ਕੀ ਤੁਹਾਡੀ ਪਿੱਠ ਜਾਂ ਗਰਦਨ ’ਚ ਅਕਸਰ ਤੇਜ਼ ਦਰਦ ਰਹਿੰਦਾ ਹੈ? ਬਦਲਦੀ ਜੀਵਨਸ਼ੈਲੀ ਅਤੇ ਘੰਟਿਆਂਬੱਧੀ ਗਲਤ ਤਰੀਕੇ (ਪੌਸਚਰ) ਨਾਲ ਬੈਠੇ ਰਹਿਣਾ ‘ਸਲਿੱਪ ਡਿਸਕ’ ਦਾ ਕਾਰਨ ਹੋ ਸਕਦਾ ਹੈ। ਇਸ ਨੂੰ ‘ਹਰਨੀਏਟਿਡ ਡਿਸਕ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਰੀੜ੍ਹ ਦੀ ਹੱਡੀ ’ਚ ਹੋਣ ਵਾਲੀ ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਬੈਕਬੋਨ (ਰੀੜ੍ਹ ਦੀ ਹੱਡੀ) ਦੇ ਵਿਚਕਾਰ ਮੌਜੂਦ ਡਿਸਕ ਕੁਦਰਤੀ ਤੌਰ ’ਤੇ ਜਾਂ ਸੱਟ ਲੱਗਣ ਕਾਰਨ ਆਪਣੀ ਜਗ੍ਹਾ ਤੋਂ ਖਿਸਕ ਜਾਂਦੀ ਹੈ ਜਾਂ ਲੀਕ ਹੋ ਜਾਂਦੀ ਹੈ। ਇਸ ਨਾਲ ਸਪਾਈਨਲ ਕੋਰਡ (ਰੀੜ੍ਹ ਦੀ ਨਾੜੀ) ’ਤੇ ਦਬਾਅ ਪੈਂਦਾ ਹੈ ਤੇ ਨਸਾਂ ’ਚ ਜਲਣ ਹੁੰਦੀ ਹੈ ਜਿਸ ਨਾਲ ਤੇਜ਼ ਦਰਦ, ਸੁੰਨ ਹੋਣਾ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।
ਇਹ ਸਮੱਸਿਆ ਜ਼ਿਆਦਾਤਰ ਕਮਰ ਦੇ ਹੇਠਲੇ ਹਿੱਸੇ ਤੇ ਗਰਦਨ ’ਚ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕੁਝ ਮਾਮਲਿਆਂ ’ਚ ਸਲਿੱਪ ਡਿਸਕ ਨੂੰ ਬਿਨਾਂ ਕਿਸੇ ਆਪ੍ਰੇਸ਼ਨ ਦੇ ਸਮੇਂ ਸਿਰ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ? ਆਓ ਜਾਣਦੇ ਹਾਂ ਇਸ ਦੇ ਸ਼ੁਰੂਆਤੀ ਲੱਛਣ ਅਤੇ ਇਸ ਤੋਂ ਰਾਹਤ ਪਾਉਣ ਦੇ ਕੁਝ ਤਰੀਕੇ।
ਕਮਰ ’ਚ ਸਲਿੱਪ ਡਿਸਕ ਦੇ ਲੱਛਣ
