ਡਾ. ਤੇਜਦੀਪ ਕੌਰ
-ਮੁੱਖ ਪੰਛੀ ਵਿਗਿਆਨੀ ਤੇ ਵਿਭਾਗ ਮੁਖੀ, ਜ਼ੂਆਲੋਜੀ ਵਿਭਾਗ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ,
ਸਦੀਆਂ ਤੱਕ ਪੰਛੀਆਂ ਦੀ ਕੂਕ ਨੇ ਕਵੀਆਂ ਨੂੰ ਪ੍ਰੇਰਿਤ ਕੀਤਾ, ਕਿਸਾਨਾਂ ਨੂੰ ਜਗਾਇਆ ਅਤੇ ਮੌਸਮਾਂ ਦੇ ਬਦਲਾਅ ਨੂੰ ਦਰਸਾਇਆ। ਪਰ ਅੱਜ ਦੁਨੀਆ ਦੇ ਕਈ ਖੇਤਰਾਂ ਵਿੱਚ ਇਹ ਪਹਿਲਾਂ ਵਰਗੀ ਜਾਣ-ਪਛਾਣ ਵਾਲੀਆਂ ਧੁਨੀਆਂ ਹੌਲੀ-ਹੌਲੀ ਖ਼ਾਮੋਸ਼ ਹੋ ਰਹੀਆਂ ਹਨ। ਹਾਲੀਆ ਅਧਿਐਨਾਂ ਨੇ ਕੁਦਰਤੀ ਆਵਾਜ਼ਾਂ ਦੀ ਭਿੰਨਤਾ ’ਚ ਚਿੰਤਾਜਨਕ ਘਟਾਅ ਦਰਸਾਇਆ ਹੈ। ਇਹ ਘਟਾਅ ਸਿਰਫ਼ ਪੰਛੀਆਂ ਦੀ ਗਿਣਤੀ ’ਚ ਕਮੀ ਨਹੀਂ, ਸਗੋਂ ਇੱਕ ਘਟ ਰਹੀ ਜੈਵਿਕ ਚਿੱਤਰਕਾਰੀ ਨੂੰ ਦਰਸਾਉਾਂਦੀਹੈ, ਕਿਉਂਕਿ ਜਿਵੇਂ-ਜਿਵੇਂ ਮੌਸਮੀ ਤਬਦੀਲੀ ਹਾਬੀਟੈਟ ਨਾਸ਼ ਅਤੇ ਭੋਜਨ ਜਾਲ ਦੇ ਵਿਘਟਨ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜਦਕਿ ਚੜ੍ਹਦੇ ਸਮੁੰਦਰ ਅਤੇ ਪਿਘਲਦੇ ਹਿਮਨਦ ਖ਼ਬਰਾਂ ’ਚ ਛਾਏ ਰਹਿੰਦੇ ਹਨ। ਇਕ ਹੋਰ ਖ਼ਾਮੋਸ਼ ਸੰਗਰਾਮ ਚੱਲ ਰਿਹਾ ਹੈ- ਮੌਸਮੀ ਤਬਦੀਲੀ ਕੁਦਰਤ ਦੀ ਜੀਵੰਤ ਧੁਨ ਨੂੰ ਮਿਟਾ ਰਹੀ ਹੈ।
ਪੰਛੀ ਵਿਗਿਆਨੀ ਤੇ ਆਮ ਨਾਗਰਿਕ ਵਿਗਿਆਨੀ ਦੋਹਾਂ ਨੇ ਇੱਕ ਚਿੰਤਾਜਨਕ ਰੁਝਾਨ ਨੂੰ ਦਰਜ ਕੀਤਾ ਹੈ। ਪੰਛੀਆਂ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ। ਚਾਹੇ ਉਹ ਵਿਭਿੰਨ ਪ੍ਰਜਾਤੀਆਂ ਦੀ ਗਿਣਤੀ ਹੋਵੇ ਜਾਂ ਕੁੱਲ ਪੰਛੀਆਂ ਦੀ ਸੰਖਿਆ। ਸਾਇੰਸ ਜਨਰਲ ਵਿੱਚ 2019 ’ਚ ਪ੍ਰਕਾਸ਼ਿਤ ਇੱਕ ਇਤਿਹਾਸਕ ਅਧਿਐਨ ਅਨੁਸਾਰ ਉੱਤਰੀ ਅਮਰੀਕਾ ਨੇ 1970 ਤੋਂ ਲੈ ਕੇ ਲਗਭਗ 3 ਅਰਬ ਪੰਛੀ ਗੁਆ ਦਿੱਤੇ ਹਨ- ਇਹ ਕੁੱਲ ਆਬਾਦੀ ਦਾ 25 ਫ਼ੀਸਦੀ ਹੈ। ਭਾਰਤ ਵਿੱਚ ਸਟੇਟ ਆਫ਼ ਇੰਡੀਆਜ਼ ਬਰਡਜ਼ 2023 ਰਿਪੋਰਟ ਵੀ ਇਨ੍ਹਾਂ ਚਿੰਤਾਵਾਂ ਨੂੰ ਦੁਹਰਾਉਂਦੀ ਹੈ, ਜਿਸ ’ਚ ਦੱਸਿਆ ਗਿਆ ਕਿ ਸਥਾਨਕ ਤੇ ਪ੍ਰਵਾਸੀ ਦੋਹਾਂ ਕਿਸਮਾਂ ਦੀਆਂ ਆਬਾਦੀ ’ਚ ਵਿਆਪਕ ਘਟਾਅ ਆ ਰਿਹਾ ਹੈ। ਇਨ੍ਹਾਂ ਦੇ ਮੁੱਖ ਕਾਰਨਾਂ ’ਚ ਮੌਸਮੀ ਤਬਦੀਲੀ ਸਭ ਤੋਂ ਉੱਭਰ ਕੇ ਸਾਹਮਣੇ ਆਈ ਹੈ। ਵਧਦੇ ਤਾਪਮਾਨ, ਬੇਤਰਤੀਬ ਮੌਸਮ ਦੇ ਢੰਗ ਅਤੇ ਮੌਸਮ ਦੇ ਇਸ਼ਾਰਿਆਂ ’ਚ ਆ ਰਹੀ ਰੁਕਾਵਟ- ਇਹ ਸਭ ਪੰਛੀਆਂ ਦੀ ਪ੍ਰਵਾਸ ਯਾਤਰਾ ਨੂੰ ਭੰਗ ਕਰਦੇ ਹਨ। ਉਹ ਆਪਣੀਆਂ ਰਵਾਇਤੀ ਪ੍ਰਜਣਨ ਵਾਲੀਆਂ ਥਾਵਾਂ ਛੱਡਣ ਲਈ ਮਜਬੂਰ ਹੋ ਰਹੇ ਹਨ ਜਾਂ ਉਹ ਪੂਰੀ ਤਰ੍ਹਾਂ ਖੇਤਰਾਂ ’ਚੋਂ ਗਾਇਬ ਹੋ ਰਹੇ ਹਨ, ਜਿੱਥੇ ਉਹ ਪਹਿਲਾਂ ਵਿਆਪਕ ਤੌਰ ’ਤੇ ਮਿਲਦੇ ਸਨ।
ਗਰਮ ਬਸੰਤ ਕਾਰਨ ਰੁੱਖ ਪਹਿਲਾਂ ਹੀ ਪੱਤੇ ਕੱਢ ਰਹੇ ਹਨ ਅਤੇ ਕੀੜੇ ਸਮੇਂ ਤੋਂ ਪਹਿਲਾਂ ਨਿਕਲ ਆਉਂਦੇ ਹਨ, ਜਿਸ ਨਾਲ ਭੋਜਨ ਉਪਲਬਧਤਾ ਅਤੇ ਪ੍ਰਵਾਸੀ ਪੰਛੀਆਂ ਦੀ ਆਮਦ ਵਿਚਕਾਰ ਸਦਭਾਵਨਾ ਟੁੱਟ ਰਹੀ ਹੈ। ਇਸ ਦੇ ਨਤੀਜੇ ਵਜੋਂ ਕਈ ਪੰਛੀ ਆਪਣੇ ਪ੍ਰਜਣਨ ਖੇਤਰਾਂ ’ਚ ਦੇਰੀ ਨਾਲ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਭੋਜਨ ਦੀ ਚੋਟੀ ਦੀ ਉਪਲਬਧਤਾ ਦਾ ਲਾਭ ਨਹੀਂ ਮਿਲਦਾ- ਇਸ ਨਾਲ ਉਨ੍ਹਾਂ ਦੀ ਪ੍ਰਜਣਨ ਸਫ਼ਲਤਾ ਘਟਦੀ ਹੈ ਅਤੇ ਲੰਮੇ ਸਮੇਂ ’ਚ ਆਬਾਦੀ ਵਿੱਚ ਕਮੀ ਆਉਂਦੀ ਹੈ।
