ਹੋਰਮੁਜ਼ ਦੀ ਸੁਰੱਖਿਆ ਜੰਗੀ ਜਹਾਜ਼ਾਂ ਨਾਲ ਨਹੀਂ, ਸ਼ਾਂਤੀ ਨਾਲ ਸੰਭਵ

In ਮੁੱਖ ਖ਼ਬਰਾਂ
March 24, 2026

ਬੀਤੇ ਦਿਨੀਂ ‘ਗਲੋਬਲ’ ਟਾਈਮਜ਼ ਵਿੱਚ ਪ੍ਰਕਾਸ਼ਿਤ ਇਹ ਲੇਖ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਮੱਧ ਪੂਰਬ ਵਿੱਚ ਵਧ ਰਹੇ ਤਣਾਅ ’ਤੇ ਸਿੱਧਾ ਹਮਲਾ ਹੈ। ਯਾਦ ਰਖਣਾ ਵਾਲੀ ਗੱਲ ਇਹ ਹੈ ਕਿ ਗਲੋਬਲ ਟਾਈਮਜ਼ ਚੀਨ ਦੀ ਸਰਕਾਰੀ ਵੈਬਸਾਈਟ ਹੈ। ਇਸ ਦਾ ਸੰਪਾਦਕੀ ਚੀਨ ਸਰਕਾਰ ਦੀ ਨੀਤੀ ੳੁੱਪਰ ਆਧਾਰਿਤ ਹੁੰਦਾ ਹੈ।
ਗਲੋਬਲ ਟਾਈਮਜ਼ ਦੀ ਸੰਪਾਦਕੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਹਿਯੋਗੀ ਦੇਸ਼ਾਂ (ਚੀਨ, ਫ਼ਰਾਂਸ, ਬ੍ਰਿਟੇਨ ਆਦਿ) ਨੂੰ ਹੋਰਮੁਜ਼ ਵਿੱਚ ਜੰਗੀ ਜਹਾਜ਼ ਭੇਜਣ ਦੀ ਅਪੀਲ ਨੂੰ ਚੀਨ ਨੇ ਇੱਕ ‘ਖ਼ਤਰਨਾਕ ਖੇਡ’ ਕਰਾਰ ਦਿੱਤਾ ਸੀ।
?ਇਸ ਸੰਪਾਦਕੀ ਦਾ ਸਭ ਤੋਂ ਅਹਿਮ ਨੁਕਤਾ ਇਹ ਸੀ ਕਿ ਅਮਰੀਕਾ ਇਸ ਨੂੰ ਸਾਂਝੀ ਜ਼ਿੰਮੇਵਾਰੀ ਕਹਿ ਰਿਹਾ ਹੈ, ਪਰ ਚੀਨ ਦੇ ਨਜ਼ਰੀਏ ਤੋਂ ਇਹ ਖਤਰਨਾਕ ਨੀਤੀ ਹੈ ਜੋ ਤਬਾਹੀ ਮਚਾਏਗੀ। ਕੋਈ ਹਲ ਨਹੀਂ ਕਰੇਗੀ।
ਅਮਰੀਕਾ ਨੇ ਇਰਾਨ ਨਾਲ ਚੱਲ ਰਹੀ ਗੱਲਬਾਤ ਦੇ ਵਿਚਕਾਰ ਹੀ ਹਮਲੇ ਕੀਤੇ ਹਨ। ਹੁਣ ਜਦੋਂ ਹਾਲਾਤ ਵਿਗੜ ਗਏ ਗਏ ਹਨ ਅਤੇ ਇਰਾਨ ਨੇ ਤੇਲ ਦੀ ਸਪਲਾਈ ਰੋਕਣ (ਹੋਰਮੁਜ਼ ਬੰਦ ਕਰਨ) ਦੀ ਧਮਕੀ ਦਿੱਤੀ ਹੈ। ਇਸ ਕਾਰਨ ਅਮਰੀਕਾ ਚਾਹੁੰਦਾ ਹੈ ਕਿ ਦੂਜੇ ਦੇਸ਼ ਵੀ ਆਪਣੀ ਫ਼ੌਜ ਭੇਜਣ ਤਾਂ ਜੋ ਇਰਾਨ ਨੂੰ ਜਬਰੀ ਰੋਕਿਆ ਜਾਵੇ।
ਹੋਰਮੁਜ਼ ਦੀ ਚੌੜਾਈ ਸਿਰਫ਼ 50 ਕਿਲੋਮੀਟਰ ਹੈ। ਇਹ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਤੇਲ ਸਪਲਾਈ ਲਾਈਨ ਹੈ।
ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਜਿੰਨੀ ਘੱਟ ਜਗ੍ਹਾ ਵਿੱਚ ਤੁਸੀਂ ਜ਼ਿਆਦਾ ਜੰਗੀ ਜਹਾਜ਼ ਇਕੱਠੇ ਕਰੋਗੇ, ਉੱਥੇ ਗਲਤੀ ਨਾਲ ਵੀ ਜੰਗ ਭੜਕਣ ਦਾ ਖ਼ਤਰਾ ਉੱਨਾ ਹੀ ਵੱਧ ਜਾਵੇਗਾ। ਚੀਨ ਦਾ ਮੰਨਣਾ ਹੈ ਕਿ ਸੁਰੱਖਿਆ ਜਹਾਜ਼ਾਂ ਦੀ ਗਿਣਤੀ ਨਾਲ ਨਹੀਂ, ਸਗੋਂ ਸਿਆਸੀ ਸਥਿਰਤਾ ਨਾਲ ਆਉਂਦੀ ਹੈ।
ਇਹ ਗਲ ਸੱਚ ਹੈ ਕਿ ਅਮਰੀਕਾ ਇਸ ਮਸਲੇ ਨੂੰ ਆਪਣੀ ਫ਼ੌਜੀ ਤਾਕਤ, ਹਮਲਿਆਂ ਅਤੇ ਨਾਕਾਬੰਦੀ ਨਾਲ ਹਲ ਕਰਨਾ ਚਾਹੁੰਦਾ ਹੈ ਤੇ ਇਰਾਨ ਨੂੰ ਦਬਾਉਣਾ ਚਾਹੁੰਦਾ ਹੈ। ਇਸ ਕਾਰਣ ਇਰਾਕ, ਲੀਬੀਆ ਅਤੇ ਅਫ਼ਗਾਨਿਸਤਾਨ ਵਰਗੀ ਅਰਾਜਕਤਾ ਪੈਦਾ ਹੋ ਰਹੀ ਹੈ।
ਚੀਨ ਦਾ ਕਹਿਣਾ ਹੈ ਕਿ ਅਮਰੀਕਾ ਬਰਾਬਰੀ ਅਤੇ ਕੂਟਨੀਤੀ ਨਾਲ ਇਹ ਮਸਲਾ ਹੱਲ ਕਰੇ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਜੰਗ ਗੈਰ-ਕਾਨੂੰਨੀ ਹੈ ,ਕਿਉਂਕਿ ਇਸ ਨੂੰ ਯੂ.ਐਨ.ਓ. ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ।
ਗਲੋਬਲ ਟਾਈਮਜ਼ ਦੀ ਸੰਪਾਦਕੀ ਵਿਚ ਇੱਕ ਬਹੁਤ ਹੀ ਤਰਕਪੂਰਨ ਗੱਲ ਕੀਤੀ ਹੈ—ਇਰਾਨ ਖੁਦ ਆਪਣਾ ਤੇਲ ਇਸੇ ਰਸਤੇ ਰਾਹੀਂ ਵੇਚਦਾ ਹੈ। ਇਸ ਲਈ ਹੋਰਮੁਜ਼ ਨੂੰ ਬੰਦ ਕਰਨਾ ਇਰਾਨ ਦੀ ਪਹਿਲੀ ਪਸੰਦ ਨਹੀਂ, ਸਗੋਂ ਉਸਦਾ ਆਖਰੀ ਹਥਿਆਰ ਹੈ। ਚੀਨ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਬੰਦ ਹੋ ਜਾਣ, ਤਾਂ ਹੋਰਮੁਜ਼ ਦਾ ਖ਼ਤਰਾ ਆਪਣੇ ਆਪ ਖ਼ਤਮ ਹੋ ਜਾਵੇਗਾ।
