ਚੰਡੀਗੜ੍ਹ/ਏ.ਟੀ.ਨਿਊਜ਼: ਹਰਿਆਣਾ ਵਿੱਚ ਇੱਕ ਗੰਭੀਰ ਸਿਹਤ ਸੰਕਟ ਚੁੱਪਚਾਪ ਆਪਣੇ ਪੈਰ ਪਸਾਰ ਰਿਹਾ ਹੈ, ਜਿਸਦੀ ਭਿਆਨਕਤਾ ਹੁਣ ਸਰਕਾਰੀ ਅੰਕੜਿਆਂ ਰਾਹੀਂ ਸਾਹਮਣੇ ਆਈ ਹੈ। ਇਹ ਕੋਈ ਅਚਾਨਕ ਆਈ ਆਫ਼ਤ ਨਹੀਂ, ਸਗੋਂ ਇੱਕ ਡੂੰਘਾ ਹੋਇਆ ਖ਼ਤਰਾ ਹੈ ਜੋ ਵਿਸ਼ੇਸ਼ ਤੌਰ ’ਤੇ ਹਰਿਆਣਾ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਉਹ ਉਮਰ (18 ਤੋਂ 45 ਸਾਲ), ਜਿਸ ਨੂੰ ਊਰਜਾ ਅਤੇ ਸੁਪਨਿਆਂ ਦਾ ਅਧਾਰ ਮੰਨਿਆ ਜਾਂਦਾ ਹੈ, ਹੁਣ ਦਿਲ ਦੇ ਰੋਗਾਂ ਦੇ ਸਾਹਮਣੇ ਢਹਿੰਦੀ ਨਜ਼ਰ ਆ ਰਹੀ ਹੈ।
ਹਾਰਟ ਅਟੈਕ, ਜਿਸ ਨੂੰ ਪਹਿਲਾਂ ਸਿਰਫ਼ ਬਜ਼ੁਰਗਾਂ ਦੀ ਬਿਮਾਰੀ ਮੰਨਿਆ ਜਾਂਦਾ ਸੀ, ਹੁਣ ਹਰਿਆਣਾ ਦੇ ਨੌਜਵਾਨਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਹਰਿਆਣਾ ਵਿਧਾਨ ਸਭਾ ਵਿੱਚ ਪਿਛਲੇ ਦਿਨੀਂ ਪੇਸ਼ ਕੀਤੀ ਗਈ ਇੱਕ ਰਿਪੋਰਟ ਨੇ ਇਸ ‘ਖ਼ਾਮੋਸ਼ ਖ਼ਤਰੇ’ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ। ਅੰਕੜਿਆਂ ਅਨੁਸਾਰ, ਸਾਲ 2020 ਤੋਂ ਜਨਵਰੀ 2026 ਤੱਕ ਸੂਬੇ ਵਿੱਚ 18 ਤੋਂ 45 ਸਾਲ ਦੇ 17,973 ਨੌਜਵਾਨਾਂ ਦੀ ਮੌਤ ਹਾਰਟ ਅਟੈਕ ਜਾਂ ਹਾਰਟ ਫੇਲੀਅਰ ਕਾਰਨ ਹੋਈ ਹੈ। ਇਹ ਕੇਵਲ ਇੱਕ ਗਿਣਤੀ ਨਹੀਂ, ਸਗੋਂ ਬਦਲਦੀ ਜੀਵਨ ਸ਼ੈਲੀ ਅਤੇ ਤਣਾਅ ਦੇ ਪ੍ਰਤੀ ਇੱਕ ਗੰਭੀਰ ਚਿਤਾਵਨੀ ਹੈ।
ਸਰਕਾਰ ਵੱਲੋਂ ਸਦਨ ਵਿੱਚ ਰੱਖੇ ਗਏ ਅੰਕੜੇ ਸਾਫ਼ ਸੰਕੇਤ ਦਿੰਦੇ ਹਨ ਕਿ ਇਹ ਸਮੱਸਿਆ ਸਥਿਰ ਨਹੀਂ ਹੈ, ਸਗੋਂ ਲਗਾਤਾਰ ਗਹਿਰਾਉਂਦੀ ਜਾ ਰਹੀ ਹੈ।
ਸਾਲ — ਮੌਤਾਂ
2020 — 2394
2021 — 3188
2022 — 2796
2023 — 2886
2024 — 3063
2025 — 3255
ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਲ 2025 ਵਿੱਚ ਮੌਤਾਂ ਦਾ ਅੰਕੜਾ ਆਪਣੇ ਸਿਖਰ ’ਤੇ ਪਹੁੰਚ ਗਿਆ। ਹਾਲਾਂਕਿ ਵਿਚਕਾਰ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ, ਪਰ ਕੁੱਲ ਰੁਝਾਨ ਉੱਪਰ ਵੱਲ ਹੀ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਹੀ 391 ਨੌਜਵਾਨਾਂ ਦਾ ਦਮ ਟੁੱਟਣਾ ਆਉਣ ਵਾਲੇ ਸਮੇਂ ਲਈ ਸ਼ੁਭ ਸੰਕੇਤ ਨਹੀਂ ਹੈ।
ਯਮੁਨਾਨਗਰ ਅਤੇ ਫ਼ਰੀਦਾਬਾਦ ਬਣੇ ‘ਹੌਟਸਪੌਟ’
ਰਿਪੋਰਟ ਅਨੁਸਾਰ, ਇਹ ਸੰਕਟ ਪੂਰੇ ਰਾਜ ਵਿੱਚ ਇੱਕ ਸਮਾਨ ਨਹੀਂ ਹੈ। ਕੁਝ ਜ਼ਿਲ੍ਹੇ ਦਿਲ ਦੇ ਰੋਗਾਂ ਦੇ ਕੇਂਦਰ (ਹੌਟਸਪੌਟ) ਬਣ ਕੇ ਉੱਭਰੇ ਹਨ। ਜਨਵਰੀ 2026 ਦੇ ਤਾਜ਼ਾ ਅੰਕੜਿਆਂ ਨੂੰ ਦੇਖੀਏ ਤਾਂ ਯਮੁਨਾਨਗਰ ਵਿੱਚ ਸਭ ਤੋਂ ਵੱਧ 71 ਮੌਤਾਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਫ਼ਰੀਦਾਬਾਦ ਵਿੱਚ 43, ਪਲਵਲ ਵਿੱਚ 37, ਨੂਹ ਵਿੱਚ 36, ਸਿਰਸਾ ਵਿੱਚ 35 ਅਤੇ ਫ਼ਤਿਹਾਬਾਦ ਵਿੱਚ 30 ਨੌਜਵਾਨਾਂ ਦੀ ਜਾਨ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵਧਦੀ ਭੱਜ-ਦੌੜ ਅਤੇ ਪ੍ਰਦੂਸ਼ਿਤ ਜੀਵਨ ਸ਼ੈਲੀ ਇਨ੍ਹਾਂ ਮੌਤਾਂ ਦਾ ਇੱਕ ਵੱਡਾ ਕਾਰਨ ਹੋ ਸਕਦੀ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਰੋਹਤਕ, ਹਿਸਾਰ ਅਤੇ ਅੰਬਾਲਾ ਵਰਗੇ ਜ਼ਿਲ੍ਹਿਆਂ ਵਿੱਚ ਜਨਵਰੀ ਮਹੀਨੇ ਵਿੱਚ ਅਜਿਹੀ ਕੋਈ ਮੌਤ ਦਰਜ ਨਹੀਂ ਹੋਈ।
ਵਿਧਾਇਕਾ ਰਹੀ ਗ਼ੈਰ-ਹਾਜ਼ਰ, ਸਰਕਾਰ ਨੇ ਦਿੱਤਾ ਜਵਾਬ
ਇਸ ਸੰਵੇਦਨਸ਼ੀਲ ਮੁੱਦੇ ਨੂੰ ਜੁਲਾਨਾ ਦੀ ਵਿਧਾਇਕਾ ਵਿਨੇਸ਼ ਫੋਗਾਟ ਨੇ ਪ੍ਰਸ਼ਨ ਕਾਲ ਦੌਰਾਨ ਚੁੱਕਿਆ ਸੀ। ਉਨ੍ਹਾਂ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਕੋਵਿਡ-19 ਸੰਕਰਮਣ ਜਾਂ ਟੀਕਾਕਰਨ ਦਾ ਨੌਜਵਾਨਾਂ ਵਿੱਚ ਵਧਦੇ ਹਾਰਟ ਅਟੈਕ ਦੇ ਮਾਮਲਿਆਂ ਨਾਲ ਕੋਈ ਸਿੱਧਾ ਸਬੰਧ ਹੈ। ਦਿਲਚਸਪ ਇਹ ਰਿਹਾ ਕਿ ਜਦੋਂ ਸਦਨ ਵਿੱਚ ਇਹ ਸਵਾਲ ਚਰਚਾ ਲਈ ਆਇਆ, ਤਦ ਵਿਨੇਸ਼ ਫੋਗਾਟ ਖ਼ੁਦ ਮੌਜੂਦ ਨਹੀਂ ਸੀ।