ਸੁੱਕਦੇ ਆਲੇ-ਦੁਆਲੇ, ਖ਼ਾਮੋਸ਼ ਹੁੰਦੇ ਗੀਤ
ਮੌਸਮੀ ਤਬਦੀਲੀ ਕੁਦਰਤੀ ਸਥਾਨਾਂ ਦੇ ਨਾਸ਼ ਨੂੰ ਤੇਜ਼ ਕਰ ਰਹੀ ਹੈ। ਜਿਵੇਂ-ਜਿਵੇਂ ਤਲਾਅ ਤੇ ਝੀਲਾਂ ਸੁੱਕ ਰਹੀਆਂ ਹਨ, ਪਹਾੜੀ ਇਲਾਕੇ ਛੋਟੇ ਹੋ ਰਹੇ ਹਨ ਅਤੇ ਸਮੁੰਦਰ ਕਿਨਾਰੇ ਵਾਲੇ ਖੇਤਰ ਚੜ੍ਹਦੇ ਪਾਣੀਆਂ ਹੇਠਾਂ ਡੁੱਬ ਰਹੇ ਹਨ, ਪੰਛੀਆਂ ਨੂੰ ਉਹ ਨਿਵਾਸ ਸਥਾਨ ਗਵਾਉਣੇ ਪੈ ਰਹੇ ਹਨ, ਜਿਨ੍ਹਾਂ ’ਤੇ ਉਹ ਨਿਰਭਰ ਕਰਦੇ ਸਨ। ਇਹ ਮੌਸਮੀ ਤਬਦੀਲੀ ਕਾਰਨ ਹੋ ਰਹੇ ਨੁਕਸਾਨ ਉਨ੍ਹਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨਾਲ ਜੁੜ ਰਹੇ ਹਨ, ਜਿਵੇਂ ਕਿ ਖੇਤੀਬਾੜੀ ਦਾ ਵਾਧਾ, ਜੰਗਲਾਂ ਦੀ ਕਟਾਈ ਅਤੇ ਸ਼ਹਿਰੀ ਵਿਸਤਾਰ। ਸਮੁੰਦਰਾਂ ਵਿੱਚ ਵੀ ਗਰਮੀ ਵਧਣ ਨਾਲ ਭੋਜਨ ਜਾਲ ਬਦਲ ਰਹੇ ਹਨ, ਜਿਸ ਕਰਕੇ ਪਫ਼ਿਨ ਤੇ ਟਰਨ ਵਰਗੇ ਸਮੁੰਦਰੀ ਪੰਛੀਆਂ ਲਈ ਲੋੜੀਂਦਾ ਭੋਜਨ ਲੱਭਣਾ ਮੁਸ਼ਕਿਲ ਹੋ ਗਿਆ ਹੈ। ਇਹ ਕੁਦਰਤੀ ਧੁਨੀਆਂ ਦੇ ਖ਼ਤਮ ਹੋਣ ਦੀ ਚਿੰਤਾ ਸਿਰਫ਼ ਵਿਗਿਆਨਕ ਪੱਧਰ ਤੱਕ ਸੀਮਤ ਨਹੀਂ ਹੈ। ਪੰਛੀਆਂ ਦੀ ਕੂਕ ਮਨੁੱਖਾਂ ਦੇ ਕੁਦਰਤ ਨਾਲ ਜੁੜਾਅ ਦਾ ਇੱਕ ਅਹਿਮ ਹਿੱਸਾ ਹੈ। ਇਸ ਦੀ ਗ਼ੈਰ-ਹਾਜ਼ਰੀ ਮਨੋਵਿਗਿਆਨਕ ਤਣਾਅ ਪੈਦਾ ਕਰਦੀ ਹੈ, ਸੰਸਕ੍ਰਿਤਿਕ ਅਤੇ ਆਧਿਆਤਮਿਕ ਰੀਤੀ-ਰਿਵਾਜ਼ਾਂ ’ਚ ਖਲਲ ਪਾਉਂਦੀ ਹੈ ਅਤੇ ਉਨ੍ਹਾਂ ਥਾਵਾਂ ’ਤੇ ਵਾਤਾਵਰਨਿਕ ਸੰਤੁਲਨ ਦੇ ਟੁੱਟਣ ਦਾ ਸੰਕੇਤ ਦਿੰਦੀ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ।
ਬਦਲਦੇ ਮੌਨਸੂਨ, ਬਦਲਦੇ ਪ੍ਰਜਣਨ ਮੌਸਮ
ਭਾਰਤ ਦੇ ਵੱਡੇ ਹਿੱਸੇ ਵਿੱਚ ਪੰਛੀ ਆਪਣੀ ਪ੍ਰਜਣਨ ਮੌਨਸੂਨ ਦੇ ਆਉਣ ਨਾਲ ਜੋੜਦੇ ਹਨ, ਕਿਉਂਕਿ ਇਹ ਸਮਾਂ ਕੀੜਿਆਂ ਦੀ ਭਰਮਾਰ ਅਤੇ ਆਲ੍ਹਣਿਆਂ ਲਈ ਸਮੱਗਰੀ ਦੀ ਉਪਲਬਧਤਾ ਲੈ ਕੇ ਆਉਂਦਾ ਹੈ ਪਰ ਹੁਣ ਬੇਤਰਤੀਬ ਮੀਂਹ, ਲੰਮੇ ਸਮੇਂ ਦੇ ਸੋਕੇ ਅਤੇ ਅਚਾਨਕ ਆਉਣ ਵਾਲੇ ਤੇਜ਼ ਮੀਂਹ ਇਸ ਨਾਜ਼ੁਕ ਤਾਲਮੇਲ ਨੂੰ ਭੰਗ ਕਰ ਰਹੇ ਹਨ।
ਪਿੱਟਾ ਇੱਕ ਜ਼ਮੀਨ ’ਤੇ ਆਲ੍ਹਣਾ ਬਣਾਉਣ ਵਾਲਾ ਪੰਛੀ ਹੈ, ਜਿਸ ਦੀ ਦੁਹਰੀ ਧੁਨ ਵਾਲੀ ਆਵਾਜ਼ ਕਾਫ਼ੀ ਮਕਬੂਲ ਹੈ। ਇਹ ਪੰਛੀ ਰਵਾਇਤੀ ਤੌਰ ’ਤੇ ਮਈ ਜੂਨ ’ਚ ਦੱਖਣੀ ਭਾਰਤ ਦੇ ਜੰਗਲਾਂ ਵਿੱਚ ਮੌਨਸੂਨ ਦੀ ਆਮਦ ਦੇ ਨਾਲ ਪ੍ਰਜਣਨ ਲਈ ਆਉਂਦੇ ਹਨ। ਹੁਣ ਮੌਨਸੂਨ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਇਸ ਦੇ ਆਲ੍ਹਣਾ ਬਣਾਉਣ ਦਾ ਸਮਾਂ ਜਾਂ ਤਾਂ ਜਲਦੀ ਜਾਂ ਬਾਅਦ ’ਚ ਦੇਰ ਨਾਲ ਆ ਰਿਹਾ ਹੈ, ਜਿਸ ਕਾਰਨ ਚੂਜ਼ਿਆਂ ਨੂੰ ਕਹਿਰ ਦੀ ਗਰਮੀ ਜਾਂ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਨ੍ਹਾਂ ਦੀ ਉਡਾਣ ਸਫ਼ਲਤਾ ਘਟ ਰਹੀ ਹੈ।