ਇਸ ਸੰਪਾਦਕੀ ਦਾ ਡੂੰਘਾ ਅਰਥ ਇਹ ਹੈ ਕਿ ਇਸ ਮਸਲੇ ਦਾ ਫ਼ੌਜੀ ਹੱਲ ਨਹੀਂ। ਸਮੁੰਦਰ ਵਿੱਚ ਅਮਰੀਕਾ ਵਲੋਂ ਹਥਿਆਰਾਂ ਦੀ ਨੁਮਾਇਸ਼ ਕਰਨ ਨਾਲ ਤੇਲ ਦੇ ਟੈਂਕਰ ਸੁਰੱਖਿਅਤ ਨਹੀਂ ਹੋਣਗੇ, ਸਗੋਂ ਤੇਲ ਦੀਆਂ ਕੀਮਤਾਂ ਵਧਣਗੀਆਂ ਅਤੇ ਜੰਗ ਦਾ ਖ਼ਤਰਾ ਹੋਰ ਵਧੇਗਾ। ਚੀਨ ਨੇ ਸੰਕੇਤ ਦਿੱਤਾ ਹੈ ਕਿ ਉਹ ਅਮਰੀਕਾ ਦੇ ਇਸ ਜੰਗੀ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ।
ਸੰਪਾਦਕੀ ਦੇ ਅਨੁਸਾਰ, ਅਮਰੀਕਾ ਅਤੇ ਇਜ਼ਰਾਇਲ ਨੇ ਉਸ ਸਮੇਂ ਇਰਾਨ ’ਤੇ ਹਮਲੇ ਕੀਤੇ ਜਦੋਂ ਸ਼ਾਂਤੀ ਵਾਰਤਾ ਚੱਲ ਰਹੀ ਸੀ। ਜੇਕਰ ਅਮਰੀਕਾ ਨੇ ਬਿਨਾਂ ਕਿਸੇ ਉਕਸਾਵੇ ਜਾਂ ਯੂ ਐਨ ਦੀ ਇਜਾਜ਼ਤ ਦੇ ਹਮਲਾ ਕੀਤਾ ਹੈ, ਤਾਂ ਉਹ ਇਸ ਸੰਕਟ ਦਾ ਜਨਮਦਾਤਾ ਹੈ। ਚੀਨ ਦਾ ਤਰਕ ਹੈ ਕਿ ਜੇਕਰ ਤੁਸੀਂ ਖੁਦ ਕਿਸੇ ਦੀਵਾਰ ਵਿੱਚ ਤਰੇੜ ਪਾਈ ਹੈ, ਤਾਂ ਉਸ ਦੇ ਡਿੱਗਣ ਦਾ ਦੋਸ਼ ਦੂਜਿਆਂ ਸਿਰ ਨਹੀਂ ਮੜਿ੍ਹਆ ਜਾ ਸਕਦਾ। ਚੀਨ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਦੂਜੇ ਦੇਸ਼ਾਂ ਨੂੰ ਜੰਗੀ ਜਹਾਜ਼ ਭੇਜਣ ਲਈ ਕਹਿਣਾ ਬਿੱਲ ਵਸੂਲਣ ਵਰਗਾ ਹੈ। ਜੰਗੀ ਜਹਾਜ਼ ਭੇਜਣ ਦਾ ਮਤਲਬ ਹੈ ਅਰਬਾਂ ਡਾਲਰ ਦਾ ਖਰਚਾ ਅਤੇ ਆਪਣੇ ਸੈਨਿਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣਾ। ਚੀਨ ਸਵਾਲ ਕਰ ਰਿਹਾ ਹੈ ਕਿ ਜਿਸ ਜੰਗ ਨੂੰ ਅਮਰੀਕਾ ਨੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ, ਉਸ ਦਾ ਖਰਚਾ ਅਤੇ ਨੁਕਸਾਨ ਬਾਕੀ ਦੁਨੀਆ ਕਿਉਂ ਭਰੇ?

ਕੀ ਅਮਰੀਕਾ ਕੋਲ ਅਜਿਹੀ ਮੰਗ ਕਰਨ ਦਾ ਨੈਤਿਕ ਹੱਕ ਹੈ?

