‘ਡੇਟਿੰਗ ਬਰਨਆਊਟ’ ਦਾ ਸ਼ਿਕਾਰ ਹੋ ਰਹੇ ਹਨ ਨੌਜਵਾਨ

In ਖਾਸ ਰਿਪੋਰਟ
March 20, 2026

ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਡੇਟਿੰਗ ਐਪਸ ’ਤੇ ਘੰਟਿਆਂ ਬੱਧੀ ਸਮਾਂ ਬਿਤਾਉਣ ਦੇ ਬਾਵਜੂਦ ਤੁਹਾਨੂੰ ਖੁਸ਼ੀ ਨਹੀਂ, ਸਗੋਂ ਚਿੜਚਿੜਾਪਨ ਜਾਂ ਥਕਾਵਟ ਮਹਿਸੂਸ ਹੋ ਰਹੀ ਹੈ? ਜੇਕਰ ਹਾਂ, ਤਾਂ ਤੁਸੀਂ ‘ਡੇਟਿੰਗ ਬਰਨਆਊਟ’ ਦਾ ਸ਼ਿਕਾਰ ਹੋ ਸਕਦੇ ਹੋ। ਨਵੇਂ ਲੋਕਾਂ ਨੂੰ ਮਿਲਣਾ, ਖੁਦ ਨੂੰ ਪਰਫੈਕਟ ਦਿਖਾਉਣਾ ਅਤੇ ਫਿਰ ਰਿਜੈਕਸ਼ਨ (ਨਕਾਰੇ ਜਾਣ) ਦਾ ਸਾਹਮਣਾ ਕਰਨਾ ਮਾਨਸਿਕ ਤੌਰ ’ਤੇ ਬਹੁਤ ਥਕਾ ਦੇਣ ਵਾਲਾ ਹੁੰਦਾ ਹੈ।
ਸੌਖੇ ਸ਼ਬਦਾਂ ਵਿੱਚ ਜਦੋਂ ਪਿਆਰ ਦੀ ਭਾਲ ਜਾਂ ਡੇਟਿੰਗ ਦਾ ਉਤਸ਼ਾਹ ਇੱਕ ਕੰਮ ਜਾਂ ਬੋਝ ਵਾਂਗ ਲੱਗਣ ਲੱਗੇ ਤਾਂ ਉਸਨੂੰ ਡੇਟਿੰਗ ਬਰਨਆਊਟ ਕਹਿੰਦੇ ਹਨ। ਇਹ ਬਿਲਕੁਲ ਉਹੀ ਥਕਾਵਟ ਹੈ ਜੋ ਦਫ਼ਤਰ ਵਿੱਚ ਜ਼ਿਆਦਾ ਕੰਮ ਕਰਨ ਨਾਲ ਮਹਿਸੂਸ ਹੁੰਦੀ ਹੈ। ਇਨਸਾਨ ਨੂੰ ਲੱਗਦਾ ਹੈ ਕਿ ਉਹ ਇੱਕ ਚੱਕਰ ਵਿੱਚ ਫਸ ਗਿਆ ਹੈ—ਪ੍ਰੋਫਾਈਲ ਬਣਾਉਣਾ, ਮੈਚ ਲੱਭਣਾ, ਗੱਲ ਸ਼ੁਰੂ ਕਰਨਾ, ਡੇਟ ’ਤੇ ਜਾਣਾ ਅਤੇ ਫਿਰ ਸਭ ਕੁਝ ਖ਼ਤਮ ਹੋ ਜਾਣਾ।
ਨੌਜਵਾਨਾਂ ’ਤੇ ਇਸ ਦਾ ਪ੍ਰਭਾਵ
ਆਤਮ-ਸਨਮਾਣ ਵਿੱਚ ਕਮੀ: ਵਾਰ-ਵਾਰ ਰਿਜੈਕਸ਼ਨ ਜਾਂ ‘ਘੋਸਟਿੰਗ’ (ਬਿਨਾਂ ਦੱਸੇ ਗੱਲ ਬੰਦ ਕਰਨਾ) ਕਾਰਨ ਨੌਜਵਾਨਾਂ ਨੂੰ ਆਪਣੀ ਕਾਬਲੀਅਤ ’ਤੇ ਸ਼ੱਕ ਹੋਣ ਲੱਗਦਾ ਹੈ।