ਰੇਡ-ਵੈਂਟਡ ਬੁਲਬਲ ਅਤੇ ਓਰੀਐਂਟਲ ਮੈਗਪਾਈ-ਰਾਬਿਨ ਜੋ ਪਹਿਲਾਂ ਬਾਗਾਂ ਦੇ ਆਮ ਗਾਇਕ ਸਨ, ਹੁਣ ਘਟ ਰਹੀ ਆਲ੍ਹਣੇ ਬਣਾਉਣ ਦੀ ਮਿਆਦ ਅਤੇ ਖ਼ੁਰਾਕ ਦੀ ਘਾਟ ਕਾਰਨ ਜਾਂ ਤਾਂ ਆਲ੍ਹਣੇ ਬਣਾਉਣ ’ਚ ਦੋ ਵਾਰੀ ਅਸਫ਼ਲ ਜਾਂ ਪੂਰੀ ਤਰ੍ਹਾਂ ਅਸਫ਼ਲ ਹੋ ਰਹੇ ਹਨ, ਖ਼ਾਸ ਕਰਕੇ ਉਨ੍ਹਾਂ ਸ਼ਹਿਰੀ ਖੇਤਰਾਂ ’ਚ ਜਿੱਥੇ ਲੰਮੇ ਸੋਕੇ ਪੈ ਰਹੇ ਹਨ। ਭਾਰਤੀ ਮੌਸਮ ਵਿਭਾਗ ਦੇ ਰਿਕਾਰਡਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਵਰਖਾ ਵਿੱਚ 10- 15 ਫ਼ੀਸਦੀ ਤੱਕ ਵਧੇਰੇ ਤਬਦੀਲੀ ਆਈ ਹੈ ਅਤੇ ਬਹੁਤ ਸਾਰੇ ਜ਼ਿਲ੍ਹੇ ਲਗਾਤਾਰ ਸੁੱਕੇ ਜਾਂ ਹੜ੍ਹ ਗ੍ਰਸਤ ਦਰਜ ਹੋ ਰਹੇ ਹਨ।
ਗੁੰਮ ਹੋ ਰਹੀ ਪੰਛੀਆਂ ਦੀ ਧੁਨ
ਭਾਰਤ ਦੇ ਸ਼ਹਿਰ ਪੰਛੀਆਂ ਨੂੰ ਦੋਹਰੀ ਮਾਰ ਪਾ ਰਹੇ ਹਨ, ਇੱਕ ਪਾਸੇ ਸ਼ਹਿਰਾਂ ਦਾ ਵਧ ਰਿਹਾ ਤਾਪਮਾਨ ਅਤੇ ਦੂਜੇ ਪਾਸੇ ਆਵਾਜਾਈ, ਨਿਰਮਾਣ ਕਾਰਜ ਅਤੇ ਉਦਯੋਗਿਕ ਹਲਚਲ ਤੋਂ ਆਉਂਦੇ ਲਗਾਤਾਰ ਸ਼ੋਰ ਪ੍ਰਦੂਸ਼ਣ। ਇਹ ਤਣਾਅ ਕਾਰਕ ਕਈ ਕਿਸਮ ਦੇ ਪੰਛੀਆਂ ਨੂੰ ਆਪਣੀ ਧੁਨ ’ਚ ਤਬਦੀਲੀਆਂ ਲਿਆਉਣ ਲਈ ਮਜਬੂਰ ਕਰ ਰਹੇ ਹਨ।
ਕਾਮਨ ਟੇਲਰਬਰਡ ਜੋ ਪਹਿਲਾਂ ਉਪਨਗਰੀ ਬਾਗਾਂ ’ਚ ਆਪਣੀ ਸਿਲਾਈ ਵਰਗੀ ਕੂਕ ਲਈ ਜਾਣਿਆ ਜਾਂਦਾ ਸੀ, ਹੁਣ ਸ਼ਹਿਰੀ ਹਲਚਲ ਅਤੇ ਸ਼ਾਮ ਦੀ ਗਰਮੀ ਕਾਰਨ ਉਸ ਦੀ ਕੂਕ ਸੁਣਨ ਲਾਇਕ ਨਹੀਂ ਰਹੀ। ਦਿੱਲੀ, ਬੇਂਗਲੁਰੂ ਅਤੇ ਪੁਣੇ ਵਰਗੇ ਸ਼ਹਿਰਾਂ ‘ਚ ਕੀਤੇ ਗਏ ਬਾਇਓਅਕਾਸਟਿਕ ਅਧਿਐਨ ਦਰਸਾਉਂਦੇ ਹਨ ਕਿ ਹਾਊਸ ਸਪੈਰੋ ਅਤੇ ਪਰਪਲ ਸੰਬਰਡ ਵਰਗੀਆਂ ਕਿਸਮਾਂ ਦੇ ਪੰਛੀਆਂ ਦੇ ਗੀਤਾਂ ਦੀ ਲੰਬਾਈ ਅਤੇ ਤਾਨ ਦੀ ਭਿੰਨਤਾ ਦੋਹਾਂ ’ਚ ਕਮੀ ਆਈ ਹੈ, ਖ਼ਾਸ ਕਰਕੇ ਗਰਮੀਆਂ ਦੇ ਚੋਟੀ ਦੇ ਮਹੀਨਿਆਂ ਵਿੱਚ।