ਅੰਤਰਰਾਸ਼ਟਰੀ ਕਾਨੂੰਨ ਅਨੁਸਾਰ, ਜੇਕਰ ਕੋਈ ਦੇਸ਼ ਇਕਪਾਸੜ ਕਾਰਵਾਈ ਕਰਦਾ ਹੈ, ਤਾਂ ਉਹ ਦੂਜੇ ਦੇਸ਼ਾਂ ਨੂੰ ਮਦਦ ਲਈ ਮਜਬੂਰ ਨਹੀਂ ਕਰ ਸਕਦਾ। ‘ਗਲੋਬਲ ਟਾਈਮਜ’ ਮੁਤਾਬਕ ਅਮਰੀਕਾ ਆਪਣੀ ‘ਹੈਜੇਮਨੀ’ (ਧੌਂਸ) ਵਰਤ ਕੇ ਦੂਜਿਆਂ ਨੂੰ ਆਪਣੀ ਗਲਤੀ ਸੁਧਾਰਨ ਲਈ ਵਰਤ ਰਿਹਾ ਹੈ।
ਅਮਰੀਕਾ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਹੋਰਮੁਜ਼ ਦਾ ਸੰਕਟ ਇਰਾਨ ਦੀ ਗਲਤੀ ਹੈ, ਜਦਕਿ ਚੀਨ ਕਹਿ ਰਿਹਾ ਹੈ ਕਿ ਇਹ ਅਮਰੀਕੀ ਧੌਂਸ ਦਾ ਨਤੀਜਾ ਹੈ।
ਜੇਕਰ ਚੀਨ ਜਾਂ ਫ਼ਰਾਂਸ ਆਪਣੇ ਜਹਾਜ਼ ਭੇਜਦੇ ਹਨ, ਤਾਂ ਉਹ ਅਮਰੀਕਾ ਦੀ ਜੰਗ ਵਿੱਚ ਪਾਰਟਨਰ ਬਣ ਜਾਣਗੇ। ਫ਼ਿਰ ਜੇਕਰ ਜੰਗ ਵਧਦੀ ਹੈ, ਤਾਂ ਅਮਰੀਕਾ ਕਹਿ ਸਕੇਗਾ, ਅਸੀਂ ਇਕੱਲੇ ਨਹੀਂ ਸੀ, ਸਾਰੀ ਦੁਨੀਆ ਸਾਡੇ ਨਾਲ ਸੀ।
ਚੀਨ ਇਹ ਦੱਸਣਾ ਚਾਹੁੰਦਾ ਹੈ ਕਿ ਅਮਰੀਕਾ ਪਹਿਲਾਂ ਅੱਗ ਲਗਾਉਂਦਾ ਹੈ (ਹਮਲੇ ਕਰਦਾ ਹੈ) ਅਤੇ ਫ਼ਿਰ ਫ਼ਾਇਰ ਬ੍ਰਿਗੇਡ (ਸ਼ਾਂਤੀ ਸੈਨਾ) ਬਣਨ ਦਾ ਡਰਾਮਾ ਕਰਕੇ ਦੂਜਿਆਂ ਤੋਂ ਮਦਦ ਮੰਗਦਾ ਹੈ।
ਇਸ ਵਾਕ ਦਾ ਸਭ ਤੋਂ ਡੂੰਘਾ ਅਰਥ ਇਹ ਹੈ ਕਿ ਅਪਰਾਧੀ ਹੀ ਜੱਜ ਨਹੀਂ ਬਣ ਸਕਦਾ। ਜਿਸ ਦੇਸ਼ ਨੇ ਖੁਦ ਸ਼ਾਂਤੀ ਭੰਗ ਕੀਤੀ ਹੈ, ਉਹ ਦੂਜੇ ਦੇਸ਼ਾਂ ਨੂੰ ਸਾਂਝੀ ਸੁਰੱਖਿਆ ਦਾ ਪਾਠ ਨਹੀਂ ਪੜ੍ਹਾ ਸਕਦਾ। ਇਹ ਅਮਰੀਕਾ ਦੀ ਵਿਦੇਸ਼ ਨੀਤੀ ’ਤੇ ਇੱਕ ਬਹੁਤ ਵੱਡਾ ਨੈਤਿਕ ਸਵਾਲੀਆ ਨਿਸ਼ਾਨ ਹੈ।
ਗਲੋਬਲ ਟਾਈਮਜ਼ ਦਾ ਇਹ ਸੰਪਾਦਕੀ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਟੇਬਲ ਟਾਕ ਹਜ਼ਾਰਾਂ ਜੰਗੀ ਜਹਾਜ਼ਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਜੇਕਰ ਅਮਰੀਕਾ ਸੱਚਮੁੱਚ ਸੁਰੱਖਿਆ ਚਾਹੁੰਦਾ ਹੈ, ਤਾਂ ਉਸਨੂੰ ਬੰਦੂਕਾਂ ਛੱਡ ਕੇ ਗੱਲਬਾਤ ਦਾ ਰਾਹ ਫ਼ੜਨਾ ਪਵੇਗਾ।

Loading