ਮਾਨਸਿਕ ਤਣਾਅ ਅਤੇ ਐਂਗਜ਼ਾਇਟੀ: ਹਰ ਵਾਰ ਨਵੇਂ ਵਿਅਕਤੀ ਸਾਹਮਣੇ ਆਪਣੀ ਕਹਾਣੀ ਦੁਹਰਾਉਣਾ ਅਤੇ ਫਿਰ ਨਿਰਾਸ਼ਾ ਹੱਥ ਲੱਗਣਾ ਤਣਾਅ ਪੈਦਾ ਕਰਦਾ ਹੈ।
ਵਿਕਲਪਾਂ ਦੀ ਭਰਮਾਰ ਐਪਸ ’ਤੇ ਇੰਨੇ ਜ਼ਿਆਦਾ ਆਪਸ਼ਨ ਮਿਲਦੇ ਹਨ ਕਿ ਨੌਜਵਾਨ ਕਿਸੇ ਇੱਕ ਵਿਅਕਤੀ ਨਾਲ ਡੂੰਘਾ ਰਿਸ਼ਤਾ ਨਹੀਂ ਬਣਾ ਪਾਉਂਦੇ। ਭਾਵਨਾਵਾਂ ਦਾ ਖ਼ਤਮ ਹੋਣਾ: ਲਗਾਤਾਰ ਅਸਫਲਤਾ ਤੋਂ ਬਾਅਦ ਲੋਕ ਭਾਵਨਾਤਮਕ ਤੌਰ ’ਤੇ ਸੁੰਨ ਹੋ ਜਾਂਦੇ ਹਨ।
ਇਸ ਬਰਨਆਊਟ ਤੋਂ ਕਿਵੇਂ ਬਚੀਏ
ਡੇਟਿੰਗ ਡਿਟੌਕਸ : ਕੁਝ ਸਮੇਂ ਲਈ ਸਾਰੀਆਂ ਡੇਟਿੰਗ ਐਪਸ ਨੂੰ ਅਨ-ਇੰਸਟਾਲ ਕਰ ਦਿਓ। ਇਹ ਬ੍ਰੇਕ ਤੁਹਾਡੇ ਦਿਮਾਗ ਨੂੰ ਰੀਸੈੱਟ ਕਰਨ ਵਿੱਚ ਮਦਦ ਕਰੇਗਾ।
ਕੁਆਲਿਟੀ ਬਨਾਮ ਕੁਆਂਟਿਟੀ: ਹਰ ਕਿਸੇ ਨਾਲ ਮੈਚ ਕਰਨ ਦੀ ਬਜਾਏ, ਸਿਰਫ਼ ਉਨ੍ਹਾਂ ਲੋਕਾਂ ’ਤੇ ਧਿਆਨ ਦਿਓ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਮਿਲਦੇ ਹੋਣ।
ਖੁਦ ’ਤੇ ਧਿਆਨ ਦਿਓ: ਡੇਟਿੰਗ ਨੂੰ ਜ਼ਿੰਦਗੀ ਦਾ ਕੇਂਦਰ ਬਣਾਉਣ ਦੀ ਬਜਾਏ ਆਪਣੀ ਹੌਬੀ, ਕਰੀਅਰ ਅਤੇ ਦੋਸਤਾਂ ਨੂੰ ਸਮਾਂ ਦਿਓ।
ਆਫਲਾਈਨ ਮੁਲਾਕਾਤ: ਕਿਸੇ ਵਰਕਸ਼ਾਪ, ਜਿਮ ਜਾਂ ਸਮਾਜਿਕ ਪ੍ਰੋਗਰਾਮ ਵਿੱਚ ਲੋਕਾਂ ਨੂੰ ਮਿਲਣਾ ਐਪਸ ਦੇ ਮੁਕਾਬਲੇ ਜ਼ਿਆਦਾ ਅਸਲੀ ਅਤੇ ਘੱਟ ਥਕਾਊ ਹੁੰਦਾ ਹੈ।

Loading