ਅਮਰੀਕਾ ’ਚ ਘੱਟ ਰਹੀ ਹੈ ਟਰੰਪ ਦੀ ਲੋਕਪ੍ਰਿਯਤਾ

In ਅਮਰੀਕਾ
April 22, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲਿਆਂ ਦੀ ਪ੍ਰਵਾਨਗੀ ਦਰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਰਾਇਟਰਜ਼/ਇਪਸੋਸ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਅਨੁਸਾਰ ਸਿਰਫ 36 ਫ਼ੀਸਦੀ ਅਮਰੀਕੀ ਹੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਹਨ। ਇਰਾਨ ਨਾਲ ਚੱਲ ਰਹੀ ਜੰਗ ਅਤੇ ਪੋਪ ਲਿਓ ਨਾਲ ਪੈਦਾ ਹੋਏ ਵਿਵਾਦ ਕਾਰਨ ਅਮਰੀਕੀ ਨਾਗਰਿਕ ਰਾਸ਼ਟਰਪਤੀ ਦੇ ਵਤੀਰੇ ’ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਕੰਮਕਾਜ ਦੀ ਪ੍ਰਵਾਨਗੀ ਦਰ 47 ਫ਼ੀਸਦੀ ਸੀ, ਜੋ ਹੁਣ ਤੇਜ਼ੀ ਨਾਲ ਘਟੀ ਹੈ। ਇਹ ਸਰਵੇਖਣ ਦੇਸ਼ ਭਰ ਦੇ 4,557 ਬਾਲਗਾਂ ਦੀ ਰਾਏ ’ਤੇ ਆਧਾਰਿਤ ਹੈ। ਇਰਾਨ ਖ਼ਿਲਾਫ਼ ਵਿੱਢੀ ਜੰਗ ਕਾਰਨ ਅਮਰੀਕਾ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਪੁੱਜ ਗਈਆਂ ਹਨ, ਜਿਸ ਨੇ ਟਰੰਪ ਪ੍ਰਸ਼ਾਸਨ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਰਵੇਖਣ ਮੁਤਾਬਕ ਸਿਰਫ਼ 26 ਫ਼ੀਸਦੀ ਲੋਕ ਹੀ ਮਹਿੰਗਾਈ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਤੋਂ ਖ਼ੁਸ਼ ਹਨ। ਇਸੇ ਤਰ੍ਹਾਂ ਸਿਰਫ਼ 36 ਫ਼ੀਸਦੀ ਅਮਰੀਕੀ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਦੇ ਪੱਖ ਵਿੱਚ ਹਨ। ਜ਼ਿਆਦਾਤਰ ਨਾਗਰਿਕ ਇਸ ਫ਼ੌਜੀ ਕਾਰਵਾਈ ਨੂੰ ਆਰਥਿਕ ਪੱਖੋਂ ਨੁਕਸਾਨਦੇਹ ਮੰਨ ਰਹੇ ਹਨ।
79 ਸਾਲਾ ਰਾਸ਼ਟਰਪਤੀ ਦੇ ਗੁੱਸੇ ਵਾਲੇ ਸੁਭਾਅ ਅਤੇ ਮਾਨਸਿਕ ਸਥਿਤੀ ਬਾਰੇ ਵੀ ਗੰਭੀਰ ਚਿੰਤਾਵਾਂ ਜਤਾਈਆਂ ਗਈਆਂ ਹਨ। ਤਕਰੀਬਨ 51 ਫ਼ੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਟਰੰਪ ਦੀ ਮਾਨਸਿਕ ਚੁਸਤੀ ਘਟੀ ਹੈ। ਸਿਰਫ 26 ਫ਼ੀਸਦੀ ਲੋਕ ਹੀ ਉਨ੍ਹਾਂ ਨੂੰ ਸ਼ਾਂਤ ਸੁਭਾਅ ਵਾਲਾ ਆਗੂ ਮੰਨਦੇ ਹਨ। ਉਨ੍ਹਾਂ ਦੇ ਰਿਪਬਲਿਕਨ ਸਮਰਥਕ ਵੀ ਇਸ ਮੁੱਦੇ ’ਤੇ ਵੰਡੇ ਹੋਏ ਹਨ। ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਇਰਾਨ ਦੀ ਸਭਿਅਤਾ ਨੂੰ ਮਿਟਾਉਣ ਦੀਆਂ ਧਮਕੀਆਂ ਅਤੇ ਪੋਪ ਲਿਓ ਖ਼ਿਲਾਫ਼ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਮਨਾਂ ਵਿੱਚ ਮਾੜਾ ਪ੍ਰਭਾਵ ਪਾਇਆ ਹੈ।

Loading