ਸਲਿੱਪ ਡਿਸਕ ਦੀ ਪਰੇਸ਼ਾਨੀ ਰੀੜ੍ਹ ਦੀ ਹੱਡੀ ਦੇ ਕਿਸੇ ਵੀ ਹਿੱਸੇ ’ਚ ਹੋ ਸਕਦੀ ਹੈ, ਪਰ ਪਿੱਠ ਦੇ ਹੇਠਲੇ ਹਿੱਸੇ ’ਚ ਇਹ ਸਮੱਸਿਆ ਹੋਣਾ ਆਮ ਗੱਲ ਹੈ। ਇੱਥੇ ਸਲਿੱਪ ਡਿਸਕ ਦੀ ਸਮੱਸਿਆ ਹੋਣ ਨਾਲ ਅਕਸਰ ‘ਸਾਈਟਿਕਾ’ ਦਾ ਦਰਦ ਸ਼ੁਰੂ ਹੋਣ ਲੱਗਦਾ ਹੈ। ਇਸ ਵਿੱਚ ਲੱਕ ਤੋਂ ਲੈ ਕੇ ਪੈਰ ਦੀਆਂ ਉਂਗਲਾਂ ਤੱਕ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਨਾਲ ਹੀ, ਉੱਠਣ-ਬੈਠਣ ਅਤੇ ਚੱਲਣ ਵਿੱਚ ਦਿੱਕਤ ਹੁੰਦੀ ਹੈ ਅਤੇ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆ ਜਾਂਦੀ ਹੈ।
ਗਰਦਨ ’ਚ ਸਲਿੱਪ ਡਿਸਕ ਦੇ ਲੱਛਣ
ਜੇਕਰ ਤੁਹਾਨੂੰ ਗਰਦਨ ਦੇ ਪਿੱਛੇ ਜਾਂ ਪਾਸਿਆਂ ’ਤੇ ਲਗਾਤਾਰ ਦਰਦ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਓ। ਗਰਦਨ ’ਚ ਡਿਸਕ ਦੀ ਸਮੱਸਿਆ ਹੋਣ ’ਤੇ ਮੋਢਿਆਂ ਅਤੇ ਹੱਥਾਂ ’ਚ ਸੁੰਨ ਹੋਣਾ ਜਾਂ ਝੁਣਝੁਣੀ ਮਹਿਸੂਸ ਹੋ ਸਕਦੀ ਹੈ। ਅਕਸਰ ਇਹ ਦਰਦ ਮੋਢਿਆਂ ਦੇ ਵਿਚਕਾਰ ਅਤੇ ਹੱਥਾਂ ਦੀਆਂ ਉਂਗਲਾਂ ਤੱਕ ਵੀ ਪਹੁੰਚ ਜਾਂਦਾ ਹੈ। ਗਰਦਨ ਘੁਮਾਉਂਦੇ ਜਾਂ ਝੁਕਾਉਂਦੇ ਸਮੇਂ ਦਰਦ ਦਾ ਵਧਣਾ ਇਸ ਦਾ ਇੱਕ ਵੱਡਾ ਸੰਕੇਤ ਹੈ।
ਇਸ ਦੇ ਦਰਦ ਤੋਂ ਘਰ ਵਿੱਚ ਕਿਵੇਂ ਪਾਈਏ ਰਾਹਤ?
ਸਲਿੱਪ ਡਿਸਕ ਦਾ ਦਰਦ ਸਮੇਂ ਦੇ ਨਾਲ ਆਪਣੇ ਆਪ ਠੀਕ ਹੋ ਜਾਂਦਾ ਹੈ। ਜੇਕਰ ਦਰਦ ਬਹੁਤ ਜ਼ਿਆਦਾ ਹੈ ਤਾਂ 1 ਤੋਂ 3 ਦਿਨਾਂ ਤਕ ਆਰਾਮ ਕਰੋ, ਪਰ ਬਹੁਤ ਜ਼ਿਆਦਾ ਸਮੇਂ ਤੱਕ ਬੈੱਡ ਰੈਸਟ ਨਾ ਕਰੋ, ਨਹੀਂ ਤਾਂ ਸਰੀਰ ਵਿੱਚ ਅਕੜਾਅ ਵਧ ਸਕਦਾ ਹੈ। ਦਰਦ ਘੱਟ ਕਰਨ ਲਈ ਤੁਸੀਂ ਡਾਕਟਰ ਦੀ ਸਲਾਹ ’ਤੇ ਪੇਨ ਕਿੱਲਰ ਲੈ ਸਕਦੇ ਹੋ। ਇਸ ਦੇ ਨਾਲ ਹੀ, ਪ੍ਰਭਾਵਿਤ ਹਿੱਸੇ ’ਤੇ ਬਰਫ਼ ਜਾਂ ਗਰਮ ਪਾਣੀ ਨਾਲ ਸੇਕ ਕਰਨ ’ਤੇ ਕਾਫੀ ਰਾਹਤ ਮਿਲਦੀ ਹੈ।
![]()