ਉਨ੍ਹਾਂ ਦੀ ਗ਼ੈਰ-ਹਾਜ਼ਰੀ ਦੇ ਬਾਵਜੂਦ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਵਿਸਤਿ੍ਰਤ ਅੰਕੜਿਆਂ ਨਾਲ ਸਰਕਾਰ ਦਾ ਪੱਖ ਰੱਖਿਆ। ਸਰਕਾਰ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਇਨ੍ਹਾਂ ਮੌਤਾਂ ਦਾ ਕੋਵਿਡ-19 ਜਾਂ ਵੈਕਸੀਨੇਸ਼ਨ ਨਾਲ ਕੋਈ ਵਿਗਿਆਨਕ ਸਬੰਧ ਨਹੀਂ ਪਾਇਆ ਗਿਆ ਹੈ। ਹਾਲਾਂਕਿ, ਸਿਹਤ ਵਿਭਾਗ ਨੇ ਇਹ ਵੀ ਸਵੀਕਾਰ ਕੀਤਾ ਕਿ ਅਜੇ ਤੱਕ ਇਸ ਵਿਸ਼ੇ ’ਤੇ ਕੋਈ ਵਿਸ਼ੇਸ਼ ਖੋਜ ਜਾਂ ਸਰਵੇਖਣ ਨਹੀਂ ਕਰਵਾਇਆ ਗਿਆ ਹੈ, ਜੋ ਇਨ੍ਹਾਂ ਮੌਤਾਂ ਦੇ ਸਹੀ ਕਾਰਨਾਂ ਦੀ ਪੁਸ਼ਟੀ ਕਰ ਸਕੇ।
ਮਾਹਿਰਾਂ ਦੀ ਰਾਏ : ਕਿਉਂ ਕਮਜ਼ੋਰ ਹੋ ਰਿਹਾ ਹੈ ਨੌਜਵਾਨਾਂ ਦਾ ਦਿਲ?
ਹਾਲਾਂਕਿ ਸਰਕਾਰ ਨੇ ਮੌਤਾਂ ਦੇ ਪਿੱਛੇ ਕਿਸੇ ਵਿਸ਼ੇਸ਼ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸਿਹਤ ਮਾਹਿਰਾਂ ਨੇ ਆਧੁਨਿਕ ਜੀਵਨ ਸ਼ੈਲੀ ਦੇ ਕੁਝ ਪ੍ਰਮੁੱਖ ਕਾਰਕਾਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਵਧਦਾ ਮਾਨਸਿਕ ਤਣਾਅ:ਕੈਰੀਅਰ ਅਤੇ ਮੁਕਾਬਲੇਬਾਜ਼ੀ ਕਾਰਨ ਨੌਜਵਾਨਾਂ ਵਿੱਚ ਸਟ੍ਰੈੱਸ ਲੈਵਲ ਵਧ ਰਿਹਾ ਹੈ।
ਨੀਂਦ ਦੀ ਕਮੀ ਅਤੇ ਕੰਮ ਦੇ ਘੰਟਿਆਂ ਦਾ ਕੋਈ ਨਿਸ਼ਚਿਤ ਸਮਾਂ ਨਾ ਹੋਣਾ।
ਖਾਣ-ਪੀਣ ਵਿੱਚ ਬਦਲਾਅ: ਜੰਕ ਫੂਡ, ਪ੍ਰੋਸੈਸਡ ਮੀਲ ਅਤੇ ਬਹੁਤ ਜ਼ਿਆਦਾ ਨਮਕ-ਚੀਨੀ ਦਾ ਸੇਵਨ।
ਨਸ਼ੇ ਦੀ ਲਤ: ਧੂਮਰਪਾਨ ਅਤੇ ਸ਼ਰਾਬ ਦਾ ਵਧਦਾ ਚਲਣ ਦਿਲ ਦੀਆਂ ਧਮਣੀਆਂ ਨੂੰ ਬਲਾਕ ਕਰ ਰਿਹਾ ਹੈ।
ਸਰੀਰਕ ਮਿਹਨਤ ਦੀ ਘਾਟ: ਲੰਬੇ ਸਮੇਂ ਤੱਕ ਇੱਕ ਥਾਂ ਬੈਠ ਕੇ ਕੰਮ ਕਰਨਾ ਅਤੇ ਕਸਰਤ ਨਾ ਕਰਨਾ।
ਹਾਰਟ ਅਟੈਕ ਨੂੰ ‘ਖ਼ਾਮੋਸ਼ ਕਿੱਲਰ’ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸਦੇ ਸ਼ੁਰੂਆਤੀ ਲੱਛਣਾਂ ਨੂੰ ਨੌਜਵਾਨ ਅਕਸਰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਸਮੇਂ ਸਿਰ ਹੈਲਥ ਚੈੱਕਅਪ ਨਾ ਕਰਵਾਉਣਾ ਅਤੇ ਲੱਛਣਾਂ ਦੀ ਪਛਾਣ ਨਾ ਹੋਣਾ ਇਸ ਸੰਕਟ ਨੂੰ ਹੋਰ ਗਹਿਰਾ ਬਣਾ ਰਿਹਾ ਹੈ।
![]()