ਓਰੀਐਂਟਲ ਮੈਗਪਾਈ-ਰਾਬਿਨ ਜੋ ਆਪਣੇ ਮਿੱਠੇ ਅਤੇ ਰਾਗਾਤਮਕ ਸੁਰਾਂ ਲਈ ਮਸ਼ਹੂਰ ਹੈ, ਹੁਣ ਜ਼ਿਆਦਾਤਰ ਉਹ ਸਵੇਰੇ ਜਾਂ ਰਾਤ ਦੇ ਸ਼ਾਂਤ ਸਮੇਂ ਗਾਉਂਦਾ ਹੈ ਤਾਂ ਜੋ ਦਿਨ ਦੀਆਂ ਆਵਾਜ਼ਾਂ ਵਲੋਂ ਹੋਣ ਵਾਲੀ ਧੁਨੀ ਰੁਕਾਵਟ ਤੋਂ ਬਚ ਸਕੇ।
ਕਾਪਰਸਮਿਥ ਬਾਰਬੇਟ, ਜਿਸ ਦੀ ਟੁਕ-ਟੁਕ ਵਰਗੀ ਲੈਅ ਬਹੁਤ ਮਸ਼ਹੂਰ ਹੈ, ਹੁਣ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਛੋਟੀ ਤੇ ਵੱਖਰੀ-ਵੱਖਰੀ ਆਵਾਜ਼ ਕੱਢਦਾ ਹੈ। ਇਸ ਤਰ੍ਹਾਂ ਜਾਣ-ਪਛਾਣ ਵਾਲੀਆਂ ਪੰਛੀ ਧੁਨੀਆਂ ਦਾ ਹੌਲੀ-ਹੌਲੀ ਖ਼ਤਮ ਹੋਣਾ ਜਾਂ ਘਟਣਾ ਇਹ ਦਰਸਾਉਂਦਾ ਹੈ ਕਿ ਸਿਰਫ਼ ਪੰਛੀਆਂ ਦੀਆਂ ਕਿਸਮਾਂ ਦੀ ਮੌਜੂਦਗੀ ਹੀ ਨਹੀਂ ਘਟ ਰਹੀ, ਸਗੋਂ ਇਨ੍ਹਾਂ ਪੰਛੀਆਂ ਦੇ ਗੀਤਾਂ ਦੀ ਕਮੀ ਨਾਲ ਭਾਰਤ ਦੇ ਵਧਦੇ ਸ਼ਹਿਰਾਂ ਵਿੱਚ ਮਨੁੱਖ ਅਤੇ ਕੁਦਰਤ ਦਰਮਿਆਨ ਸੰਬੰਧ ਦੀ ਗੁਣਵੱਤਾ ਵੀ ਡਿਗ ਰਹੀ ਹੈ।
ਨਾਗਰਿਕ ਭਾਗੀਦਾਰੀ
ਦੇਸੀ ਰੁੱਖ, ਝਾੜੀਆਂ ਅਤੇ ਘਾਹ ਲਗਾਓ, ਜੋ ਪੰਛੀਆਂ ਨੂੰ ਭੋਜਨ ਤੇ ਆਲ੍ਹਣੇ ਦੀ ਥਾਂ ਦੇ ਸਕਣ। ਵਿਦੇਸ਼ੀ ਅਤੇ ਸੁੰਦਰਤਾ ਲਈ ਲਗਾਏ ਬੂਟੇ ਜਿਹੜੇ ਸਥਾਨਕ ਕੀੜਿਆਂ ਜਾਂ ਪੰਛੀਆਂ ਨੂੰ ਸਹਿਯੋਗ ਨਹੀਂ ਦਿੰਦੇ, ਉਨ੍ਹਾਂ ਤੋਂ ਪ੍ਰਹੇਜ਼ ਕਰੋ। ਖ਼ਾਸ ਕਰਕੇ ਗਰਮੀ ਜਾਂ ਸੁੱਕੇ ਸਮਿਆਂ ’ਚ ਪੰਛੀਆਂ ਲਈ ਪਾਣੀ ਦੇ ਸਰੋਤ ਰੱਖੋ। ਸੁਨਬਰਡ ਲਈ ਫੁੱਲਦਾਰ ਬੂਟੇ ਲਗਾਓ। ਸਾਫ਼ ਸੁਥਰੇ ਫੀਡਰਾਂ ’ਚ ਸਥਾਨਕ ਕਿਸਮਾਂ ਲਈ ਅਨੁਕੂਲ ਅਨਾਜ ਦੀ ਬਿਜਾਈ ਕਰੋ। ਮੌਸਮ ਅਨੁਸਾਰ ਚਾਰਾ ਦਿਓ, ਸਰਦੀ ਵਿਚ ਤੇਲ ਵਾਲੇ ਬੀਜ (ਉੱਚ ਚਰਬੀ), ਗਰਮੀ ਵਿਚ ਮੋਟੀ ਧਾਨ, ਚੌਲ ਜਾਂ ਹੋਰ ਅਨਾਜ। ਮਿੱਠੀਆਂ, ਪ੍ਰੋਸੈਸ ਕੀਤੀਆਂ ਚੀਜ਼ਾਂ ਜਾਂ ਬਾਸੀ ਰੋਟੀ ਤੋਂ ਪ੍ਰਹੇਜ਼ ਕਰੋ। ਬਿੱਲੀਆਂ ਤੇ ਪਾਲਤੂ ਜਾਨਵਰਾਂ ’ਤੇ ਨਜ਼ਰ ਰੱਖੋ। ਰਾਤ ਨੂੰ ਨਾ-ਲੋੜੀਂਦੀ ਬਾਹਰੀ ਲਾਈਟ ਬੰਦ ਰੱਖੋ ਤਾਂ ਜੋ ਪ੍ਰਵਾਸ ਕਰਦੇ ਜਾਂ ਰਾਤ ਦੇ ਪੰਛੀ ਗੁੰਮਰਾਹ ਨਾ ਹੋਣ। ਪ੍ਰਜਣਨ ਜਾਂ ਪ੍ਰਵਾਸ ਸਮੇਂ ਉੱਚ ਸ਼ੋਰ ਜਾਂ ਪਟਾਕਿਆਂ ਤੋਂ ਪ੍ਰਹੇਜ਼ ਕਰੋ।
ਜੈਵਿਕ ਜਾਂ ਘੱਟ-ਰਸਾਇਣਕ ਬਾਗਬਾਨੀ ਵੱਲ ਵਧੋ ਤਾਂ ਕਿ ਪੰਛੀਆਂ ਦਾ ਮੁੱਖ ਭੋਜਨ ਕੀੜਿਆਂ ਦੀ ਉਪਲਬਧਤਾ ਰਹੇ। ਤਲਾਬਾਂ, ਗਿੱਲੀਆਂ ਜ਼ਮੀਨਾਂ ਅਤੇ ਜੰਗਲੀ ਇਲਾਕਿਆਂ ਦੀ ਰੱਖਿਆ ਲਈ ਸਥਾਨਕ ਉਪਰਾਲਿਆਂ ’ਚ ਸ਼ਾਮਿਲ ਹੋਵੋ। ਰੁੱਖ ਲਗਾਉਣ ਜਾਂ ਆਲ੍ਹਣੇ ਲਗਾਉਣ ਦੀਆਂ ਮੁਹਿੰਮਾਂ ’ਚ ਹਿੱਸਾ ਲਓ। ਉਨ੍ਹਾਂ ਸਥਾਨਕ ਤੇ ਰਾਸ਼ਟਰੀ ਨੀਤੀਆਂ ਦਾ ਸਮਰਥਨ ਕਰੋ, ਜੋ ਪੰਛੀਆਂ ਦੇ ਰਹਿਣ ਸਥਾਨਾਂ ਦੀ ਰੱਖਿਆ ਕਰਦੀਆਂ ਹਨ। ਉਨ੍ਹਾਂ ਪ੍ਰੋਜੈਕਟਾਂ ਦੀ ਜਨਤਕ ਚਰਚਾ ਰਾਹੀਂ ਸਵਾਲ ਖੜ੍ਹੇ ਕਰੋ ਜੋ ਜੰਗਲਾਂ, ਗਿੱਲੀਆਂ ਜ਼ਮੀਨਾਂ ਜਾਂ ਘਾਹ ਵਾਲੀਆਂ ਥਾਵਾਂ ਨੂੰ ਨਸ਼ਟ ਕਰਦੇ ਹਨ।
![]()
