੱਖ ਵੀ ਲੈ ਕੇ ਆਉਂਦੀ ਹੈ। ਅਜਿਹੇ ਵਿੱਚ ਪੰਜਾਬੀ ਸੰਗੀਤਕ ਤਰੱਕੀ ਆਪਣੇ ਨਾਲ ਕੁਝ ਅਜਿਹੇ ਤੱਤ ਲੈ ਕੇ ਆਈ ਕਿ ਗੀਤਕਾਰਾਂ ਦੇ ਲਿਖਣ ਦਾ ਮਿਆਰ ਗਿਰ ਗਿਆ, ਪਰ ਸਰੋਤਿਆਂ ਨੇ ਕੋਈ ਸ਼ਿਕਵਾ ਨਹੀਂ ਦਿਖਾਇਆ ਅਤੇ ਪੰਜਾਬੀ ਗਾਇਕੀ ਨੂੰ ਡਿੱਗਦੇ ਸ਼ਬਦਾਵਲੀ ਮਿਆਰ ਦੌਰਾਨ ਵੀ ਭਰਪੂਰ ਸਹਿਯੋਗ ਦਿੱਤਾ ਗਿਆ। ਸਰੋਤਿਆਂ ਦੀ ਪਸੰਦ ਤੋਂ ਪਰੇ ਜਾ ਕੇ ਅਜਿਹੇ ਵਿੱਚ ਕਾਫ਼ੀ ਕਲਾਕਾਰਾਂ ਨੇ ਇਸ ਡਿੱਗਦੇ ਮਿਆਰ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਤੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ।
ਜਦੋਂ ਸਮੇਂ ਦੀ ਨਜ਼ਾਕਤ ਅਨੁਸਾਰ ਪੰਜਾਬੀ ਗਾਇਕੀ ਵਿੱਚ ਆਰਥਿਕ ਸੁਧਾਰ ਨਜ਼ਰ ਆਉਣ ਲੱਗੇ ਤਾਂ ਗਾਇਕੀ ਦਾ ਪੇਸ਼ਾ ਵੀ ਆਪਣੇ ਪੈਰ ਪਸਾਰਨ ਲੱਗਿਆ। ਹੁਣ ਗਾਇਕ ਆਪਣੇ ਅਖਾੜੇ ਸਜਾਉਣ ਲਈ ਮੇਲਿਆਂ ਦੀ ਭਾਲ ਕਰਨ ਲੱਗੇ। ਮਸ਼ਹੂਰੀ ਵਿਸ਼ਵ ਪੱਧਰ ’ਤੇ ਹੋਣ ਨਾਲ ਅਖਾੜੇ ਵੀ ਵਿਦੇਸ਼ਾਂ ’ਚ ਲੱਗਣ ਲੱਗ ਗਏ ਅਤੇ ਆਰਥਿਕ ਵਿਕਾਸ ਆਪਣੇ ਸਿਖਰ ਵੱਲ ਜਾਣ ਲੱਗਾ। ਪੰਜਾਬ ਤੋਂ ਪਰਵਾਸ ਕਰਕੇ ਗਏ ਲੋਕਾਂ ਨੇ ਪੰਜਾਬੀ ਗਾਇਕੀ ਦੀ ਲੋੜ ਵਿਸ਼ਵ ਪੱਧਰ ’ਤੇ ਹੋਰ ਵੀ ਵਧਾ ਦਿੱਤੀ। ਅੱਜ ਪੰਜਾਬੀ ਗਾਇਕੀ ਦਾ ਕੇਵਲ ਪੰਜਾਬੀ ਲੋਕ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਦੇ ਵਾਸੀ ਵੀ ਆਨੰਦ ਲੈਣ ਵਿੱਚ ਮੋਹਰੀ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਦਰਜਾਬੰਦੀ ਏਜੰਸੀਆਂ ਦੇ ਸਿਖਰ ’ਤੇ ਪੰਜਾਬੀ ਗਾਇਕਾਂ ਦੇ ਨਾਮ ਵੇਖੇ ਜਾ ਸਕਦੇ ਹਨ।
ਪੰਜਾਬੀ ਗਾਇਕੀ ਮੌਜੂਦਾ ਸਮਾਜਿਕ ਸਥਿਤੀ ਬਿਆਨ ਕਰ ਰਹੀ ਹੈ ਅਤੇ ਨਾਲ ਹੀ ਵੱਡੇ ਪੱਧਰ ’ਤੇ ਸਰੋਤਿਆਂ ਨੂੰ ਪ੍ਰਭਾਵਿਤ ਵੀ ਕਰਦੀ ਹੈ। ਜੇਕਰ ਅੱਜ ਪੰਜਾਬ ਵਿੱਚ ਨਸ਼ਿਆਂ ਨੇ ਪੈਰ ਪਸਾਰੇ ਹਨ ਤਾਂ ਇਸ ਦਾ ਇੱਕ ਮੁੱਢਲਾ ਕਾਰਨ ਗੀਤਾਂ ਵਿੱਚ ਅਫ਼ੀਮ ਵਰਗੇ ਨਸ਼ਿਆਂ ਦੀ ਵਰਤੋਂ ਦੇ ਪ੍ਰਚਾਰ ਨੂੰ ਮੰਨਿਆ ਜਾ ਸਕਦਾ ਹੈ ਜਿਸ ਨੇ ਬਾਅਦ ਵਿੱਚ ਘਾਤਕ ਰੂਪ ਧਾਰਦੇ ਹੋਏ ਅਨੇਕਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਕਿਤੇ ਉਹ ਇਸ ਸ਼ਾਹੀ ਨਸ਼ੇ ਦੀ ਵਰਤੋਂ ਕਰਨ ਤੋਂ ਵਾਂਝੇ ਨਾ ਰਹਿ ਜਾਣ। ਇਸੇ ਤਰ੍ਹਾਂ ਹੀ ਗੀਤਾਂ ਰਾਹੀਂ ਹਥਿਆਰਾਂ ਦੀ ਹੋਈ ਲੋੜੋਂ ਵੱਧ ਮਸ਼ਹੂਰੀ ਦਾ ਨਤੀਜਾ ਅੱਜ ਪੰਜਾਬ ਵਿੱਚ ਗੈਂਗਸਟਰਵਾਦ ਦਾ ਫੈਲਾਅ ਹੈ ਜੋ ਕਿ ਹੁਣ ਕਾਬੂ ਵਿੱਚ ਨਹੀਂ ਆ ਰਿਹਾ।
ਬਿਨਾਂ ਸਰੋਤਾਂ ਤੋਂ ਸ਼ੁਰੂ ਹੋ ਕੇ ਵੱਖ- ਵੱਖ ਸੰਦਾਂ ਦੀ ਵਰਤੋਂ ਕਰਦੇ ਹੋਏ ਅੱਜ ਪੰਜਾਬੀ ਗਾਇਕੀ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਹੈ ਭਾਵੇਂ ਕਿ ਵੱਡੇ ਪੱਧਰ ’ਤੇ ਗੀਤਕਾਰੀ ਦਾ ਮਿਆਰ ਓਨਾ ਉੱਚਾ ਨਹੀਂ ਰਿਹਾ, ਪਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਇਸ ਦੌਰ ਨੂੰ ਪੰਜਾਬੀ ਗਾਇਕੀ ਦਾ ਸਿਖਰਲਾ ਦੌਰ ਹੀ ਲਿਖਿਆ ਜਾਵੇਗਾ। ਅੱਜ ਪੰਜਾਬੀ ਗਾਇਕੀ ਨੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਇਆ ਹੈ ਤੇ ਅਲਾਮਤ ਆਉਣ ’ਤੇ ਹਰ ਸੰਭਵ ਮਦਦ ਦਾ ਯਤਨ ਵੀ ਕੀਤਾ ਹੈ। ਅੱਜ ਜਦੋਂ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਹੋਂਦ ’ਤੇ ਬੇਸ਼ੱਕ ਅਨੇਕ ਖ਼ਤਰੇ ਮੰਡਰਾ ਰਹੇ ਹਨ, ਪਰ ਪੰਜਾਬੀ ਗਾਇਕੀ ਇੱਕ ਅਜਿਹਾ ਪਹਿਲੂ ਹੈ ਜੋ ਕਿ ਸੱਭਿਆਚਾਰ ਜਾਂ ਵਿਰਸੇ ਜਾਂ ਲੋਕ ਰੰਗ ਨੂੰ ਨਾ ਸਹੀ, ਪਰ ਪੰਜਾਬੀ ਭਾਸ਼ਾ ਅਤੇ ਪੰਜਾਬੀ ਧੁਨਾਂ ਨੂੰ ਪੂਰੇ ਵਿਸ਼ਵ ਵਿੱਚ ਬਾਖੂਬੀ ਪੇਸ਼ ਕਰ ਰਹੀ ਹੈ। ਮਾਣ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕੋਈ ਗ਼ੈਰ ਪੰਜਾਬੀ ਬੋਲੀ ਬੋਲਣ ਵਾਲਾ ਵੀ ਪੰਜਾਬੀ ਗੀਤ ਗੁਣਗੁਣਾਉਂਦਾ ਨਜ਼ਰ ਆਉਂਦਾ ਹੈ।
![]()
